ਸ਼੍ਰੀ ਦਸਮ ਗ੍ਰੰਥ

ਅੰਗ - 963


ਸੋਚ ਬਿਚਾਰ ਤਜ੍ਯੋ ਸਭ ਸੁੰਦਰਿ ਨੈਨ ਸੋ ਨੈਨ ਮਿਲੇ ਮੁਸਕਾਹੀ ॥

ਉਸ ਸੁੰਦਰੀ ਨੇ (ਮਨ ਤੋਂ) ਸੋਚ ਵਿਚਾਰ ਸਭ ਛਡ ਦਿੱਤੀ ਹੈ ਅਤੇ ਨੈਣਾਂ ਨਾਲ ਨੈਣ ਮਿਲਾ ਕੇ ਹੱਸ ਪੈਂਦੀ ਹੈ।

ਲਾਲ ਕੇ ਲਾਲਚੀ ਲੋਚਨ ਲੋਲ ਅਮੋਲਨ ਕੀ ਨਿਰਖੇ ਪਰਛਾਹੀ ॥

ਪ੍ਰੀਤਮ ਦੇ ਚੰਚਲ, ਅਣਮੋਲ ਨੇਤਰਾਂ ਦੀ ਪਰਛਾਈ ਵੇਖਣ ਲਈ (ਜੋ ਸਦਾ) ਲਲਚਾਏ ਰਹਿੰਦੇ ਹਨ।

ਮਤ ਭਈ ਮਨ ਮਾਨੋ ਪਿਯੋ ਮਦ ਮੋਹਿ ਰਹੀ ਮੁਖ ਭਾਖਤ ਨਾਹੀ ॥੨੮॥

ਮਨ ਚਾਹਿਆ ਪ੍ਰੀਤਮ ਪ੍ਰਾਪਤ ਕਰ ਕੇ ਉਹ ਮਸਤ ਹੋ ਗਈ ਹੈ ਅਤੇ ਮੋਹਿਤ ਹੋਈ ਦੇ ਮੂੰਹੋਂ ਬੋਲ ਨਹੀਂ ਨਿਕਲਦੇ ਹਨ ॥੨੮॥

ਸੋਭਤ ਸੁਧ ਸੁਧਾਰੇ ਸੇ ਸੁੰਦਰ ਜੋਬਨ ਜੋਤਿ ਜਗੇ ਜਰਬੀਲੇ ॥

ਸੁੰਦਰ ਜੋਬਨ ਨਾਲ ਯੁਕਤ ਉਹ ਪ੍ਰਭਾਵਸ਼ਾਲੀ ਢੰਗ ਨਾਲ ਸੁਸ਼ੋਭਿਤ ਹਨ ਅਤੇ ਉਨ੍ਹਾਂ ਵਿਚ ਭੜਕੀਲੀ ਜੋਤਿ ਜਗ ਰਹੀ ਹੈ।

ਖੰਜਨ ਸੇ ਮਨੋਰੰਜਨ ਰਾਜਤ ਭਾਰੀ ਪ੍ਰਤਾਪ ਭਰੇ ਗਰਬੀਲੇ ॥

(ਉਹ) ਮਮੋਲਿਆਂ ਵਾਂਗ ਮਨੋਰੰਜਨ ਕਰਨ ਵਾਲੇ ਅਤੇ ਭਾਰੀ ਪ੍ਰਤਾਪ ਅਤੇ ਗਰਬ ਵਾਲੇ ਸ਼ੁਭਾਇਮਾਨ ਹਨ।

ਬਾਨਨ ਸੇ ਮ੍ਰਿਗ ਬਾਰਨ ਸੇ ਤਰਵਾਰਨ ਸੇ ਚਮਕੇ ਚਟਕੀਲੇ ॥

(ਉਹ) ਬਾਣਾਂ ਵਾਂਗ, ਹਿਰਨ ਦੇ ਬੱਚਿਆਂ ਵਾਂਗ ਅਤੇ ਤਲਵਾਰਾਂ ਵਰਗੇ ਚਮਕਦਾਰ ਅਤੇ ਚਟਕੀਲੇ ਹਨ।

ਰੀਝਿ ਰਹੀ ਸਖਿ ਹੌਹੂੰ ਲਖੇ ਛਬਿ ਲਾਲ ਕੇ ਨੈਨ ਬਿਸਾਲ ਰਸੀਲੇ ॥੨੯॥

ਹੇ ਸਖੀ! ਮੈਂ ਉਸ ਲਾਲ ਦੇ ਵਿਸ਼ਾਲ ਅਤੇ ਰਸੀਲੇ ਨੈਣ ਵੇਖ ਕੇ ਰੀਝ ਗਈ ਹਾਂ ॥੨੯॥

ਭਾਤਿ ਭਲੀ ਬਿਨ ਸੰਗ ਅਲੀ ਜਬ ਤੇ ਮਨ ਭਾਵਨ ਭੇਟਿ ਗਈ ਹੌ ॥

ਹੇ ਸਖੀ! ਜਦ ਦੀ ਮੈਂ ਚੰਗੀ ਤਰ੍ਹਾਂ ਨਿਸੰਗ ਹੋ ਕੇ ਮਨ-ਭਾਵਨ (ਪ੍ਰੀਤਮ) ਨੂੰ ਮਿਲੀ ਹਾਂ,

ਤਾ ਦਿਨ ਤੇ ਨ ਸੁਹਾਤ ਕਛੂ ਸੁ ਮਨੋ ਬਿਨੁ ਦਾਮਨ ਮੋਲ ਲਈ ਹੌ ॥

ਉਸ ਦਿਨ ਤੋਂ ਮੈਨੂੰ ਕੁਝ ਚੰਗਾ ਨਹੀਂ ਲਗਦਾ, ਮਾਨੋ ਮੈਨੂੰ ਬਿਨਾ ਦੰਮਾਂ ਦੇ ਮੁੱਲ ਲੈ ਲਿਆ ਗਿਆ ਹੈ।

ਭੌਹ ਕਮਾਨ ਕੋ ਤਾਨਿ ਭਲੇ ਦ੍ਰਿਗ ਸਾਇਕ ਕੇ ਜਨੁ ਘਾਇ ਘਈ ਹੌ ॥

(ਉਸ ਦੀਆਂ) ਭੌਆਂ ਰੂਪ ਕਮਾਨਾਂ ਨਾਲ ਨੈਣਾਂ ਦੇ ਬਾਣਾਂ ਨੂੰ ਖਿਚ ਕੇ ਮਾਨੋ ਘਾਇਲ ਕਰ ਦਿੱਤੀ ਗਈ ਹਾਂ।

ਮਾਰਿ ਸੁ ਮਾਰਿ ਕਰੀ ਸਜਨੀ ਸੁਨਿ ਲਾਲ ਕੋ ਨਾਮੁ ਗੁਲਾਮ ਭਈ ਹੌ ॥੩੦॥

ਹੇ ਸਜਨੀ! ਸੁਣ, ਕਾਮ ਦੇਵ ਨੇ ਬਹੁਤ ਆਕ੍ਰਮਣ ਕੀਤਾ ਹੈ ਅਤੇ ਮੈਂ ਪ੍ਰੀਤਮ ਦੇ ਨਾਮ ਦੀ ਗ਼ੁਲਾਮ ਹੋ ਗਈ ਹਾਂ ॥੩੦॥

ਬਾਰਿਜ ਨੈਨ ਜਿਤੀ ਬਨਿਤਾ ਸੁ ਬਿਲੌਕ ਕੈ ਬਾਨ ਬਿਨਾ ਬਧ ਹ੍ਵੈ ਹੈ ॥

ਕਮਲ ਵਰਗੇ ਨੈਣਾਂ ਵਾਲੀਆਂ ਜਿਤਨੀਆਂ ਇਸਤਰੀਆਂ ਉਸ ਨੂੰ ਵੇਖ ਕੇ ਬਾਣ ਤੋਂ ਬਿਨਾ ਮਾਰੀਆਂ ਗਈਆਂ ਹਨ।

ਬੀਰੀ ਚਬਾਤ ਨ ਬੈਠਿ ਸਕੈ ਬਿਸੰਭਾਰ ਭਈ ਬਹੁਧਾ ਬਰਰੈ ਹੈ ॥

ਉਹ ਨਾ ਪਾਨ ਚਬਾਉਂਦੀਆਂ ਹਨ, ਨਾ ਬੈਠ ਸਕਦੀਆਂ ਹਨ ਅਤੇ ਬੇਸੁਧ ਹੋ ਕੇ ਅਕਸਰ ਬਰੜਾਉਂਦੀਆਂ ਹਨ।

ਬਾਤ ਕਹੈ ਬਿਗਸੈ ਨ ਬਬਾ ਕੀ ਸੌ ਲੇਤ ਬਲਾਇ ਸਭੈ ਬਲਿ ਜੈ ਹੈ ॥

ਉਹ ਨਾ ਗੱਲ ਕਰਦੀਆਂ ਹਨ, ਨਾ ਹਸਦੀਆਂ ਹਨ, ਮੈਨੂੰ ਬਾਬੇ ਦੀ ਸੌਂਹ, ਸਭ ਉਸ ਦੀਆਂ ਬਲਾਵਾਂ ਲੈਂਦੀਆਂ ਹੋਈਆਂ ਨਿਛਾਵਰ ਹੁੰਦੀਆਂ ਹਨ।

ਬਾਲਮ ਹੇਤ ਬਿਯੋਮ ਕੀ ਬਾਮ ਸੁ ਬਾਰ ਅਨੇਕ ਬਜਾਰ ਬਕੈ ਹੈ ॥੩੧॥

(ਉਸ) ਬਾਲਮ (ਪ੍ਰੀਤਮ) ਲਈ ਆਕਾਸ਼ ਦੀਆਂ ਪਰੀਆਂ ਵੀ ਅਨੇਕ ਵਾਰ ਬਾਜ਼ਾਰ ਵਿਚ ਵਿਕਦੀਆਂ ਹਨ ॥੩੧॥

ਚੌਪਈ ॥

ਚੌਪਈ:

ਏਕ ਸਖੀ ਛਬਿ ਹੇਰਿ ਰਿਸਾਈ ॥

ਇਕ ਸਖੀ (ਉਸ ਦੀ) ਛਬੀ ਨੂੰ ਵੇਖ ਕੇ ਬਹੁਤ ਕ੍ਰੋਧਿਤ ਹੋਈ।

ਤਾ ਕੇ ਕਹਿਯੋ ਪਿਤਾ ਪ੍ਰਤੀ ਜਾਈ ॥

ਉਸ ਦੇ ਪਿਤਾ ਪਾਸ ਜਾ ਕੇ (ਸਭ ਕੁਝ) ਦਸ ਦਿੱਤਾ।

ਬਚਨ ਸੁਨਤ ਨ੍ਰਿਪ ਅਧਿਕ ਰਿਸਾਯੋ ॥

ਗੱਲ ਸੁਣ ਕੇ ਰਾਜਾ ਬਹੁਤ ਕ੍ਰੋਧਿਤ ਹੋਇਆ

ਦੁਹਿਤਾ ਕੇ ਮੰਦਿਰ ਚਲਿ ਆਯੋ ॥੩੨॥

ਅਤੇ ਚਲ ਕੇ ਪੁੱਤਰੀ ਦੇ ਮਹੱਲ ਵਲ ਆ ਗਿਆ ॥੩੨॥

ਰਾਜ ਸੁਤਾ ਐਸੇ ਸੁਨਿ ਪਾਯੋ ॥

ਜਦੋਂ ਰਾਜ ਕੁਮਾਰੀ ਨੇ ਇਸ ਤਰ੍ਹਾਂ ਸੁਣਿਆ

ਮੋ ਪਿਤੁ ਅਧਿਕ ਕੋਪ ਕਰਿ ਆਯੋ ॥

ਕਿ ਮੇਰਾ ਪਿਤਾ ਬਹੁਤ ਕ੍ਰੋਧ ਕਰ ਕੇ ਆਇਆ ਹੈ।

ਤਬ ਤਿਨ ਹ੍ਰਿਦੈ ਕਹਿਯੋ ਕਾ ਕਰੋ ॥

ਤਦ ਉਸ ਨੇ ਹਿਰਦੇ ਵਿਚ ਸੋਚਿਆ ਕਿ ਕੀ ਕਰਾਂ,

ਉਰ ਮਹਿ ਮਾਰਿ ਕਟਾਰੀ ਮਰੋ ॥੩੩॥

ਹਿਰਦੇ ਵਿਚ ਕਟਾਰੀ ਮਾਰ ਕੇ ਮਰ ਜਾਵਾਂ ॥੩੩॥

ਦੋਹਰਾ ॥

ਦੋਹਰਾ:

ਬਿਮਨ ਚੰਚਲਾ ਚਿਤ ਲਖੀ ਮੀਤ ਕਹਿਯੋ ਮੁਸਕਾਇ ॥

ਮਿਤਰ ਨੇ ਜਦੋਂ ਇਸਤਰੀ ਨੂੰ ਬੇਮਨਾ ਵੇਖਿਆ, ਤਾਂ ਹੱਸ ਕੇ ਕਿਹਾ

ਤੈ ਚਿਤ ਕ੍ਯੋ ਬ੍ਰਯਾਕੁਲਿ ਭਈ ਮੁਹਿ ਕਹਿ ਭੇਦ ਸੁਨਾਇ ॥੩੪॥

ਕਿ ਤੂੰ ਚਿਤ ਵਿਚ ਕਿਉਂ ਵਿਆਕੁਲ ਹੈਂ, ਮੈਨੂੰ ਵੀ ਭੇਦ ਦੀ ਗੱਲ ਦਸ ॥੩੪॥

ਚੌਪਈ ॥

ਚੌਪਈ:

ਰਾਜ ਸੁਤਾ ਕਹਿ ਤਾਹਿ ਸੁਨਾਯੋ ॥

ਰਾਜ ਕੁਮਾਰੀ ਨੇ ਉਸ ਨੂੰ ਦਸਿਆ

ਯਾ ਤੇ ਮੋਰ ਹ੍ਰਿਦੈ ਡਰ ਪਾਯੋ ॥

ਕਿ ਰਾਜੇ ਨੂੰ ਕਿਸੇ ਨੇ (ਸਭ ਕੁਝ) ਦਸ ਦਿੱਤਾ ਹੈ?

ਰਾਜਾ ਸੋ ਕਿਨਹੂੰ ਕਹਿ ਦੀਨੋ ॥

ਇਸ ਕਰ ਕੇ ਰਾਜੇ ਨੇ ਬਹੁਤ ਕ੍ਰੋਧ ਕੀਤਾ ਹੈ।

ਤਾ ਤੇ ਰਾਵ ਕੋਪ ਅਤਿ ਕੀਨੋ ॥੩੫॥

ਇਸੇ ਲਈ ਮੇਰੇ ਹਿਰਦੇ ਵਿਚ ਬਹੁਤ ਡਰ ਲਗ ਰਿਹਾ ਹੈ ॥੩੫॥

ਤਾ ਤੇ ਰਾਵ ਕ੍ਰੋਧ ਉਪਜਾਯੋ ॥

ਇਸ ਕਰ ਕੇ ਰਾਜਾ ਬਹੁਤ ਕ੍ਰੋਧਿਤ ਹੋ ਕੇ

ਦੁਹੂੰਅਨ ਕੇ ਮਾਰਨਿ ਹਿਤ ਆਯੋ ॥

ਦੋਹਾਂ ਨੂੰ ਮਾਰਨ ਲਈ ਆ ਰਿਹਾ ਹੈ।

ਅਪਨੇ ਸੰਗ ਮੋਹਿ ਕਰਿ ਲੀਜੈ ॥

ਮੈਨੂੰ ਆਪਣੇ ਨਾਲ ਲੈ ਕੇ

ਬਹੁਰਿ ਉਪਾਇ ਭਜਨ ਕੋ ਕੀਜੈ ॥੩੬॥

ਫਿਰ ਭਜਣ ਦੀ ਕੋਈ ਵਿਉਂਤ ਬਣਾਓ ॥੩੬॥

ਬਚਨ ਸੁਨਤ ਰਾਜਾ ਹਸਿ ਪਰਿਯੋ ॥

(ਇਸਤਰੀ ਦੀ) ਗੱਲ ਸੁਣ ਕੇ ਰਾਜਾ ਹੱਸ ਪਿਆ

ਤਾ ਕੋ ਸੋਕ ਨਿਵਾਰਨ ਕਰਿਯੋ ॥

ਅਤੇ ਉਸ ਦਾ ਦੁਖ ਦੂਰ ਕਰ ਦਿੱਤਾ।

ਹਮਰੋ ਕਛੂ ਸੋਕ ਨਹਿ ਕਰਿਯੈ ॥

(ਇਸਤਰੀ ਕਹਿਣ ਲਗੀ) ਮੇਰੀ ਕੁਝ ਵੀ ਚਿੰਤਾ ਨਾ ਕਰੋ।

ਤੁਮਰੀ ਜਾਨਿ ਜਾਨ ਤੇ ਡਰਿਯੈ ॥੩੭॥

(ਮੈਂ ਤਾਂ) ਤੁਹਾਡੀ ਜਾਨ ਜਾਣ ਤੋਂ ਡਰਦੀ ਹਾਂ ॥੩੭॥

ਦੋਹਰਾ ॥

ਦੋਹਰਾ:

ਧ੍ਰਿਗ ਅਬਲਾ ਤੇ ਜਗਤ ਮੈ ਪਿਯ ਬਧ ਨੈਨ ਨਿਹਾਰਿ ॥

ਜਗਤ ਵਿਚ ਉਸ ਇਸਤਰੀ ਦੇ ਜੀਣ ਨੂੰ ਧਿੱਕਾਰ ਹੈ ਜੋ ਆਪਣੇ ਪ੍ਰੀਤਮ ਦਾ ਬਧ ਹੁੰਦਾ ਅੱਖਾਂ ਨਾਲ ਵੇਖੇ।

ਪਲਕ ਏਕ ਜੀਯਤ ਰਹੈ ਮਰਹਿ ਨ ਜਮਧਰ ਮਾਰਿ ॥੩੮॥

ਜੋ ਇਕ ਪਲਕਾਰੇ ਜਿੰਨੀ ਵੀ ਜੀਉਂਦੀ ਰਹੇ ਅਤੇ ਕਟਾਰ ਮਾਰ ਕੇ ਮਰ ਨਾ ਜਾਏ ॥੩੮॥

ਸਵੈਯਾ ॥

ਸਵੈਯਾ:

ਕੰਠਸਿਰੀ ਮਨਿ ਕੰਕਨ ਕੁੰਡਰ ਭੂਖਨ ਛੋਰਿ ਭਭੂਤ ਧਰੌਂਗੀ ॥

ਗਲ ਦਾ ਜੜ੍ਹਾਊ ਹਾਰ, ਮਣੀ, ਕੰਗਣ, ਕੁੰਡਲ ਅਤੇ ਗਹਿਣੇ ਤਿਆਗ ਕੇ ਬਿਭੂਤ (ਸੁਆਹ) ਮਲ ਲਵਾਂਗੀ।

ਹਾਰ ਬਿਸਾਰਿ ਹਜਾਰਨ ਸੁੰਦਰ ਪਾਵਕ ਬੀਚ ਪ੍ਰਵੇਸ ਕਰੌਂਗੀ ॥

ਹਜ਼ਾਰਾਂ ਸੁੰਦਰ ਹਾਰ ਭੁਲਾ ਕੇ ਅਗਨੀ ਵਿਚ ਪ੍ਰਵੇਸ਼ ਕਰਾਂਗੀ।

ਜੂਝਿ ਮਰੌ ਕਿ ਗਰੌ ਹਿਮ ਮਾਝ ਟਰੋ ਨ ਤਊ ਹਠਿ ਤੋਹਿ ਬਰੌਂਗੀ ॥

(ਯੁੱਧ ਵਿਚ) ਲੜ ਮਰਾਂਗੀ, ਜਾਂ ਬਰਫ਼ ਵਿਚ ਗਲ ਜਾਵਾਂਗੀ, ਪਰ ਤਾਂ ਵੀ ਨਹੀਂ ਟਲਾਂਗੀ ਅਤੇ ਤੇਰੇ ਨਾਲ ਹੀ ਵਿਆਹ ਕਰਾਂਗੀ।

ਰਾਜ ਸਮਾਜ ਨ ਕਾਜ ਕਿਸੂ ਸਖਿ ਪੀਯ ਮਰਿਯੋ ਲਖਿ ਹੌਹੂ ਮਰੌਂਗੀ ॥੩੯॥

ਹੇ ਸਖੀ! ਰਾਜ ਸਮਾਜ (ਮੇਰੇ) ਕਿਸੇ ਕੰਮ ਨਹੀਂ, ਪ੍ਰੀਤਮ ਨੂੰ ਮਰਦਿਆਂ ਵੇਖ ਕੇ ਮੈਂ ਵੀ ਮਰ ਜਾਵਾਂਗੀ ॥੩੯॥