ਸ਼੍ਰੀ ਦਸਮ ਗ੍ਰੰਥ

ਅੰਗ - 1313


ਤਾ ਕੌ ਔਰ ਪੁਰਖ ਇਕ ਭਾਯੋ ॥

ਉਸ ਨੂੰ ਇਕ ਹੋਰ ਪੁਰਸ਼ ਚੰਗਾ ਲਗਾ।

ਨਿਜੁ ਪਤਿ ਸੇਤੀ ਹੇਤੁ ਭੁਲਾਯੋ ॥

(ਉਸ ਨੇ) ਆਪਣੇ ਪਤੀ ਨਾਲ ਪ੍ਰੇਮ ਭੁਲਾ ਦਿੱਤਾ।

ਰੈਨਿ ਦਿਵਸ ਤਿਹ ਧਾਮ ਬੁਲਾਵੈ ॥

ਦਿਨ ਰਾਤ ਉਸ ਨੂੰ ਘਰ ਵਿਚ ਬੁਲਾਉਂਦੀ

ਕਾਮ ਭੋਗ ਤਿਨ ਸਾਥ ਕਮਾਵੈ ॥੨॥

ਅਤੇ ਉਸ ਨਾਲ ਕਾਮ-ਭੋਗ ਕਰਦੀ ॥੨॥

ਇਕ ਦਿਨ ਸੁਧਿ ਤਾ ਕੇ ਪਤਿ ਪਾਈ ॥

ਇਕ ਦਿਨ ਉਸ ਦੇ ਪਤੀ ਨੂੰ ਪਤਾ ਲਗ ਗਿਆ।

ਬਹੁ ਬਿਧਿ ਤਾ ਸੰਗ ਕਰੀ ਲਰਾਈ ॥

(ਉਸ ਨੇ) ਉਸ ਨਾਲ ਬਹੁਤ ਤਰ੍ਹਾਂ ਨਾਲ ਲੜਾਈ ਕੀਤੀ।

ਅਨਿਕ ਕਰੀ ਜੂਤਿਨ ਕੀ ਮਾਰਾ ॥

ਜੁਤੀਆਂ ਦੀ ਬਹੁਤ ਮਾਰ ਕੀਤੀ।

ਤਬ ਤਿਨ ਇਹ ਬਿਧਿ ਚਰਿਤ ਬਿਚਾਰਾ ॥੩॥

ਤਦ ਉਸ (ਇਸਤਰੀ) ਨੇ ਇਸ ਤਰ੍ਹਾਂ ਨਾਲ ਚਰਿਤ੍ਰ ਵਿਚਾਰਿਆ ॥੩॥

ਤਾ ਦਿਨ ਤੇ ਨਿਜੁ ਪਤਿ ਕੌ ਤ੍ਯਾਗੀ ॥

ਉਸ ਦਿਨ ਤੋਂ ਉਸ ਨੇ ਪਤੀ ਨੂੰ ਤਿਆਗ ਦਿੱਤਾ

ਸਾਥ ਫਕੀਰਨ ਕੇ ਅਨੁਰਾਗੀ ॥

ਅਤੇ ਫ਼ਕੀਰਾਂ ਨਾਲ ਪ੍ਰੇਮ-ਸੰਪਰਕ ਕਾਇਮ ਕਰ ਲਿਆ।

ਵਾਹਿ ਅਤਿਥ ਕਰਿ ਕੈ ਸੰਗ ਲੀਨਾ ॥

ਉਸ ਵਿਅਕਤੀ ਨੂੰ ਸਾਧ ਬਣਾ ਕੇ ਨਾਲ ਲੈ ਲਿਆ

ਔਰੈ ਦੇਸ ਪਯਾਨਾ ਕੀਨਾ ॥੪॥

ਅਤੇ (ਦੋਵੇਂ) ਹੋਰ ਦੇਸ ਨੂੰ ਚਲੇ ਗਏ ॥੪॥

ਜਿਹ ਜਿਹ ਦੇਸ ਆਪੁ ਪਗੁ ਧਾਰੈ ॥

ਜਿਥੇ ਜਿਥੇ (ਉਹ) ਵਿਅਕਤੀ ਆਪ ਪੈਰ ਧਰਦਾ ਸੀ,

ਤਹੀ ਤਹੀ ਵਹੁ ਸੰਗ ਸਿਧਾਰੈ ॥

ਉਥੇ ਉਥੇ ਹੀ ਉਹ ਨਾਲ ਜਾਂਦੀ ਸੀ।

ਔਰ ਪੁਰਖੁ ਤਿਹ ਅਤਿਥ ਪਛਾਨੈ ॥

ਸਾਰੇ ਉਸ ਨੂੰ ਸਾਧ ਸਮਝਦੇ ਸਨ,

ਤ੍ਰਿਯਾ ਚਰਿਤ੍ਰ ਨ ਕੋਈ ਜਾਨੈ ॥੫॥

ਪਰ ਕੋਈ ਵੀ ਇਸਤਰੀ ਦੇ ਚਰਿਤ੍ਰ ਨੂੰ ਨਹੀਂ ਸਮਝਦਾ ਸੀ ॥੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਾਸਿਠ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੬੨॥੬੫੯੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੬੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੬੨॥੬੫੯੬॥ ਚਲਦਾ॥

ਚੌਪਈ ॥

ਚੌਪਈ:

ਸੁਨ ਰਾਜਾ ਇਕ ਕਥਾ ਨਵੀਨ ॥

ਹੇ ਰਾਜਨ! ਇਕ ਨਵੀਂ ਕਥਾ ਸੁਣੋ,

ਜਸ ਚਰਿਤ੍ਰ ਕਿਯ ਨਾਰਿ ਪ੍ਰਬੀਨ ॥

ਜਿਸ ਤਰ੍ਹਾਂ ਇਕ ਪ੍ਰਬੀਨ ਇਸਤਰੀ ਨੇ ਚਰਿਤ੍ਰ ਕੀਤਾ ਸੀ।

ਸਿੰਘ ਮਹੇਸ੍ਰ ਸੁਨਾ ਇਕ ਰਾਜਾ ॥

ਮਹੇਸ੍ਰ ਸਿੰਘ ਨਾਂ ਦਾ ਇਕ ਰਾਜਾ ਸੁਣੀਂਦਾ ਸੀ

ਜਿਹ ਸਮ ਔਰ ਨ ਬਿਧਨਾ ਸਾਜਾ ॥੧॥

ਜਿਸ ਵਰਗਾ ਵਿਧਾਤਾ ਨੇ ਕੋਈ ਹੋਰ ਨਹੀਂ ਸਾਜਿਆ ਸੀ ॥੧॥

ਨਗਰ ਮਹੇਸ੍ਰਾਵਤਿ ਤਿਹ ਰਾਜਤ ॥

ਉਥੇ ਮਹੇਸ੍ਰਾਵਤੀ ਨਾਂ ਦੀ ਨਗਰੀ ਸੀ,

ਦੇਵਪੁਰੀ ਜਾ ਕੌ ਲਖਿ ਲਾਜਤ ॥

ਜਿਸ ਨੂੰ ਵੇਖ ਕੇ ਦੇਵਪੁਰੀ ਵੀ ਸ਼ਰਮਾਉਂਦੀ ਸੀ।

ਬਿਮਲ ਮਤੀ ਰਾਨੀ ਤਿਹ ਐਨ ॥

ਉਸ ਦੇ ਘਰ ('ਐਨ') ਬਿਮਲ ਮਤੀ ਨਾਂ ਦੀ ਰਾਣੀ ਸੀ,

ਜਾ ਸਮ ਸੁਨੀ ਨ ਨਿਰਖੀ ਨੈਨ ॥੨॥

ਜਿਸ ਵਰਗੀ ਨਾ ਕੋਈ ਸੁਣੀ ਹੈ ਅਤੇ ਨਾ ਹੀ ਅੱਖਾਂ ਨਾਲ ਵੇਖੀ ਹੈ ॥੨॥

ਸ੍ਰੀ ਪੰਜਾਬ ਦੇਇ ਤਿਹ ਬੇਟੀ ॥

ਉਨ੍ਹਾਂ ਦੀ ਪੰਜਾਬ ਦੇਈ ਨਾਂ ਦੀ ਬੇਟੀ ਸੀ,

ਜਾ ਸਮ ਇੰਦ੍ਰ ਚੰਦ੍ਰ ਨਹਿ ਭੇਟੀ ॥

ਜਿਸ ਵਰਗੀ (ਪੁੱਤਰੀ) ਇੰਦਰ ਅਤੇ ਚੰਦ੍ਰਮਾ ਨੂੰ ਵੀ ਨਹੀਂ ਮਿਲੀ ਸੀ।

ਅਧਿਕ ਤਵਨ ਕੀ ਪ੍ਰਭਾ ਬਿਰਾਜੈ ॥

ਉਸ ਦੀ ਸੁੰਦਰਤਾ ਬਹੁਤ ਸ਼ੋਭਦੀ ਰਹਿੰਦੀ ਸੀ,

ਜਿਹ ਦੁਤਿ ਨਿਰਖਿ ਚੰਦ੍ਰਮਾ ਲਾਜੈ ॥੩॥

ਜਿਸ ਦੀ ਚਮਕ ਨੂੰ ਵੇਖ ਕੇ ਚੰਦ੍ਰਮਾ ਵੀ ਲਜਾਉਂਦਾ ਸੀ ॥੩॥

ਜਬ ਜੋਬਨ ਤਾ ਕੇ ਤਨ ਭਯੋ ॥

ਜਦ ਉਸ ਦੇ ਸ਼ਰੀਰ ਵਿਚ ਜਵਾਨੀ ਆਈ

ਅੰਗ ਅੰਗ ਮਦਨ ਦਮਾਮੋ ਦਯੋ ॥

ਤਾਂ ਅੰਗ ਅੰਗ ਵਿਚ ਕਾਮ ਦੇਵ ਨੇ ਨਗਾਰਾ ਵਜਾ ਦਿੱਤਾ।

ਭੂਪ ਬ੍ਯਾਹ ਕੋ ਬਿਵਤ ਬਨਾਇ ॥

ਰਾਜੇ ਨੇ (ਉਸ ਦੇ) ਵਿਆਹ ਦੀ ਵਿਉਂਤ ਬਣਾਈ

ਸਕਲ ਪ੍ਰੋਹਿਤਨ ਲਿਯਾ ਬੁਲਾਇ ॥੪॥

ਅਤੇ ਸਾਰਿਆਂ ਪਰੋਹਿਤਾਂ ਨੂੰ ਬੁਲਾ ਲਿਆ ॥੪॥

ਸਿੰਘ ਸੁਰੇਸ੍ਰ ਭੂਪ ਤਬ ਚੀਨਾ ॥

ਤਦ (ਰਾਜੇ ਨੇ) ਸੁਰੇਸ੍ਰ ਸਿੰਘ ਨੂੰ (ਪੁੱਤਰੀ ਲਈ ਵਰ ਵਜੋਂ) ਚੁਣਿਆ,

ਜਿਹ ਸਸਿ ਜਾਤ ਨ ਪਟਤਰ ਦੀਨਾ ॥

ਜਿਸ ਦੀ ਤੁਲਨਾ ਚੰਦ੍ਰਮਾ ਨਾਲ ਵੀ ਨਹੀਂ ਦਿੱਤੀ ਜਾ ਸਕਦੀ।

ਕਰੀ ਤਵਨ ਕੇ ਸਾਥ ਸਗਾਈ ॥

ਉਸ ਨਾਲ (ਪੁੱਤਰੀ ਦੀ) ਕੁੜਮਾਈ ਕਰ ਦਿੱਤੀ

ਦੈ ਸਨਮਾਨ ਬਰਾਤ ਬੁਲਾਈ ॥੫॥

ਅਤੇ ਸਨਮਾਨ ਸਹਿਤ ਬਰਾਤ ਨੂੰ ਬੁਲਾਇਆ ॥੫॥

ਜੋਰਿ ਸੈਨ ਆਯੋ ਰਾਜਾ ਤਹ ॥

ਰਾਜਾ ਸੈਨਾ ਇਕੱਠੀ ਕਰ ਕੇ ਉਥੇ ਆ ਪਹੁੰਚਿਆ

ਰਚਾ ਬ੍ਯਾਹ ਕੋ ਬਿਵਤਾਰਾ ਜਹ ॥

ਜਿਥੇ ਵਿਆਹ ਦੀ ਵਿਵਸਥਾ ਕੀਤੀ ਹੋਈ ਸੀ।

ਤਹੀ ਬਰਾਤ ਆਇ ਕਰਿ ਨਿਕਸੀ ॥

ਉਥੇ ਬਰਾਤ ਆ ਪਹੁੰਚੀ

ਰਾਨੀ ਕੰਜ ਕਲੀ ਜਿਮਿ ਬਿਗਸੀ ॥੬॥

ਅਤੇ ਰਾਣੀ ਕਮਲ ਦੀ ਕਲੀ ਵਾਂਗ ਖਿੜ ਗਈ ॥੬॥

ਦੋਹਰਾ ॥

ਦੋਹਰਾ:

ਰਾਜ ਸੁਤਾ ਸੁੰਦਰ ਹੁਤੀ ਤਿਹ ਬਰ ਹੋਤ ਕੁਰੂਪ ॥

ਰਾਜ ਕੁਮਾਰੀ ਬਹੁਤ ਸੁੰਦਰ ਸੀ, ਪਰ ਉਸ ਦਾ ਵਰ ਕੁਰੂਪ ਸੀ।

ਬਿਮਨ ਭਈ ਅਬਲਾ ਨਿਰਖਿ ਜਨੁ ਜਿਯ ਹਾਰਾ ਜੂਪ ॥੭॥

(ਉਸ ਨੂੰ) ਵੇਖ ਕੇ ਕੁਮਾਰੀ ਬਹੁਤ ਉਦਾਸ ਹੋ ਗਈ, ਮਾਨੋ ਉਸ ਦਾ ਮਨ ਜੂਏ ਵਿਚ ਹਾਰ ਗਿਆ ਹੋਵੇ ॥੭॥

ਚੌਪਈ ॥

ਚੌਪਈ:

ਏਕ ਸਾਹੁ ਕੋ ਪੂਤ ਹੁਤੋ ਸੰਗ ॥

(ਉਸ ਰਾਜੇ ਦੇ) ਨਾਲ ਇਕ ਸ਼ਾਹ ਦਾ ਪੁੱਤਰ ਸੀ,

ਸੁੰਦਰ ਹੁਤੇ ਸਕਲ ਜਾ ਕੇ ਅੰਗ ॥

ਜਿਸ ਦੇ ਸਾਰੇ ਅੰਗ ਬਹੁਤ ਸੁੰਦਰ ਸਨ।