ਸ਼੍ਰੀ ਦਸਮ ਗ੍ਰੰਥ

ਅੰਗ - 1225


ਬਾਰ ਨ ਲਗੀ ਸਖੀ ਤਹ ਆਈ ॥

(ਜ਼ਰਾ) ਦੇਰ ਨਾ ਲਗੀ ਅਤੇ ਦਾਸੀ ਉਥੇ ਆ ਪਹੁੰਚੀ।

ਆਨ ਕੁਅਰ ਤਨ ਬ੍ਰਿਥਾ ਜਤਾਈ ॥

ਉਸ ਨੇ ਆ ਕੇ ਕੁਮਾਰ ਨੂੰ ਸਾਰੀ ਵਿਥਿਆ ਸੁਣਾਈ

ਤੋ ਪਰ ਅਟਕਤ ਨ੍ਰਿਪ ਤ੍ਰਿਯ ਭਈ ॥

ਕਿ ਤੇਰੇ ਉਤੇ ਰਾਜੇ ਦੀ ਇਸਤਰੀ ਮੋਹਿਤ ਹੋ ਗਈ ਹੈ।

ਛੂਟਹੁ ਕਸਬ ਲਗਨ ਲਗਿ ਗਈ ॥੫॥

(ਉਸ ਦਾ) ਕੰਮ ਕਾਰ ਛੁਟ ਗਿਆ ਹੈ, (ਬਸ ਇਕੋ) ਲਗਨ ਲਗ ਗਈ ਹੈ ॥੫॥

ਅਬ ਵਹ ਧਾਮ ਕ੍ਰਿਤਾਰਥ ਕੀਜੈ ॥

ਹੁਣ ਉਸ ਦੇ ਘਰ (ਚਲ ਕੇ ਉਸ ਨੂੰ) ਸਫਲ ਮਨੋਰਥ ਕਰੋ।

ਹ੍ਯਾਂ ਤੇ ਚਲਿ ਵਹਿ ਗ੍ਰਿਹ ਪਗੁ ਦੀਜੈ ॥

ਇਥੋਂ ਚਲ ਕੇ ਉਸ ਦੇ ਘਰ ਚਰਨ ਪਾਓ।

ਉਠਹੁ ਕੁਅਰ ਜੂ ਬਿਲਮ ਨ ਲੈਯੈ ॥

ਹੇ ਕੁਮਾਰ ਜੀ! ਜਲਦੀ ਉਠੋ, ਦੇਰ ਨਾ ਲਗਾਓ

ਰਾਜ ਤਰੁਨਿ ਕੇ ਸੇਜ ਸੁਹੈਯੈ ॥੬॥

ਅਤੇ ਰਾਜ ਰਾਣੀ ਦੀ ਸੇਜ ਨੂੰ ਸੁਹਾਵਣਾ ਕਰੋ ॥੬॥

ਜਿਹ ਤਿਹ ਬਿਧ ਤਾ ਕੋ ਮਨ ਲੀਨਾ ॥

(ਦਾਸੀ ਨੇ) ਜਿਵੇਂ ਕਿਵੇਂ ਉਸ ਦਾ ਮਨ ਜਿਤ ਲਿਆ

ਆਨਿ ਮਿਲਾਇ ਕੁਅਰਿ ਕਹ ਦੀਨਾ ॥

ਅਤੇ ਲਿਆ ਕੇ ਰਾਣੀ ਨੂੰ ਮਿਲਾ ਦਿੱਤਾ।

ਭਾਤਿ ਭਾਤਿ ਤਿਹ ਤਾਹਿ ਰਿਝਾਯੋ ॥

ਉਸ ਨੇ ਭਾਂਤ ਭਾਂਤ ਨਾਲ ਰਾਣੀ ਨੂੰ ਰਿਝਾਇਆ

ਚਾਰਿ ਪਹਰ ਨਿਸਿ ਭੋਗ ਕਮਾਯੋ ॥੭॥

ਅਤੇ ਚਾਰ ਪਹਿਰ ਰਾਤ ਸੰਯੋਗ ਕੀਤਾ ॥੭॥

ਕੇਲ ਕਰਤ ਨਿਸਿ ਸਕਲ ਬਿਹਾਨੀ ॥

ਕਾਮ-ਕੇਲ ਕਰਦਿਆਂ ਸਾਰੀ ਰਾਤ ਬੀਤ ਗਈ

ਕਰਤ ਕਾਮ ਕੀ ਕੋਟਿ ਕਹਾਨੀ ॥

ਅਤੇ ਕਾਮ ਸੰਬੰਧੀ ਬਹੁਤ ਗੱਲਾਂ ਕਰਦੇ ਰਹੇ।

ਭਾਤਿ ਭਾਤਿ ਕੇ ਆਸਨ ਕਰਿ ਕੈ ॥

ਭਾਂਤ ਭਾਂਤ ਦੇ ਆਸਣ ਕਰ ਕੇ

ਕਾਮ ਤਪਤ ਸਭ ਹੀ ਕਹਿ ਹਰਿ ਕੈ ॥੮॥

ਕਾਮ ਦੇ ਸਾਰੇ ਤਾਪ ਨੂੰ ਦੂਰ ਕਰ ਦਿੱਤਾ ॥੮॥

ਭੋਰ ਭਯੋ ਰਜਨੀ ਜਬ ਗਈ ॥

ਜਦੋਂ ਰਾਤ ਬੀਤ ਗਈ ਅਤੇ ਸਵੇਰ ਹੋ ਗਈ,

ਭਾਤਿ ਭਾਤਿ ਚਿਰਈ ਚੁਹਚਈ ॥

ਤਾਂ ਕਈ ਤਰ੍ਹਾਂ ਦੀਆਂ ਚਿੜੀਆਂ ਚਿਚਲਾਉਣ ਲਗੀਆਂ।

ਸ੍ਰਮਿਤ ਭਏ ਦੋਊ ਕੇਲ ਕਮਾਤੇ ॥

ਕਾਮ ਕਰਦਿਆਂ ਦੋਵੇਂ ਥਕ ਗਏ

ਏਕਹਿ ਸੇਜ ਸੋਏ ਰਸ ਮਾਤੇ ॥੯॥

ਅਤੇ (ਕਾਮ) ਰਸ ਵਿਚ ਮਸਤੇ ਹੋਏ ਇਕੋ ਸੇਜ ਉਤੇ ਸੌਂ ਗਏ ॥੯॥

ਸੋਵਤ ਤ੍ਯਾਗ ਨੀਦਿ ਜਬ ਜਗੇ ॥

ਸੌਣ ਤੋਂ ਬਾਦ ਜਦ ਨੀਂਦਰ ਨੂੰ ਤਿਆਗ ਕੇ ਜਾਗੇ,

ਮਿਲਿ ਕਰਿ ਕੇਲ ਕਰਨ ਤਬ ਲਗੇ ॥

ਤਦ (ਫਿਰ) ਮਿਲ ਕੇ ਕਾਮ-ਕ੍ਰੀੜਾ ਕਰਨ ਲਗ ਗਏ।

ਆਸਨ ਕਰਤ ਅਨੇਕ ਪ੍ਰਕਾਰਾ ॥

ਅਨੇਕ ਤਰ੍ਹਾਂ ਦੇ ਆਸਣ ਕਰਨ ਲਗੇ,

ਕੋਕਹੁੰ ਤੇ ਦਸ ਗੁਨ ਬਿਸਤਾਰਾ ॥੧੦॥

ਜੋ ਕੋਕ ਸ਼ਾਸਤ੍ਰ ਤੋਂ ਦਸ ਗੁਣਾਂ ਜ਼ਿਆਦਾ ਸਨ ॥੧੦॥

ਕੇਲ ਕਮਾਤ ਅਧਿਕ ਰਸ ਮਾਤੈ ॥

ਕਾਮ-ਕ੍ਰੀੜਾ ਕਰਨ ਵਿਚ ਬਹੁਤ ਮਗਨ ਹੋ ਗਏ

ਭੂਲਿ ਗਈ ਘਰ ਕੀ ਸੁਧਿ ਸਾਤੈ ॥

ਅਤੇ ਘਰ ਦੀ ਸੱਤੇ ਸੁੱਧਾਂ ਭੁਲ ਗਏ।

ਚਿਤ ਅਪਨੋ ਅਸ ਕੀਯਾ ਬਿਚਾਰਾ ॥

(ਉਸ ਰਾਣੀ ਨੇ) ਮਨ ਵਿਚ ਇਸ ਤਰ੍ਹਾਂ ਦਾ ਵਿਚਾਰ ਕੀਤਾ

ਪ੍ਰਗਟ ਮਿਤ੍ਰ ਕੇ ਸਾਥ ਉਚਾਰਾ ॥੧੧॥

ਅਤੇ ਮਿਤਰ ਨੂੰ ਸਪਸ਼ਟ ਦਸਿਆ ॥੧੧॥

ਸੁਨਹੁ ਬਾਤ ਪ੍ਯਾਰੇ ਤੁਮ ਮੇਰੀ ॥

ਹੇ ਪਿਆਰੇ! ਤੁਸੀਂ ਮੇਰੀ ਗੱਲ ਸੁਣੋ।

ਦਾਸੀ ਭਈ ਆਜ ਮੈ ਤੇਰੀ ॥

ਮੈਂ ਅਜ ਤੋਂ ਤੁਹਾਡੀ ਦਾਸੀ ਹੋ ਗਈ ਹਾਂ।

ਮੇਰੇ ਤੋਟ ਦਰਬ ਕੀ ਨਾਹੀ ॥

ਮੈਨੂੰ ਧਨ ਦੀ ਕੋਈ ਘਾਟ ਨਹੀਂ ਹੈ।

ਹਮ ਤੁਮ ਆਵਹੁ ਕਹੂੰ ਸਿਧਾਹੀ ॥੧੨॥

(ਇਸ ਲਈ) ਆਓ ਤੁਸੀਂ ਅਤੇ ਮੈਂ ਕਿਧਰੇ ਨਿਕਲ ਚਲੀਏ ॥੧੨॥

ਐਸੋ ਜਤਨ ਮਿਤ੍ਰ ਕਛੁ ਕਰਿਯੈ ॥

ਹੇ ਮਿਤਰ! ਕੋਈ ਅਜਿਹਾ ਯਤਨ ਕਰੋ

ਅਪਨੇ ਲੈ ਮੁਹਿ ਸੰਗ ਸਿਧਰਿਯੈ ॥

ਕਿ ਮੈਨੂੰ ਨਾਲ ਲੈ ਕੇ ਚਲੇ ਜਾਓ।

ਅਤਿਥ ਭੇਸ ਦੋਊ ਧਰਿ ਲੈਹੈਂ ॥

ਦੋਵੇਂ ਸਾਧਭੇਸ ਧਾਰਨ ਕਰ ਲਵਾਂਗੇ

ਇਕ ਠਾ ਬੈਠ ਖਜਾਨਾ ਖੈਹੈਂ ॥੧੩॥

ਅਤੇ ਇਕ ਥਾਂ ਤੇ ਟਿਕ ਕੇ ਖ਼ਜ਼ਾਨਾ ਖਾਵਾਂਗੇ ॥੧੩॥

ਜਾਰ ਕਹਿਯੋ ਅਬਲਾ ਸੌ ਐਸੇ ॥

ਯਾਰ ਨੇ ਇਸਤਰੀ ਨੂੰ ਇਸ ਤਰ੍ਹਾਂ ਕਿਹਾ,

ਤੁਹਿ ਨਿਕਸੇ ਲੈ ਕਰਿ ਸੰਗਿ ਕੈਸੇ ॥

ਮੈਂ ਤੈਨੂੰ ਨਾਲ ਲੈ ਕੇ ਕਿਵੇਂ ਨਿਕਲਾਂ।

ਠਾਢੇ ਈਹਾ ਅਨਿਕ ਰਖਵਾਰੇ ॥

ਇਥੇ ਅਨੇਕ ਰਖਵਾਲੇ ਖੜੋਤੇ ਹਨ

ਨਭ ਕੇ ਜਾਤ ਪਖੇਰੂ ਮਾਰੈ ॥੧੪॥

ਜੋ ਆਕਾਸ਼ ਵਿਚ ਉਡਦੇ ਪੰਖੇਰੂਆਂ ਨੂੰ ਵੀ ਮਾਰ ਦਿੰਦੇ ਹਨ ॥੧੪॥

ਜੌ ਤੁਹਿ ਮੁਹਿ ਕੌ ਨ੍ਰਿਪਤਿ ਨਿਹਾਰੈ ॥

ਜੇ ਤੈਨੂੰ ਅਤੇ ਮੈਨੂੰ ਰਾਜਾ ਵੇਖ ਲਵੇ

ਦੁਹੂੰਅਨ ਠੌਰ ਮਾਰਿ ਕਰ ਡਾਰੈ ॥

ਤਾਂ ਸਾਨੂੰ ਦੋਹਾਂ ਨੂੰ ਥਾਂ ਮਾਰ ਦੇਵੇ।

ਤਾ ਤੇ ਤੁਮ ਅਸ ਕਰਹੁ ਉਪਾਵੈ ॥

ਇਸ ਲਈ ਤੂੰ ਅਜਿਹਾ ਉਪਾ ਕਰ

ਮੁਰ ਤੁਰ ਭੇਦ ਨ ਦੂਸਰ ਪਾਵੈ ॥੧੫॥

ਕਿ ਮੇਰੇ ਤੇਰੇ ਬਿਨਾ ਹੋਰ ਕੋਈ ਭੇਦ ਨਾ ਪਾ ਸਕੇ ॥੧੫॥

ਸੂਰ ਸੂਰ ਕਰਿ ਗਿਰੀ ਤਰੁਨਿ ਧਰਿ ॥

(ਰਾਣੀ ਨੇ ਤੁਰਤ ਚਰਿਤ੍ਰ ਖੇਡਿਆ) 'ਸੂਲ ਸੂਲ' ਕਰਦੀ ਰਾਣੀ ਧਰਤੀ ਉਤੇ ਡਿਗ ਪਈ।

ਜਾਨੁਕ ਗਈ ਸਾਚੁ ਦੈਕੈ ਮਰਿ ॥

(ਇੰਜ ਲਗਣ ਲਗੀ) ਮਾਨੋ ਸਚੀ ਮੁਚੀ ਮਰ ਗਈ ਹੋਵੇ।

ਹਾਇ ਹਾਇ ਕਹ ਨਾਥ ਉਚਾਈ ॥

'ਹਾਇ ਹਾਇ' ਕਹਿ ਕੇ ਪਤੀ ਨੂੰ ਬੁਲਾਉਣ ਲਗੀ।

ਬੈਦ ਲਏ ਸਭ ਨਿਕਟਿ ਬੁਲਾਈ ॥੧੬॥

(ਉਸ ਨੇ) ਸਾਰੇ ਵੈਦਾਂ ਨੂੰ ਕੋਲ ਬੁਲਾ ਲਿਆ ॥੧੬॥

ਸਭ ਬੈਦਨ ਸੌ ਨ੍ਰਿਪਤਿ ਉਚਾਰਾ ॥

ਸਾਰਿਆਂ ਵੈਦਾਂ ਪ੍ਰਤਿ ਰਾਜੇ ਨੇ ਕਿਹਾ

ਯਾ ਕੋ ਕਰਹੁ ਕਛੂ ਉਪਚਾਰਾ ॥

ਕਿ ਇਸ ਦਾ ਕੁਝ ਉਪਚਾਰ ਕਰੋ।

ਜਾ ਤੇ ਰਾਨੀ ਮਰੈ ਨ ਪਾਵੈ ॥

ਤਾਂ ਜੋ ਰਾਣੀ ਮਰ ਨਾ ਸਕੇ

ਬਹੁਰਿ ਹਮਾਰੀ ਸੇਜ ਸੁਹਾਵੈ ॥੧੭॥

ਅਤੇ ਮੇਰੀ ਸੇਜ ਨੂੰ ਫਿਰ ਤੋਂ ਸੁਹਾਵਣਾ ਬਣਾਵੇ ॥੧੭॥

ਬੋਲਤ ਭੀ ਇਕ ਸਖੀ ਸਿਯਾਨੀ ॥

(ਇੰਨੇ ਵਿਚ) ਇਕ ਸਿਆਣੀ ਸਖੀ ਬੋਲ ਪਈ

ਜਿਨ ਤ੍ਰਿਯ ਕੀ ਰਤਿ ਕ੍ਰਿਯਾ ਪਛਾਨੀ ॥

ਜਿਸ ਨੇ ਰਾਣੀ ਦੀ ਰਤੀ-ਕ੍ਰੀੜਾ ਨੂੰ ਸਮਝਿਆ ਹੋਇਆ ਸੀ।

ਏਕ ਨਾਰਿ ਬੈਦਨੀ ਹਮਾਰੇ ॥

(ਕਹਿਣ ਲਗੀ ਕਿ) ਸਾਡੇ ਇਕ ਇਸਤਰੀ ਵੈਦਣ ਹੈ।

ਜਿਹ ਆਗੇ ਕ੍ਯਾ ਬੈਦ ਬਿਚਾਰੇ ॥੧੮॥

ਉਸ (ਦੀ ਯੋਗਤਾ) ਅਗੇ ਵੈਦ ਵਿਚਾਰੇ ਕੀ ਹਨ ॥੧੮॥

ਜੌ ਰਾਜਾ ਤੁਮ ਤਾਹਿ ਬੁਲਾਵੋ ॥

ਹੇ ਰਾਜਨ! ਜੇ ਤੁਸੀਂ ਉਸ ਨੂੰ ਬੁਲਾਓ

ਤਾਹੀ ਤੇ ਉਪਚਾਰ ਕਰਾਵੋ ॥

ਅਤੇ ਉਸ ਕੋਲੋਂ ਇਲਾਜ ਕਰਾਓ।

ਰਾਨੀ ਬਚੈ ਬਿਲੰਬ ਨ ਲਾਵੈ ॥

(ਤਾਂ ਉਹ) ਦੇਰ ਨਹੀਂ ਲਗਾਏਗੀ ਅਤੇ ਰਾਣੀ ਬਚ ਜਾਵੇਗੀ।

ਬਹੁਰਿ ਤਿਹਾਰੀ ਸੇਜ ਸੁਹਾਵੈ ॥੧੯॥

ਫਿਰ ਤੁਹਾਡੀ ਸੇਜ ਨੂੰ ਸੁਹਾਵਣਾ ਕਰੇਗੀ ॥੧੯॥

ਸੋਈ ਬਾਤ ਰਾਜੈ ਜਬ ਮਾਨੀ ॥

ਜਦ ਰਾਜੇ ਨੇ ਉਹ ਗੱਲ ਮੰਨ ਲਈ

ਬੋਲ ਪਠਾਈ ਵਹੈ ਸਿਯਾਨੀ ॥

ਤਾਂ ਉਸ ਸਿਆਣੀ (ਵੈਦਣ) ਨੂੰ ਬੁਲਵਾ ਲਿਆ।

ਜੋ ਤਿਨ ਪੁਰਖ ਨਾਰਿ ਕਰਿ ਭਾਖਾ ॥

ਜੋ ਪੁਰਸ਼ ਉਨ੍ਹਾਂ ਨੇ ਇਸਤਰੀ ਕਰ ਕੇ ਦਸਿਆ ਹੋਇਆ ਸੀ,

ਤਾਹੀ ਕਹ ਬੈਦਨਿ ਕਰਿ ਰਾਖਾ ॥੨੦॥

ਉਸੇ ਨੂੰ ਵੈਦਣ ਕਰ ਕੇ ਰਖ ਲਿਆ ॥੨੦॥

ਸਖੀ ਤਬੈ ਰਾਜਾ ਪਹਿ ਗਈ ॥

ਤਦ ਦਾਸੀ ਰਾਜੇ ਕੋਲੋਂ ਗਈ

ਤਾਹਿ ਤਰੁਨਿ ਕਰਿ ਲ੍ਯਾਵਤ ਭਈ ॥

ਅਤੇ ਉਸ (ਪੁਰਸ਼ ਨੂੰ ਵੈਦਣ) ਇਸਤਰੀ ਬਣਾ ਕੇ ਲੈ ਆਈ।

ਜਬ ਤਿਨ ਤ੍ਰਿਯ ਕੀ ਨਾਰਿ ਨਿਹਾਰੀ ॥

ਉਸ ਨੇ ਜਦ ਇਸਤਰੀ ਦੀ ਨਾੜੀ (ਨਬਜ਼) ਨੂੰ ਵੇਖਿਆ,

ਰਾਜਾ ਸੋ ਇਹ ਭਾਤਿ ਉਚਾਰੀ ॥੨੧॥

ਤਾਂ ਰਾਜੇ ਨੂੰ ਇਸ ਤਰ੍ਹਾਂ ਕਿਹਾ ॥੨੧॥

ਰਾਜ ਰੋਗ ਰਾਨੀ ਕਹ ਧਰਿਯੋ ॥

ਰਾਣੀ ਨੂੰ ਰਾਜ ਰੋਗ (ਤਪੇਦਿਕ) ਹੋ ਗਿਆ ਹੈ

ਜਾਤਿ ਸਿਤਾਬੀ ਦੂਰਿ ਨ ਕਰਿਯੋ ॥

ਜੋ ਜਲਦੀ ਠੀਕ ਨਹੀਂ ਹੋ ਸਕਦਾ।

ਆਠ ਬਰਿਸ ਲਗਿ ਰਹੈ ਜੁ ਕੋਈ ॥

ਜੇ ਕੋਈ ਅੱਠ ਸਾਲ ਤਕ ਲਗ ਕੇ (ਇਲਾਜ) ਕਰੇਗਾ,

ਯਾ ਕੋ ਦੂਰਿ ਦੂਖ ਤਬ ਹੋਈ ॥੨੨॥

ਤਦ ਇਸ ਦਾ ਦੁਖ ਦੂਰ ਹੋਵੇਗਾ ॥੨੨॥


Flag Counter