ਸ਼੍ਰੀ ਦਸਮ ਗ੍ਰੰਥ

ਅੰਗ - 1213


ਇਹ ਛਲ ਸੌ ਤਾ ਸੌ ਸਦਾ ਨਿਸੁ ਦਿਨ ਕਰਤ ਬਿਹਾਰ ॥

ਇਸ ਛਲ ਨਾਲ ਉਹ ਉਸ (ਰਾਜ ਕੁਮਾਰੀ) ਨਾਲ ਰਾਤ ਦਿਨ ਰਮਣ ਕਰਦਾ ਸੀ।

ਦਿਨ ਦੇਖਤ ਸਭ ਕੋ ਛਲੈ ਕੋਊ ਨ ਸਕੈ ਬਿਚਾਰ ॥੧੫॥

ਉਹ ਦਿਨ ਵਿਚ ਹੀ ਸਭ ਦੇ ਵੇਖਦੇ ਹੋਇਆਂ ਛਲ ਜਾਂਦਾ ਸੀ (ਪਰ ਇਸ ਭੇਦ ਨੂੰ) ਕੋਈ ਵੀ ਵਿਚਾਰ ਨਹੀਂ ਸਕਦਾ ਸੀ ॥੧੫॥

ਚੌਪਈ ॥

ਚੌਪਈ:

ਸੰਕਰ ਦੇਵ ਨ ਤਾਹਿ ਪਛਾਨੈ ॥

(ਰਾਜਾ) ਸੰਕਰ ਦੇਵ ਉਸ ਨੂੰ ਨਹੀਂ ਪਛਾਣਦਾ ਸੀ

ਦੁਹਿਤਾ ਕੀ ਗਾਇਨ ਤਿਹ ਮਾਨੈ ॥

ਅਤੇ ਉਸ ਨੂੰ ਪੁੱਤਰੀ ਦੀ ਗਵੈਣ ਮੰਨਦਾ ਸੀ।

ਅਤਿ ਸ੍ਯਾਨਪ ਤੇ ਕੈਫਨ ਖਾਵੈ ॥

ਉਹ ਬਹੁਤ ਸਿਆਣਪ ਨਾਲ ਨਸ਼ੇ ਕਰਦਾ ਸੀ

ਮਹਾ ਮੂੜ ਨਿਤਿ ਮੂੰਡ ਮੁੰਡਾਵੈ ॥੧੬॥

ਅਤੇ ਮਹਾ ਮੂਰਖ (ਰਾਜਾ) ਨਿੱਤ ਛਲਿਆ ਜਾਂਦਾ ਸੀ ॥੧੬॥

ਕਹਾ ਭਯੋ ਜੋ ਚਤੁਰ ਕਹਾਇਸਿ ॥

ਕੀ ਹੋਇਆ (ਜੇ ਉਹ) ਚਤੁਰ ਅਖਵਾਉਂਦਾ ਸੀ।

ਭੂਲਿ ਭਾਗ ਭੌਦੂ ਨ ਚੜਾਇਸਿ ॥

(ਉਹ) ਭੌਂਦੂ ਭੁਲ ਕੇ ਵੀ ਭੰਗ ਨਹੀਂ ਪੀਂਦਾ ਸੀ।

ਅਮਲੀ ਭਲੋ ਖਤਾ ਜੁ ਨ ਖਾਵੈ ॥

(ਉਸ ਨਾਲੋਂ ਤਾਂ) ਅਮਲੀ ਚੰਗਾ ਹੈ ਜੋ ਗ਼ਲਤੀ (ਜਾਂ ਗੁਨਾਹ) ਨਹੀਂ ਕਰਦਾ

ਮੂੰਡ ਮੂੰਡ ਸੋਫਿਨ ਕੋ ਜਾਵੈ ॥੧੭॥

ਅਤੇ ਸੋਫ਼ੀਆਂ ਨੂੰ ਠਗ ਠਗ ਲੈ ਜਾਂਦਾ ਹੈ ॥੧੭॥

ਸੰਕਰ ਸੈਨ ਨ੍ਰਿਪਹਿ ਅਸ ਛਲਾ ॥

ਇਸ ਤਰ੍ਹਾਂ ਸੰਕਰ ਸੈਨ ਰਾਜੇ ਨੂੰ ਛਲਿਆ ਗਿਆ

ਕਹ ਕਿਯ ਚਰਿਤ ਸੰਕਰਾ ਕਲਾ ॥

(ਅਤੇ ਇਸ ਢੰਗ ਦਾ) ਸੰਕਰਾ ਕਲਾ ਨੇ ਚਰਿਤ੍ਰ ਕੀਤਾ।

ਤਿਹ ਗਾਇਨ ਕੀ ਦੁਹਿਤਾ ਗਨਿਯੋ ॥

(ਰਾਜੇ ਨੇ) ਉਸ ਨੂੰ ਪੁੱਤਰੀ ਦੀ ਗਵੈਣ ਸਮਝਿਆ।

ਮੂਰਖ ਭੇਦ ਅਭੇਦ ਨ ਜਨਿਯੋ ॥੧੮॥

(ਉਸ) ਮੂਰਖ ਨੇ (ਇਸ ਗੱਲ ਦਾ) ਭੇਦ ਅਭੇਦ ਨਾ ਸਮਝਿਆ ॥੧੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਿਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੬॥੫੩੩੪॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੬॥੫੩੩੪॥ ਚਲਦਾ॥

ਅੜਿਲ ॥

ਅੜਿਲ:

ਸਹਿਰ ਮੁਰਾਦਾਬਾਦ ਮੁਗਲ ਕੀ ਚੰਚਲਾ ॥

ਮੁਰਾਦਾਬਾਦ ਸ਼ਹਿਰ ਵਿਚ (ਇਕ) ਮੁਗ਼ਲ ਦੀ ਇਸਤਰੀ ਸੀ

ਹੀਨ ਕਰੀ ਜਿਹ ਰੂਪ ਚੰਦ੍ਰਮਾ ਕੀ ਕਲਾ ॥

ਜਿਸ ਨੇ ਚੰਦ੍ਰਮਾ ਦੀ ਕਲਾ ਦਾ ਰੂਪ ਹੀਣਾ ਕੀਤਾ ਹੋਇਆ ਸੀ।

ਰੂਪ ਮਤੀ ਤਾ ਕੇ ਸਮ ਸੋਈ ਜਾਨਿਯੈ ॥

ਉਸ ਵਰਗੀ ਰੂਪਵਾਨ ਉਸ ਨੂੰ ਹੀ ਸਮਝੋ

ਹੋ ਤਿਹ ਸਮਾਨ ਤਿਹੁ ਲੋਕ ਨ ਔਰ ਪ੍ਰਮਾਨਿਯੈ ॥੧॥

ਅਤੇ ਤਿੰਨਾਂ ਲੋਕਾਂ ਵਿਚ ਉਸ ਵਰਗੀ ਕੋਈ ਹੋਰ ਨਾ ਮੰਨੋ ॥੧॥

ਚੌਪਈ ॥

ਚੌਪਈ:

ਦੂਸਰਿ ਏਕ ਤਿਸੀ ਕੀ ਨਾਰੀ ॥

ਉਸ (ਮੁਗ਼ਲ) ਦੀ ਇਕ ਹੋਰ ਇਸਤਰੀ ਸੀ।

ਤਿਹ ਸਮ ਹੋਤ ਨ ਤਾਹਿ ਪਿਯਾਰੀ ॥

ਪਰ ਉਹ ਉਸ ਨੂੰ (ਇਸ ਵਰਗੀ) ਪਿਆਰੀ ਨਹੀਂ ਸੀ।

ਤਿਨ ਇਹ ਜਾਨਿ ਰੋਸ ਜਿਯ ਠਾਨੋ ॥

ਉਸ ਨੇ ਇਹ ਗੱਲ ਜਾਣ ਕੇ ਮਨ ਵਿਚ ਰੋਸ ਭਰ ਲਿਆ

ਔਰ ਪੁਰਖ ਸੰਗ ਕੀਯਾ ਯਰਾਨੋ ॥੨॥

ਅਤੇ ਇਕ ਹੋਰ ਪੁਰਸ਼ ਨਾਲ ਯਾਰਾਨਾ ਲਗਾ ਲਿਆ ॥੨॥

ਦੋਹਰਾ ॥

ਦੋਹਰਾ:

ਜੈਸੇ ਵਾ ਤ੍ਰਿਯ ਕੀ ਹੁਤੀ ਸਵਤਿਨ ਕੀ ਅਨੁਹਾਰਿ ॥

ਜਿਹੋ ਜਿਹੀ ਉਸ (ਇਸਤਰੀ) ਦੀ ਸੌਂਕਣ ਦੀ ਨੁਹਾਰ ਸੀ,

ਤੈਸੋ ਈ ਤਿਨ ਖੋਜਿ ਨਰ ਤਿਹ ਸੰਗ ਕੀਯਾ ਪ੍ਯਾਰ ॥੩॥

ਉਸ ਵਰਗੀ ਨੁਹਾਰ ਵਾਲਾ ਇਕ ਪੁਰਸ਼ ਲਭ ਕੇ ਉਸ ਨਾਲ ਪ੍ਰੇਮ ਕਰਨ ਲਗੀ ॥੩॥

ਚੌਪਈ ॥

ਚੌਪਈ:

ਤ੍ਰਿਯ ਇਕ ਦਿਨ ਤਿਹ ਧਾਮ ਬੁਲਾਇਸਿ ॥

ਉਸ ਇਸਤਰੀ ਨੇ ਉਸ (ਯਾਰ) ਨੂੰ (ਆਪਣੇ) ਘਰ ਬੁਲਾਇਆ

ਕਾਮ ਕੇਲ ਤਿਹ ਸੰਗ ਕਮਾਇਸਿ ॥

ਅਤੇ ਉਸ ਨਾਲ ਕਾਮ-ਕ੍ਰੀੜਾ ਕੀਤੀ।

ਸਵਤਿਹ ਫਾਸਿ ਡਾਰਿ ਗਰ ਮਾਰਿਯੋ ॥

ਸੌਂਕਣ ਦੇ ਗਲੇ ਵਿਚ ਫਾਹੀ ਪਾ ਕੇ ਮਾਰ ਦਿੱਤਾ

ਜਾਇ ਮੁਗਲ ਤਨ ਐਸ ਉਚਾਰਿਯੋ ॥੪॥

ਅਤੇ ਮੁਗ਼ਲ ਪਾਸ ਜਾ ਕੇ ਇਸ ਤਰ੍ਹਾਂ ਕਿਹਾ ॥੪॥

ਅਦਭੁਤ ਬਾਤ ਨਾਥ ਇਕ ਭਈ ॥

ਹੇ ਸੁਆਮੀ! ਇਕ ਅਜੀਬ ਗੱਲ ਹੋਈ ਹੈ।

ਤੁਮਰੀ ਨਾਰ ਪੁਰਖੁ ਹ੍ਵੈ ਗਈ ॥

ਤੁਹਾਡੀ ਇਸਤਰੀ ਪੁਰਸ਼ ਬਣ ਗਈ ਹੈ।

ਐਸੀ ਬਾਤ ਸੁਨੀ ਨਹਿ ਹੇਰੀ ॥

ਜੋ ਤੁਹਾਡੀ ਇਸਤਰੀ ਦੀ ਹਾਲਤ ਹੋਈ ਹੈ,

ਜੋ ਗਤਿ ਭਈ ਨਾਰਿ ਕੀ ਤੇਰੀ ॥੫॥

ਇਹੋ ਜਿਹੀ ਗੱਲ ਨਾ ਸੁਣਨ ਵਿਚ ਆਈ ਹੈ ਅਤੇ ਨਾ ਅੱਖੀਂ ਵੇਖੀ ਹੈ ॥੫॥

ਸੁਨਿ ਏ ਬਚਨ ਚਕ੍ਰਿਤ ਜੜ ਭਯੋ ॥

(ਉਹ) ਮੂਰਖ (ਮੁਗ਼ਲ) ਗੱਲ ਸੁਣ ਕੇ ਹੈਰਾਨ ਹੋ ਗਿਆ

ਉਠਿ ਤਿਹ ਆਪੁ ਬਿਲੋਕਨ ਗਯੋ ॥

ਅਤੇ ਆਪ ਉਠ ਕੇ ਉਸ ਨੂੰ ਵੇਖਣ ਗਿਆ।

ਤਾ ਕੇ ਲਿੰਗ ਛੋਰਿ ਜੌ ਲਹਾ ॥

ਜਦ ਉਸ ਦਾ ਲਿੰਗ (ਵਾਲਾ ਬਸਤ੍ਰ) ਖੁਲ੍ਹਵਾ ਕੇ ਵੇਖਿਆ,

ਕਹਿਯੋ ਭਯੋ ਜੋ ਮੁਹਿ ਤ੍ਰਿਯ ਕਹਾ ॥੬॥

ਤਾਂ ਕਹਿਣ ਲਗਾ ਕਿ ਜੋ (ਇਸਤਰੀ ਨੇ) ਕਿਹਾ ਸੀ, ਉਹ ਸਹੀ ਨਿਕਲਿਆ ॥੬॥

ਅਤਿ ਚਿੰਤਾਤੁਰ ਚਿਤ ਮਹਿ ਭਯੋ ॥

ਉਹ ਚਿਤ ਵਿਚ ਬਹੁਤ ਚਿੰਤਾਵਾਨ ਹੋਇਆ

ਬੂਡਿ ਸੋਕ ਸਾਗਰ ਮਹਿ ਗਯੋ ॥

ਅਤੇ ਦੁਖ ਦੇ ਸਮੁੰਦਰ ਵਿਚ ਡੁਬ ਗਿਆ।

ਐ ਇਲਾਹ ਤੈਂ ਇਹ ਕਸ ਕੀਨਾ ॥

(ਕਹਿਣ ਲਗਾ) ਹੇ ਅੱਲਾਹ! ਤੂੰ ਇਹ ਕੀ ਕੀਤਾ ਹੈ

ਇਸਤ੍ਰੀ ਕੌ ਮਾਨਸ ਕਰ ਦੀਨਾ ॥੭॥

ਜੋ ਇਸਤਰੀ ਨੂੰ ਪੁਰਸ਼ ਬਣਾ ਦਿੱਤਾ ਹੈ ॥੭॥

ਯਹ ਮੋ ਕੋ ਥੀ ਅਧਿਕ ਪਿਯਾਰੀ ॥

ਇਹ ਮੈਨੂੰ ਬਹੁਤ ਪਿਆਰੀ ਸੀ।

ਅਬ ਇਹ ਦੈਵ ਪੁਰਖ ਕਰਿ ਡਾਰੀ ॥

ਹੇ ਦੈਵ! (ਤੁਸੀਂ) ਹੁਣ ਇਸ ਨੂੰ ਪੁਰਸ਼ ਬਣਾ ਦਿੱਤਾ ਹੈ।

ਦੂਸਰ ਨਾਰਿ ਇਸੈ ਦੇ ਡਾਰੂੰ ॥

(ਮੈਂ ਸੋਚਦਾ ਹਾਂ ਕਿ) ਦੂਜੀ ਇਸਤਰੀ ਇਸੇ ਨੂੰ ਦੇ ਦੇਵਾਂ

ਭੇਦ ਨ ਦੂਸਰ ਪਾਸ ਉਚਾਰੂੰ ॥੮॥

ਅਤੇ ਕਿਸੇ ਪਾਸ ਇਸ ਦਾ ਭੇਦ ਨਾ ਦਸਾਂ ॥੮॥

ਨਿਸਚੈ ਬਾਤ ਇਹੈ ਠਹਰਈ ॥

ਉਸ ਨੇ ਇਹ ਗੱਲ ਨਿਸਚੈ ਕਰ ਲਈ

ਪਹਿਲੀ ਨਾਰਿ ਤਿਸੈ ਲੈ ਦਈ ॥

ਅਤੇ ਪਹਿਲੀ ਇਸਤਰੀ ਉਸੇ ਨੂੰ ਹੀ ਦੇ ਦਿੱਤੀ।

ਭੇਦ ਅਭੇਦ ਜੜ ਕਛੂ ਨ ਪਾਯੋ ॥

ਉਸ ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ।

ਇਹ ਛਲ ਅਪਨੋ ਮੂੰਡ ਮੁੰਡਾਯੋ ॥੯॥

ਇਸ ਛਲ ਨਾਲ ਆਪਣੇ ਆਪ ਨੂੰ ਛਲਵਾ ਲਿਆ ॥੯॥

ਦੋਹਰਾ ॥

ਦੋਹਰਾ:

ਪੁਰਖ ਭਈ ਨਿਜੁ ਨਾਰਿ ਲਹਿ ਤਾਹਿ ਦਈ ਨਿਜੁ ਨਾਰਿ ॥

ਆਪਣੀ ਇਸਤਰੀ ਨੂੰ ਪੁਰਸ਼ ਬਣੀ ਹੋਈ ਵੇਖ ਕੇ ਉਸ ਨੂੰ ਆਪਣੀ (ਦੂਜੀ) ਇਸਤਰੀ ਵੀ ਦੇ ਦਿੱਤੀ।

ਭੇਦ ਅਭੇਦ ਕੀ ਬਾਤ ਕੌ ਸਕਾ ਨ ਮੂੜ ਬਿਚਾਰਿ ॥੧੦॥

ਉਹ ਮੂਰਖ ਭੇਦ ਅਭੇਦ ਦੀ ਗੱਲ ਨੂੰ ਸਮਝ ਨਾ ਸਕਿਆ ॥੧੦॥

ਚੌਪਈ ॥

ਚੌਪਈ:

ਇਸਤ੍ਰੀ ਪੁਰਖ ਭਈ ਠਹਿਰਾਈ ॥

ਇਸਤਰੀ ਨੂੰ ਪੁਰਸ਼ ਬਣਿਆ ਹੋਇਆ ਮੰਨ ਲਿਆ

ਇਸਤ੍ਰੀ ਤਾ ਕਹ ਦਈ ਬਨਾਈ ॥

ਅਤੇ (ਆਪਣੀ ਦੂਜੀ) ਇਸਤਰੀ ਉਸ ਨੂੰ ਸਜਾ ਕੇ ਦੇ ਦਿੱਤੀ।

ਦੁਤਿਯ ਨ ਪੁਰਖਹਿ ਭੇਦ ਜਤਾਯੋ ॥

ਕਿਸੇ ਹੋਰ ਬੰਦੇ ਨੂੰ ਇਸ ਬਾਰੇ ਨਾ ਦਸਿਆ।

ਇਹ ਛਲ ਅਪਨੋ ਮੂੰਡ ਮੁੰਡਾਯੋ ॥੧੧॥

ਇਸ ਛਲ ਨਾਲ ਆਪਣਾ ਸਿਰ ਮੁੰਨਵਾ ਲਿਆ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਹਤਰਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੭੭॥੫੩੪੫॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੭੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੭੭॥੫੩੪੫॥ ਚਲਦਾ॥

ਚੌਪਈ ॥

ਚੌਪਈ:

ਸਹਰ ਜਹਾਨਾਬਾਦ ਬਸਤ ਜਹ ॥

ਜਿਥੇ ਜਹਾਨਾਬਾਦ ਸ਼ਹਿਰ ਵਸਦਾ ਸੀ,

ਸਾਹਿਜਹਾ ਜੂ ਰਾਜ ਕਰਤ ਤਹ ॥

ਉਥੇ ਸ਼ਾਹਜਹਾਨ ਬਾਦਸ਼ਾਹ ਰਾਜ ਕਰਦਾ ਸੀ।

ਦੁਹਿਤ ਰਾਇ ਰੌਸਨਾ ਤਾ ਕੇ ॥

ਉਸ ਦੀ ਪੁੱਤਰੀ ਦਾ ਨਾਂ ਰੌਸ਼ਨਾ ਰਾਇ ਸੀ।

ਔਰ ਨਾਰਿ ਸਮ ਰੂਪ ਨ ਵਾ ਕੇ ॥੧॥

ਉਸ ਵਰਗਾ ਕਿਸੇ ਹੋਰ ਇਸਤਰੀ ਦਾ ਰੂਪ ਨਹੀਂ ਸੀ ॥੧॥

ਸਾਹਿਜਹਾ ਜਬ ਹੀ ਮਰਿ ਗਏ ॥

ਜਦ ਸ਼ਾਹ ਜਹਾਨ ਮਰ ਗਿਆ ਅਤੇ

ਔਰੰਗ ਸਾਹ ਪਾਤਿਸਾਹ ਭਏ ॥

ਔਰੰਗਜ਼ੇਬ ਬਾਦਸ਼ਾਹ ਬਣ ਗਿਆ।

ਸੈਫਦੀਨ ਸੰਗ ਯਾ ਕੋ ਪ੍ਯਾਰਾ ॥

ਸੈਫ਼ਦੀਨ (ਪੀਰ) ਨਾਲ ਉਸ ਦਾ ਪਿਆਰ ਹੋ ਗਿਆ,

ਪੀਰ ਅਪਨ ਕਰਿ ਤਾਹਿ ਬਿਚਾਰਾ ॥੨॥

ਪਰ ਉਸ ਨੂੰ ਆਪਣਾ ਪੀਰ ਕਰ ਕੇ (ਲੋਕਾਂ ਨੂੰ) ਦਸਿਆ ॥੨॥


Flag Counter