ਸ਼੍ਰੀ ਦਸਮ ਗ੍ਰੰਥ

ਅੰਗ - 812


ਜੀਤਿ ਫਿਰੈ ਨਵਖੰਡਨ ਕੌ ਨਹਿ ਬਾਸਵ ਸੋ ਕਬਹੂੰ ਡਰਪਾਨੇ ॥

(ਜੋ) ਨੌਂ ਖੰਡਾਂ ਨੂੰ ਜਿਤ ਕੇ ਫਿਰਦੇ ਹਨ ਅਤੇ ਇੰਦਰ ਤੋਂ ਵੀ ਕਦੇ ਨਹੀਂ ਡਰਦੇ ਹਨ,

ਤੇ ਤੁਮ ਸੌ ਲਰਿ ਕੈ ਮਰਿ ਕੈ ਭਟ ਅੰਤ ਕੋ ਅੰਤ ਕੇ ਧਾਮ ਸਿਧਾਨੇ ॥੩੯॥

ਉਹ ਯੋਧੇ (ਹੇ ਦੇਵੀ!) ਤੇਰੇ ਨਾਲ ਲੜ ਕੇ ਅਤੇ ਅੰਤ ਨੂੰ ਮਰ ਕੇ ਯਮਰਾਜ ਦੇ ਘਰ ਨੂੰ ਚਲੇ ਗਏ ਹਨ ॥੩੯॥

ਦੋਹਰਾ ॥

ਦੋਹਰਾ:

ਰਨ ਡਾਕਿਨਿ ਡਹਕਤ ਫਿਰਤ ਕਹਕਤ ਫਿਰਤ ਮਸਾਨ ॥

ਰਣ ਵਿਚ ਡਾਕਣੀਆਂ ਡਕਾਰਦੀਆਂ ਫਿਰਦੀਆਂ ਹਨ ਅਤੇ ਪ੍ਰੇਤ ('ਮਸਾਨ') ਕਿਲਕਾਰੀਆਂ ਮਾਰ ਰਹੇ ਹਨ।

ਬਿਨੁ ਸੀਸਨ ਡੋਲਤ ਸੁਭਟ ਗਹਿ ਗਹਿ ਕਰਨ ਕ੍ਰਿਪਾਨ ॥੪੦॥

ਬਿਨਾ ਸਿਰਾਂ ਦੇ ਯੋਧੇ ਕ੍ਰਿਪਾਨਾਂ ਪਕੜ ਪਕੜ ਕੇ (ਯੁੱਧ-ਭੂਮੀ ਵਿਚ) ਘੁੰਮ ਰਹੇ ਹਨ ॥੪੦॥

ਅਸਿ ਅਨੇਕ ਕਾਢੇ ਕਰਨ ਲਰਹਿ ਸੁਭਟ ਸਮੁਹਾਇ ॥

ਹੱਥਾਂ ਵਿਚ ਅਨੇਕ ਤਲਵਾਰਾਂ ਕਢ ਕੇ ਸੂਰਮੇ ਸਾਹਮਣੇ ਹੋ ਕੇ ਲੜ ਰਹੇ ਹਨ।

ਲਰਿ ਗਿਰਿ ਮਰਿ ਭੂ ਪਰ ਪਰੈ ਬਰੈ ਬਰੰਗਨਿ ਜਾਇ ॥੪੧॥

ਲੜਦੇ ਹੋਏ ਭੂਮੀ ਉਤੇ ਮਰ ਕੇ ਡਿਗ ਰਹੇ ਹਨ ਅਤੇ ਜਾ ਕੇ ਅਪੱਛਰਾਵਾਂ ਨੂੰ ਵਰ ਰਹੇ ਹਨ ॥੪੧॥

ਅਨਤਰਯਾ ਜ੍ਯੋ ਸਿੰਧੁ ਕੋ ਚਹਤ ਤਰਨ ਕਰਿ ਜਾਉ ॥

(ਹੇ ਦੇਵੀ!) ਅਣਤਾਰੂ ਜੇ ਸਮੁੰਦਰ ਨੂੰ ਤਰ ਕੇ ਜਾਣਾ ਚਾਹੇ

ਬਿਨੁ ਨੌਕਾ ਕੈਸੇ ਤਰੈ ਲਏ ਤਿਹਾਰੋ ਨਾਉ ॥੪੨॥

ਤਾਂ ਉਹ ਤੇਰਾ ਨਾਮ ਲੈਣ ਦੀ ਨੌਕਾ ਤੋਂ ਬਿਨਾ ਕਿਵੇਂ ਤਰ ਸਕਦਾ ਹੈ ॥੪੨॥

ਮੂਕ ਉਚਰੈ ਸਾਸਤ੍ਰ ਖਟ ਪਿੰਗ ਗਿਰਨ ਚੜਿ ਜਾਇ ॥

(ਹੇ ਦੇਵੀ!) ਜੇ ਤੁਸੀਂ ਸਹਾਇਤਾ ਕਰੋ ਤਾਂ ਗੁੰਗਾ ਛੇ ਸ਼ਾਸਤ੍ਰ ਉਚਾਰ ਸਕਦਾ ਹੈ, ਪਿੰਗਲਾ ਪਰਬਤ ਚੜ੍ਹ ਸਕਦਾ ਹੈ,

ਅੰਧ ਲਖੈ ਬਦਰੋ ਸੁਨੈ ਜੋ ਤੁਮ ਕਰੌ ਸਹਾਇ ॥੪੩॥

ਅੰਨ੍ਹਾ ਵੇਖ ਸਕਦਾ ਹੈ ਅਤੇ ਬੋਲਾ ਸੁਣ ਸਕਦਾ ਹੈ ॥੪੩॥

ਅਰਘ ਗਰਭ ਨ੍ਰਿਪ ਤ੍ਰਿਯਨ ਕੋ ਭੇਦ ਨ ਪਾਯੋ ਜਾਇ ॥

ਮੋਤੀ ('ਅਰਘ') ਗਰਭ, ਰਾਜਾ ਅਤੇ ਇਸਤਰੀ ਦਾ ਭੇਦ ਨਹੀਂ ਪਾਇਆ ਜਾ ਸਕਦਾ।

ਤਊ ਤਿਹਾਰੀ ਕ੍ਰਿਪਾ ਤੇ ਕਛੁ ਕਛੁ ਕਹੋ ਬਨਾਇ ॥੪੪॥

ਫਿਰ ਵੀ ਤੇਰੀ ਕ੍ਰਿਪਾ ਨਾਲ ਕੁਝ ਕੁਝ ਬਣਾ ਕੇ ਕਹਿੰਦਾ ਹਾਂ ॥੪੪॥

ਪ੍ਰਥਮ ਮਾਨਿ ਤੁਮ ਕੋ ਕਹੋ ਜਥਾ ਬੁਧਿ ਬਲੁ ਹੋਇ ॥

ਪਹਿਲਾ ਤੁਹਾਨੂੰ ਮੰਨਾ ਕੇ ਯਥਾ ਬੁੱਧੀ ਬਲ (ਰਚਨਾ) ਕਥਨ ਕਰਦਾ ਹਾਂ।

ਘਟਿ ਕਬਿਤਾ ਲਖਿ ਕੈ ਕਬਹਿ ਹਾਸ ਨ ਕਰਿਯਹੁ ਕੋਇ ॥੪੫॥

(ਜੇ) ਕਵਿਤਾ ਵਿਚ ਹੇ ਕਵੀਓ! ਕੋਈ ਘਾਟ ਲਗੇ, ਤਾਂ ਮੇਰੀ ਹਾਸੀ ਨਾ ਕਰਨਾ ॥੪੫॥

ਪ੍ਰਥਮ ਧ੍ਯਾਇ ਸ੍ਰੀ ਭਗਵਤੀ ਬਰਨੌ ਤ੍ਰਿਯਾ ਪ੍ਰਸੰਗ ॥

ਪਹਿਲਾ ਅਧਿਆਇ ਸ੍ਰੀ ਭਗਵਤੀ (ਦਾ ਕਹਿ ਕੇ ਹੁਣ) ਤ੍ਰਿਆ ਪ੍ਰਸੰਗ ਦਾ ਵਰਣਨ ਕਰਦਾ ਹਾਂ।

ਮੋ ਘਟ ਮੈ ਤੁਮ ਹ੍ਵੈ ਨਦੀ ਉਪਜਹੁ ਬਾਕ ਤਰੰਗ ॥੪੬॥

(ਹੇ ਦੇਵੀ!) ਤੁਸੀਂ ਮੇਰੇ ਸ਼ਰੀਰ ਵਿਚ ਨਦੀ ਬਣ ਜਾਓ, (ਤਾਂ ਜੋ ਉਸ ਵਿਚੋਂ) ਵਾਕ ਰੂਪੀ ਤਰੰਗਾਂ ਪੈਦਾ ਹੋਣ ॥੪੬॥

ਸਵੈਯਾ ॥

ਸਵੈਯਾ:

ਮੇਰੁ ਕਿਯੋ ਤ੍ਰਿਣ ਤੇ ਮੁਹਿ ਜਾਹਿ ਗਰੀਬ ਨਿਵਾਜ ਨ ਦੂਸਰ ਤੋਸੌ ॥

(ਤੁਸੀਂ) ਮੈਂਨੂੰ ਇਕ ਤੀਲੇ ਤੋਂ ਸੁਮੇਰ ਪਰਬਤ ਬਣਾ ਦਿੱਤਾ ਹੈ; ਤੁਹਾਡੇ ਵਰਗਾ ਹੋਰ ਕੋਈ ਦੂਜਾ ਗ਼ਰੀਬ ਨਿਵਾਜ਼ ਨਹੀਂ ਹੈ।

ਭੂਲ ਛਿਮੋ ਹਮਰੀ ਪ੍ਰਭੁ ਆਪੁ ਨ ਭੂਲਨਹਾਰ ਕਹੂੰ ਕੋਊ ਮੋ ਸੌ ॥

ਹੇ ਪ੍ਰਭੂ! ਤੁਸੀਂ ਮੇਰੀ ਭੁਲ ਮਾਫ਼ ਕਰ ਦਿਓ ਕਿਉਂਕਿ ਮੇਰੇ ਵਰਗਾ ਹੋਰ ਕੋਈ ਭੁਲਣਹਾਰ ਨਹੀਂ ਹੈ।

ਸੇਵ ਕਰੈ ਤੁਮਰੀ ਤਿਨ ਕੇ ਛਿਨ ਮੈ ਧਨ ਲਾਗਤ ਧਾਮ ਭਰੋਸੌ ॥

(ਜੋ) ਤੁਹਾਡੀ ਸੇਵਾ ਕਰਦਾ ਹੈ, ਉਨ੍ਹਾਂ ਦੇ ਛਿਣ ਭਰ ਵਿਚ ਧਨ ਨਾਲ ਘਰ ਭਰ ਦਿੰਦੇ ਹੋ।

ਯਾ ਕਲਿ ਮੈ ਸਭਿ ਕਲਿ ਕ੍ਰਿਪਾਨ ਕੀ ਭਾਰੀ ਭੁਜਾਨ ਕੋ ਭਾਰੀ ਭਰੋਸੌ ॥੪੭॥

ਇਸ ਕਲਿਯੁਗ ਵਿਚ ਕਾਲੀ ਦੀ ਕ੍ਰਿਪਾਨ ਅਤੇ (ਉਸ ਦੀਆਂ) ਭਾਰੀ ਭੁਜਾਵਾਂ ਦਾ ਵੱਡਾ ਭਰੋਸਾ ਹੈ ॥੪੭॥

ਖੰਡਿ ਅਖੰਡਨ ਖੰਡ ਕੈ ਚੰਡਿ ਸੁ ਮੁੰਡ ਰਹੇ ਛਿਤ ਮੰਡਲ ਮਾਹੀ ॥

ਨ ਖੰਡਿਤ ਕੀਤੇ ਜਾ ਸਕਣ ਵਾਲੇ (ਸੂਰਮਿਆਂ ਨੂੰ) ਮਾਰ ਕੇ ਚੰਡੀ ਨੇ (ਉਨ੍ਹਾਂ ਦੇ) ਸਿਰ ਯੁੱਧ-ਭੂਮੀ ਵਿਚ ਸੁਟ ਦਿੱਤੇ ਹਨ।

ਦੰਡਿ ਅਦੰਡਨ ਕੋ ਭੁਜਦੰਡਨ ਭਾਰੀ ਘਮੰਡ ਕਿਯੋ ਬਲ ਬਾਹੀ ॥

ਨਾ ਦੰਡੇ ਜਾ ਸਕਣ ਵਾਲਿਆਂ ਨੂੰ ਭੁਜ ਦੰਡਾਂ ਨਾਲ ਦੰਡਿਤ ਕੀਤਾ ਅਤੇ ਬਲਵਾਨਾਂ ਦਾ ਘਮੰਡ ਦੂਰ ਕੀਤਾ।

ਥਾਪਿ ਅਖੰਡਲ ਕੌ ਸੁਰ ਮੰਡਲ ਨਾਦ ਸੁਨਿਯੋ ਬ੍ਰਹਮੰਡ ਮਹਾ ਹੀ ॥

ਇੰਦਰ ('ਅਖੰਡਲ') ਨੂੰ ਸਵਰਗ ਵਿਚ ਸਥਾਪਿਤ ਕੀਤਾ (ਜਿਸ ਦੀ ਖ਼ੁਸ਼ੀ ਦਾ) ਨਾਦ ਬ੍ਰਹਮੰਡ ਵਿਚ ਸੁਣਿਆ ਗਿਆ।

ਕ੍ਰੂਰ ਕਵੰਡਲ ਕੋ ਰਨ ਮੰਡਲ ਤੋ ਸਮ ਸੂਰ ਕੋਊ ਕਹੂੰ ਨਾਹੀ ॥੪੮॥

(ਤੁਸੀਂ) ਯੁੱਧਭੂਮੀ ਵਿਚ ਕਠੋਰ ਧਨੁਸ਼ ਨੂੰ ਧਾਰਨ ਕਰਨ ਵਾਲੀ ਹੋ, ਤੁਹਾਡੇ ਵਰਗਾ ਸ਼ੂਰਵੀਰ ਹੋਰ ਕੋਈ ਨਹੀਂ ਹੈ ॥੪੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਚੰਡੀ ਚਰਿਤ੍ਰੇ ਪ੍ਰਥਮ ਧ੍ਯਾਇ ਸਮਾਪਤਮ ਸਤੁ ਸੁਭਮ ਸਤੁ ॥੧॥੪੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਚੰਡੀ ਚਰਿਤ੍ਰ ਦੇ ਪਹਿਲੇ ਅਧਿਆਇ ਦੀ ਸਮਾਪਤੀ, ਸਭ ਸ਼ੁਭ ਹੈ ॥੧॥੪੮॥ ਚਲਦਾ॥

ਦੋਹਰਾ ॥

ਦੋਹਰਾ:

ਚਿਤ੍ਰਵਤੀ ਨਗਰੀ ਬਿਖੈ ਚਿਤ੍ਰ ਸਿੰਘ ਨ੍ਰਿਪ ਏਕ ॥

ਚਿਤ੍ਰਵਤੀ ਨਾਂ ਦੀ ਨਗਰੀ ਵਿਚ ਚਿਤ੍ਰ ਸਿੰਘ ਨਾਂ ਦਾ ਇਕ ਰਾਜਾ ਸੀ।

ਤੇ ਕੇ ਗ੍ਰਿਹ ਸੰਪਤਿ ਘਨੀ ਰਥ ਗਜ ਬਾਜ ਅਨੇਕ ॥੧॥

ਉਸ ਦੇ ਘਰ ਬਹੁਤ ਧਨ-ਦੌਲਤ ਅਤੇ ਅਨੇਕ ਰਥ, ਹਾਥੀ, ਘੋੜੇ ਸਨ ॥੧॥

ਤਾ ਕੋ ਰੂਪ ਅਨੂਪ ਅਤਿ ਜੋ ਬਿਧਿ ਧਰਿਯੋ ਸੁਧਾਰਿ ॥

ਉਸ ਨੂੰ ਵਿਧਾਤਾ ਨੇ ਚੰਗੀ ਤਰ੍ਹਾਂ ਅਨੂਪਮ ਰੂਪ ਪ੍ਰਦਾਨ ਕੀਤਾ ਸੀ।

ਸੁਰੀ ਆਸੁਰੀ ਕਿੰਨ੍ਰਨੀ ਰੀਝਿ ਰਹਤ ਪੁਰ ਨਾਰਿ ॥੨॥

(ਉਸ ਉਤੇ) ਦੇਵ-ਪਤਨੀਆਂ, ਦੈਂਤ-ਪਤਨੀਆਂ ਅਤੇ ਕਿੰਨਰ-ਇਸਤਰੀਆਂ ਅਤੇ ਸ਼ਹਿਰਨਾਂ ਰੀਝ ਜਾਂਦੀਆਂ ਸਨ ॥੨॥

ਏਕ ਅਪਸਰਾ ਇੰਦ੍ਰ ਕੇ ਜਾਤ ਸਿੰਗਾਰ ਬਨਾਇ ॥

ਇਕ ਅਪੱਛਰਾ ਸ਼ਿੰਗਾਰ ਕਰ ਕੇ ਇੰਦਰ ਪਾਸ ਜਾ ਰਹੀ ਸੀ।

ਨਿਰਖ ਰਾਇ ਅਟਕਤਿ ਭਈ ਕੰਜ ਭਵਰ ਕੇ ਭਾਇ ॥੩॥

(ਉਸ) ਰਾਜੇ ਨੂੰ ਵੇਖ ਕੇ (ਅਪੱਛਰਾ) ਅਟਕ ਗਈ ਜਿਵੇਂ ਕਮਲ ਦੇ ਫੁੱਲ ਨੂੰ ਵੇਖ ਕੇ ਭੌਰਾ ਰੁਕ ਜਾਂਦਾ ਹੈ ॥੩॥

ਅੜਿਲ ॥

ਅੜਿਲ:

ਰਹੀ ਅਪਸਰਾ ਰੀਝਿ ਰੂਪ ਲਖਿ ਰਾਇ ਕੋ ॥

ਰਾਜੇ ਦੇ ਰੂਪ ਨੂੰ ਵੇਖ ਕੇ ਅਪੱਛਰਾ ਮੋਹਿਤ ਹੋ ਗਈ।

ਪਠੀ ਦੂਤਿਕਾ ਛਲ ਕਰਿ ਮਿਲਨ ਉਪਾਇ ਕੋ ॥

(ਉਸ ਨੂੰ) ਮਿਲਣ ਦੇ ਉਪਾ ਵਜੋਂ ਛਲ ਪੂਰਵਕ (ਆਪਣੀ) ਦੂਤੀ ਭੇਜੀ।

ਬਿਨੁ ਪ੍ਰੀਤਮ ਕੇ ਮਿਲੇ ਹਲਾਹਲ ਪੀਵਹੋ ॥

(ਉਸ ਨੇ ਦੂਤੀ ਦੁਆਰਾ ਕਹਿ ਭੇਜਿਆ ਕਿ) ਪ੍ਰੀਤਮ ਦੇ ਨਾ ਮਿਲਣ ਤੇ ਵਿਸ਼ ਪਾਨ ਕਰ ਲਵਾਂਗੀ।

ਹੋ ਮਾਰਿ ਕਟਾਰੀ ਮਰਿਹੋ ਘਰੀ ਨ ਜੀਵਹੋ ॥੪॥

ਜਾਂ ਕਟਾਰੀ ਮਾਰ ਕੇ ਮਰ ਜਾਵਾਂਗੀ ਅਤੇ ਇਕ ਘੜੀ ਵੀ ਨਹੀਂ ਜੀਵਾਂਗੀ ॥੪॥

ਦੋਹਰਾ ॥

ਦੋਹਰਾ:

ਤਾਹਿ ਦੂਤਿਕਾ ਰਾਇ ਸੋ ਭੇਦ ਕਹ੍ਯੋ ਸਮੁਝਾਇ ॥

ਉਸ ਦੂਤੀ ਨੇ ਰਾਜੇ ਨੂੰ (ਸਾਰਾ) ਭੇਦ ਕਹਿ ਕੇ ਸਮਝਾ ਦਿੱਤਾ।

ਬਰੀ ਰਾਇ ਸੁਖ ਪਾਇ ਮਨ ਦੁੰਦਭਿ ਢੋਲ ਬਜਾਇ ॥੫॥

ਰਾਜੇ ਨੇ (ਉਸ ਅਪੱਛਰਾ ਨੂੰ) ਵਰ ਲਿਆ ਅਤੇ ਢੋਲ ਅਤੇ ਨਗਾਰੇ ਵਜਾ ਕੇ ਮਨ ਵਿਚ ਸੁਖ ਪ੍ਰਾਪਤ ਕੀਤਾ ॥੫॥

ਏਕ ਪੁਤ੍ਰ ਤਾ ਤੇ ਭਯੋ ਅਮਿਤ ਰੂਪ ਕੀ ਖਾਨਿ ॥

ਉਸ (ਅਪੱਛਰਾ) ਤੋਂ ਇਕ ਪੁੱਤਰ ਪੈਦਾ ਹੋਇਆ ਜੋ ਬਹੁਤ ਅਧਿਕ ('ਅਮਿਤ') ਰੂਪ ਦੀ ਖਾਣ ਸੀ।

ਮਹਾ ਰੁਦ੍ਰ ਹੂੰ ਰਿਸਿ ਕਰੇ ਕਾਮਦੇਵ ਪਹਿਚਾਨਿ ॥੬॥

(ਉਸ ਨੂੰ) ਕਾਮ ਦੇਵ ਸਮਝ ਕੇ ਸ਼ਿਵ ਕ੍ਰੋਧਿਤ ਹੋ ਰਿਹਾ ਸੀ ॥੬॥

ਬਹੁਤ ਬਰਸਿ ਸੰਗ ਅਪਸਰਾ ਭੂਪਤਿ ਮਾਨੇ ਭੋਗ ॥

ਬਹੁਤ ਵਰ੍ਹਿਆਂ ਤਕ ਰਾਜੇ ਨੇ ਅਪੱਛਰਾ ਨਾਲ ਭੋਗ-ਵਿਲਾਸ ਕੀਤਾ।

ਬਹੁਰਿ ਅਪਸਰਾ ਇੰਦ੍ਰ ਕੇ ਜਾਤ ਭਈ ਉਡਿ ਲੋਗ ॥੭॥

ਫਿਰ ਅਪੱਛਰਾ ਉਡ ਕੇ ਇੰਦਰ ਲੋਕ ਨੂੰ ਚਲੀ ਗਈ ॥੭॥

ਤਿਹ ਬਿਨੁ ਭੂਤਤਿ ਦੁਖਿਤ ਹ੍ਵੈ ਮੰਤ੍ਰੀ ਲਏ ਬੁਲਾਇ ॥

ਉਸ ਤੋਂ ਬਿਨਾ ਰਾਜੇ ਨੇ ਦੁਖੀ ਹੋ ਕੇ ਮੰਤ੍ਰੀਆਂ ਨੂੰ ਬੁਲਾ ਲਿਆ

ਚਿਤ੍ਰ ਚਿਤ੍ਰਿ ਤਾ ਕੋ ਤੁਰਿਤ ਦੇਸਨ ਦਯੋ ਪਠਾਇ ॥੮॥

ਅਤੇ ਚਿਤਰਕਾਰ ਤੋਂ (ਅਪੱਛਰਾ ਦੇ) ਚਿਤਰ ਬਣਵਾ ਕੇ ਤੁਰਤ ਦੇਸਾਂ ਬਿਦੇਸਾਂ ਵਿਚ ਭਿਜਵਾ ਦਿੱਤੇ ॥੮॥


Flag Counter