ਸ਼੍ਰੀ ਦਸਮ ਗ੍ਰੰਥ

ਅੰਗ - 1087


ਅੜਿਲ ॥

ਅੜਿਲ:

ਚਾਬਿ ਚਾਬਿ ਕਰਿ ਓਸਠ ਦੁਬਹਿਯਾ ਧਾਵਹੀ ॥

ਹੋਠਾਂ ਨੂੰ ਚਬ ਚਬ ਕੇ ਦੋਹਾਂ ਬਾਂਹਵਾਂ ਨਾਲ ਸ਼ਸਤ੍ਰ ਚਲਾਣ ਵਾਲੇ ਦੌੜ ਰਹੇ ਹਨ।

ਬਜ੍ਰ ਬਾਨ ਬਿਛੂਅਨ ਕੇ ਬ੍ਰਿਨਨ ਲਗਾਵਹੀ ॥

ਬਜ੍ਰ ਬਾਣਾਂ ਅਤੇ ਬਿਛੂਆਂ ਦੇ ਜ਼ਖ਼ਮ ਲਗ ਰਹੇ ਹਨ।

ਟੂਕ ਟੂਕ ਹ੍ਵੈ ਗਿਰੈ ਨ ਮੋਰੈ ਨੇਕ ਮਨ ॥

(ਯੋਧੇ) ਟੋਟੇ ਟੋਟੇ ਹੋ ਕੇ ਡਿਗ ਰਹੇ ਹਨ, (ਪਰ ਯੁੱਧ ਤੋਂ) ਮਨ ਮੋੜਦੇ ਨਹੀਂ ਹਨ।

ਹੋ ਤਨਿਕ ਤਨਿਕ ਲਗਿ ਗਏ ਅਸਿਨ ਕੀ ਧਾਰ ਤਨ ॥੧੪॥

ਤਲਵਾਰਾਂ ਦੀ ਧਾਰ ਲਗਣ ਨਾਲ (ਉਨ੍ਹਾਂ ਦੇ) ਸ਼ਰੀਰਾਂ ਦੇ ਚੀਥੜੇ ਚੀਥੜੇ ਹੋ ਗਏ ਹਨ ॥੧੪॥

ਮੋਰਿ ਬਾਗ ਬਾਜਨ ਕੀ ਨੈਕ ਨ ਭਾਜਹੀ ॥

ਉਹ ਘੋੜਿਆਂ ਦੀਆਂ ਵਾਗਾਂ ਮੋੜ ਕੇ ਜ਼ਰਾ ਜਿੰਨੇ ਵੀ ਭਜੇ ਨਹੀਂ ਹਨ।

ਖਰੇ ਖੇਤ ਕੇ ਮਾਝ ਸਿੰਘ ਜ੍ਯੋਂ ਗਾਜਹੀ ॥

ਯੁੱਧ-ਭੂਮੀ ਵਿਚ ਖੜੇ ਹੋ ਕੇ ਸ਼ੇਰਾਂ ਵਾਂਗ ਗਜ ਰਹੇ ਹਨ।

ਖੰਡ ਖੰਡ ਹ੍ਵੈ ਗਿਰੇ ਖੰਡਿਸਨ ਖੰਡ ਕਰਿ ॥

ਖੰਡਿਆਂ ਨਾਲ ਕਟ ਕੇ ਟੋਟੇ ਟੋਟੇ ਹੋ ਕੇ ਡਿਗ ਰਹੇ ਹਨ।

ਹੋ ਖੰਡੇ ਖੜਗ ਕੀ ਧਾਰ ਗਏ ਭਵਿਸਿੰਧ ਤਰਿ ॥੧੫॥

ਉਹ ਖੜਗ ਦੀ ਧਾਰ ਨਾਲ ਖੰਡਿਤ ਹੋ ਕੇ ਭਵਸਾਗਰ ਪਾਰ ਕਰ ਗਏ ਹਨ ॥੧੫॥

ਦੋਹਰਾ ॥

ਦੋਹਰਾ:

ਭਕਭਕਾਹਿ ਘਾਯਲ ਕਹੂੰ ਰੁੰਡ ਮੁੰਡ ਬਿਕਰਾਰ ॥

ਕਿਤੇ ਘਾਇਲ ਹੋਏ ਭਿਆਨਕ ਸਿਰ ਅਤੇ ਧੜ ਭਕ ਭਕ ਕਰ ਰਹੇ ਹਨ।

ਤਰਫਰਾਹਿ ਲਾਗੇ ਕਹੂੰ ਛਤ੍ਰੀ ਛਤ੍ਰਨ ਧਾਰਿ ॥੧੬॥

ਕਿਤੇ ਛਤ੍ਰ ਧਾਰੀ ਛਤ੍ਰੀ ਤੜਫੜਾ ਰਹੇ ਹਨ ॥੧੬॥

ਚੌਪਈ ॥

ਚੌਪਈ:

ਹਾਕਿ ਹਾਕਿ ਭਟ ਤਰੈ ਧਵਾਵਹਿ ॥

ਸੂਰਮੇ ਘੋੜਿਆਂ ਨੂੰ ਹਿਕ ਹਿਕ ਕੇ ਧਾਵਾ ਕਰਦੇ ਹਨ।

ਗਹਿ ਗਹਿ ਅਸਿਨ ਅਰਿਨ ਬ੍ਰਿਣ ਲਾਵਹਿ ॥

ਤਲਵਾਰਾਂ ਪਕੜ ਕੇ ਵੈਰੀਆਂ ਨੂੰ ਜ਼ਖ਼ਮ ਲਗਾਉਂਦੇ ਹਨ।

ਚਟਪਟ ਸੁਭਟ ਬਿਕਟ ਕਟਿ ਮਰੈ ॥

ਝਟਪਟ ਵਰਿਆਮ ਸੂਰਮੇ ਨੂੰ ਕਟ ਕੇ ਮਰ ਰਹੇ ਹਨ।

ਚੁਨਿ ਚੁਨਿ ਐਨ ਅਪਛਰਾ ਬਰੇ ॥੧੭॥

ਚੰਗੀ ਤਰ੍ਹਾਂ ਨਾਲ ਚੁਣ ਚੁਣ ਕੇ ਅਪੱਛਰਾਵਾਂ (ਉਨ੍ਹਾਂ ਨੂੰ) ਵਰ ਰਹੀਆਂ ਹਨ ॥੧੭॥

ਅੜਿਲ ॥

ਅੜਿਲ:

ਦ੍ਰੁਗਤਿ ਸਿੰਘ ਕੇ ਸੂਰ ਸਕਲ ਭਾਜਤ ਭਏ ॥

ਦ੍ਰੁਗਤਿ ਸਿੰਘ ਦੇ ਸਾਰੇ ਸੂਰਮੇ ਭਜਣ ਲਗ ਗਏ।

ਨ੍ਰਿਪ ਜੂਝੇ ਰਨ ਮਾਹਿ ਸੰਦੇਸਾ ਅਸ ਦਏ ॥

(ਉਨ੍ਹਾਂ ਨੇ) ਇਸ ਤਰ੍ਹਾਂ ਦਾ ਸੁਨੇਹਾ ਦਿੱਤਾ ਕਿ ਰਾਜਾ ਯੁੱਧ ਵਿਚ ਮਾਰਿਆ ਗਿਆ ਹੈ।

ਸੁਨਿ ਬਿਸੁਨਾਥ ਪ੍ਰਭਾ ਚਿਤ ਭੀਤਰਿ ਚਕਿ ਗਈ ॥

ਬਿਸੁਨਾਥ ਪ੍ਰਭਾ ਇਹ (ਸੁਨੇਹਾ) ਸੁਣ ਕੇ ਮਨ ਵਿਚ ਹੈਰਾਨ ਹੋ ਗਈ

ਹੋ ਸ੍ਰੀ ਉਡਗਿੰਦ੍ਰ ਪ੍ਰਭਾ ਜਰਬੇ ਕਹ ਉਦਿਤ ਭਈ ॥੧੮॥

ਅਤੇ ਸ੍ਰੀ ਉਡਗਿੰਦ੍ਰ ਪ੍ਰਭਾ ਸੜਨ ਲਈ (ਭਾਵ ਸਤੀ ਹੋਣ ਲਈ) ਤਿਆਰ ਹੋ ਗਈ ॥੧੮॥

ਜੋ ਧਨੁ ਤਾ ਕੋ ਹੁਤੋ ਸੁ ਦਿਯੋ ਲੁਟਾਇ ਕੈ ॥

ਉਸ ਪਾਸ ਜੋ ਧਨ ਸੀ, ਉਹ (ਲੋਕਾਂ ਵਿਚ) ਵੰਡ ਦਿੱਤਾ

ਚਲੀ ਜਰਨ ਕੇ ਹੇਤ ਮ੍ਰਿਦੰਗ ਬਜਾਇ ਕੈ ॥

ਅਤੇ ਸੜਨ ਲਈ ਮ੍ਰਿਦੰਗ ਵਜਾ ਕੇ ਚਲ ਪਈ।

ਪ੍ਰਾਨ ਨਾਥ ਜਿਤ ਗਏ ਤਹੀ ਮੈ ਜਾਇ ਹੌ ॥

ਜਿਥੇ ਪ੍ਰਾਣਨਾਥ ਗਏ ਹਨ, ਉਥੇ ਹੀ ਮੈਂ ਜਾਵਾਂਗੀ।

ਹੋ ਜਿਯਤ ਨ ਆਵਤ ਧਾਮ ਮਰੇ ਤੇ ਪਾਇ ਹੌ ॥੧੯॥

ਉਹ ਜੀਉਂਦੇ ਤਾਂ ਮੇਰੇ ਘਰ ਨਹੀਂ ਆਉਂਦੇ ਸਨ, ਪਰ ਮਰਨ ਤੇ ਮੈਂ (ਉਨ੍ਹਾਂ ਨੂੰ) ਪ੍ਰਾਪਤ ਕਰ ਲਵਾਂਗੀ ॥੧੯॥

ਸ੍ਰੀ ਬਿਸੁਨਾਥ ਪ੍ਰਭਾ ਜਰਬੇ ਤੇ ਡਰਿ ਗਈ ॥

ਸ੍ਰੀ ਬਿਸੁਨਾਥ ਪ੍ਰਭਾ ਸੜਨ ਤੋਂ ਡਰ ਗਈ।

ਮਰਿਯੋ ਨ੍ਰਿਪਤਿ ਸੁਨਿ ਕਾਨ ਅਧਿਕ ਪੀਟਤ ਭਈ ॥

ਪਤੀ ਦੀ ਮੌਤ ਕੰਨ ਨਾਲ ਸੁਣ ਕੇ ਬਹੁਤ ਪਿਟਣ ਲਗ ਗਈ।

ਤਬ ਲੌ ਅਰਿਨ ਬਿਦਾਰਿ ਗਯੋ ਨ੍ਰਿਪ ਆਇ ਕੈ ॥

ਤਦ ਤਕ ਵੈਰੀਆਂ ਨੂੰ ਸੰਘਾਰ ਕੇ ਰਾਜਾ ਆ ਗਿਆ

ਹੋ ਹੇਰਿ ਸਤੀ ਕੀ ਮੀਚਿ ਰਹਿਯੋ ਬਿਸਮਾਇ ਕੈ ॥੨੦॥

ਅਤੇ ਸਤੀ ਦੀ ਮ੍ਰਿਤੂ ਬਾਰੇ ਸੁਣ ਕੇ ਹੈਰਾਨ ਰਹਿ ਗਿਆ ॥੨੦॥

ਜਬ ਉਡਗਿੰਦ੍ਰ ਪ੍ਰਭਾ ਕੀ ਸੁਧਿ ਕਾਨਨ ਪਰੀ ॥

ਜਦ ਉਡਗਿੰਦ੍ਰ ਪ੍ਰਭਾ ਦੀ ਖ਼ਬਰ (ਉਸ ਦੇ) ਕੰਨਾਂ ਨਾਲ ਪਈ

ਬਿਰਹ ਤਿਹਾਰੇ ਬਾਲ ਅਗਨਿ ਮੋ ਜਰਿ ਮਰੀ ॥

ਕਿ ਤੇਰੇ ਬਿਰਹੋਂ ਵਿਚ ਇਸਤਰੀ ਸੜ ਮਰੀ ਹੈ,

ਤਬ ਪਿਯ ਤਬ ਹੀ ਤਹਾ ਪਹੂਚ੍ਯੋ ਆਇ ਕੈ ॥

ਤਦ ਪ੍ਰੀਤਮ ਤੁਰਤ ਤੇਜ਼ ਘੋੜਿਆਂ ਵਿਚ

ਹੋ ਤਰਲ ਤੁਰੰਗਨ ਮਾਝ ਤੁਰੰਗ ਧਵਾਇ ਕੈ ॥੨੧॥

ਇਕ ਬਹੁਤ ਤੇਜ਼ ਘੋੜਾ ਦੌੜਾ ਕੇ ਉਥੇ ਆ ਪਹੁੰਚਿਆ ॥੨੧॥

ਦੋਹਰਾ ॥

ਦੋਹਰਾ:

ਨ੍ਰਿਪ ਆਵਤ ਲੌ ਮੂਰਖਨ ਦੀਨੀ ਚਿਤਾ ਜਰਾਇ ॥

ਰਾਜੇ ਦੇ ਆਣ ਤਕ ਮੂਰਖਾਂ ਨੇ ਚਿਤਾ ਨੂੰ ਅਗਨੀ ਦੇ ਦਿੱਤੀ ਸੀ।

ਜਿਯਤ ਮਰੇ ਪਤਿ ਕੀ ਕਛੂ ਸੁਧਿ ਨਹਿ ਲਈ ਬਨਾਇ ॥੨੨॥

ਉਨ੍ਹਾਂ ਨੇ ਪਤੀ ਦੇ ਜੀਉਂਦੇ ਜਾਂ ਮਰੇ ਦੀ ਖ਼ਬਰ ਲਏ ਬਿਨਾ ਹੀ (ਸਭ ਕੁਝ ਕਰ ਦਿੱਤਾ) ॥੨੨॥

ਅੜਿਲ ॥

ਅੜਿਲ:

ਤ੍ਰਿਯ ਕੋ ਲੈ ਲੈ ਨਾਮੁ ਨ੍ਰਿਪਤਿ ਪੀਟਤ ਭਯੋ ॥

ਇਸਤਰੀ ਦਾ ਨਾਮ ਲੈ ਲੈ ਕੇ ਰਾਜਾ ਪਿਟਣ ਲਗਾ।

ਮੁਹਿ ਕਾਰਨ ਇਹ ਬਾਲ ਅਗਨਿ ਮਹਿ ਜਿਯ ਦਯੋ ॥

ਮੇਰੇ ਲਈ ਇਸ ਇਸਤਰੀ ਨੇ ਅਗਨੀ ਵਿਚ ਪ੍ਰਾਣ ਅਰਪਿਤ ਕਰ ਦਿੱਤੇ ਹਨ।

ਬਰਤ ਬਾਲ ਕੌ ਅਬ ਹੀ ਐਂਚਿ ਨਿਕਾਰਿ ਹੌ ॥

ਮੈਂ ਸੜਦੀ ਹੋਈ ਇਸਤਰੀ ਨੂੰ ਹੁਣੇ ਬਾਹਰ ਖਿਚਾਂਗਾ,

ਹੋ ਨਾਤਰ ਜਰਿ ਯਾਹੀ ਸੰਗ ਸ੍ਵਰਗ ਸਿਧਾਰਿ ਹੌ ॥੨੩॥

ਨਹੀਂ ਤਾਂ ਇਸੇ ਨਾਲ ਸੜ ਕੇ ਸਵਰਗ ਨੂੰ ਜਾਵਾਂਗਾ ॥੨੩॥

ਚੌਪਈ ॥

ਚੌਪਈ:

ਅਬ ਹੀ ਤੁਰੰਗ ਅਗਨਿ ਮੈ ਡਾਰੌ ॥

ਮੈਂ ਹੁਣੇ ਅਗਨੀ ਵਿਚ ਘੋੜਾ ਸੁਟਦਾ ਹਾਂ।

ਜਰਤ ਪ੍ਰਿਯਾ ਕਹੁ ਐਚਿ ਨਿਕਾਰੋ ॥

ਸੜਦੀ ਹੋਈ ਪ੍ਰੀਤਮਾ ਨੂੰ ਖਿਚ ਕੇ ਬਾਹਰ ਕਢਦਾ ਹਾਂ।

ਕੈ ਹਮਹੂੰ ਯਾਹੀ ਚਿਤ ਜਰਿ ਹੈ ॥

ਜਾਂ ਮੈਂ ਇਸ ਚਿਤਾ ਵਿਚ ਸੜ ਕੇ ਮਰਦਾ ਹਾਂ

ਸੁਰ ਪੁਰ ਦੋਊ ਪਯਾਨੋ ਕਰਿ ਹੈ ॥੨੪॥

ਅਤੇ ਦੋਵੇਂ ਸਵਰਗ ਲਈ ਪ੍ਰਸਥਾਨ ਕਰਦੇ ਹਾਂ ॥੨੪॥

ਦੋਹਰਾ ॥

ਦੋਹਰਾ:


Flag Counter