ਸ਼੍ਰੀ ਦਸਮ ਗ੍ਰੰਥ

ਅੰਗ - 32


ਇਮ ਬੇਦ ਉਚਾਰਤ ਸਾਰਸੁਤੀ ॥

ਇਸ ਪ੍ਰਕਾਰ ਦੇ ਵੇਦਾਂ ਦੇ ਕਥਨ ਸਰਸਵਤੀ ਉਚਾਰਦੀ ਹੈ।

ਜੋਊ ਵਾ ਰਸ ਕੇ ਚਸਕੇ ਰਸ ਹੈਂ ॥

ਜਿਨ੍ਹਾਂ ਨੂੰ ਉਸ ਰਸ ਦਾ ਚਸਕਾ ਲਗ ਗਿਆ ਹੈ,

ਤੇਊ ਭੂਲ ਨ ਕਾਲ ਫੰਧਾ ਫਸਿ ਹੈਂ ॥੨੦॥੧੬੦॥

ਉਹ ਭੁਲ ਕੇ ਵੀ ਕਾਲ ਦੇ ਫੰਧੇ ਵਿਚ ਨਹੀਂ ਫਸਦਾ ॥੨੦॥੧੬੦॥

ਤ੍ਵ ਪ੍ਰਸਾਦਿ ॥ ਨਰਾਜ ਛੰਦ ॥

ਤੇਰੀ ਕ੍ਰਿਪਾ ਨਾਲ: ਨਰਾਜ ਛੰਦ:

ਅਗੰਜ ਆਦਿ ਦੇਵ ਹੈਂ ਅਭੰਜ ਭੰਜ ਜਾਨੀਐਂ ॥

(ਉਸ ਪਰਮਾਤਮਾ ਨੂੰ) ਮੁੱਢ ਤੋਂ ਹੀ ਅਟੁੱਟ ਅਤੇ ਨਾ ਨਸ਼ਟ ਕੀਤੇ ਜਾ ਸਕਣ ਵਾਲਿਆਂ ਨੂੰ ਵੀ ਨਸ਼ਟ ਕਰਨ ਵਾਲਾ ਜਾਣਿਆ ਜਾਂਦਾ ਹੈ;

ਅਭੂਤ ਭੂਤ ਹੈਂ ਸਦਾ ਅਗੰਜ ਗੰਜ ਮਾਨੀਐਂ ॥

(ਉਹ) ਸਦਾ ਸੂਖਮ, ਸਥੂਲ ਹੈ ਅਤੇ ਨਾ ਟੁੱਟ ਸਕਣ ਵਾਲਿਆਂ ਨੂੰ ਤੋੜਨ ਵਾਲਾ ਸਮਝਿਆ ਜਾਂਦਾ ਹੈ;

ਅਦੇਵ ਦੇਵ ਹੈਂ ਸਦਾ ਅਭੇਵ ਭੇਵ ਨਾਥ ਹੈਂ ॥

(ਉਹ) ਸਦਾ ਦੇਵ ਅਤੇ ਅਦੇਵ (ਦੈਂਤ) ਹੈ ਅਤੇ ਭੇਦ-ਯੁਕਤ ਅਤੇ ਭੇਦ-ਰਹਿਤ (ਗਿਆਨ ਦਾ) ਸੁਆਮੀ ਹੈ;

ਸਮਸਤ ਸਿਧ ਬ੍ਰਿਧਿ ਦਾ ਸਦੀਵ ਸਰਬ ਸਾਥ ਹੈਂ ॥੧॥੧੬੧॥

ਸਾਰੀਆਂ ਸਿੱਧੀਆਂ ਨੂੰ ਵਿਕਸਿਤ ਕਰਨ ਵਾਲਾ ਅਤੇ ਸਦਾ ਸਭ ਦਾ ਸਾਥੀ ਹੈ ॥੧॥੧੬੧॥

ਅਨਾਥ ਨਾਥ ਨਾਥ ਹੈਂ ਅਭੰਜ ਭੰਜ ਹੈਂ ਸਦਾ ॥

(ਉਹ) ਪਰਮਾਤਮਾ ਸਦਾ ਅਨਾਥਾਂ ਦਾ ਨਾਥ (ਸੁਆਮੀ) ਹੈ; ਨਾ ਭੰਨੇ ਜਾ ਸਕਣ ਵਾਲਿਆਂ ਨੂੰ ਭੰਨਣ ਵਾਲਾ ਹੈ;

ਅਗੰਜ ਗੰਜ ਗੰਜ ਹੈਂ ਸਦੀਵ ਸਿਧ ਬ੍ਰਿਧ ਦਾ ॥

(ਉਹ) ਖ਼ਜ਼ਾਨਿਆਂ ਤੋਂ ਵਾਂਝਿਆਂ ਨੂੰ ਸਦਾ ਖ਼ਜ਼ਾਨੇ ਬਖਸ਼ਣ ਵਾਲਾ ਹੈ ਅਤੇ ਸਿੱਧੀਆਂ ਵਿਚ ਵਾਧਾ ਕਰਨ ਵਾਲਾ ਹੈ;

ਅਨੂਪ ਰੂਪ ਸਰੂਪ ਹੈਂ ਅਛਿਜ ਤੇਜ ਮਾਨੀਐਂ ॥

(ਉਸ ਦਾ) ਸਰੂਪ ਉਪਮਾ ਤੋਂ ਰਹਿਤ ਰੂਪ ਵਾਲਾ ਹੈ ਅਤੇ (ਉਸ ਨੂੰ) ਅਮੁਕ ਤੇਜ ਵਾਲਾ ਸਮਝਿਆ ਜਾਂਦਾ ਹੈ;

ਸਦੀਵ ਸਿਧ ਬੁਧਿ ਦਾ ਪ੍ਰਤਾਪ ਪਤ੍ਰ ਜਾਨੀਐਂ ॥੨॥੧੬੨॥

(ਉਸ ਨੂੰ) ਸਦਾ ਸ਼ੁੱਧ ਬੁੱਧੀ ਦੇਣ ਵਾਲਾ ਅਤੇ ਪ੍ਰਤਾਪ ਦਾ ਪ੍ਰਮਾਣ-ਪੱਤਰ ਮੰਨਿਆ ਜਾਂਦਾ ਹੈ ॥੨॥੧੬੨॥

ਨ ਰਾਗ ਰੰਗ ਰੂਪ ਹੈਂ ਨ ਰੋਗ ਰਾਗ ਰੇਖ ਹੈਂ ॥

(ਉਸ ਨੂੰ) ਨਾ ਮੋਹ ('ਰਾਗ') ਹੈ ਅਤੇ ਨਾ ਹੀ (ਉਸ ਦਾ ਕੋਈ) ਰੂਪ-ਰੰਗ ਹੈ ਅਤੇ ਨਾ ਹੀ ਰੋਗ ਅਤੇ ਮਮਤਾ ਦੀ ਕੋਈ ਲਕੀਰ ਹੈ।

ਅਦੋਖ ਅਦਾਗ ਅਦਗ ਹੈਂ ਅਭੂਤ ਅਭਰਮ ਅਭੇਖ ਹੈਂ ॥

(ਉਹ) ਦੋਸ਼-ਰਹਿਤ, ਬੇ-ਦਾਗ਼, ਸਾੜਰਹਿਤ, ਭੌਤਿਕ ਤੱਤ੍ਵਾਂ ਤੋਂ ਮੁਕਤ ਅਤੇ ਭਰਮਾਂ ਤੇ ਭੇਖਾਂ ਤੋਂ ਪਰੇ ਹੈ।

ਨ ਤਾਤ ਮਾਤ ਜਾਤ ਹੈਂ ਨ ਪਾਤਿ ਚਿਹਨ ਬਰਨ ਹੈਂ ॥

(ਉਸ ਦਾ) ਨਾ ਪਿਤਾ ਹੈ, ਨਾ ਮਾਤਾ, ਨਾ ਜਾਤਿ ਹੈ ਅਤੇ ਨਾ ਬਰਾਦਰੀ, ਨਾ ਹੀ ਕੋਈ ਚਿੰਨ੍ਹ ਜਾਂ ਵਰਨ ਹੈ।

ਅਦੇਖ ਅਸੇਖ ਅਭੇਖ ਹੈਂ ਸਦੀਵ ਬਿਸੁ ਭਰਨ ਹੈਂ ॥੩॥੧੬੩॥

(ਉਹ) ਅਦ੍ਰਿਸ਼ਟ, ਅਨੰਤ (ਅਸ਼ੇਸ਼) ਭੇਖ-ਰਹਿਤ ਅਤੇ ਸਦਾ ਸੰਸਾਰ ਦੀ ਪਾਲਨਾ ਕਰਨ ਵਾਲਾ ਹੈ ॥੩॥੧੬੩॥

ਬਿਸ੍ਵੰਭਰ ਬਿਸੁਨਾਥ ਹੈਂ ਬਿਸੇਖ ਬਿਸ੍ਵ ਭਰਨ ਹੈਂ ॥

(ਉਹ) ਜਗਤ ਨੂੰ ਭਰਨ ਵਾਲਾ ਅਤੇ ਉਸ ਦਾ ਸੁਆਮੀ ਹੈ ਅਤੇ ਵਿਸ਼ੇਸ਼ ਰੂਪ ਵਿਚ ਸੰਸਾਰ ਦੀ ਪਾਲਨਾ ਕਰਨ ਵਾਲਾ ਹੈ।

ਜਿਮੀ ਜਮਾਨ ਕੇ ਬਿਖੈ ਸਦੀਵ ਕਰਮ ਭਰਨ ਹੈਂ ॥

(ਉਹ) ਧਰਤੀ ਅਤੇ ਆਕਾਸ਼ ਵਿਚਾਲੇ ਸਦਾ ਹੋਣ ਵਾਲੇ ਕਰਮਾਂ ਦਾ ਸੰਯੋਜਕ ਹੈ।

ਅਦ੍ਵੈਖ ਹੈਂ ਅਭੇਖ ਹੈਂ ਅਲੇਖ ਨਾਥ ਜਾਨੀਐਂ ॥

ਉਸ ਨੂੰ ਦ੍ਵੈਸ਼-ਰਹਿਤ, ਭੇਖ-ਰਹਿਤ, ਲੇਖੇ ਤੋਂ ਬਿਨਾ ਸੁਆਮੀ ਸਮਝਣਾ ਚਾਹੀਦਾ ਹੈ।

ਸਦੀਵ ਸਰਬ ਠਉਰ ਮੈ ਬਿਸੇਖ ਆਨ ਮਾਨੀਐਂ ॥੪॥੧੬੪॥

(ਉਸ ਨੂੰ) ਸਾਰੀਆਂ ਥਾਂਵਾਂ ਵਿਚ ਵਿਸ਼ੇਸ਼ ਰੂਪ ਵਿਚ ਸਦਾ ਮੌਜੂਦ ਮੰਨਣਾ ਚਾਹੀਦਾ ਹੈ ॥੪॥੧੬੪॥

ਨ ਜੰਤ੍ਰ ਮੈ ਨ ਤੰਤ੍ਰ ਮੈ ਨ ਮੰਤ੍ਰ ਬਸਿ ਆਵਈ ॥

(ਉਹ) ਨਾ ਯੰਤ੍ਰ ਦੇ ਵਸ ਵਿਚ ਆਉਂਦਾ ਹੈ, ਨਾ ਤੰਤ੍ਰ ਅਤੇ ਮੰਤ੍ਰ ਦੇ ਕਾਬੂ ਹੁੰਦਾ ਹੈ।

ਪੁਰਾਨ ਔ ਕੁਰਾਨ ਨੇਤਿ ਨੇਤਿ ਕੈ ਬਤਾਵਈ ॥

(ਉਸ ਨੂੰ) ਪੁਰਾਣ ਅਤੇ ਕੁਰਾਨ ਬੇਅੰਤ ਬੇਅੰਤ ਕਹਿੰਦੇ ਹਨ।

ਨ ਕਰਮ ਮੈ ਨ ਧਰਮ ਮੈ ਨ ਭਰਮ ਮੈ ਬਤਾਈਐ ॥

(ਉਹ) ਨਾ ਕਰਮ ਵਿਚ, ਨਾ ਧਰਮ ਵਿਚ ਅਤੇ ਨਾ ਭਰਮ ਵਿਚ (ਲੁਪਤ) ਦਸਿਆ ਜਾਂਦਾ ਹੈ।

ਅਗੰਜ ਆਦਿ ਦੇਵ ਹੈ ਕਹੋ ਸੁ ਕੈਸ ਪਾਈਐ ॥੫॥੧੬੫॥

ਨਾਸ ਤੋਂ ਰਹਿਤ ਉਹ ਆਦਿ ਦੇਵ ਨੂੰ ਦਸੋ ਕਿਸ ਤਰ੍ਹਾਂ ਪਾਇਆ ਜਾ ਸਕਦਾ ਹੈ ॥੫॥੧੬੫॥

ਜਿਮੀ ਜਮਾਨ ਕੇ ਬਿਖੈ ਸਮਸਤਿ ਏਕ ਜੋਤਿ ਹੈ ॥

ਧਰਤੀ ਅਤੇ ਆਕਾਸ਼ ਵਿਚ ਸਭ ਥਾਂ (ਜਿਸ ਦੀ) ਇਕ ਜੋਤਿ (ਪਸਰੀ ਹੋਈ) ਹੈ;

ਨ ਘਾਟਿ ਹੈ ਨ ਬਾਢਿ ਹੈ ਨ ਘਾਟਿ ਬਾਢਿ ਹੋਤ ਹੈ ॥

ਜੋ ਨਾ ਘਟਦੀ ਹੈ, ਨਾ ਵੱਧਦੀ ਹੈ ਅਤੇ ਨਾ ਘਟਦੀ-ਵਧਦੀ ਦੋਵੇਂ ਹੈ;

ਨ ਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀਐ ॥

(ਉਹ ਜੋਤਿ) ਨਾ ਘਾਟੇ ਵਾਲੀ ਹੈ, ਨਾ ਬਨਾਵਟ ਵਾਲੀ ਹੈ, (ਉਸ ਨੂੰ) ਸਮਾਨ ਰੂਪ ਵਾਲਾ ਸਮਝਣਾ ਚਾਹੀਦਾ ਹੈ;

ਮਕੀਨ ਔ ਮਕਾਨ ਅਪ੍ਰਮਾਨ ਤੇਜ ਮਾਨੀਐ ॥੬॥੧੬੬॥

ਉਸ ਨੂੰ ਮਕਾਨਾਂ ਅਤੇ ਮਕਾਨਾਂ ਵਿਚ ਵਸਣ ਵਾਲਿਆਂ ਵਿਚ ਬੇ-ਮਿਸਾਲ ਪ੍ਰਕਾਸ਼ ਮੰਨਣਾ ਚਾਹੀਦਾ ਹੈ ॥੬॥੧੬੬॥

ਨ ਦੇਹ ਹੈ ਨ ਗੇਹ ਹੈ ਨ ਜਾਤਿ ਹੈ ਨ ਪਾਤਿ ਹੈ ॥

(ਉਸ ਦਾ) ਨਾ ਸ਼ਰੀਰ ਹੈ, ਨਾ ਘਰ ਹੈ, ਨਾ ਜਾਤਿ ਹੈ ਅਤੇ ਨਾ ਹੀ ਬਰਾਦਰੀ;

ਨ ਮੰਤ੍ਰ ਹੈ ਨ ਮਿਤ੍ਰ ਹੈ ਨ ਤਾਤ ਹੈ ਨ ਮਾਤ ਹੈ ॥

(ਉਸ ਦਾ) ਨਾ (ਕੋਈ) ਸਲਾਹਕਾਰ ਹੈ, ਨਾ ਮਿਤਰ ਹੈ, ਨਾ ਪਿਤਾ ਹੈ ਅਤੇ ਨਾ ਹੀ ਮਾਤਾ ਹੈ;

ਨ ਅੰਗ ਹੈ ਨ ਰੰਗ ਹੈ ਨ ਸੰਗ ਸਾਥ ਨੇਹ ਹੈ ॥

(ਉਸ ਦਾ) ਨਾ (ਕੋਈ) ਅੰਗ-ਸਾਕ ਹੈ, ਨਾ ਰੰਗ ਹੈ, ਨਾ ਕਿਸੇ ਸੰਗੀ-ਸਾਥੀ ਦਾ ਸਨੇਹ ਹੈ;

ਨ ਦੋਖ ਹੈ ਨ ਦਾਗ ਹੈ ਨ ਦ੍ਵੈਖ ਹੈ ਨ ਦੇਹ ਹੈ ॥੭॥੧੬੭॥

(ਉਸ ਨੂੰ) ਨਾ ਦੋਸ਼ ਹੈ, ਨਾ ਕਲੰਕ ਹੈ, ਨਾ ਦ੍ਵੈਸ਼ ਹੈ, ਨਾ ਦੇਹ ਹੈ ॥੭॥੧੬੭॥

ਨ ਸਿੰਘ ਹੈ ਨ ਸ੍ਯਾਰ ਹੈ ਨ ਰਾਉ ਹੈ ਨ ਰੰਕ ਹੈ ॥

(ਉਹ) ਨਾ ਸ਼ੇਰ ਹੈ, ਨਾ ਗਿਦੜ ਹੈ, ਨਾ ਰਾਜਾ ਹੈ, ਨਾ ਭਿਖਾਰੀ ਹੈ;

ਨ ਮਾਨ ਹੈ ਨ ਮਉਤ ਹੈ ਨ ਸਾਕ ਹੈ ਨ ਸੰਕ ਹੈ ॥

(ਉਸ ਨੂੰ) ਨਾ ਮਾਣ ਹੈ, ਨਾ ਮੌਤ, ਨਾ ਸਾਕ ਹੈ ਅਤੇ ਨਾ ਹੀ ਸ਼ੰਕਾ ਹੈ;

ਨ ਜਛ ਹੈ ਨ ਗੰਧ੍ਰਬ ਹੈ ਨ ਨਰੁ ਹੈ ਨ ਨਾਰ ਹੈ ॥

ਨਾ ਯਕਸ਼ ਹੈ, ਨਾ ਗੰਧਰਬ ਹੈ, ਨਾ ਨਰ ਹੈ ਅਤੇ ਨਾ ਹੀ ਨਾਰੀ ਹੈ;

ਨ ਚੋਰ ਹੈ ਨ ਸਾਹੁ ਹੈ ਨ ਸਾਹ ਕੋ ਕੁਮਾਰ ਹੈ ॥੮॥੧੬੮॥

ਨਾ ਚੋਰ ਹੈ, ਨਾ ਸ਼ਾਹ ਹੈ ਅਤੇ ਨਾ ਹੀ ਸ਼ਾਹੂਕਾਰ ਦਾ ਪੁੱਤਰ ਹੈ ॥੮॥੧੬੮॥

ਨ ਨੇਹ ਹੈ ਨ ਗੇਹ ਹੈ ਨ ਦੇਹ ਕੋ ਬਨਾਉ ਹੈ ॥

(ਉਸ ਨੂੰ) ਨਾ ਮੋਹ ਹੈ, ਨਾ (ਉਸ ਦਾ) ਘਰ ਹੈ, ਨਾ ਸ਼ਰੀਰ ਹੈ ਅਤੇ ਨਾ ਹੀ ਬਨਾਵਟ ਹੈ;

ਨ ਛਲ ਹੈ ਨ ਛਿਦ੍ਰ ਹੈ ਨ ਛਲ ਕੋ ਮਿਲਾਉ ਹੈ ॥

(ਉਸ ਵਿਚ) ਨਾ (ਕੋਈ) ਛਲ ਹੈ, ਨਾ ਛਿਦ੍ਰ (ਸੂਰਾਖ਼) ਹੈ, ਨਾ ਹੀ ਛਲ ਨਾਲ ਉਸ ਦਾ ਕੋਈ ਮੇਲ ਹੈ;

ਨ ਤੰਤ੍ਰ ਹੈ ਨ ਮੰਤ੍ਰ ਹੈ ਨ ਜੰਤ੍ਰ ਕੋ ਸਰੂਪ ਹੈ ॥

(ਉਹ) ਨਾ ਤੰਤ੍ਰ ਹੈ, ਨਾ ਮੰਤ੍ਰ ਹੈ ਅਤੇ ਨਾ ਯੰਤ੍ਰ ਦਾ ਸਰੂਪ ਹੈ;

ਨ ਰਾਗ ਹੈ ਨ ਰੰਗ ਹੈ ਨ ਰੇਖ ਹੈ ਨ ਰੂਪ ਹੈ ॥੯॥੧੬੯॥

(ਉਸ ਨੂੰ) ਨਾ ਮੋਹ ਹੈ, ਨਾ ਰੰਗ ਹੈ, (ਉਸ ਦਾ) ਨਾ ਆਕਾਰ ਹੈ ਅਤੇ ਨਾ ਹੀ (ਕੋਈ) ਸਰੂਪ ਹੈ ॥੯॥੧੬੯॥

ਨ ਜੰਤ੍ਰ ਹੈ ਨ ਮੰਤ੍ਰ ਹੈ ਨ ਤੰਤ੍ਰ ਕੋ ਬਨਾਉ ਹੈ ॥

(ਉਹ) ਨਾ ਯੰਤ੍ਰ (ਦੇ ਵਸ) ਹੈ, ਨਾ ਮੰਤ੍ਰ ਅਤੇ ਨਾ ਤੰਤ੍ਰ ਦੁਆਰਾ ਬਣਿਆ ਹੈ,

ਨ ਛਲ ਹੈ ਨ ਛਿਦ੍ਰ ਹੈ ਨ ਛਾਇਆ ਕੋ ਮਿਲਾਉ ਹੈ ॥

(ਉਹ) ਨਾ ਛਲ ਹੈ, ਨਾ ਛਿਦ੍ਰ (ਸੂਰਾਖ਼) ਹੈ ਅਤੇ ਨਾ ਮਾਇਆ ('ਛਾਇਆ') ਨਾਲ (ਉਸ ਦਾ) ਮੇਲ ਹੈ;

ਨ ਰਾਗ ਹੈ ਨ ਰੰਗ ਹੈ ਨ ਰੂਪ ਹੈ ਨ ਰੇਖ ਹੈ ॥

(ਉਹ) ਨਾ ਮੋਹ ਹੈ, ਨਾ ਰੰਗ ਹੈ, ਨਾ ਰੂਪ ਵਾਲਾ ਹੈ ਅਤੇ ਨਾ ਹੀ ਆਕਾਰ ਵਾਲਾ ਹੈ;

ਨ ਕਰਮ ਹੈ ਨ ਧਰਮ ਹੈ ਅਜਨਮ ਹੈ ਅਭੇਖ ਹੈ ॥੧੦॥੧੭੦॥

(ਉਹ) ਨਾ ਕਰਮ ਹੈ, ਨਾ ਧਰਮ ਹੈ, (ਉਹ) ਅਜਨਮਾ ਅਤੇ ਭੇਖ ਤੋਂ ਰਹਿਤ ਹੈ ॥੧੦॥੧੭੦॥

ਨ ਤਾਤ ਹੈ ਨ ਮਾਤ ਹੈ ਅਖ੍ਯਾਲ ਅਖੰਡ ਰੂਪ ਹੈ ॥

(ਉਸ ਦਾ) ਨਾ ਪਿਤਾ ਹੈ, ਨਾ ਮਾਤਾ, (ਉਹ) ਖਿਆਲ ਤੋਂ ਉੱਚਾ ਅਖੰਡ ਰੂਪ ਵਾਲਾ ਹੈ।

ਅਛੇਦ ਹੈ ਅਭੇਦ ਹੈ ਨ ਰੰਕ ਹੈ ਨ ਭੂਪ ਹੈ ॥

(ਉਹ) ਅਛੇਦ ਅਤੇ ਅਭੇਦ ਹੈ, (ਉਹ) ਨਾ ਭਿਖਾਰੀ ਹੈ ਅਤੇ ਨਾ ਹੀ ਰਾਜਾ।

ਪਰੇ ਹੈ ਪਵਿਤ੍ਰ ਹੈ ਪੁਨੀਤ ਹੈ ਪੁਰਾਨ ਹੈ ॥

(ਉਹ ਸਭ ਤੋਂ) ਪਰੇ ਹੈ, ਪਵਿਤਰ ਹੈ, ਸਵੱਛ ਹੈ ਅਤੇ ਪੁਰਾਤਨ ਹੈ।

ਅਗੰਜ ਹੈ ਅਭੰਜ ਹੈ ਕਰੀਮ ਹੈ ਕੁਰਾਨ ਹੈ ॥੧੧॥੧੭੧॥

(ਉਹ) ਨਾ ਨਾਸ਼ ਹੁੰਦਾ ਹੈ, ਨਾ ਟੁੱਟਦਾ ਹੈ, ਉਹ ਕ੍ਰਿਪਾਲੂ ਹੈ, ਪਵਿਤਰ ਧਰਮ-ਗ੍ਰੰਥ (ਕੁਰਾਨ) ਹੈ ॥੧੧॥੧੭੧॥


Flag Counter