ਬਹੁਤਿਆਂ ਦੇ ਹੱਥ ਕਟ ਗਏ ਹਨ, ਕਈ ਪਾਟੇ ਹੋਏ ਪੇਟਾਂ ਨਾਲ ਡਿਗੇ ਪਏ ਹਨ ਅਤੇ (ਜਿਨ੍ਹਾਂ ਨੂੰ) ਬਾਣ ਵਜੇ ਹਨ (ਉਹ) ਯੁੱਧ-ਭੂਮੀ ਵਿਚ ਘੁੰਮ ਰਹੇ ਹਨ।
ਬਹੁਤਿਆਂ ਨੂੰ ਘਾਉ ਲਗੇ ਹਨ ਅਤੇ (ਉਨ੍ਹਾਂ ਦੇ) ਬਸਤ੍ਰ ਲਹੂ ਨਾਲ ਗੜੁਚ ਹਨ ਮਾਨੋ ਸਾਰੇ ਲਾਲ ਬਸਤ੍ਰ ਪਾ ਕੇ ਆਏ ਹੋਣ ॥੧੮੦੬॥
ਜਦੋਂ ਸ੍ਰੀ ਕ੍ਰਿਸ਼ਨ ਅਤੇ ਬਲਰਾਮ ਨੇ ਯੁੱਧ ਵਿਚ ਆ ਕੇ ਭਾਰੀ ਚੱਕਰ ਸੰਭਾਲ ਲਿਆ ਹੈ,
ਉਦੋਂ ਕਈ ਬਾਣ ਅਤੇ ਕਮਾਨ ਤਾਣ ਕੇ ਆ ਪਏ ਹਨ ਅਤੇ ਕਈ ਢਾਲ, ਤ੍ਰਿਸੂਲ, ਮੁਗਦਰ ਅਤੇ ਕਟਾਰ (ਲੈ ਕੇ ਆ ਪਏ ਹਨ)।
ਜਰਾਸੰਧ ਦੀ ਸੈਨਾ ਵਿਚ ਹਲਚਲ ਮਚ ਗਈ ਹੈ ਅਤੇ ਬਲਵਾਨਾਂ ਨੇ ਦੌੜ ਕੇ ਉਸੇ ਥਾਂ ਤੇ ਜਾ ਕੇ ਸੈਨਾ ਦਾ ਨਾਸ਼ ਕੀਤਾ ਹੈ।
ਦੋਹਾਂ ਪਾਸਿਆਂ ਤੋਂ ਲੋਹੇ ਨਾਲ ਲੋਹਾ ਵਜਿਆ ਹੈ (ਜਿਸ ਦੇ ਫਲਸਰੂਪ) ਕਾਮਦੇਵ ਦੇ ਵੈਰੀ (ਸ਼ਿਵ) ਦੀ ਸਮਾਧੀ ਖੁਲ੍ਹ ਗਈ ਹੈ ॥੧੮੦੭॥
ਬਹੁਤ ਘਮਸਾਨ ਯੁੱਧ ਹੋਇਆ ਹੈ ਅਤੇ ਤਲਵਾਰ, ਬਰਛੀ, ਗਦਾ, ਛੁਰੀ, ਜਮਧਾੜ (ਆਦਿ ਸ਼ਸਤ੍ਰਾਂ) ਨਾਲ ਵੈਰੀ ਦਲ ਦਾ ਨਾਸ਼ ਹੋਇਆ ਹੈ।
ਲਹੂ ਦੀ ਨਦੀ ਭਰ ਗਈ ਹੈ ਜਿਸ ਵਿਚ ਹਾਥੀ, ਘੋੜੇ, ਰਥ, ਮੁੰਡ, ਹਾਥੀਆਂ ਦੇ ਸੁੰਡ ਅਤੇ ਯੋਧਿਆਂ ਦੇ ਸਿਰ ਵਖਰੇ ਵਖਰੇ ਰੁੜ੍ਹੇ ਜਾ ਰਹੇ ਹਨ।
(ਜਿਸ ਨੂੰ ਵੇਖ ਕੇ) ਭੂਤ, ਬੈਤਾਲ, ਭੈਰਉ ਡਰ ਗਏ ਹਨ ਅਤੇ ਜੋਗਣਾਂ ਖਪਰਾਂ ਨੂੰ ਉਲਟਾ ਕੇ ਅਤੇ ਛਾਤੀ ਨਾਲ ਲਾ ਕੇ ਭਜ ਗਈਆਂ ਹਨ।
(ਕਵੀ) ਰਾਮ ਕਹਿੰਦੇ ਹਨ, ਅਤਿ ਭਿਆਨਕ ਯੁੱਧ ਹੋਇਆ ਹੈ (ਜਿਸ ਦੇ ਫਲਸਰੂਪ) ਸ਼ਿਵ ਨੇ ਮੌਨ ਛਡ ਦਿੱਤਾ ਹੈ ਅਤੇ ਬ੍ਰਹਮਾ ਮਨ ਵਿਚ ਡਰ ਗਿਆ ਹੈ ॥੧੮੦੮॥
ਸਵੈਯਾ:
ਜਦ ਸ੍ਰੀ ਕ੍ਰਿਸ਼ਨ ਨੇ ਇਤਨੀ ਬਹਾਦਰੀ ਵਖਾਈ (ਤਦ) ਵੈਰੀ ਸੈਨਾ ਤੋਂ ਇਕ ਸੂਰਮਾ ਪੁਕਾਰਿਆ
ਕਿ ਸ੍ਰੀ ਕ੍ਰਿਸ਼ਨ ਬਹੁਤ ਬਲਵਾਨ ਅਤੇ ਪ੍ਰਚੰਡ (ਯੋਧਾ) ਹੈ, ਜਿਨ੍ਹਾਂ ਨੇ ਘਮੰਡ ਕੀਤਾ ਹੈ, ਉਨ੍ਹਾਂ ਤੋਂ ਜ਼ਰਾ ਨਹੀਂ ਹਾਰਿਆ ਹੈ।
ਇਸ ਵਾਸਤੇ ਹੁਣ ਰਣ ਨੂੰ ਛਡ ਕੇ ਭਜਣਾ ਚਾਹੀਦਾ ਹੈ ਕਿਉਂਕਿ ਇਸ ਤੋਂ ਮਾਰੇ ਜਾਣ ਤੋਂ ਬਿਨਾ ਕੋਈ ਨਹੀਂ ਬਚਿਆ।
(ਇਸ ਨੂੰ) ਬਾਲਕ ਜਾਣ ਕੇ ਨਾ ਭੁਲਿਓ ਜਿਸ ਨੇ ਕੇਸਾਂ ਤੋਂ ਪਕੜ ਕੇ ਕੰਸ ਨੂੰ ਪਟਕਾ ਸੁਟਿਆ ਸੀ ॥੧੮੦੯॥
ਅਜਿਹੇ ਬੋਲ ਸੁਣ ਕੇ ਸਾਰਿਆਂ ਦੇ ਚਿਤ ਬਹੁਤ ਸ਼ੰਕਿਤ ਹੋ ਗਏ ਹਨ।
ਕਾਇਰਾਂ ਨੇ ਭਜਣ ਲਈ ਮਨ ਬਣਾ ਲਿਆ ਅਤੇ ਸੂਰਮਿਆਂ ਦੇ ਮਨ ਕ੍ਰੋਧ ਨਾਲ ਤਪ ਗਏ ਹਨ।
ਬਾਣ, ਕਮਾਨਾਂ ਅਤੇ ਕ੍ਰਿਪਾਨਾਂ ਹੱਥ ਵਿਚ ਲੈ ਕੇ ਅਭਿਮਾਨ ਨਾਲ ਭਰੇ ਹੋਏ ਯੋਧੇ ਆ ਕੇ ਖੈਬੜ ਪਏ ਹਨ।
ਕ੍ਰਿਸ਼ਨ ਨੇ ਵੀ ਹੱਥ ਵਿਚ ਤਲਵਾਰ ਲੈ ਕੇ ਵੰਗਾਰਦੇ ਹੋਇਆਂ (ਵੈਰੀਆਂ ਨੂੰ) ਮਾਰ ਕੇ ਨਸ਼ਟ ਕਰ ਦਿੱਤਾ ਹੈ ॥੧੮੧੦॥
(ਯੁੱਧ ਵਿਚ) ਸੰਕਟ ਦੀ ਸਥਿਤੀ ਪੈਦਾ ਹੋ ਜਾਣ ਤੇ ਕਈ ਯੋਧੇ ਭਜੇ ਜਾ ਰਹੇ ਹਨ। (ਉਦੋਂ) ਸ੍ਰੀ ਕ੍ਰਿਸ਼ਨ ਨੇ ਬਲਰਾਮ ਨੂੰ ਕਿਹਾ, ਸੰਭਲੋ,
ਅਤੇ ਜਿਤਨੇ ਵੀ ਤੁਹਾਡੇ ਕੋਲ ਸ਼ਸਤ੍ਰ ਹਨ, ਉਨ੍ਹਾਂ ਨਾਲ, ਅੜਨ ਵਾਲਿਆਂ ਵੈਰੀਆਂ ਨੂੰ, ਲਲਕਾਰ ਕੇ ਮਾਰ ਦਿਓ।
ਨਿਸੰਗ ਹੋ ਕੇ ਉਨ੍ਹਾਂ ਉਤੇ ਟੁਟ ਕੇ ਪੈ ਜਾਓ ਅਤੇ ਮਨ ਵਿਚ ਜ਼ਰਾ ਜਿੰਨਾ ਸੰਸਾ ਨਾ ਵਿਚਾਰੋ।
ਜਿਤਨੇ ਵੀ ਵੈਰੀ ਭਜੀ ਜਾ ਰਹੇ ਹਨ, ਉਨ੍ਹਾਂ ਨੂੰ ਪਾਸ ਨਾਲ ਪਕੜ ਲਵੋ, ਮਾਰੋ ਨਾ ॥੧੮੧੧॥
(ਜਿਸ ਵੇਲੇ) ਬਲਰਾਮ ਨੇ ਸ੍ਰੀ ਕ੍ਰਿਸ਼ਨ ਦੇ ਮੂੰਹੋਂ ਇਹ ਬੋਲ ਸੁਣ ਲਏ
ਤਾਂ ਮੂਸਲ ਅਤੇ ਹਲ ਨੂੰ ਹੱਥ ਵਿਚ ਪਕੜ ਕੇ ਅਤੇ ਪਾਸ ਨੂੰ ਧਾਰਨ ਕਰ ਕੇ ਬਲਰਾਮ (ਉਨ੍ਹਾਂ ਵੈਰੀਆਂ ਦੇ) ਪਿਛੇ ਭਜ ਪਿਆ।
ਭਜੇ ਜਾਂਦੇ ਵੈਰੀਆਂ ਨੂੰ (ਪਿਛੋਂ) ਮਿਲ ਕੇ ਗਲ ਵਿਚ (ਪਾਸ) ਪਾ ਦਿੱਤੀ ਅਤੇ ਉਨ੍ਹਾਂ ਦੇ ਹੱਥ ਬੰਨ੍ਹ ਦਿੱਤੇ,
ਇਕ ਲੜ ਕੇ ਰਣ-ਭੂਮੀ ਵਿਚ ਮਰ ਗਏ ਅਤੇ ਇਕਨਾਂ ਨੂੰ ਜੀਉਂਦਿਆਂ ਹੀ ਬੰਨ੍ਹ ਕੇ ਜੇਲ ਵਿਚ ਭੇਜ ਦਿੱਤਾ ਹੈ ॥੧੮੧੨॥
ਸ੍ਰੀ ਕ੍ਰਿਸ਼ਨ ਦੇ ਸੂਰਮੇ ਤਲਵਾਰਾਂ ਧਾਰ ਕਰ ਕੇ ਵੈਰੀ ਦੀ ਸੈਨਾ ਦੇ ਪਿਛੇ ਪੈ ਗਏ ਹਨ।
(ਜੋ) ਆ ਕੇ ਲੜੇ ਹਨ, ਉਨ੍ਹਾਂ ਨੂੰ ਮਾਰ ਲਿਆ ਹੈ ਅਤੇ ਉਨ੍ਹਾਂ ਨੂੰ ਜਾਣ ਦਿੱਤਾ ਹੈ ਜਿਨ੍ਹਾਂ ਨੇ ਇਉਂ ਕਿਹਾ ਹੈ (ਕਿ ਅਸੀਂ) ਹਾਰ ਗਏ ਹਾਂ।
ਜੋ (ਵੈਰੀ ਯੋਧੇ) ਕਦੇ ਰਣਭੂਮੀ ਵਿਚ ਪਿਛੇ ਨਹੀਂ ਹਟੇ ਸਨ, ਉਨ੍ਹਾਂ ਨੂੰ ਬਲਰਾਮ ਨੇ ਬਲਪੂਰਵਕ ਪਿਛੇ ਹਟਾ ਦਿੱਤਾ ਹੈ।
(ਉਹ) ਬੇਸੁਧ ਹੋ ਕੇ ਭਜ ਗਏ ਹਨ ਅਤੇ ਉਨ੍ਹਾਂ ਦੇ ਹੱਥਾਂ ਵਿਚੋਂ ਤਲਵਾਰਾਂ ਅਤੇ ਕਟਾਰਾਂ ਡਿਗ ਪਈਆਂ ਹਨ ॥੧੮੧੩॥
ਜਿਹੜੇ ਯੋਧੇ ਰਣ-ਭੂਮੀ ਵਿਚ ਡਟੇ ਰਹੇ ਹਨ, ਉਹੀ ਕ੍ਰੋਧਿਤ ਹੋ ਕੇ ਉਸ ਥਾਂ ਤੇ ਭਜ ਕੇ ਜਾ ਪਏ ਹਨ।
ਉਨ੍ਹਾਂ ਨੂੰ ਅੱਖਾਂ ਨਾਲ ਵੇਖ ਕੇ (ਸ੍ਰੀ ਕ੍ਰਿਸ਼ਨ ਦੇ ਸੈਨਿਕਾਂ ਨੇ) ਚੱਕਰ, ਗਦਾ, ਤਲਵਾਰ, ਲੋਹੇ ਦੀ ਮੁਠ ਵਾਲੀ ਬਰਛੀ, ਕੁਹਾੜੇ (ਆਦਿ ਸ਼ਸਤ੍ਰ ਧਾਰਨ) ਕਰ ਲਏ ਹਨ।
(ਉਹ) ਜ਼ਰਾ ਜਿੰਨੇ ਵੀ ਡਰੇ ਨਹੀਂ ਹਨ ਅਤੇ ਸ੍ਰੀ ਕ੍ਰਿਸ਼ਨ ਦੀ ਜਿਤ ਦੇ ਕਾਰਜ ਲਈ ਸਾਰੇ ਯੋਧੇ ਗੱਜ ਕੇ ਪੈ ਗਏ ਹਨ।
ਕਵੀ ਸ਼ਿਆਮ ਕਹਿੰਦੇ ਹਨ, ਸੁਅਰਗ ਦੀ ਪ੍ਰਾਪਤੀ ਲਈ ਦੋਹਾਂ ਪਾਸਿਆਂ (ਦੇ ਸੂਰਮੇ) ਯੁੱਧ ਕਰ ਰਹੇ ਹਨ ॥੧੮੧੪॥
ਫਿਰ ਇਧਰੋਂ ਮਿਲ ਕੇ ਯਾਦਵ ਸੂਰਮਿਆਂ ਨੇ ਹੱਲਾ ਬੋਲ ਦਿੱਤਾ ਅਤੇ ਉਧਰੋਂ ਵੈਰੀ ਦੇ ਸਾਹਮਣੇ ਆ ਡਟੇ ਹਨ।
ਆਉਂਦਿਆਂ ਹੀ ਉਨ੍ਹਾਂ ਨੇ ਆਪਸ ਵਿਚ ਲਲਕਾਰ ਲਲਕਾਰ ਕੇ ਚੋਟਾਂ ਲਗਾਈਆਂ ਹਨ।
ਇਕ ਮਰ ਗਏ ਹਨ, ਇਕ ਲੰਬੇ ਸਾਹ ਲੈ ਰਹੇ ਹਨ, ਇਕ ਘਾਇਲ ਹੋ ਕੇ ਧਰਤੀ ਉਤੇ ਤੜਫ ਰਹੇ ਹਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਹੁਤ ਸਾਰੀ ਭੰਗ ਪੀ ਕੇ ਮਲੰਗ ਅਖਾੜਿਆਂ ਵਿਚ ਲੇਟੇ ਪਏ ਹੋਣ ॥੧੮੧੫॥
ਕਬਿੱਤ:
ਸੁਆਮੀ ਦਾ ਕਾਰਜ ਕਰਨ ਵਾਲੇ ਸੂਰਮੇ ਯੁੱਧ-ਭੂਮੀ ਵਿਚ ਅਟਲ (ਖੜੋਤੇ ਹਨ) ਵੈਰੀਆਂ ਦੇ ਸਾਹਮਣੇ ਤੋਂ ਇਕ ਕਦਮ ਵੀ ਪਿਛੇ ਨਹੀਂ ਹਟਦੇ ਹਨ।
ਬਰਛੀ, ਕ੍ਰਿਪਾਨ ਅਤੇ ਧਨੁਸ਼ ਬਾਣ ਲੈ ਕੇ ਅਤੇ (ਪੂਰੀ ਤਰ੍ਹਾਂ) ਸਾਵਧਾਨ ਹੋ ਕੇ ਉਸੇ ਵੇਲੇ ਮਨ ਵਿਚ ਉਤਸਾਹ ਵਧਾ ਕੇ ਯੁੱਧ ਕਰਦੇ ਹਨ।
ਲੜ ਕੇ ਡਿਗਦੇ ਹਨ, ਭਵ-ਸਾਗਰ ਨੂੰ ਤਰਦੇ ਹਨ ਅਤੇ ਸੂਰਜਮੰਡਲ ਨੂੰ ਪਾਰ ਕਰ ਕੇ ਬੈਕੁੰਠ ਨੂੰ ਚਾਲੇ ਪਾ ਦਿੰਦੇ ਹਨ।
ਕਵੀ ਸ਼ਿਆਮ ਕਹਿੰਦੇ ਹਨ, (ਉਨ੍ਹਾਂ ਦੇ) ਪ੍ਰਾਣ ਇਸ ਤਰ੍ਹਾਂ ਅਗੇ ਨੂੰ ਧਸੀ ਜਾਂਦੇ ਹਨ ਜਿਵੇਂ ਕੋਈ ਵਿਅਕਤੀ ਪੌੜੀ ਉਤੇ ਪੈਰ ਧਰਦਾ ਜਾਂਦਾ ਹੈ ॥੧੮੧੬॥
ਸਵੈਯਾ:
ਇਸ ਪ੍ਰਕਾਰ ਦਾ ਯੁੱਧ ਹੋਇਆ ਵੇਖ ਕੇ ਯੋਧੇ ਕ੍ਰੋਧਿਤ ਹੋਏ ਵੈਰੀ ਵਲ ਵੇਖਦੇ ਹਨ।
ਹੱਥ ਵਿਚ ਬਰਛੀ, ਧਨੁਸ਼ ਬਾਣ, ਕ੍ਰਿਪਾਨ, ਗਦਾ, ਕੁਹਾੜਾ, ਤ੍ਰਿਸ਼ੂਲ (ਆਦਿ ਸ਼ਸਤ੍ਰ) ਪਕੜੇ ਹੋਏ ਹਨ।
ਵੈਰੀ ਦੇ ਸਾਹਮਣੇ ਜਾ ਕੇ ਵਾਰ ਕਰਦੇ ਹਨ, (ਉਹ) ਸ੍ਰੇਸ਼ਠ ਯੋਧੇ ਸ਼ਰੀਰ ਉਤੇ ਤੀਰ ਸਹਿੰਦੇ ਹਨ, ਪਰ ਪਿਛੇ ਨਹੀਂ ਹਟਦੇ ਹਨ।