ਹੇ ਸਜਨੀ! ਅਜ (ਮੇਰੇ ਹਿਰਦੇ) ਵਿਚ ਬਹੁਤ ਆਨੰਦ ਹੋਇਆ ਹੈ (ਅਤੇ ਫਿਰ) ਕਿਹਾ, ਮੇਰਾ ਮਨ ਉਮੰਗ (ਨਾਲ ਭਰ ਗਿਆ ਹੈ) ਅਤੇ (ਕਾਬੂ ਵਿਚ) ਨਹੀਂ ਰਹਿ ਰਿਹਾ।
ਹੇ ਸਖੀ! ਮੈਂ ਅਜ ਦੇ ਦਿਨ ਉਤੇ ਕੁਰਬਾਨ ਜਾਂਦੀ ਹਾਂ, ਜਦ ਮੇਰੇ ਪੁੱਤਰ ਨੇ ਵਿਆਹ ਕੀਤਾ ਹੈ ॥੨੦੧੪॥
ਇਥੇ ਸ੍ਰੀ ਦਸਮ ਸਕੰਧ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਰੁਕਮਨੀ ਹਰਨ ਅਤੇ ਵਿਆਹ ਕਰਨ ਦਾ ਬ੍ਰਿੱਤਾਂਤ ਵਾਲਾ ਅਧਿਆਇ ਸਮਾਪਤ।
ਹੁਣ ਪ੍ਰਦੁਮਨ ਦੇ ਜਨਮ ਦਾ ਕਥਨ:
ਦੋਹਰਾ:
(ਜਦ) ਇਸਤਰੀ (ਰੁਕਮਨੀ) ਅਤੇ ਪੁਰਸ਼ (ਸ੍ਰੀ ਕ੍ਰਿਸ਼ਨ) ਦੇ ਆਨੰਦ ਪੂਰਵਕ ਬਹੁਤ ਦਿਨ ਬਤੀਤ ਹੋ ਗਏ,
ਤਦ ਸ੍ਰੀ ਕ੍ਰਿਸ਼ਨ ਤੋਂ ਰੁਕਮਨੀ ਨੂੰ ਪਰਮ ਪਵਿਤਰ ਗਰਭ ਹੋ ਗਿਆ ॥੨੦੧੫॥
ਸੋਰਠਾ:
(ਫਲਸਰੂਪ) ਸੂਰਮਾ ਪੁੱਤਰ ਪੈਦਾ ਹੋਇਆ ਅਤੇ ਉਸ ਦਾ ਨਾਂ ਪ੍ਰਦੁਮਨ ਰਖਿਆ ਗਿਆ
ਜਿਸ ਨੂੰ ਸਾਰਾ ਜਗਤ ਮਹਾਰਥੀ ਅਤੇ ਰਣਧੀਰ ਦੇ ਰੂਪ ਵਿਚ ਜਾਣਦਾ ਹੈ ॥੨੦੧੬॥
ਸਵੈਯਾ:
ਜਦ ਬਾਲਕ ਦਸਾਂ ਦਿਨਾਂ ਦਾ ਹੋ ਗਿਆ ਤਦ ਸੰਬਰ (ਨਾਂ ਦਾ) ਦੈਂਤ ਉਸ ਨੂੰ ਲੈ ਗਿਆ।
(ਉਸ ਨੇ ਲੈ ਜਾ ਕੇ) ਸਮੁੰਦਰ ਵਿਚ ਸੁਟ ਦਿੱਤਾ। (ਉਥੇ) ਇਕ ਮੱਛ ਹੁੰਦਾ ਸੀ, (ਉਸ ਨੇ) ਉਸ (ਬਾਲਕ) ਨੂੰ ਨਿਗਲ ਲਿਆ।
ਉਸ ਮੱਛ ਨੂੰ ਇਕ ਝੀਵਰ ਨੇ ਪਕੜ ਲਿਆ ਅਤੇ ਫਿਰ ਉਸ ਨੇ (ਉਹ) ਸੰਬਰ (ਦੈਂਤ) ਕੋਲ (ਵੇਚ) ਦਿੱਤਾ।
ਫਿਰ (ਦੈਂਤ ਨੇ ਉਸ ਨੂੰ) ਖਾਣ ਲਈ ਰਸੋਈ ਵਿਚ ਭੇਜ ਦਿੱਤਾ ਅਤੇ (ਮਨ ਵਿਚ) ਬਹੁਤ ਖੁਸ਼ ਹੋਇਆ ॥੨੦੧੭॥
ਜਦ (ਰਸੋਈ ਬਣਾਉਣ ਵਾਲੀ ਇਸਤਰੀ) ਮੱਛ ਦਾ ਪੇਟ ਪਾੜਨ ਲਗੀ ਤਦ (ਉਸ ਨੇ ਉਸ ਵਿਚ) ਇਕ ਸੁੰਦਰ ਬਾਲਕ ਵੇਖਿਆ।
ਉਹ ਇਸਤਰੀ ਦਇਆਵਾਨ ਹੋ ਗਈ ਅਤੇ ਉਸ ਨੇ ਚਿਤ ਵਿਚ ਕਰੁਣ ਰਸ ਨੂੰ ਧਾਰਿਆ (ਅਰਥਾਤ ਤਰਸ ਕਰਨ ਦੇ ਭਾਵ ਵਿਚ ਹੋ ਗਈ)।
(ਕਵੀ) ਸ਼ਿਆਮ ਕਹਿੰਦੇ ਹਨ, ਨਾਰਦ ਨੇ (ਉਥੇ ਆ ਕੇ) ਇਸ ਤਰ੍ਹਾਂ ਕਿਹਾ, ਇਹ ਤੇਰਾ ਪਤੀ ਹੈ।
(ਨਾਰਦ) ਮੁਨੀ ਦੀ ਗੱਲ ਸੁਣ ਕੇ (ਉਸ) ਇਸਤਰੀ ਨੇ ਉਸ ਨੂੰ ਪਤੀ ਮੰਨ ਕੇ ਚੰਗੀ ਤਰ੍ਹਾਂ ਪਾਲਿਆ ॥੨੦੧੮॥
ਚੌਪਈ:
ਜਦ ਬਹੁਤ ਦਿਨਾਂ ਤਕ (ਉਸ ਨੇ ਬਾਲਕ ਦੀ) ਪਾਲਨਾ ਕੀਤੀ
ਤਦ ਉਸ ਨੇ (ਜਵਾਨ ਹੋ ਕੇ) ਇਸਤਰੀ ਵਲ ਦ੍ਰਿਸ਼ਟੀ ਕੀਤੀ (ਅਰਥਾਤ ਉਸ ਵਲ ਪਤੀ ਭਾਵ ਨਾਲ ਵੇਖਿਆ)।
(ਉਸ ਇਸਤਰੀ ਨੇ) ਚਿਤ ਵਿਚ ਕਾਮ ਭਾਵ ਦੀ ਇੱਛਾ ਕੀਤੀ
ਅਤੇ ਰੁਕਮਨੀ ਦੇ ਪੁੱਤਰ ਨੂੰ ਇਹ ਬਚਨ ਕਹੇ ॥੨੦੧੯॥
ਕਾਮ ਆਤੁਰ (ਇਸਤਰੀ) ਨੇ ਇਹ ਬਚਨ (ਕਹਿ ਕੇ) ਸੁਣਾਏ,
(ਤੁਸੀਂ) ਰੁਕਮਨੀ ਦੇ ਪੁੱਤਰ ਅਤੇ ਮੇਰੇ ਪਤੀ ਹੋ।
ਤੁਹਾਨੂੰ ਸੰਬਰ ਦੈਂਤ ਨੇ ਚੁਰਾ ਲਿਆ ਸੀ
ਅਤੇ ਲਿਆ ਕੇ ਸਮੁੰਦਰ ਵਿਚ ਸੁਟ ਦਿੱਤਾ ਸੀ ॥੨੦੨੦॥
ਤਦ ਇਕ ਮੱਛ ਨੇ ਤੁਹਾਨੂੰ ਨਿਗਲ ਲਿਆ।
ਉਹ ਮੱਛ ਵੀ ਜਾਲ ਦੇ ਕਾਬੂ ਆ ਗਿਆ।
ਝੀਵਰ ਫਿਰ (ਉਸ ਨੂੰ) ਸੰਬਰ ਕੋਲ ਲੈ ਆਇਆ।
ਉਸ ਨੇ ਮੈਨੂੰ ਖਾਣ ਲਈ (ਤਿਆਰ ਕਰਨ ਨੂੰ) ਦਿੱਤਾ ॥੨੦੨੧॥
ਜਦ ਮੈਂ ਮੱਛ ਦੇ ਪੇਟ ਨੂੰ ਪਾੜਿਆ,
ਤਦ ਮੈਂ ਤੁਹਾਨੂੰ ਅੱਖਾਂ ਨਾਲ (ਪੇਟ ਵਿਚੋਂ ਨਿਕਲਿਆ) ਵੇਖਿਆ।
(ਤਦ) ਮੇਰੇ ਦਿਲ ਵਿਚ ਬਹੁਤ ਦਇਆ ਆ ਗਈ
ਅਤੇ ਨਾਰਦ ਨੇ (ਆ ਕੇ ਮੈਨੂੰ) ਇਸ ਤਰ੍ਹਾਂ (ਕਹਿ ਕੇ) ਸੁਣਾਇਆ, ॥੨੦੨੨॥
ਇਹ ਕਾਮ ਦਾ ਅਵਤਾਰ ਹੈ
ਜਿਸ ਨੂੰ (ਤੂੰ) ਰਾਤ ਦਿਨ ਲਭਦੀ ਫਿਰਦੀ ਹੈਂ।
ਮੈਂ ਪਤੀ ਸਮਝ ਕੇ ਤੁਹਾਡੀ ਸੇਵਾ ਕੀਤੀ।
ਹੁਣ ਮੈਂ ਚਿਤ ਵਿਚ (ਗੁਪਤ) ਰਖੀ ਹੋਈ ਕਾਮਕਥਾ (ਨੂੰ ਸੁਣਾਉਂਦੀ ਹਾਂ) ॥੨੦੨੩॥
ਜਦੋਂ ਰੁਦ੍ਰ ਦੇ ਕ੍ਰੋਧ ਕਾਰਨ ਤੁਹਾਡੀ ਕਾਇਆ ਸੜ ਗਈ ਸੀ,
ਤਦ ਮੈਂ ਸ਼ਿਵ ਦੀ ਪੂਜਾ ਕੀਤੀ।
(ਤਦ) ਸ਼ਿਵ ਨੇ ਪ੍ਰਸੰਨ ਹੋ ਕੇ ਮੈਨੂੰ ਵਰ ਦਿੱਤਾ
(ਕਿ) ਤੂੰ ਉਸੇ ਸਰੂਪ ਵਾਲਾ ਪਤੀ ਪ੍ਰਾਪਤ ਕਰੇਂਗੀ ॥੨੦੨੪॥
ਦੋਹਰਾ:
ਤਦ ਮੈਂ (ਇਥੇ) ਆ ਕੇ ਸੰਬਰ ਦੈਂਤ ਦੀ ਰਸੋਇਣ ਬਣ ਗਈ।
ਹੁਣ (ਤੁਸੀਂ) ਮੇਰੇ ਪਤੀ ਹੋ, ਰੁਦ੍ਰ ਨੇ ਤੁਹਾਨੂੰ ਸੁੰਦਰ (ਸਰੂਪ ਵਾਲਾ) ਬਣਾ ਦਿੱਤਾ ਹੈ ॥੨੦੨੫॥
ਸਵੈਯਾ: