ਸ਼੍ਰੀ ਦਸਮ ਗ੍ਰੰਥ

ਅੰਗ - 331


ਕਾਨ੍ਰਹ ਬਲੀ ਪ੍ਰਗਟਿਯੋ ਪੁਤਨਾ ਜਿਨਿ ਮਾਰਿ ਡਰੀ ਨ੍ਰਿਪ ਕੰਸ ਪਠੀ ॥

ਬਲਵਾਨ ਕ੍ਰਿਸ਼ਨ ਪ੍ਰਗਟ ਹੋਇਆ ਹੈ ਜਿਸ ਨੇ ਕੰਸ ਰਾਜੇ ਦੀ ਭੇਜੀ ਹੋਈ ਪੂਤਨਾ ਨੂੰ ਮਾਰ ਦਿੱਤਾ ਹੈ।

ਇਨ ਹੀ ਰਿਪੁ ਮਾਰਿ ਡਰਿਯੋ ਸੁ ਤ੍ਰਿਨਾਵ੍ਰਤ ਪੈ ਜਨਿ ਸੋ ਇਹ ਥਿਤ ਛਠੀ ॥

ਇਸ ਨੇ ਤ੍ਰਿਣਾਵਰਤ (ਨਾਂ ਦੇ) ਵੈਰੀ ਨੂੰ ਮਾਰ ਦਿੱਤਾ ਹੈ ਜਦੋਂ ਅਜੇ ਛਿਆਂ ਦਿਨਾਂ ਦਾ ਸੀ।

ਸਭ ਜਾਪੁ ਜਪੈ ਇਹ ਕੋ ਮਨ ਮੈ ਸਭ ਗੋਪ ਕਹੈ ਇਹ ਅਤਿ ਹਠੀ ॥

ਸਾਰੇ ਇਸ ਦਾ ਨਾਮ ਮਨ ਵਿਚ ਜਪਦੇ ਹਨ ਅਤੇ ਸਾਰੇ ਗਵਾਲੇ ਕਹਿੰਦੇ ਹਨ ਕਿ ਇਹ ਬਹੁਤ ਹਠੀ ਹੈ।

ਅਤਿ ਹੀ ਪ੍ਰਤਿਨਾ ਫੁਨਿ ਮੇਘਨ ਕੀ ਇਨਹੂ ਕਰਿ ਦੀ ਛਿਨ ਮਾਹਿ ਮਠੀ ॥੩੮੦॥

ਇਸ ਨੇ ਫਿਰ ਬਦਲਾਂ ਦੀ ਵੱਡੀ ਸੈਨਾ ਨੂੰ ਛਿਣ ਭਰ ਵਿਚ ਮਠਾ ਕਰ ਦਿੱਤਾ ਹੈ ॥੩੮੦॥

ਗੋਪ ਕਹੈ ਇਹ ਸਾਧਨ ਕੇ ਦੁਖ ਦੂਰਿ ਕਰੈ ਮਨ ਮਾਹਿ ਗਡੈ ॥

ਗਵਾਲੇ ਕਹਿੰਦੇ ਹਨ ਕਿ (ਜੇ ਇਹ ਕ੍ਰਿਸ਼ਨ) ਮਨ ਵਿਚ ਗਡਿਆ ਜਾਏ (ਅਰਥਾਤ ਵਸ ਜਾਏ ਤਾਂ) ਸਾਧਾਂ ਦੇ ਦੁਖ ਦੂਰ ਕਰ ਦਿੰਦਾ ਹੈ।

ਇਹ ਹੈ ਬਲਵਾਨ ਬਡੋ ਪ੍ਰਗਟਿਯੋ ਸੋਊ ਕੋ ਇਹ ਸੋ ਛਿਨ ਆਇ ਅਡੈ ॥

ਇਹ ਬਹੁਤ ਵੱਡਾ ਬਲਵਾਨ ਪ੍ਰਗਟ ਹੋਇਆ ਹੈ ਜਿਸ ਨਾਲ ਆ ਕੇ ਕੋਈ ਛਿਣ ਭਰ ਲਈ ਅੜ ਕੇ (ਤਾਂ ਵੇਖੇ)।

ਸਭ ਲੋਕ ਕਹੈ ਫੁਨਿ ਜਾਪਤ ਯਾ ਕਬਿ ਸ੍ਯਾਮ ਕਹੈ ਭਗਵਾਨ ਬਡੈ ॥

ਸ਼ਿਆਮ ਕਵੀ ਕਹਿੰਦੇ ਹਨ, ਸਾਰੇ ਲੋਕ ਕਹਿੰਦੇ ਹਨ ਕਿ (ਇਹ) ਵੱਡਾ ਭਗਵਾਨ ਹੈ ਅਤੇ ਫਿਰ (ਸਾਰੇ ਇਸ ਨੂੰ) ਜਪਦੇ ਹਨ।

ਤਿਨ ਮੋਛ ਲਹੀ ਛਿਨ ਮੈ ਇਹ ਤੇ ਜਿਨ ਕੇ ਮਨ ਮੈ ਜਰਰਾ ਕੁ ਜਡੈ ॥੩੮੧॥

ਉਨ੍ਹਾਂ ਨੇ ਛਿਣ ਵਿਚ ਹੀ ਇਸ ਤੋਂ ਮੋਕਸ਼ ਲੈ ਲਈ ਜਿਨ੍ਹਾਂ ਦੇ ਮਨ ਵਿਚ (ਇਹ) ਜ਼ਰਾ ਜਿੰਨੇ ਵਸ ਗਏ ॥੩੮੧॥

ਮੇਘ ਗਏ ਪਛੁਤਾਇ ਗ੍ਰਿਹੰ ਕਹੁ ਗੋਪਿਨ ਕੋ ਮਨ ਆਨੰਦ ਬਾਢੇ ॥

ਬਦਲ ਪਛਤਾਉਂਦੇ ਹੋਏ ਘਰਾਂ ਨੂੰ ਪਰਤ ਗਏ ਅਤੇ ਗਵਾਲਿਆਂ ਦੇ ਮਨ ਵਿਚ ਆਨੰਦ ਵਧ ਗਿਆ।

ਹ੍ਵੈ ਇਕਠੇ ਸੁ ਚਲੇ ਗ੍ਰਿਹ ਕੋ ਸਭ ਆਇ ਭਏ ਗ੍ਰਿਹ ਭੀਤਰ ਠਾਢੇ ॥

ਇਕੱਠੇ ਹੋ ਕੇ (ਸਾਰੇ ਗਵਾਲੇ) ਘਰਾਂ ਨੂੰ ਚਲੇ ਹਨ ਅਤੇ ਆ ਕੇ ਘਰਾਂ ਵਿਚ ਖੜੋ ਗਏ ਹਨ।

ਆਇ ਲਗੇ ਕਹਿਨੇ ਤ੍ਰੀਯ ਸੋ ਇਨ ਹੀ ਛਿਨ ਮੈ ਮਘਵਾ ਕੁਪਿ ਕਾਢੇ ॥

ਅਤੇ ਆ ਕੇ ਇਸਤਰੀਆਂ ਨੂੰ ਕਹਿਣ ਲਗੇ ਕਿ ਇਸ (ਕਾਨ੍ਹ) ਨੇ ਕ੍ਰੋਧਵਾਨ ਹੋ ਕੇ ਛਿਣ ਵਿਚ ਇੰਦਰ ਕਢ ਦਿੱਤਾ ਹੈ।

ਸਤਿ ਲਹਿਯੋ ਭਗਵਾਨ ਹਮੈ ਇਨ ਹੀ ਹਮਰੇ ਸਭ ਹੀ ਦੁਖ ਕਾਢੇ ॥੩੮੨॥

ਅਸੀਂ ਇਸ ਨੂੰ ਸਚ ਮੁਚ ਹੀ ਭਗਵਾਨ ਜਾਣ ਲਿਆ ਹੈ, ਇਸ ਨੇ ਹੀ ਸਾਡੇ ਸਾਰੇ ਦੁਖ ਦੂਰ ਕੀਤੇ ਹਨ ॥੩੮੨॥

ਕੋਪ ਭਰੇ ਪਤਿ ਲੋਕਹ ਕੇ ਦਲ ਆਬ ਰਖੇ ਠਟਿ ਸਾਜ ਅਣੇ ॥

(ਜਦੋਂ ਸਾਰੇ) ਲੋਕਾਂ ਦੇ ਸੁਆਮੀ (ਇੰਦਰ) ਨੇ ਕ੍ਰੋਧਵਾਨ ਹੋ ਕੇ (ਬਦਲਾਂ ਦੀ) ਸੈਨਾ ਨੂੰ ਜਲ ('ਆਬ') ਨਾਲ ਸੁਸਜਿਤ ਕਰ ਕੇ ਅਤੇ ਲਿਆ ਕੇ (ਬ੍ਰਜ ਉਤੇ) ਰਖ ਦਿੱਤਾ।

ਭਗਵਾਨ ਜੂ ਠਾਢ ਭਯੋ ਕਰਿ ਲੈ ਗਿਰਿ ਪੈ ਕਰਿ ਕੈ ਕੁਛ ਹੂੰ ਨ ਗਣੇ ॥

ਭਗਵਾਨ ਕ੍ਰਿਸ਼ਨ ਹੱਥ ਉਤੇ ਪਰਬਤ ਲੈ ਕੇ ਖੜੇ ਹੋ ਗਏ ਅਤੇ (ਇੰਦਰ ਨੂੰ) ਕੁਝ ਨਾ ਮੰਨਿਆ।

ਅਤਿ ਤਾ ਛਬਿ ਕੇ ਜਸ ਉਚ ਮਹਾ ਕਬਿ ਸ੍ਯਾਮ ਕਿਧੌ ਇਹ ਭਾਤਿ ਭਣੇ ॥

ਉਸ ਦ੍ਰਿਸ਼ ਦੇ ਮਹਾਨ ਯਸ਼ ਨੂੰ ਕਵੀ ਸ਼ਿਆਮ ਨੇ ਇਸ ਤਰ੍ਹਾਂ ਕਿਹਾ ਹੈ,

ਜਿਮੁ ਬੀਰ ਬਡੋ ਕਰਿ ਸਿਪਰ ਲੈ ਕਛੁ ਕੈ ਨ ਗਨੇ ਪੁਨਿ ਤੀਰ ਘਣੇ ॥੩੮੩॥

ਜਿਵੇਂ (ਕੋਈ) ਮਹਾਨ ਸੂਰਵੀਰ ਹੱਥ ਵਿਚ ਢਾਲ ਲੈ ਕੇ (ਡਟਦਾ ਹੈ) ਅਤੇ ਅਤਿ ਅਧਿਕ ਤੀਰਾਂ ਨੂੰ ਫਿਰ ਕੁਝ ਨਹੀਂ ਸਮਝਦਾ ॥੩੮੩॥

ਗੋਪ ਕਹੈ ਇਹ ਸਾਧਨ ਕੋ ਦੁਖ ਦੂਰ ਕਰੈ ਮਨ ਮਾਹਿ ਗਡੈ ॥

ਗਵਾਲੇ ਕਹਿਣ ਲਗੇ ਕਿ ਜੇ ਇਹ ਮਨ ਵਿਚ ਵਸ ਜਾਵੇ ਤਾਂ (ਸਾਰੇ) ਸਾਧਾਂ ਦੇ ਦੁਖ ਦੂਰ ਕਰ ਦਿੰਦਾ ਹੈ।

ਇਹ ਹੈ ਬਲਵਾਨ ਬਡੋ ਪ੍ਰਗਟਿਓ ਸੋਊ ਕੋ ਇਹ ਸੋ ਛਿਨ ਆਇ ਅਡੈ ॥

ਇਹ (ਸੰਸਾਰ ਵਿਚ) ਬਹੁਤ ਵੱਡਾ ਬਲਵਾਨ ਪੈਦਾ ਹੋਇਆ ਹੈ, ਕੋਈ ਇਸ ਨਾਲ ਛਿਣ ਭਰ ਵੀ ਅੜ ਕੇ ਵਿਖਾਏ।

ਸਭ ਲੋਗ ਕਹੈ ਫੁਨਿ ਖਾਪਤ ਯਾ ਕਬਿ ਸ੍ਯਾਮ ਕਹੈ ਭਗਵਾਨ ਬਡੈ ॥

ਸਾਰੇ ਲੋਕ ਕਹਿੰਦੇ ਹਨ ਕਿ ਫਿਰ ਇਹੀ (ਸਭ ਨੂੰ) ਖਪਾਉਂਦਾ ਹੈ ਅਤੇ ਕਵੀ ਸ਼ਿਆਮ ਕਹਿੰਦੇ ਹਨ ਕਿ ਭਗਵਾਨ (ਸਭ ਤੋਂ) ਵੱਡਾ ਹੈ।

ਤਿਹ ਮੋਛ ਲਹੀ ਛਿਨ ਮੈ ਇਹ ਤੇ ਜਿਨ ਕੇ ਮਨ ਮੈ ਜਰਰਾ ਕੁ ਜਡੈ ॥੩੮੪॥

ਉਸ ਨੇ ਛਿਣ ਭਰ ਵਿਚ ਮੁਕਤੀ ਹਾਸਲ ਕਰ ਲਈ ਜਿਸ ਦੇ ਮਨ ਵਿਚ (ਇਹ) ਜ਼ਰਾ ਜਿੰਨਾ ਵੀ ਵਸ ਗਿਆ ॥੩੮੪॥

ਕਰਿ ਕੋਪ ਨਿਵਾਰ ਦਏ ਮਘਵਾ ਦਲ ਕਾਨ੍ਰਹ੍ਰਹ ਬਡੇ ਬਲਬੀਰ ਬ੍ਰਤੀ ॥

ਕਾਨ੍ਹ ਬਹੁਤ ਵੱਡਾ ਬ੍ਰਤਧਾਰੀ ਬਲਬੀਰ ਹੈ ਜਿਸ ਨੇ ਕ੍ਰੋਧ ਕਰ ਕੇ ਇੰਦਰ ਦੀ ਸੈਨਾ ਨੂੰ (ਇਸ ਤਰ੍ਹਾਂ) ਨਸ਼ਟ ਕਰ ਦਿੱਤਾ,

ਜਿਮ ਕੋਪਿ ਜਲੰਧਰਿ ਈਸਿ ਮਰਿਯੋ ਜਿਮ ਚੰਡਿ ਚਮੁੰਡਹਿ ਸੈਨ ਹਤੀ ॥

ਜਿਸ ਤਰ੍ਹਾਂ ਕ੍ਰੋਧ ਕਰ ਕੇ ਸ਼ਿਵ ਨੇ ਜਲੰਧਰ ਦੈਂਤ ਨੂੰ ਮਾਰ ਦਿੱਤਾ ਸੀ ਅਤੇ ਜਿਸ ਤਰ੍ਹਾਂ ਚੰਡੀ ਨੇ ਚੰਡ-ਮੁੰਡ ਦੀ ਸੈਨਾ ਖ਼ਤਮ ਕਰ ਦਿੱਤੀ ਸੀ।

ਪਛੁਤਾਇ ਗਯੋ ਮਘਵਾ ਗ੍ਰਿਹ ਕੋ ਨ ਰਹੀ ਤਿਹ ਕੀ ਪਤਿ ਏਕ ਰਤੀ ॥

ਇੰਦਰ ਪਛਤਾਵਾ ਕਰਦਾ ਹੋਇਆ ਘਰ ਨੂੰ ਚਲਿਆ ਗਿਆ ਅਤੇ ਉਸ ਦੀ ਰਤਾ ਜਿੰਨੀ ਇਜ਼ਤ ਨਾ ਰਹੀ।

ਇਕ ਮੇਘ ਬਿਦਾਰ ਦਏ ਹਰਿ ਜੀ ਜਿਮ ਮੋਹਿ ਨਿਵਾਰਤ ਕੋਪਿ ਜਤੀ ॥੩੮੫॥

ਸ੍ਰੀ ਕ੍ਰਿਸ਼ਨ ਨੇ ਬਦਲ ਇਸ ਤਰ੍ਹਾਂ ਖਿੰਡਾ ਦਿੱਤੇ ਜਿਵੇਂ ਜਤੀ ਦਾ ਕ੍ਰੋਧ ਮੋਹ ਨੂੰ ਨਿਵਾਰ ਦਿੰਦਾ ਹੈ ॥੩੮੫॥