(ਯੋਧੇ) ਜੰਗ ਵਿਚ ਜੂਝ ਰਹੇ ਹਨ।
ਭੂਤ-ਪ੍ਰੇਤ ਪ੍ਰਸੰਨ ਹੋ ਰਹੇ ਹਨ ॥੩੭੧॥
ਸੂਰਬੀਰ ਮਾਰੇ ਜਾ ਰਹੇ ਹਨ।
ਡਰਪੋਕ ਲੋਕ ਭਜੀ ਜਾ ਰਹੇ ਹਨ।
ਰਾਜਾ ਧਾਵਾ ਕਰਕੇ ਪਿਆ ਹੈ।
(ਰਣ ਦਾ ਮਾਰੂ) ਵਾਜਾ ਵਜਿਆ ਹੈ ॥੩੭੨॥
(ਹੂਰਾਂ ਦੇ ਨੱਚਣ ਵੇਲੇ) ਤਾਲ ਟੁਟ ਰਹੇ ਹਨ।
(ਬੰਦੂਕਾਂ ਵਿਚੋਂ) ਅੱਗ ਨਿਕਲਦੀ ਹੈ।
(ਜਿਨ੍ਹਾਂ ਨੂੰ) ਤੀਰ ਲਗੇ ਹਨ,
ਉਹ ਸੂਰਮੇ (ਯੁੱਧ-ਭੂਮੀ ਵਿਚੋਂ) ਭਜਦੇ ਜਾ ਰਹੇ ਹਨ ॥੩੭੩॥
ਦੇਵੀ ਖੁਸ਼ ਹੋ ਰਹੀ ਹੈ
ਅਤੇ ਆਕਾਸ਼ ਵਿਚ ਵਿਚਰ ਰਹੀ ਹੈ।
ਭੈਰੋ ਅਤੇ ਪ੍ਰੇਤ ਯੁੱਧ-ਭੂਮੀ
ਵਿਚ ਹਸ ਰਹੇ ਹਨ ॥੩੭੪॥
ਦੋਹਰਾ:
ਤਲਵਾਰਾਂ ਟੁੱਟੀਆਂ ਪਈਆਂ ਹਨ, ਬਹੁਤ (ਸੂਰਮੇ) ਲੋਟ ਪੋਟ ਹੋਏ ਪਏ ਹਨ, ਅਨੇਕਾਂ ਸ਼ਸਤ੍ਰ ਟੁਟੇ ਪਏ ਹਨ।
ਜੋ (ਸੂਰਮੇ) ਯੁੱਧ ਵਿਚ ਜੁਟੇ ਸਨ, ਸਾਰੇ ਕਟੇ ਗਏ ਹਨ, ਬਸ ਇਕ ਰਾਜਾ ਹੀ ਬਚਿਆ ਹੈ ॥੩੭੫॥
ਪੰਕਜ ਬਾਟਿਕਾ ਛੰਦ:
ਸੈਨਾ ਦੇ ਮਾਰੇ ਜਾਣ ਕਾਰਨ ਰਾਜਾ ਬਹੁਤ ਬੇਚੈਨ ਹੋ ਗਿਆ।
ਬਹੁਤ ਵਿਆਕੁਲ ਹੋ ਕੇ ਧਾਵਾ ਕਰ ਕੇ ਸਾਹਮਣੇ ਹੋ ਗਿਆ।
ਹਥਿਆਰ-ਬੰਦ ਹੋ ਕੇ ਮਨ ਵਿਚ ਬਹੁਤ ਕ੍ਰੋਧਵਾਨ ਹੋਇਆ
ਅਤੇ ਗੁੱਸੇ ਨਾਲ (ਭਰਿਆ ਹੋਇਆ) ਯੁੱਧ ਕਰਨ ਲਈ ਆ ਡਟਿਆ ॥੩੭੬॥
(ਉਸ ਨੇ) ਤਦ ਅਨੇਕ ਤਰ੍ਹਾਂ ਦੇ ਸ਼ਸਤ੍ਰਾਂ ਦੇ ਵਾਰ ਕੀਤੇ।
ਆਪਣਾ ਸਾਰਾ ਦਲ ਲੈ ਕੇ ਯੁੱਧ ਵਿਚ ਜੁਟ ਗਿਆ।