(ਉਨ੍ਹਾਂ ਨੇ) ਜਲ ਅਤੇ ਥਲ ਸਭ ਪਾਸੇ ਆਪਣਾ ਰਾਜ ਕਾਇਮ ਕਰ ਲਿਆ।
ਆਪਣੀ ਭਾਰੀ (ਸ਼ਕਤੀਵਰ) ਭੁਜਾਵਾਂ ਨੂੰ ਵੇਖ ਕੇ ਉਨ੍ਹਾਂ ਦਾ ਹੰਕਾਰ ਬਹੁਤ ਵੱਧ ਗਿਆ ॥੨॥
(ਦੋਵੇਂ) ਚਾਹੁੰਦੇ ਸਨ ਕਿ ਕੋਈ (ਸਾਡੇ ਨਾਲ) ਆ ਕੇ ਯੁੱਧ ਕਰੇ।
(ਪਰ) ਉਨ੍ਹਾਂ ਤੋਂ ਕੋਈ ਅਧਿਕ ਬਲੀ ਹੁੰਦਾ ਤਾਂ ਹੀ ਉਹ ਆ ਕੇ ਲੜਦਾ।
(ਅੰਤ ਵਿਚ ਹਰਨਾਖਸ਼) ਸੁਮੇਰ ਪਰਬਤ ਦੀ ਚੋਟੀ ਉਤੇ ਚੜ੍ਹ ਕੇ (ਉਸ ਨੂੰ) ਪੈਰ ਦੇ ਅੰਗੂਠੇ ਨਾਲ (ਦਬ ਦਿੱਤਾ)
ਅਤੇ ਵੇਦ ਖੋਹ ਲਏ। ਭੂਮੀ ਦੇ ਸਾਰੇ (ਯੱਗ) ਭੰਗ ਕਰ ਦਿੱਤੇ ॥੩॥
(ਪੈਰ ਦੇ ਅੰਗੂਠੇ ਨਾਲ ਦੱਬਣ ਕਰਕੇ) ਵੇਦਾਂ ਸਮੇਤ ਧਰਤੀ (ਜਲ ਵਿਚ) ਧਸ ਗਈ ਅਤੇ ਪਾਤਾਲ ਲੋਕ ਵਿਚ (ਸਥਿਤ ਹੋ ਗਈ)।
ਤਦੋਂ ਵਿਸ਼ਣੂ ਨੇ ਕਠੋਰ ਹੁਡਾਂ ਵਾਲਾ ਰੂਪ ਧਾਰਨ ਕੀਤਾ
ਅਤੇ ਜਲ ਵਿਚ ਧਸ ਗਿਆ ਅਤੇ ਉੱਚੀ ਆਵਾਜ਼ ਕੀਤੀ
ਜੋ ਸਾਰੇ ਜਗਤ ਵਿਚ ਅਖੰਡ ਧੁਨੀ ਵਜੋਂ ਪਸਰ ਗਈ ॥੪॥
(ਵਾਰਾਹ ਦਾ) ਡਕ ਡਕ ਕਰਦਾ ਡੋਰੂ ਵਜਿਆ (ਜਿਸ ਦੀ) ਧੁਨੀ ਨੂੰ ਸੁਣ ਕੇ ਦੋਵੇਂ (ਦੈਂਤ) ਸੂਰਮੇ ਜਾਗ ਗਏ।
(ਉਨ੍ਹਾਂ ਦੇ) ਭਿਆਨਕ ਨਾਦ ਨੂੰ ਸੁਣ ਕੇ ਵੱਡੇ ਵੱਡੇ ਵੀਰ ਯੋਧੇ ਵੀ ਭਜ ਗਏ।
ਕ੍ਰੋਧ ਨਾਲ ਚਲਾਈਆਂ ਜਾ ਰਹੀਆਂ ਤਿਖੀਆ ਤਲਵਾਰਾਂ (ਇੰਜ ਚਲਦੀਆਂ ਪ੍ਰਤੀਤ ਹੁੰਦੀਆਂ ਸਨ)
ਮਾਨੋ ਭਾਦਰੋਂ ਦੇ ਮਹੀਨੇ ਵਿਚ ਬਿਜਲੀ ਚਮਕਦੀ ਹੋਵੇ ॥੫॥
ਮੂੰਹ ਉਤੇ ਕੁੰਡਲੀਆਂ ਮੁੱਛਾਂ ਵਾਲੇ ਸੂਰਵੀਰ ਲਲਕਾਰਦੇ ਮਾਰਦੇ ਸਨ।
ਤਲਵਾਰਾਂ ਤਾੜ ਤਾੜ ਕਰਦੀਆ ਸਨ ਅਤੇ ਤੀਰ ਸੜ ਸੜ ਕਰਦੇ ਚਲਦੇ ਸਨ।
ਬਰਛਿਆਂ ਦਾ ਧਮਕਾਰ ਹੁੰਦਾ ਸੀ ਅਤੇ ਖੜਗਾਂ ਦਾ ਖੜਕਾਰ ਹੁੰਦਾ ਸੀ।
(ਵੀਰਾਂ ਦੇ ਸਿਰਾਂ ਦੇ) ਟੋਪ ਟੋਟੇ ਟੋਟੇ ਹੋ ਰਹੇ ਸਨ ਅਤੇ ਬੰਦੂਕਾਂ ਵਿਚੋਂ ਅੱਗ ਨਿਕਲ ਰਹੀ ਸੀ ॥੬॥
ਢੋਲਾਂ ਵਿਚੋਂ ਢੰਮ ਢੰਮ ਦਾ ਨਾਦ ਨਿਕਲ ਰਿਹਾ ਸੀ।
ਢਾਲਾਂ ਵਿਚੋਂ ਢਕ-ਢਕ ਦੀ (ਆਵਾਜ਼ ਹੋ ਰਹੀ ਸੀ ਅਤੇ ਸੂਰਮੇ) ਮੂੰਹ ਵਿਚੋਂ ਮਾਰੋ-ਮਾਰੋ ਬੋਲ ਰਹੇ ਸਨ।
ਰਣਭੂਮੀ ਵਿਚ ਵੀਰ ਯੋਧਿਆਂ ਦੀਆਂ ਖੂਨ ਨਾਲ ਲਥਪਥ ਨੰਗੀਆਂ ਤਲਵਾਰਾਂ ਇਕ ਦੂਜੇ ਨਾਲ ਖਹਿ ਰਹੀਆਂ ਸਨ।
ਗਰਦਨਾਂ ਤੋਂ ਬਿਨਾ ਧੜ ਪ੍ਰਾਣਹੀਣ ਸਥਿਤੀ ਵਿਚ ਨਚ ਰਹੇ ਸਨ ॥੭॥
ਚੌਸਠ ਜੋਗਣਾਂ ਲਹੂ ਦੇ ਖੱਪਰ ਭਰ ਕੇ ਫਿਰ ਰਹੀਆਂ ਸਨ,
ਸਿਰਾਂ ਦੇ ਵਾਲ ਖੋਲ੍ਹ ਕੇ ਨਚ ਰਹੀਆਂ ਸਨ ਅਤੇ ਭਿਆਨ ਸ਼ਬਦ ਬੋਲ ਰਹੀਆਂ ਸਨ।
ਬਹੁਤ ਭਿਆਨਕ ਭੂਤ ਅਤੇ ਪ੍ਰੇਤ ਹਸ ਰਹੇ ਸਨ।
ਕਠੋਰ ਅਤੇ ਭਿਆਨਕ ਡੌਰੂ ਡਕ ਡਕ ਕਰਦੇ ਵਜ ਰਹੇ ਸਨ ॥੮॥
(ਹਰਨਾਖਸ਼ ਅਤੇ ਵਾਰਾਹ ਇਕ ਦੂਜੇ ਨੂੰ) ਮੁੱਕੇ ਮਾਰਦੇ ਸਨ ਅਤੇ ਪੈਰਾਂ ਨਾਲ ਵੀ ਪ੍ਰਹਾਰ ਕਰਦੇ ਸਨ।
(ਇੰਜ ਲਗਦਾ ਸੀ) ਮਾਨੋ ਸ਼ੇਰ ਨਾਲ ਸ਼ੇਰ ਜਾਂ ਮਸਤ ਹਾਥੀ ਨਾਲ ਹਾਥੀ ਭਿੜ ਰਿਹਾ ਹੋਵੇ।
(ਇਸ ਯੁੱਧ ਦੀ ਭਿਆਨਕਤਾ ਕਾਰਨ) ਸ਼ਿਵ ਦੀ ਸਮਾਧੀ ਟੁਟ ਗਈ ਅਤੇ
(ਉਸ ਦਾ) ਬ੍ਰਹਮ ਵਿਚ ਧਿਆਨ ਉਖੜ ਗਿਆ ਅਤੇ ਸੂਰ ਤੇ ਚੰਦ੍ਰਮਾ ਦੁਪਹਿਰ ਵੇਲੇ ਹੀ ਡਰਦਿਆਂ ਭਜ ਗਏ ॥੯॥
(ਅਜਿਹਾ ਯੁੱਧ ਮਚਿਆ ਕਿ) ਪਾਣੀ ਵਾਲੀ ਥਾਂ ਧਰਤੀ ਅਤੇ ਧਰਤੀ ਵਾਲੀ ਥਾਂ ਪਾਣੀ ਹੋ ਗਿਆ।
(ਅਰਥਾਤ ਪਾਣੀ ਵਿਚ ਬੁਹਤ ਉਛਾਲ ਆ ਗਿਆ) ਜਿਵੇਂ (ਸਮੁੰਦਰ ਨੂੰ ਰਸਤਾ ਦੇਣ ਲਈ) ਸੂਰਵੀਰ ਸ੍ਰੀ ਰਾਮ ਚੰਦਰ ਨੇ ਬਾਣ ਖਿਚਿਆ ਹੈ।
ਦੈਂਤ ਜੋ ਮੁਕਿਆਂ ਦਾ ਪ੍ਰਹਾਰ ਕਰਦਾ ਸੀ,
ਉਹ ਮਾਨੋ ਘੜਿਆਲੀ ਘੜਿਆਲ ਉਤੇ ਸੱਟਾ ਮਾਰਦਾ ਹੋਵੇ ॥੧੦॥
ਭਿਆਨਕ ਨਗਾਰੇ ਵਜਦੇ ਸਨ ਅਤੇ ਕਠੋਰ ਅਤੇ ਕਰੜੇ (ਯੋਧੇ ਆਪਸ ਵਿਚ ਭਿੜਦੇ ਸਨ।
(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਲੰਬੇ ਦੰਦਾਂ ਵਾਲੇ ਹਾਥੀ ਆਪਸ ਵਿਚ ਜੁੱਟੇ ਹੋਣ।
ਢੋਲਾਂ ਦੀ ਢੰਮਕਾਰ ਅਤੇ ਨਫ਼ੀਰੀਆਂ ਦੀ ਗੂੰਜ ਹੋ ਰਹੀ ਹੈ।
ਸੜ-ਸੜ ਕਰਦੇ ਬਰਛੇ ਅਤੇ ਤੜ-ਤੜ ਕਰਦੇ ਤੀਰ (ਚਲਦੇ ਹਨ) ॥੧੧॥
ਅੱਠ ਦਿਨਾਂ ਅਤੇ ਅੱਠ ਰਾਤਾਂ ਤਕ ਯੁੱਧ ਹੋਇਆ।
ਸਾਰੀ ਭੂਮੀ ਡਾਵਾਂ-ਡੋਲ ਹੋ ਗਈ ਅਤੇ ਆਕਾਸ਼ ਵੀ ਕੰਬ ਉਠਿਆ।
ਰਣ-ਭੂਮੀ ਵਿਚ (ਮੌਜੂਦ) ਸਾਰੇ ਯੁੱਧ ਦੇ ਰੰਗ ਵਿਚ ਰੰਗੇ ਹੋਏ ਸਨ।
ਵਿਸ਼ਣੂ ਨੇ ਵੀ ਅੰਤ ਵਿਚ ਵੈਰੀ ਨੂੰ ਮਾਰ ਲਿਆ ਅਤੇ (ਉਹ) ਭਵਾਟਣੀ ਖਾ ਕੇ ਡਿਗ ਪਿਆ ॥੧੨॥
ਤਦੋਂ (ਵਾਰਾਹ ਨੇ) ਆਪਣੇ ਹੁਡ ਉਤੇ ਚੌਹਾਂ ਵੇਦਾਂ ਨੂੰ ਚੁਕ ਲਿਆਂਦਾ।
(ਇਕ) ਹਠੀ ਦੁਸ਼ਟ (ਹਰਨਾਖਸ਼) ਦੇ ਜਿਤੇ ਜਾਣ ਨਾਲ ਸਾਰੇ ਦੈਂਤ ਭਜ ਗਏ।
(ਫਿਰ) ਬ੍ਰਹਮਾ ਨੂੰ ਆਗਿਆ ਦਿੱਤੀ (ਅਤੇ ਉਸ ਨੇ) ਧਨੁਰਵੇਦ ਦਾ ਉੱਚਾਰਣ ਕੀਤਾ।
ਉਸ ਨੇ ਸਾਰਿਆਂ ਸੰਤਾਂ ਨੂੰ ਸੁਖ ਦਿੱਤਾ ॥੧੩॥
ਇਸ ਪ੍ਰਕਾਰ ਵਿਸ਼ਣੂ ਨੇ ਛੇਵਾਂ ਅਵਤਾਰ ਧਾਰਨ ਕੀਤਾ
ਜਿਸ ਨੇ ਸਾਰੇ ਦੁਸ਼ਟਾਂ ਨੂੰ ਜਿਤਿਆ ਅਤੇ ਵੇਦਾਂ ਦਾ ਉੱਧਾਰ ਕੀਤਾ।