ਤਖਦੇ ਹੇਠਾਂ ਮਿਤਰ ਲੁਕਾ ਦਿੱਤਾ
ਅਤੇ ਉਸ ਉਤੇ ਸੌਂਕਣ ਦੀ ਲੋਥ ਪਾ ਦਿੱਤੀ।
(ਇਸ ਗੱਲ ਦਾ) ਭੇਦ ਅਭੇਦ ਕਿਸੇ ਨੇ ਨਾ ਵਿਚਾਰਿਆ।
ਇਸ ਛਲ ਨਾਲ ਆਪਣੇ ਯਾਰ ਨੂੰ (ਬਾਹਰ) ਕਢ ਦਿੱਤਾ ॥੫॥
ਦੋਹਰਾ:
ਸੌਂਕਣ ਨੂੰ ਮਾਰ ਕੇ ਅਤੇ ਪਤੀ ਨੂੰ ਛਲ ਕੇ (ਆਪਣੇ) ਮਿਤਰ ਨੂੰ ਬਚਾ ਲਿਆ।
ਕਿਸੇ ਨੇ ਵੀ (ਇਸ ਗੱਲ ਦਾ) ਭੇਦ ਨਾ ਪਾਇਆ। ਅਮਰ ਕੁਮਾਰੀ (ਸਚਮੁਚ) ਧੰਨ ਹੈ ॥੬॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੨॥੫੩੯੫॥ ਚਲਦਾ॥
ਚੌਪਈ:
ਪਲਾਊ ਨਾਂ ਦੇ ਨਗਰ ਵਿਚ ਇਕ ਰਾਜਾ ਸੀ
ਜਿਸ ਦੇ ਸਾਰੇ ਭੰਡਾਰ ਧਨ ਨਾਲ ਭਰੇ ਰਹਿੰਦੇ ਸਨ।
ਕਿੰਨ੍ਰ ਮਤੀ ਉਸ ਦੀ ਰਾਣੀ ਸੀ,
ਮਾਨੋ ਚੰਦ੍ਰਮਾ ਨੇ (ਉਸ ਪਾਸੋਂ) ਪ੍ਰਕਾਸ਼ ਲਿਆ ਹੋਵੇ ॥੧॥
ਉਥੇ ਬਿਕ੍ਰਮ ਸਿੰਘ ਨਾਂ ਦੀ ਇਕ ਸ਼ਾਹ ਦਾ ਪੁੱਤਰ ਸੀ,
ਜਿਸ ਵਰਗਾ ਧਰਤੀ ਉਤੇ ਕੋਈ ਹੋਰ ਸੁੰਦਰ ਨਹੀਂ ਸੀ।
ਉਸ ਦੀ ਅਸੀਮ ਸ਼ੋਭਾ ਸ਼ੋਭਦੀ ਸੀ
(ਜਿਸ ਨੂੰ) ਵੇਖ ਕੇ ਦੇਵਤੇ, ਦੈਂਤ ਅਤੇ ਮੱਨੁਖ ਮਨ ਵਿਚ ਸ਼ਰਮਾਉਂਦੇ ਸਨ ॥੨॥
ਕਿੰਨ੍ਰ ਮਤੀ ਨੇ ਉਸ ਨਾਲ ਪ੍ਰੇਮ ਪਾਲ ਲਿਆ
ਅਤੇ ਉਸ ਨੂੰ ਆਪਣੇ ਘਰ ਬੁਲਾ ਲਿਆ।
ਉਸ ਨਾਲ ਚੰਗੀ ਤਰ੍ਹਾਂ ਕਾਮ ਭੋਗ ਕੀਤਾ
ਅਤੇ ਦਿਲ ਦਾ ਦੁਖ ਦੂਰ ਕਰ ਦਿੱਤਾ ॥੩॥
ਰਾਣੀ ਨੇ ਮਿਤਰ ਦੇ ਭੋਗ ਵਿਚ ਮਗਨ ਹੋ ਕੇ
ਅਤੇ ਹਸ ਕੇ ਇਸ ਤਰ੍ਹਾਂ ਇਸ ਤਰ੍ਹਾਂ ਗੱਲ ਕੀਤੀ।
ਤੂੰ ਮੈਨੂੰ ਨਾਲ ਲੈ ਕੇ ਇਥੋਂ ਚਲਾ ਜਾ।
ਹੇ ਪ੍ਰੀਤਮ! ਕੁਝ ਇਸ ਤਰ੍ਹਾਂ ਦਾ ਚਰਿਤ੍ਰ ਕਰ ॥੪॥
ਮਿਤਰ ਨੇ ਕਿਹਾ ਜੋ ਮੈਂ ਕਹਾਂਗਾ, ਉਹੀ ਕਰਨਾ
ਅਤੇ ਕਿਸੇ ਹੋਰ ਬੰਦੇ ਨੂੰ ਭੇਦ ਨਾ ਦਸਣਾ।
ਜਦੋਂ ਤੂੰ ਰੁਦ੍ਰ ਦੇ ਮੰਦਿਰ ਵਿਚ ਪੂਜਾ ਲਈ ਜਾਵੇਂਗੀ,
ਤਦੋਂ ਹੀ (ਤੂੰ) ਆਪਣੇ ਹਿਤੂ ਮਿਤਰ ਨੂੰ ਪ੍ਰਾਪਤ ਕਰੇਂਗੀ ॥੫॥
(ਉਹ) ਪਤੀ ਨੂੰ ਕਹਿ ਕੇ ਮੰਦਿਰ ਗਈ
ਅਤੇ ਉਥੋਂ ਮਿਤਰ ਨਾਲ ਚਲੀ ਗਈ।
ਕਿਸੇ ਵਿਅਕਤੀ ਨੇ ਭੇਦ ਨਾ ਸਮਝਿਆ
ਅਤੇ ਰਾਜੇ ਨੂੰ ਆ ਕੇ ਇਸ ਤਰ੍ਹਾਂ ਕਿਹਾ ॥੬॥
ਰਾਣੀ ਜਦੋਂ ਰੁਦ੍ਰ ਦੇ ਮੰਦਿਰ ਵਿਚ ਗਈ
ਤਾਂ ਸ਼ਿਵ ਜੀ ਵਿਚ ਹੀ ਲੀਨ ਹੋ ਗਈ।
ਉਸ ਨੇ 'ਸਾਜੁਜ' (ਅਭੇਦ ਅਵਸਥਾ ਵਾਲੀ ਮੁਕਤੀ) ਨੂੰ ਪ੍ਰਾਪਤ ਕਰ ਲਿਆ
ਅਤੇ ਜਨਮ ਮਰਨ ਦੇ ਦੁਖ ਖ਼ਤਮ ਕਰ ਲਏ ॥੭॥
ਰਾਜਾ (ਇਹ ਗੱਲ) ਸੁਣ ਕੇ ਰੁਦ੍ਰ ਦੀ ਭਗਤੀ ਦਾ ਪ੍ਰੇਮੀ ਹੋ ਗਿਆ
ਅਤੇ ਇਸਤਰੀ ਨੂੰ 'ਧੰਨ ਧੰਨ' ਕਹਿਣ ਲਗਾ।
ਜਿਸ ਇਸਤਰੀ ਨੇ (ਇਤਨਾ) ਕਠਿਨ ਕੰਮ ਕੀਤਾ ਹੈ,
ਉਸ ਉਤੋਂ ਪਲ ਪਲ ਬਲਿਹਾਰ ਹੋਣਾ ਚਾਹੀਦਾ ਹੈ ॥੮॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੩॥੫੪੦੩॥ ਚਲਦਾ॥
ਚੌਪਈ:
ਦੱਖਣ (ਦਿਸ਼ਾ) ਵਿਚ ਦਛਨਿ ਸੈਨ ਨਾਂ ਦਾ ਰਾਜਾ ਸੀ
ਜੋ ਦਛਨਿ ਦੇ (ਦੇਈ) ਨਾਂ ਵਾਲੀ ਰਾਣੀ ਦਾ ਸਿਰਤਾਜ ਸੀ।
ਉਸ ਵਰਗੀ ਕੋਈ ਦੂਜੀ ਰਾਣੀ ਨਹੀਂ ਸੀ।
ਉਹ ਦਛਨਿਵਤੀ ਨਾਂ ਦੀ ਰਾਜਧਾਨੀ ਵਿਚ ਰਹਿੰਦੀ ਸੀ ॥੧॥
ਉਥੇ ਦਛਿਨੀ ਰਾਇ ਨਾਂ ਦਾ ਇਕ ਨੌਕਰ ਸੀ।