ਸ਼੍ਰੀ ਦਸਮ ਗ੍ਰੰਥ

ਅੰਗ - 870


ਜਿਯੋ ਕਿਯੋ ਯਾਹਿ ਬਿਵਾਹਿ ਕੈ ਗ੍ਰਿਹਿ ਅਪੁਨੇ ਲੈ ਜਾਹਿ ॥੭॥

ਜਿਵੇਂ ਕਿਵੇਂ ਇਸ (ਰਾਜ ਕੁਮਾਰੀ) ਨੂੰ ਵਿਆਹ ਕੇ ਆਪਣੇ ਘਰ ਲੈ ਜਾਈਐ ॥੭॥

ਚੌਪਈ ॥

ਚੌਪਈ:

ਭੂਪਤਿ ਸਕਲ ਅਧਿਕ ਰਿਸਿ ਕਰੈ ॥

ਸਾਰੇ ਰਾਜੇ ਬਹੁਤ ਗੁੱਸਾ ਕਰਨ ਲਗੇ

ਹਾਥ ਹਥਯਾਰਨ ਊਪਰ ਧਰੈ ॥

ਅਤੇ ਹੱਥ ਹਥਿਆਰਾਂ ਉਪਰ ਧਰ ਲਏ।

ਕੁਪਿ ਕੁਪਿ ਬਚਨ ਬਕਤ੍ਰ ਤੇ ਕਹੈ ॥

ਕ੍ਰੋਧਿਤ ਹੋ ਕੇ ਮੂੰਹੋਂ ਬਚਨ ਕਹਿਣ ਲਗੇ

ਬਿਨੁ ਰਨ ਕਿਯੇ ਆਜੁ ਨਹਿ ਰਹੈ ॥੮॥

ਕਿ ਅਜ ਯੁੱਧ ਕੀਤੇ ਬਿਨਾ ਰਹਿ ਨਹੀਂ ਹੋਣਾ ॥੮॥

ਰਾਇ ਪ੍ਰੋਹਿਤਨ ਲਿਯਾ ਬੁਲਾਈ ॥

ਰਾਜੇ ਨੇ ਬ੍ਰਾਹਮਣਾਂ ਨੂੰ ਬੁਲਾ ਲਿਆ

ਸੁਭਟ ਸਿੰਘ ਪ੍ਰਤਿ ਦਏ ਪਠਾਈ ॥

ਅਤੇ ਸੁਭਟ ਸਿੰਘ ਕੋਲ ਭੇਜ ਦਿੱਤਾ।

ਮੋ ਪਰ ਕਹੀ ਅਨੁਗ੍ਰਹੁ ਕਰਿਯੈ ॥

(ਉਸ ਨੂੰ ਕਿਹਾ-) ਮੇਰੇ ਉਤੇ ਕ੍ਰਿਪਾ ਕਰੋ

ਬੇਦ ਬਿਧਾਨ ਸਹਿਤ ਇਹ ਬਰਿਯੈ ॥੯॥

ਅਤੇ ਵੇਦ ਦੀ ਮਰਯਾਦਾ ਅਨੁਸਾਰ ਇਸ ਨਾਲ ਵਿਆਹ ਕਰੋ ॥੯॥

ਦੋਹਰਾ ॥

ਦੋਹਰਾ:

ਸੁਭਟ ਸਿੰਘ ਐਸੇ ਕਹੀ ਤ੍ਰਿਯ ਮੁਰ ਆਗੇ ਏਕ ॥

ਸੁਭਟ ਸਿੰਘ ਨੇ ਇਸ ਤਰ੍ਹਾਂ ਕਿਹਾ ਕਿ ਮੇਰੇ ਪਾਸ ਅਗੇ ਇਕ ਇਸਤਰੀ ਹੈ।

ਬ੍ਯਾਹ ਦੂਸਰੌ ਨ ਕਰੋ ਜੌ ਜਨ ਕਹੈ ਅਨੇਕ ॥੧੦॥

(ਇਸ ਲਈ ਮੈਂ ਇਸ ਨਾਲ) ਦੂਜਾ ਵਿਆਹ ਨਹੀਂ ਕਰਾਂਗਾ ਜੇ ਮੈਨੂੰ ਅਨੇਕ ਲੋਕ ਕਿਉਂ ਨਾ ਕਹਿਣ ॥੧੦॥

ਚੌਪਈ ॥

ਚੌਪਈ:

ਪ੍ਰੋਹਿਤ ਭੂਪਤਿ ਸੌ ਇਹ ਉਚਰੈ ॥

ਬ੍ਰਾਹਮਣਾਂ ਨੇ ਰਾਜੇ ਪ੍ਰਤਿ ਇਸ ਤਰ੍ਹਾਂ ਕਿਹਾ

ਸੁਭਟ ਸਿੰਘ ਯਾ ਕੋ ਨਹਿ ਬਰੈ ॥

ਕਿ ਸੁਭਟ ਸਿੰਘ ਇਸ ਨਾਲ ਵਿਆਹ ਨਹੀਂ ਕਰੇਗਾ।

ਤਾ ਤੇ ਕਛੂ ਜਤਨ ਪ੍ਰਭ ਕੀਜੈ ॥

ਇਸ ਲਈ ਹੇ ਸੁਆਮੀ! ਕੋਈ ਯਤਨ ਕਰੋ

ਇਹ ਕੰਨ੍ਯਾ ਅਵਰੈ ਨ੍ਰਿਪ ਦੀਜੈ ॥੧੧॥

ਅਤੇ ਇਹ ਕੰਨਿਆ ਕਿਸੇ ਹੋਰ ਰਾਜੇ ਨੂੰ ਦੇ ਦਿਓ ॥੧੧॥

ਦੋਹਰਾ ॥

ਦੋਹਰਾ:

ਤਬ ਕੰਨ੍ਯਾ ਐਸੇ ਕਹੀ ਬਚਨ ਪਿਤਾ ਕੇ ਸਾਥ ॥

ਤਦ (ਉਸ) ਕੰਨਿਆਂ ਨੇ ਪਿਤਾ ਨੂੰ ਇਸ ਤਰ੍ਹਾਂ ਕਿਹਾ,

ਜੋ ਕੋ ਜੁਧ ਜੀਤੈ ਮੁਝੈ ਵਹੈ ਹਮਾਰੋ ਨਾਥ ॥੧੨॥

ਜੋ ਕੋਈ ਯੁੱਧ ਵਿਚ ਮੈਨੂੰ ਜਿਤੇਗਾ ਉਹੀ ਮੇਰਾ ਪਤੀ ਹੋਵੇਗਾ ॥੧੨॥

ਚੌਪਈ ॥

ਚੌਪਈ:

ਸਭ ਭੂਪਨ ਨ੍ਰਿਪ ਐਸ ਸੁਨਾਯੋ ॥

ਸਾਰਿਆਂ ਰਾਜਿਆਂ ਨੂੰ ਰਾਜੇ (ਕੰਨਿਆਂ ਦੇ ਪਿਤਾ) ਨੇ ਇਸ ਤਰ੍ਹਾਂ ਕਹਿ ਕੇ ਸੁਣਾਇਆ

ਆਪ ਜੁਧ ਕੋ ਬਿਵਤ ਬਨਾਯੋ ॥

ਅਤੇ ਆਪ ਯੁੱਧ ਦੀ ਵਿਉਂਤ ਬਣਾਈ।

ਜੋ ਕੋਊ ਤੁਮਲ ਜੁਧ ਹ੍ਯਾਂ ਕਰ ਹੈ ॥

ਜੋ ਕੋਈ ਇਥੇ ਘਮਸਾਨ ਯੁੱਧ ਕਰੇਗਾ,

ਵਹੈ ਯਾਹਿ ਕੰਨ੍ਯਾ ਕਹੁ ਬਰਿ ਹੈ ॥੧੩॥

ਉਹੀ ਇਸ ਕੰਨਿਆਂ ਨੂੰ ਵਰੇਗਾ ॥੧੩॥

ਦੋਹਰਾ ॥

ਦੋਹਰਾ:

ਸੁਨਤ ਬਚਨ ਬੀਰਾਨ ਕੇ ਚਿਤ ਮੈ ਭਯਾ ਅਨੰਦ ॥

ਰਾਜੇ ਦੇ ਬੋਲ ਸੁਣ ਕੇ ਸ਼ੂਰਵੀਰਾਂ ਦੇ ਮਨ ਵਿਚ ਆਨੰਦ ਛਾ ਗਿਆ

ਮਥਿ ਸਮੁੰਦ੍ਰ ਦਲ ਪਾਇ ਹੈ ਆਜੁ ਕੁਅਰਿ ਮੁਖ ਚੰਦ ॥੧੪॥

ਕਿ ਅਜ ਸੈਨਾ ਰੂਪੀ ਸਮੁੰਦਰ ਨੂੰ ਮਥ ਕੇ ਕੁਮਾਰੀ ਰੂਪ ਚੰਦ੍ਰਮਾ ਪ੍ਰਾਪਤ ਕਰਾਂਗੇ ॥੧੪॥

ਚੌਪਈ ॥

ਚੌਪਈ:

ਸਭਨ ਜੁਧ ਕੇ ਸਾਜ ਬਨਾਏ ॥

ਸਭ ਨੇ ਯੁੱਧ ਦੀ ਤਿਆਰੀ ਕਰ ਲਈ

ਗੰਗਾ ਤੀਰ ਬੀਰ ਚਲਿ ਆਏ ॥

ਅਤੇ ਸਾਰੇ ਸੂਰਮੇ ਗੰਗਾ ਦੇ ਕੰਢੇ ਉਤੇ ਚਲ ਕੇ ਆ ਗਏ।

ਪਹਿਰਿ ਕਵਚ ਸਭ ਸੂਰ ਸੁਹਾਵੈ ॥

ਕਵਚ ਪਾ ਕੇ ਸਾਰੇ ਸੂਰਮੇ ਸੁਸ਼ੋਭਿਤ ਹੋ ਰਹੇ ਸਨ

ਡਾਰਿ ਪਾਖਰੈ ਤੁਰੈ ਨਚਾਵੈ ॥੧੫॥

ਅਤੇ ਕਾਠੀਆਂ ਪਾ ਕੇ ਘੋੜਿਆਂ ਨੂੰ ਨਚਾ ਰਹੇ ਸਨ ॥੧੫॥

ਗਰਜੈ ਕਰੀ ਅਸ੍ਵ ਹਿਹਨਾਨੇ ॥

ਹਾਥੀ ਗੱਜਣ ਲਗੇ ਅਤੇ ਘੋੜੇ ਹਿਣਕਣ ਲਗੇ

ਪਹਿਰੇ ਕਵਚ ਸੂਰ ਨਿਜੁਕਾਨੇ ॥

ਅਤੇ ਕਵਚ ਪਾ ਕੇ ਸੂਰਮੇ ਨੇੜੇ ਢੁਕਣ ਲਗੇ।

ਕਿਨਹੂੰ ਕਾਢਿ ਖੜਗ ਕਰ ਲੀਨੋ ॥

ਕਿਸੇ ਨੇ ਹੱਥ ਵਿਚ ਤਲਵਾਰ ਖਿਚ ਲਈ

ਕਿਨਹੂੰ ਕੇਸਰਿਯਾ ਬਾਨਾ ਕੀਨੋ ॥੧੬॥

ਅਤੇ ਕਿਸੇ ਨੇ ਕੇਸਰੀ ਬਾਣਾ ਪਾ ਲਿਆ ॥੧੬॥

ਦੋਹਰਾ ॥

ਦੋਹਰਾ:

ਕਿਨੂੰ ਤਿਲੌਨੇ ਬਸਤ੍ਰ ਕਰਿ ਕਟਿ ਸੋ ਕਸੀ ਕ੍ਰਿਪਾਨ ॥

ਕਿਸੇ ਨੇ (ਸ਼ਹੀਦੀ ਪ੍ਰਾਪਤ ਕਰਨ ਲਈ) ਬਸਤ੍ਰਾਂ ਉਤੇ ਜੰਗੀ ਵਟਣੇ ਮਲ ਲਏ ਅਤੇ ਕਿਸੇ ਨੇ ਲਕ ਨਾਲ ਕ੍ਰਿਪਾਨ ਕਸ ਲਈ।

ਜੋ ਗੰਗਾ ਤਟ ਜੂਝਿ ਹੈ ਕਰਿ ਹੈ ਸ੍ਵਰਗ ਪਯਾਨ ॥੧੭॥

(ਉਨ੍ਹਾਂ ਨੇ ਇਹ ਧਾਰਣਾ ਪਾਲੀ ਹੋਈ ਸੀ ਕਿ) ਜੋ ਗੰਗਾ ਦੇ ਕੰਢੇ ਉਤੇ ਲੜ ਮਰੇਗਾ, ਉਹ ਸਵਰਗ ਨੂੰ ਜਾਏਗਾ ॥੧੭॥

ਜੋਰਿ ਅਨਿਨ ਰਾਜਾ ਚੜੇ ਪਰਾ ਨਿਸਾਨੇ ਘਾਵ ॥

ਫੌਜਾਂ ਜੋੜ ਕੇ ਰਾਜੇ ਚੜ੍ਹ ਪਏ ਅਤੇ ਨਗਾਰਿਆਂ ਉਤੇ ਚੋਟਾਂ ਪੈਣ ਲਗੀਆਂ।

ਭਾਤਿ ਭਾਤਿ ਜੋਧਾ ਲਰੇ ਅਧਿਕ ਹ੍ਰਿਦੈ ਕਰ ਚਾਵ ॥੧੮॥

ਦਿਲ ਵਿਚ ਚਾਉ ਵਧਾ ਕੇ ਅਨੇਕ ਤਰ੍ਹਾਂ ਦੇ ਯੋਧੇ ਯੁੱਧ ਕਰਨ ਲਗੇ ॥੧੮॥

ਚੌਪਈ ॥

ਚੌਪਈ:

ਤਬ ਕੰਨ੍ਯਾ ਸਭ ਸਖੀ ਬੁਲਾਈ ॥

ਤਦ (ਉਸ) ਰਾਜ ਕੁਮਾਰੀ ਨੇ ਸਾਰੀਆਂ ਸਖੀਆਂ ਨੂੰ ਬੁਲਾ ਲਿਆ

ਭਾਤਿ ਭਾਤਿ ਸੋ ਕਰੀ ਬਡਾਈ ॥

ਅਤੇ ਉਨ੍ਹਾਂ ਦੀ ਕਈ ਤਰ੍ਹਾਂ ਨਾਲ ਵਡਿਆਈ ਕੀਤੀ।

ਕੈ ਲਰਿ ਕਰਿ ਸੁਰਸਰਿ ਤਟ ਮਰਿ ਹੌ ॥

ਜਾਂ ਤਾਂ ਮੈਂ ਲੜ ਕੇ ਗੰਗਾ ਦੇ ਕੰਢੇ ਮਰ ਜਾਵਾਂਗੀ,

ਨਾਤਰ ਸੁਭਟ ਸਿੰਘ ਕਹ ਬਰਿ ਹੌ ॥੧੯॥

ਨਹੀਂ ਤਾਂ ਸੁਭਟ ਸਿੰਘ ਨਾਲ ਵਿਆਹ ਕਰਾਂਗੀ ॥੧੯॥


Flag Counter