ਚੰਗੇ ਚੰਗੇ ਯੋਧਿਆਂ ਨੇ ਬਾਣਾਂ ('ਪਖਰੀਆ') ਨੂੰ ਪਰਖਿਆ ਹੈ (ਅਰਥਾਤ ਆਪਣੇ ਉਤੇ ਅਜ਼ਮਾਇਆ ਹੈ)।
ਅਨੰਤ ਅਤੇ ਅਪਾਰ ਸੂਰਮੇ ਇਕੱਠੇ ਹੋ ਗਏ ਹਨ।
ਭਿਆਨਕ ਡੂੰਘੀ ਧੁੰਧ ਪਸਰ ਗਈ ਹੈ ॥੨੯੩॥
ਬਿਬੇਕ ਰਾਜਾ ਗੁੱਸੇ ਨਾਲ ਭਰ ਗਿਆ।
ਸਾਰੀ ਸੈਨਾ ਨੂੰ ਆਦੇਸ਼ ਦੇ ਦਿੱਤਾ।
(ਜੋ) ਸੂਰਮੇ ਫੌਜ ਬਣਾ ਕੇ ਚੜ੍ਹ ਪਏ ਸਨ,
ਉਨ੍ਹਾਂ ਦੇ ਨਾਂ ਕਵੀ ਦਸਦਾ ਹੈ ॥੨੯੪॥
ਸਿਰ ਉਤੇ ਟੋਪ ਅਤੇ (ਘੋੜਿਆਂ ਉਤੇ) ਪਾਖਰਾਂ ਪਾਈਆਂ ਹੋਈਆਂ ਹਨ।
ਲਕ ਦੀਆਂ ਪੇਟੀਆਂ, ਲੋਹੇ ਦੇ ਦਸਤਾਨੇ ('ਰਾਗ') ਅਤੇ ਕਵਚ ਪਾਏ ਹੋਏ ਹਨ।
ਯੁੱਧ ਦੇ ਕਾਰਜ ਲਈ ਸੂਰਮੇ ਚਲ ਪਏ ਹਨ।
(ਡਰ ਦੇ ਮਾਰੇ) ਨਦੀਆਂ ਦਾ ਜਲ ਸੁਕ ਗਿਆ ਹੈ ॥੨੯੫॥
ਦੋਹਰਾ:
ਦੋਹਾਂ ਦਿਸ਼ਾਵਾਂ ਵਿਚ ਮਾਰੂ ਵਜਿਆ ਹੈ ਅਤੇ ਧੌਂਸਿਆਂ ਉਤੇ ਡਗਾ ਮਾਰਿਆ ਗਿਆ ਹੈ।
ਦੋਹਾਂ ਬਾਂਹਵਾਂ ਨਾਲ (ਅਸਤ੍ਰ ਸ਼ਸਤ੍ਰ ਚਲਾਣ ਵਾਲੇ) ਸੂਰਮੇ ਯੁੱਧ ਕਰਨ ਦੇ ਚਾਉ ਨਾਲ ਉਠ ਕੇ ਉਮਡ ਪਏ ਹਨ ॥੨੯੬॥
ਭੁਜੰਗ ਪ੍ਰਯਾਤ ਛੰਦ:
ਰਣ-ਭੂਮੀ ਵਿਚ ਸੱਚੇ ਸੂਰਮੇ ਚਾਓ ਨਾਲ ਗਰਜ ਰਹੇ ਹਨ।
ਉਥੇ ਤੂਰ, ਭੇਰੀ ਅਤੇ ਵੱਡੇ ਸੰਖ ਵਜ ਰਹੇ ਹਨ।
ਰਣ-ਭੂਮੀ ਵਿਚ ਯੋਧਿਆਂ ਦਾ ਉੱਚੀ ਸੁਰ ਵਿਚ ਰੌਲਾ ਗੌਲਾ ਮਚਿਆ ਹੋਇਆ ਹੈ।
ਸ਼ਸਤ੍ਰ ਅਤੇ ਅਸਤ੍ਰ ਚਲਦੇ ਹਨ ਅਤੇ ਭੂਤ ਪ੍ਰੇਤ ਨਚ ਰਹੇ ਹਨ ॥੨੯੭॥
ਪੈਦਲ ਸੈਨਾ ਨੇ ਢਾਲਾਂ ('ਫਰੀ') ਤਲਵਾਰਾਂ ਅਤੇ ਵਿਸ਼ੇਸ਼ ਪ੍ਰਕਾਰ ਦੇ ਖੰਡੇ ਧਾਰਨ ਕੀਤੇ ਹੋਏ ਹਨ।
(ਵਿਸ਼ੇਸ਼ ਨਸਲ ਦੇ) ਤੇਜ਼ ਘੋੜਿਆਂ ਉਤੇ (ਚੜ੍ਹੇ ਹੋਏ ਹਨ) ਅਤੇ ਭੂਤਾਂ ਵਰਗੇ ਬਣੇ ਹੋਏ ਹਨ।
ਰਣ ਵਿਚ (ਮਾਰੂ) ਰਾਗ ਵਜ ਰਿਹਾ ਹੈ ਅਤੇ ਸੂਰਮੇ ਗਜ ਰਹੇ ਹਨ।
ਤੁਰੀ ਦੀ ਆਵਾਜ਼ ਉਤੇ (ਸੂਰਮੇ) ਨਚ ਰਹੇ ਹਨ ਅਤੇ ਯੋਧੇ ਉਲਟ ਪੁਲਟ ਹੋਈ ਜਾ ਰਹੇ ਹਨ ॥੨੯੮॥
ਘੋੜੇ ਹਿਣਕਦੇ ਹਨ, ਹਾਥੀ ਚਿੰਘਾੜਦੇ ਹਨ।
ਮਹਾਬੀਰ ਮਟਕਦੇ ਹਨ ਅਤੇ ਸ਼ੀਰਾਜ਼ੀ (ਘੋੜਿਆਂ ਨੂੰ) ਸੁਟੀ ਜਾ ਰਹੇ ਹਨ।
ਬੇਸ਼ੁਮਾਰ ਅਸਤ੍ਰਾਂ ਸ਼ਸਤ੍ਰਾਂ ਦੇ ਵਜਣ ਨਾਲ ਕੜਕੜਾਹਟ (ਹੋ ਰਹੀ ਸੀ)।
ਨਿਰੋਲ ਸੂਰਮੇ (ਯੁੱਧ ਭੂਮੀ ਵਿਚ) ਨਚ ਰਹੇ ਹਨ ਅਤੇ ਸ਼ਸਤ੍ਰਾਂ (ਦੇ ਵਜਣ ਨਾਲ) ਅੱਗ ਨਿਕਲ ਰਹੀ ਹੈ ॥੨੯੯॥
ਭਿਆਨਕ ਕਾਲੀ ਅਤੇ ਕਮੱਛ੍ਯਾ ਕਿਲਕਾਰੀਆਂ ਮਾਰ ਰਹੀਆਂ ਹਨ।
ਬੀਰ ਬੈਤਾਲ ਬੋਲ ਰਿਹਾ ਹੈ ਅਤੇ (ਮੂੰਹ ਵਿਚੋਂ) ਅੱਗ ਨਿਕਲ ਰਹੀ ਹੈ।
ਚੁੜ੍ਹੇਲਾਂ ਬੋਲਦੀਆਂ ਹਨ, ਚੌਂਹਠ ਇਸਤਰੀਆਂ (ਜੋਗਣਾਂ) ਚਾਓ ਨਾਲ (ਫਿਰ ਰਹੀਆਂ ਹਨ)।
(ਉਹ) ਸਾਰੀਆਂ ਜੋਗਣਾਂ ਜਵਾਲਾ ਨੂੰ ਉਗਲਦੀਆਂ ਹੋਈਆਂ ਲਹੂ ਦਾ ਆਹਾਰ ਕਰ ਰਹੀਆਂ ਹਨ ॥੩੦੦॥
ਰਣ ਨੂੰ ਸ਼ੋਭਿਤ ਕਰਨ ਵਾਲੇ ਤੀਬਰਤਾ ਨਾਲ ਛੁਰੀਆਂ ਨੂੰ ਮਾਰਦੇ ਹਨ।
ਤਾਜੀ ਘੋੜੇ ਤਮਕ ਰਹੇ ਹਨ ਅਤੇ ਯੋਧੇ ਭੜਕ ਰਹੇ ਹਨ।
ਅਣਗਿਣਤ ਸ਼ਰਬਤੀ ਰੰਗ ਵਾਲੇ, ਚਿਤ ਮਿਤਾਲੇ ਘੋੜੇ ਅਤੇ ਕੈਲਾ ਨਸਲ ਦੇ ਘੋੜੇ,
ਸਮੁੰਦਰੀ ਅਤੇ ਦਰਿਆਈ ਘੋੜੇ ਲਹੂ (ਦੀ ਨਦੀ ਵਿਚ) ਰੁੜ੍ਹੇ ਜਾ ਰਹੇ ਹਨ ॥੩੦੧॥
ਤਾਜੀ ਅਤੇ ਤੁਰਕਿਸਤਾਨੀ ਘੋੜੇ,
ਕੱਛ ਦੇਸ਼ ਦੇ ਚੰਗੇ ਘੋੜੇ, ਅਰਬ ਦੇਸ਼ ਦੇ ਘੋੜੇ ਉਛਲਦੇ ਫਿਰਦੇ ਹਨ। (ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਖੰਭਾਂ ਵਾਲੇ ਪਰਬਤ ਹੋਣ।
(ਬਹੁਤ ਅਧਿਕ) ਧੂੜ ਉਠੀ ਹੈ ਜੋ ਹਰ ਪਾਸੇ ਪਸਰ ਕੇ ਆਕਾਸ਼ ਨੂੰ ਜਾ ਛੋਹੀ ਹੈ।
ਅੰਧ-ਧੁੰਧ ਛਾ ਗਈ ਹੈ, (ਮਾਨੋ) ਰਾਤ ਪੈ ਗਈ ਹੋਵੇ ॥੩੦੨॥
ਇਧਰੋਂ 'ਦੱਤ' ਨੇ ਧਾਵਾ ਕੀਤਾ ਹੈ, ਉਧਰੋਂ 'ਅਨਾਦੱਤ' (ਚੜ੍ਹ ਆਇਆ ਹੈ)।
ਧੂੜ (ਆਕਾਸ਼ ਵਿਚ) ਪੂਰੀ ਤਰ੍ਹਾਂ ਛਾ ਗਈ ਹੈ ਅਤੇ ਕਟੀਆਂ ਵਢੀਆਂ ਲੋਥਾਂ ਪਈਆਂ ਹਨ।
'ਅਨਾਵਰਤ' ਯੋਧੇ ਨੇ 'ਮਹਾਬਰਤ' (ਨਾਂ ਦੇ ਯੋਧੇ ਨੂੰ) ਢਾਹ ਲਿਆ ਹੈ।
(ਉਹ) ਚਾਓ ਨਾਲ ਗੁਸੈਲ ਘੋੜੇ ਉਤੇ ਚੜ੍ਹਿਆ ਹੈ ਅਤੇ ਤਾਤਾਰ ਦੇਸ ਦਾ ਘੋੜਾ ਨਚ ਰਿਹਾ ਹੈ ॥੩੦੩॥
(ਘੋੜਿਆਂ ਦੇ) ਖੁਰਾਂ ਨਾਲ ਧੂੜ ਉਠੀ ਹੈ ਅਤੇ ਸੂਰਜ ਦੇ ਰਥ ਨੂੰ ਢਕ ਲਿਆ ਹੈ।
ਦਿਸ਼ਾ ਵਿਦਿਸ਼ਾ, ਭੂਮੀ ਅਤੇ ਆਕਾਸ਼ ਦਿਸਦਾ ਨਹੀਂ ਹੈ।
ਅਸਤ੍ਰ ਅਤੇ ਸ਼ਸਤ੍ਰ ਛੁਟ ਰਹੇ ਹਨ, ਭਾਰੀ ਭੀੜ ਆ ਪਈ ਹੈ।
ਤੀਰ ਛੁਟ ਰਹੇ ਹਨ ਅਤੇ ਤਲਵਾਰ, ਛੁਰੀਆਂ ਅਤੇ ਕਟਾਰਾਂ ਚਲ ਰਹੀਆਂ ਹਨ ॥੩੦੪॥
'ਦੱਤ' ਨੇ ਬਾਣ ਪਕੜ ਕੇ 'ਅਨਾਦੱਤ' ਨੂੰ ਮਾਰ ਦਿੱਤਾ ਹੈ।