ਭਰਾ ਭੈਣ ਦੇ ਭੇਤ ਨੂੰ (ਬਿਲਕੁਲ) ਪਛਾਣ ਨਾ ਸਕਿਆ ॥੨੨॥
ਸੋਰਠਾ:
ਰੁਚੀ ਪੂਰਵਕ ਰਮਣ ਕੀਤਾ ਅਤੇ ਭੇਦ ਅਭੇਦ ਕੁਝ ਨਾ ਸਮਝਿਆ।
ਇਸ ਤਰ੍ਹਾਂ ਛੈਲੀ ਨੇ ਅੰਤ ਵਿਚ ਬਾਂਕੇ ਅਤੇ ਕੋਮਲ ਰਾਜੇ ਨੂੰ ਛਲ ਲਿਆ ॥੨੩॥
ਚੌਪਈ:
ਜਦ ਉਹ ਵੇਸਵਾ ਦੇ ਗਹਿਣੇ ਸਜਾ ਲੈਂਦੀ,
ਤਾਂ ਰਾਤ ਦਿਨ ਕੁੰਵਰ ਨਾਲ ਕਲੋਲਾਂ ਕਰਦੀ।
ਜਦ ਉਹ ਭੈਣ ਦੇ ਗਹਿਣੇ ਧਾਰਨ ਕਰਦੀ
ਤਾਂ ਕੋਈ ਨਾ ਸਮਝ ਸਕਦਾ ਕਿ ਰਾਜਾ ਉਸ ਨਾਲ ਕੀ ਕਰਦਾ ਹੈ ॥੨੪॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੧੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੧੨॥੪੦੭੪॥ ਚਲਦਾ॥
ਦੋਹਰਾ:
ਬੁੰਦੇਲ ਖੰਡ ਦੇ ਰਾਜੇ ਦਾ ਨਾਂ ਰੁਦ੍ਰ ਕੇਤੁ ਸੀ।
ਉਹ ਰਾਤ ਦਿਨ, ਅੱਠੇ ਪਹਿਰ ਰੁਦ੍ਰ ਦੀ ਸੇਵਾ ਕਰਦਾ ਸੀ ॥੧॥
ਚੌਪਈ:
ਉਸ ਦੀ ਪਤਨੀ ਦਾ ਨਾਮ ਕ੍ਰਿਤੁ ਕ੍ਰਿਤ ਮਤੀ ਸੀ।
ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਸੀ।
ਉਸ ਨਾਲ ਰਾਜੇ ਦਾ ਬਹੁਤ ਪ੍ਰੇਮ ਸੀ
ਅਤੇ ਆਪਣਾ ਮਨ ਉਸ ਦੇ ਹੱਥ ਵਿਚ ਦੇ ਦਿੱਤਾ ਸੀ ॥੨॥
ਦੋਹਰਾ:
ਉਸ ਦੀ ਮ੍ਰਿਗਨੈਣੀ ਵਰਗੇ ਸਰੂਪ ਵਾਲੀ ਇਕ ਪੁੱਤਰੀ ਸੀ।
ਅਨੇਕ ਵੱਡੇ ਵੱਡੇ ਰਾਜੇ ਉਸ ਨੂੰ ਚਾਹਣ ਦੇ ਬਾਵਜੂਦ ਪ੍ਰਾਪਤ ਨਾ ਕਰ ਸਕੇ ॥੩॥
ਇੰਦ੍ਰ ਕੇਤੁ ਨਾਂ ਦਾ ਇਕ ਛਤ੍ਰੀ ਹੁੰਦਾ ਸੀ। ਚਛੁ ਮਤੀ ਨੇ ਉਸ ਨੂੰ ਵੇਖ ਲਿਆ
ਅਤੇ ਆਪਣਾ ਮਨ ਕਢ ਕੇ ਤੁਰਤ ਉਸ ਨੂੰ ਵੇਚ ਦਿੱਤਾ ॥੪॥
ਚੌਪਈ:
ਰਾਤ ਦਿਨ (ਉਹ) ਉਸ ਦਾ ਰੂਪ ਵੇਖਦੀ ਸੀ
ਅਤੇ ਮਨ ਵਿਚ ਇਹੀ ਵਿਚਾਰ ਕਰਦੀ ਰਹਿੰਦੀ ਸੀ
ਕਿ ਅਜਿਹੇ ਛੈਲ ਨੂੰ ਕਿਸੇ ਤਰ੍ਹਾਂ ਪ੍ਰਾਪਤ ਕਰਾਂ
ਅਤੇ ਕਾਮ-ਭੋਗ ਕਰ ਕੇ ਆਪਣੇ ਗਲੇ ਨਾਲ ਲਗਾਵਾਂ ॥੫॥
(ਉਸ ਨੇ) ਇਕ ਸਖੀ ਨੂੰ ਆਪਣੇ ਕੋਲ ਬੁਲਾਇਆ
ਅਤੇ ਆਪਣੇ ਪ੍ਰੇਮੀ ਦੇ ਘਰ ਭੇਜਿਆ।
ਸਖੀ ਉਸ ਨੂੰ ਤੁਰਤ ਲੈ ਕੇ ਆ ਗਈ
ਅਤੇ ਲਿਆ ਕੇ ਕੁਮਾਰੀ ਨਾਲ ਮਿਲਾ ਦਿੱਤਾ ॥੬॥
ਅੜਿਲ:
ਮਨ ਭਾਉਂਦਾ ਮਿਤਰ ਜਦ ਕੁਮਾਰੀ ਨੇ ਪ੍ਰਾਪਤ ਕੀਤਾ
ਤਾਂ ਚੰਗੀ ਤਰ੍ਹਾਂ ਫੜ ਫੜ ਕੇ ਉਸ ਨੂੰ ਗਲੇ ਨਾਲ ਲਗਾਇਆ।
ਹੋਠਾਂ ਨੂੰ ਚੂਸ ਕੇ ਬਹੁਤ ਆਸਣ ਕੀਤੇ।
(ਇਸ ਤਰ੍ਹਾਂ) ਜਨਮ ਜਨਮਾਂਤਰਾਂ ਦੇ ਦੁਖ ਦੂਰ ਕਰ ਦਿੱਤੇ ॥੭॥
(ਉਹ) ਸ਼ਿਵ ਮੰਦਿਰ ਵਿਚ ਜਾ ਕੇ ਉਸ ਨਾਲ ਭੋਗ ਵਿਲਾਸ ਕਰਦੀ।
ਮਹਾ ਰੁਦ੍ਰ ਦੀ ਚਿਤ ਵਿਚ ਕੁਝ ਵੀ ਪਰਵਾਹ ਚਿਤ ਵਿਚ ਨਾ ਧਰਦੀ।
ਜਿਉਂ ਜਿਉਂ ਮੰਜੀ ਦੀ ਆਵਾਜ਼ ਨਿਕਲਦੀ, (ਉਹ) ਘੰਟੇ ਵਜਾਉਂਦੀ।
(ਉਥੇ) ਉਸ ਘੰਟੇ ਦੀ ਧੁਨ ਪੂਰੀ ਰਹਿੰਦੀ ਅਤੇ ਕੋਈ ਵੀ ਮੂਰਖ ਸਮਝ ਨਾ ਸਕਦਾ ॥੮॥
ਇਕ ਦਿਨ (ਉਨ੍ਹਾਂ ਦੁਆਰਾ) ਸ਼ਿਵ-ਪੂਜਾ ਕਰਦਿਆਂ ਰਾਜਾ (ਉਥੇ) ਆ ਗਿਆ।
ਪੁੱਤਰੀ ਨੇ ਸਖੀ ਨੂੰ ਉਠਾ ਕੇ ਪਿਤਾ ਕੋਲ ਭੇਜ ਦਿੱਤਾ।
(ਉਸ ਨੇ ਕਿਹਾ) ਹੇ ਸਖੀ! ਰਾਜੇ ਕੋਲ ਜਾ ਕੇ ਤੂੰ ਇਸ ਤਰ੍ਹਾਂ ਕਹੀਂ
ਕਿ ਮੈਂ (ਕੁਮਾਰੀ) ਇਥੇ ਪੂਜਾ ਕਰ ਰਹੀ ਹਾਂ, (ਇਸ ਲਈ ਅਜੇ) ਤੁਸੀਂ ਦੋ ਘੜੀਆਂ ਰੁਕ ਜਾਓ ॥੯॥
ਦੋਹਰਾ:
(ਰਾਜੇ ਨੇ ਕਿਹਾ) ਸਾਡੀ ਪੁੱਤਰੀ ਸ਼ਿਵ ਜੀ ਦੀ ਪੂਜਾ ਕਰ ਰਹੀ ਹੈ।
(ਇਸ ਲਈ) ਦੋ ਘੜੀਆਂ ਇਥੇ ਬੈਠ ਕੇ ਫਿਰ ਅਸੀਂ ਪੂਜਾ ਲਈ ਜਾਵਾਂਗੇ ॥੧੦॥