ਸ਼੍ਰੀ ਦਸਮ ਗ੍ਰੰਥ

ਅੰਗ - 1099


ਰਾਨੀ ਮਰਤ ਮੀਤ ਕੇ ਮਾਰੇ ॥

ਕਿ ਮਿਤਰ ਦੇ ਮਾਰਿਆਂ ਰਾਣੀ ਮਰ ਜਾਏਗੀ।

ਰਾਨੀ ਮਰੈ ਰਾਜਾ ਮਰਿ ਜੈ ਹੈ ॥

ਰਾਣੀ ਦੇ ਮਰਿਆਂ ਰਾਜਾ ਮਰ ਜਾਏਗਾ

ਹਮਰੇ ਕਹਾ ਹਾਥ ਧਨੁ ਐ ਹੈ ॥੧੯॥

ਅਤੇ ਸਾਡੇ ਹੱਥ ਧਨ ਕਿਥੋਂ ਆਵੇਗਾ ॥੧੯॥

ਅਤਿ ਹੀ ਲੋਭ ਰਛਕਨ ਕਿਯੋ ॥

ਪਹਿਰੇਦਾਰਾਂ ਨੇ ਬਹੁਤ ਲੋਭ ਕੀਤਾ

ਰਾਜਾ ਸੰਗ ਭੇਦ ਨਹਿ ਦਿਯੋ ॥

ਅਤੇ ਰਾਜੇ ਨੂੰ ਭੇਦ ਨਹੀਂ ਦਸਿਆ।

ਸਹਿਤ ਜਾਰ ਰਾਨਿਯਹਿ ਨ ਮਾਰਿਯੋ ॥

ਮਿਤਰ ਸਹਿਤ ਰਾਣੀ ਨੂੰ ਨਹੀਂ ਮਾਰਿਆ

ਧਨ ਕੇ ਲੋਭ ਬਾਤ ਕੋ ਟਾਰਿਯੋ ॥੨੦॥

ਅਤੇ ਧਨ ਦੇ ਲੋਭ ਕਰ ਕੇ ਗੱਲ ਨੂੰ ਟਾਲ ਦਿੱਤਾ ॥੨੦॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਛਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੦੬॥੩੮੯੬॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੨੦੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੦੬॥੩੮੯੬॥ ਚਲਦਾ॥

ਦੋਹਰਾ ॥

ਦੋਹਰਾ:

ਰਾਜਾ ਕੌਚ ਬਿਹਾਰ ਕੋ ਬੀਰ ਦਤ ਤਿਹ ਨਾਮ ॥

ਕੌਚ (ਕੂਚ) ਬਿਹਾਰ ਦੇ ਰਾਜੇ ਦਾ ਨਾਂ ਬੀਰ ਦੱਤ ਸੀ।

ਅਮਿਤ ਦਰਬੁ ਤਾ ਕੇ ਰਹੈ ਬਸਤੁ ਇੰਦ੍ਰ ਪੁਰ ਗ੍ਰਾਮ ॥੧॥

ਉਸ ਪਾਸ ਬਹੁਤ ਧਨ ਸੀ ਅਤੇ ਇੰਦ੍ਰ ਪੁਰ ਨਗਰ ਵਿਚ ਰਹਿੰਦਾ ਸੀ ॥੧॥

ਚੌਪਈ ॥

ਚੌਪਈ:

ਮੁਸਕ ਮਤੀ ਤਾ ਕੀ ਬਰ ਨਾਰੀ ॥

ਉਸ ਦੀ ਮੁਸ਼ਕ ਮਤੀ ਨਾਂ ਦੀ ਸੁੰਦਰ ਇਸਤਰੀ ਸੀ।

ਜਨੁ ਰਤਿ ਪਤਿ ਕੇ ਭਈ ਕੁਮਾਰੀ ॥

ਮਾਨੋ ਰਤੀ ਦੇ ਪਤੀ (ਕਾਮ ਦੇਵ) ਦੀ ਪੁੱਤਰੀ ਹੋਵੇ।

ਕਾਮ ਕਲਾ ਦੁਹਿਤਾ ਤਿਹ ਸੋਹੈ ॥

ਉਸ ਦੀ ਕਾਮ ਕਲਾ ਨਾਂ ਦੀ ਪੁੱਤਰੀ ਸੀ

ਦੇਵ ਅਦੇਵਨ ਕੋ ਮਨ ਮੋਹੈ ॥੨॥

ਜੋ ਦੇਵਤਿਆਂ ਅਤੇ ਦੈਂਤਾਂ ਦਾ ਮਨ ਮੋਂਹਦੀ ਸੀ ॥੨॥

ਜੋ ਪੁਰ ਚਹੈ ਤਿਸੀ ਕੌ ਮਾਰੈ ॥

ਉਹ ਨਗਰ ਵਿਚ ਜਿਸ ਨੂੰ ਚਾਹੁੰਦੀ ਸੀ, ਉਸ ਨੂੰ ਮਾਰ ਦਿੰਦੀ ਸੀ।

ਅਕਬਰ ਕੀ ਕਛੁ ਕਾਨਿ ਨ ਧਾਰੈ ॥

ਅਕਬਰ ਤਕ ਦੀ ਵੀ ਕੁਝ ਪਰਵਾਹ ਨਹੀਂ ਕਰਦੀ ਸੀ।

ਦੇਸ ਤਲਟੀ ਬਸਨ ਨਹਿ ਦੇਵਹਿ ॥

ਤਲਹਟੀ ਖੇਤਰ ਵਿਚ ਕਿਸੇ ਨੂੰ ਵਸਣ ਨਹੀਂ ਦਿੰਦੀ ਸੀ

ਲੂਟਿ ਕੂਟਿ ਸੌਦਾਗ੍ਰਨ ਲੇਵਹਿ ॥੩॥

ਅਤੇ ਸੌਦਾਗਰਾਂ ਨੂੰ ਲੁਟ ਪੁਟ ਲੈਂਦੀ ਸੀ ॥੩॥

ਅਕਬਰ ਸਾਹਿ ਕੋਪ ਅਤਿ ਆਯੋ ॥

ਅਕਬਰ ਬਾਦਸ਼ਾਹ ਨੂੰ ਬਹੁਤ ਗੁੱਸਾ ਆਇਆ

ਤਿਨ ਪੈ ਬੈਰਿਨ ਓਘ ਪਠਾਯੋ ॥

ਅਤੇ ਉਸ ਉਤੇ ਵੈਰੀ-ਦਲ ਚੜ੍ਹਾ ਦਿੱਤਾ।

ਜੋਰਿ ਸੈਨਿ ਸੂਰਾ ਸਭ ਧਾਏ ॥

ਸੈਨਾ ਜੋੜ ਕੇ ਸਾਰੇ ਸੂਰਮੇ ਧਾ ਕੇ ਪਏ

ਪਹਿਰਿ ਕੌਚ ਦੁੰਦਭੀ ਬਜਾਏ ॥੪॥

ਅਤੇ ਕਵਚ ਪਾ ਕੇ ਨਗਾਰੇ ਵਜਾ ਦਿੱਤੇ ॥੪॥

ਦੋਹਰਾ ॥

ਦੋਹਰਾ:

ਜਬ ਹੀ ਕੌਚ ਬਿਹਾਰ ਕੇ ਨਿਕਟ ਪਹੂੰਚੇ ਆਇ ॥

ਜਦੋਂ ਉਹ ਕੌਚ ਬਿਹਾਰ ਦੇ ਨੇੜੇ ਆ ਪਹੁੰਚੇ

ਲਿਖਿ ਪਤਿਯਾ ਐਸੇ ਪਠੀ ਰਣ ਦੁੰਦਭੀ ਬਜਾਇ ॥੫॥

(ਤਦੋਂ) ਉਨ੍ਹਾਂ ਨੇ ਰਣ ਦਾ ਨਗਾਰਾ ਵਜਾ ਕੇ (ਰਾਜੇ ਨੂੰ) ਇਸ ਤਰ੍ਹਾਂ ਦੀ ਚਿੱਠੀ ਭੇਜੀ ॥੫॥

ਕੈ ਹਮ ਕੌ ਮਿਲੁ ਆਇ ਕੈ ਪਤੀਆ ਲਿਖੀ ਸੁਧਾਰਿ ॥

ਚਿੱਠੀ ਵਿਚ ਚੰਗੀ ਤਰ੍ਹਾਂ ਲਿਖਿਆ ਕਿ ਜਾਂ ਤਾਂ ਆ ਕੇ

ਕੈ ਪਗੁ ਪਰੁ ਕੈ ਅਨਤ ਟਰੁ ਕੈ ਲਰੁ ਸਸਤ੍ਰ ਸੰਭਾਰਿ ॥੬॥

ਪੈਰੀ ਪੈ ਜਾਂ ਕਿਤੇ ਹੋਰ ਚਲਾ ਜਾ ਜਾਂ (ਫਿਰ) ਸ਼ਸਤ੍ਰ ਸੰਭਾਲ ਲੈ ॥੬॥

ਚੌਪਈ ॥

ਚੌਪਈ:

ਜਬ ਨ੍ਰਿਪ ਕੇ ਸ੍ਰਵਨਨ ਸੌ ਪਰਿਯੋ ॥

ਜਦ ਰਾਜੇ ਦੇ ਕੰਨ ਵਿਚ ਇਹ ਗੱਲ ਪਈ

ਭਾਜਿ ਚਲਤ ਭਯੋ ਧੀਰ ਨ ਧਰਿਯੋ ॥

ਤਾਂ ਉਹ ਭਜ ਚਲਿਆ, ਧੀਰਜ ਧਾਰਨ ਨਾ ਕੀਤਾ।

ਮੁਸਕ ਮਤੀ ਜਬ ਹੀ ਸੁਨਿ ਪਾਈ ॥

ਜਦੋਂ ਮੁਸ਼ਕ ਮਤੀ ਨੇ ਇਹ ਗੱਲ ਸੁਣੀ

ਬਾਧਿ ਨ੍ਰਿਪਹਿ ਦੁੰਦਭੀ ਬਜਾਈ ॥੭॥

ਤਾਂ ਰਾਜੇ ਨੂੰ ਬੰਨ੍ਹ ਕੇ ਨਗਾਰਾ ਵਜਾ ਦਿੱਤਾ ॥੭॥

ਭਾਤਿ ਭਾਤਿ ਤੇ ਸੈਨਿ ਸੰਭਾਰੀ ॥

ਕਈ ਤਰ੍ਹਾਂ ਨਾਲ (ਉਸ ਨੇ) ਸੈਨਾ ਨੂੰ ਤਿਆਰ ਕੀਤਾ

ਮਾਰੇ ਸੂਰਬੀਰ ਹੰਕਾਰੀ ॥

ਅਤੇ ਹੰਕਾਰੀ ਸੂਰਮਿਆਂ ਨੂੰ ਮਾਰ ਦਿੱਤਾ।

ਰਾਜਾ ਕਿਤੇ ਬਾਧਿ ਕਰਿ ਲੀਨੇ ॥

(ਉਸ ਨੇ) ਕਿਤਨੇ ਰਾਜੇ ਬੰਨ੍ਹ ਲਏ

ਜਾਇ ਭਵਾਨੀ ਕੇ ਬਲਿ ਦੀਨੇ ॥੮॥

ਅਤੇ ਜਾ ਕੇ ਭਵਾਨੀ ਦੀ ਬਲੀ ਚੜ੍ਹਾ ਦਿੱਤੇ ॥੮॥

ਦੋਹਰਾ ॥

ਦੋਹਰਾ:

ਦਲਦਲ ਏਕ ਤਕਾਇ ਕੈ ਦਯੋ ਦਮਾਮੋ ਜਾਇ ॥

ਇਕ ਦਲਦਲ ਖੇਤਰ ਵੇਖ ਕੇ (ਉਥੇ) ਜਾ ਕੇ ਧੌਂਸਾ ਵਜਾ ਦਿੱਤਾ।

ਸੁਨਤ ਨਾਦ ਸੂਰਾ ਸਭੈ ਤਹੀ ਪਰੇ ਅਰਰਾਇ ॥੯॥

ਧੌਂਸੇ ਦਾ ਨਾਦ ਸੁਣ ਕੇ (ਵੈਰੀ ਦਲ ਦੇ) ਸਾਰੇ ਸੂਰਮੇ ਅਰੜਾ ਕੇ ਪੈ ਗਏ ॥੯॥

ਚੌਪਈ ॥

ਚੌਪਈ:

ਜੌ ਧਾਏ ਫਸਿ ਫਸਿ ਤੇ ਗਏ ॥

ਜਿਹੜੇ ਵੀ (ਉਧਰ) ਨੂੰ ਵਧੇ, ਦਲਦਲ ਵਿਚ ਫਸ ਗਏ।

ਗਹਿ ਗਹਿ ਤਰੁਨਿ ਤੁਰਤ ਤੇ ਲਏ ॥

ਉਨ੍ਹਾਂ ਨੂੰ ਇਸਤਰੀ ਨੇ ਤੁਰਤ ਪਕੜ ਲਿਆ।

ਸਕਲ ਕਾਲਿਕਾ ਕੀ ਬਲਿ ਦੀਨੇ ॥

ਸਾਰਿਆਂ ਨੂੰ ਕਾਲਿਕਾ ਦੀ ਬਲੀ ਚੜ੍ਹਾ ਦਿੱਤਾ।

ਬਾਜ ਤਾਜ ਸਭਹਿਨ ਕੇ ਛੀਨੇ ॥੧੦॥

ਸਾਰਿਆਂ ਦੇ ਤਾਜ ਅਤੇ ਘੋੜੇ ਖੋਹ ਲਏ ॥੧੦॥

ਅੜਿਲ ॥

ਅੜਿਲ:

ਏਕ ਭ੍ਰਿਤ ਤਿਹ ਭੀਤਰ ਪਠਿਯੋ ਬਨਾਇ ਕੈ ॥

(ਉਸ ਨੇ) ਇਕ ਨੌਕਰ ਨੂੰ ਉਸ (ਵੈਰੀ ਧੜੇ) ਵਿਚ ਸਮਝਾ ਕੇ ਭੇਜ ਦਿੱਤਾ।