ਤੂੰ ਸਾਹਸ ('ਜੁਰਅਤ') ਦਾ ਤੇਜ ਹੈਂ ॥੧੫੮॥
(ਹੇ ਪ੍ਰਭੂ!) ਤੂੰ ਅਚਲ ਪ੍ਰਕਾਸ਼ ਵਾਲਾ ਹੈਂ,
ਤੂੰ ਅਮਿਤ ਸੁਗੰਧ ਵਾਲਾ ਹੈਂ,
ਤੂੰ ਅਦਭੁਤ ਰੂਪ ਵਾਲਾ ਹੈਂ,
ਤੂੰ ਅਸੀਮ ਸੰਪੱਤੀ ਵਾਲਾ ਹੈਂ ॥੧੫੯॥
(ਹੇ ਪ੍ਰਭੂ!) ਤੂੰ ਅਸੀਮ ਪਸਾਰ ਵਾਲਾ ਹੈਂ,
ਤੂੰ ਆਪਣੇ ਆਪ ਪ੍ਰਕਾਸ਼ਵਾਨ ਹੈਂ,
ਤੂੰ ਅਚਲ ਅਤੇ ਸ਼ਰੀਰ-ਰਹਿਤ ਹੈਂ,
ਤੂੰ ਅਨੰਤ ਅਤੇ ਅਵਿਨਾਸ਼ੀ ਹੈਂ ॥੧੬੦॥
ਮਧੁਭਾਰ ਛੰਦ: ਤੇਰੀ ਕ੍ਰਿਪਾ ਨਾਲ:
(ਹੇ ਪ੍ਰਭੂ!) ਤੈਨੂੰ ਮੁਨੀ ਮਨ ਵਿਚ ਪ੍ਰਨਾਮ ਕਰਦੇ ਹਨ,
ਤੂੰ ਸਦਾ ਗੁਣਾਂ ਦਾ ਸੁਆਮੀ ਹੈ,
ਤੂੰ ਵੱਡੇ ਵੈਰੀਆਂ ਲਈ ਵੀ ਅਜਿਤ ਹੈਂ,
ਹੇ ਹਰਿ! (ਤੂੰ) ਸਭ ਮਨੁੱਖਾਂ ਨੂੰ ਨਸ਼ਟ ਕਰਨ ਦੇ ਸਮਰਥ ਹੈਂ ॥੧੬੧॥
(ਹੇ ਪ੍ਰਭੂ!) ਤੈਨੂੰ ਅਨੇਕ ਜੀਵ ਜੁਹਾਰ ਕਰਦੇ ਹਨ,
ਤੈਨੂੰ ਮੁਨੀ ਲੋਕ ਮਨ ਵਿਚ ਪ੍ਰਨਾਮ ਕਰਦੇ ਹਨ,
ਹੇ ਹਰਿ! (ਤੂੰ) ਨਾ ਖੰਡਿਤ ਕੀਤੇ ਜਾ ਸਕਣ ਵਾਲਾ ਨਰ ਸ੍ਰੇਸ਼ਠ ਹੈਂ,
ਤੂੰ ਬਿਨਾ ਸਥਾਪਿਤ ਕੀਤੇ ਸ੍ਰੇਸ਼ਠ ਪੁਰਸ਼ ਹੈਂ ॥੧੬੨॥
(ਹੇ ਪ੍ਰਭੂ!) ਤੂੰ ਨਾ ਨਸ਼ਟ ਹੋਣ ਵਾਲੇ ਸੁਤਹ ਗਿਆਨ ਵਾਲਾ ਹੈਂ,
ਤੂੰ ਮੁਨੀਆਂ ਦੇ ਮਨ ਦਾ ਪ੍ਰਕਾਸ਼ (ਗਿਆਨ) ਵੀ ਹੈਂ,
ਹੇ ਗੁਣਾਂ ਦੇ ਭੰਡਾਰ! (ਤੈਨੂੰ ਮੇਰਾ) ਪ੍ਰਨਾਮ ਹੈ,
ਤੂੰ ਜਲ ਥਲ ਵਿਚ ਸਦਾ ਮੌਜੂਦ ਹੈਂ ॥੧੬੩॥
(ਹੇ ਪ੍ਰਭੂ!) ਤੇਰਾ ਸਰੂਪ ਛਿਜਣ ਵਾਲਾ ਨਹੀਂ ਹੈ,
ਤੇਰਾ ਆਸਨ ਅਚਲ ਹੈ,
ਤੇਰੀ ਉਪਮਾ ਅਪਾਰ ਹੈ,
ਤੇਰੀ ਚਾਲ ਅਤੇ ਸੀਮਾ ਅਤਿ ਉਦਾਰ ਹੈ ॥੧੬੪॥
(ਹੇ ਪ੍ਰਭੂ!) ਤੂੰ ਜਲ-ਥਲ ਵਿਚ ਸ਼ੋਭਾਇਮਾਨ ਹੈਂ,
ਤੂੰ ਦਿਸ਼ਾ-ਵਿਦਿਸ਼ਾ ਵਿਚ ਅਨਿੰਦ ਹੈਂ,
ਤੂੰ ਜਲ-ਥਲ ਦਾ ਸੁਆਮੀ ਹੈਂ,
ਤੂੰ ਦਿਸ਼ਾ-ਵਿਦਿਸ਼ਾ ਵਿਚ ਬਿਨਾ ਅੰਤ ਦੇ ਹੈਂ ॥੧੬੫॥
(ਹੇ ਪ੍ਰਭੂ!) ਤੇਰਾ ਸੁਤਹ ਗਿਆਨ ਨਸ਼ਟ ਹੋਣ ਵਾਲਾ ਨਹੀਂ,
ਤੂੰ ਧੀਰਜ-ਧਾਰੀਆਂ ਦਾ ਧੁਰਾ ਹੈਂ,
ਤੂੰ ਦੇਵਤਿਆਂ ਦਾ ਪ੍ਰੇਰਕ ਹੈਂ (ਜਾਂ ਗੋਡਿਆਂ ਤਕ ਲੰਬੀਆਂ ਭੁਜਾਵਾਂ ਵਾਲਾ ਹੈਂ)
ਤੂੰ ਸਦਾ ਇਕੋ ਇਕ ਹੈਂ ॥੧੬੬॥
(ਹੇ ਪ੍ਰਭੂ!) ਤੂੰ ਆਦਿ ਤੋਂ ਓਅੰਕਾਰ ਸਰੂਪ ਹੈਂ,
ਤੇਰਾ ਵਰਣਨ ਕਥਨ ਤੋਂ ਪਰੇ ਹੈ,
ਤੂੰ ਫੁਰਨੇ ਵਿਚ ਹੀ ਦੁਸ਼ਟਾਂ ('ਖਲ') ਨੂੰ ਨਸ਼ਟ ਕਰ ਸਕਦਾ ਹੈਂ,
ਤੂੰ ਸਭ ਤੋਂ ਵੱਡਾ ਅਤੇ ਕਾਲ ਤੋਂ ਪਰੇ ਹੈਂ ॥੧੬੭॥
(ਹੇ ਪ੍ਰਭੂ!) ਤੈਨੂੰ ਘਰ ਘਰ ਵਿਚ ਪ੍ਰਨਾਮ ਹੁੰਦਾ ਹੈ,
(ਹਰ ਇਕ ਜੀਵ ਦੇ) ਚਿੱਤ ਵਿਚ ਤੇਰੇ ਚਰਨਾਂ ਦਾ ਧਿਆਨ ਅਤੇ ਤੇਰੇ ਨਾਮ ਦਾ ਸਿਮਰਨ ਹੈ,
ਤੇਰਾ ਸ਼ਰੀਰ ਕਦੇ ਨਾਸ਼ ਹੋਣ ਵਾਲਾ ਨਹੀਂ ਹੈਂ,
ਤੂੰ ਕਿਸੇ ਗੱਲ ਲਈ ਵੀ ਅਸਮਰਥ (ਆਜਿਜ਼) ਨਹੀਂ ॥੧੬੮॥
(ਹੇ ਪ੍ਰਭੂ!) ਤੂੰ ਅਡੋਲ ਸ਼ਰੀਰ ਵਾਲਾ ਹੈਂ,
ਤੂੰ ਕਿਸੇ ਵੀ ਗੱਲ ਤੇ ਕ੍ਰੋਧਿਤ ਨਹੀਂ ਹੁੰਦਾ,
ਤੂੰ ਅਮੁਕ ਭੰਡਾਰ ਵਾਲਾ ਹੈਂ,
ਤੂੰ ਨਾ ਸਥਾਪਿਤ ਕੀਤਾ ਜਾ ਸਕਣ ਵਾਲਾ ਅਪਾਰ ਹੈਂ ॥੧੬੯॥
(ਹੇ ਪ੍ਰਭੂ!) ਤੂੰ ਅਦ੍ਰਿਸ਼ਟ ਕਰਤੱਵ ('ਧਰਮ') ਵਾਲਾ ਹੈਂ,
ਤੇਰੇ ਕਰਮ ਬੜੇ ਦ੍ਰਿੜ੍ਹ ਹਨ,
ਤੈਨੂੰ ਕੋਈ ਸਟ ਨਹੀਂ ਮਾਰ ਸਕਦਾ, ਤੂੰ ਅਨੰਤ ਹੈਂ,
ਤੂੰ ਮਹਾਨ ਦਾਤਾ ਹੈਂ ॥੧੭੦॥
ਹਰਿਬੋਲਮਨਾ ਛੰਦ: ਤੇਰੀ ਕ੍ਰਿਪਾ ਨਾਲ:
(ਹੇ ਪ੍ਰਭੂ!) ਤੂੰ ਕ੍ਰਿਪਾ ('ਕਰੁਣਾ') ਦਾ ਘਰ ਹੈਂ,
ਤੂੰ ਦੁਸ਼ਮਣਾਂ ਦਾ ਨਾਸ਼ ਕਰਨ ਵਾਲਾ ਹੈਂ,
ਤੂੰ ਦੁਸ਼ਟਾਂ ਨੂੰ ਮਾਰਨ ਵਾਲਾ ਹੈਂ,
ਤੂੰ ਧਰਤੀ ਦਾ ਸ਼ਿੰਗਾਰ ਹੈਂ ॥੧੭੧॥
(ਹੇ ਪ੍ਰਭੂ!) ਤੂੰ ਜਗਤ ਦਾ ਸੁਆਮੀ ਹੈਂ,
ਤੂੰ ਸ੍ਰੇਸ਼ਠ ਈਸ਼ਵਰ ਹੈਂ,
ਤੂੰ ਕਲ-ਕਲੇਸ਼ ਦਾ ਮੂਲ ਕਾਰਨ ਹੈਂ,
ਤੂੰ ਸਭ ਨੂੰ ਬਚਾਉਣ ਵਾਲਾ ਹੈਂ ॥੧੭੨॥
(ਹੇ ਪ੍ਰਭੂ!) ਤੂੰ ਧਰਤੀ ਨੂੰ ਧਾਰਨ ਕਰਨ ਵਾਲਾ (ਸਹਾਰਾ) ਹੈਂ,
ਤੂੰ ਜਗਤ ਦਾ ਕਾਰਨ ਸਰੂਪ ਹੈਂ,
ਤੈਨੂੰ ਸਾਰੀ ਸ੍ਰਿਸ਼ਟੀ ਮਨ ਵਿਚ ਮੰਨਦੀ ਹੈ,
ਤੂੰ ਜਗਤ ਦੁਆਰਾ ਜਾਣਨ ਯੋਗ ਹੈਂ ॥੧੭੩॥
(ਹੇ ਪ੍ਰਭੂ!) ਤੂੰ ਸਭ ਦੀ ਪਾਲਨਾ ਕਰਨ ਵਾਲਾ ਹੈਂ,
ਤੂੰ ਸਭ ਦਾ ਕਰਤਾ ਹੈਂ,
ਤੂੰ ਸਭ ਦੇ ਕੋਲ ਹੈਂ,
ਤੂੰ ਸਭ ਦਾ ਸੰਘਾਰਕ ਵੀ ਹੈਂ ॥੧੭੪॥
(ਹੇ ਪ੍ਰਭੂ!) ਤੂੰ ਕ੍ਰਿਪਾ ('ਕਰੁਣਾ') ਕਰਨ ਵਾਲਾ ਹੈਂ,
ਤੂੰ ਸੰਸਾਰ ਦਾ ਭਰਨ-ਪੋਸ਼ਣ ਕਰਨ ਵਾਲਾ ਹੈਂ,
ਤੂੰ ਸਭ ਦਾ ਸੁਆਮੀ ਹੈਂ,
ਤੂੰ ਜਗਤ ਦਾ ਈਸ਼ਵਰ (ਮਾਲਕ) ਹੈਂ ॥੧੭੫॥
(ਹੇ ਪ੍ਰਭੂ!) ਤੂੰ ਸਾਰੇ ਜਗਤ ਦਾ ਜੀਵਨ-ਰੂਪ ਹੈਂ,
ਤੂੰ ਦੁਸ਼ਟਾਂ ਦਾ ਨਾਸ਼ ਕਰਨ ਵਾਲਾ ਹੈਂ,
ਤੂੰ ਪਰੇ ਤੋਂ ਪਰੇ ਹੈਂ,
ਤੂੰ ਕ੍ਰਿਪਾ ('ਕਰੁਣਾ') ਕਰਨ ਵਾਲਾ ਹੈਂ ॥੧੭੬॥
(ਹੇ ਪ੍ਰਭੂ!) ਤੂੰ ਜਪਾਂ ਤੋਂ ਪਰੇ ਹੈਂ (ਤੈਨੂੰ ਜਪਾਂ ਦੁਆਰਾ ਜਪਿਆ ਨਹੀਂ ਜਾ ਸਕਦਾ)
ਤੂੰ ਸਥਾਪਨਾ ਤੋਂ ਪਰੇ ਹੈਂ (ਦੇਵ-ਮੂਰਤੀਆਂ ਵਾਂਗ ਸਥਾਪਿਤ ਨਹੀਂ ਕੀਤਾ ਜਾ ਸਕਦਾ)
ਤੂੰ ਕੀਤੇ ਜਾਣ ਤੋਂ ਪਰੇ ਹੈਂ (ਤੈਨੂੰ ਬਣਾਇਆ-ਸਿਰਜਿਆ ਨਹੀਂ ਜਾ ਸਕਦਾ)
ਤੂੰ ਮ੍ਰਿਤੂ ਤੋਂ ਪਰੇ ਹੈਂ (ਅਮ੍ਰਿਤ ਹੈਂ) ॥੧੭੭॥
(ਹੇ ਪ੍ਰਭੂ!) ਤੂੰ ਅਮਰ ਹੈਂ,
ਤੂੰ ਕ੍ਰਿਪਾ ਸਰੂਪ ਹੈਂ,
ਤੂੰ ਸਿਰਜਿਆ ਨਹੀਂ ਜਾ ਸਕਦਾ,
ਤੂੰ ਧਰਤੀ ਨੂੰ ਧਾਰਨ ਕਰਨ ਵਾਲਾ ਹੈਂ ॥੧੭੮॥
(ਹੇ ਪ੍ਰਭੂ!) ਤੂੰ ਅਮਿਤ ਸੀਮਾ ਦਾ ਮਾਲਕ ਹੈਂ,
ਤੂੰ ਸ੍ਰੇਸ਼ਠ ਸੁਆਮੀ ਹੈਂ,
ਤੇਰਾ ਸਰੂਪ ਬਣਾਇਆ ਨਹੀਂ ਜਾ ਸਕਦਾ,
ਤੂੰ ਅਮਰਾਂ ਦਾ ਅਮਰ ਹੈਂ ॥੧੭੯॥
(ਹੇ ਪ੍ਰਭੂ!) ਤੂੰ ਅਜੀਬ ਸਰੂਪ ਵਾਲਾ ਹੈਂ,
ਤੂੰ ਅਮਰਾਂ ਦਾ ਵੀ ਅਮਰ ਹੈਂ;
ਤੂੰ ਮਨੁੱਖਾਂ ਦਾ ਨਾਇਕ ਹੈਂ,