ਸ੍ਰੀ ਰਾਮ ਦੀ ਰਸਨਾ ਤੋਂ ਉਹੀ ਕੁਝ ਨਿਕਲਦਾ ॥੮੩੯॥
(ਸ੍ਰੀ ਰਾਮ) ਨੇ ਰਾਵਣ ਵਰਗਿਆਂ ਨੂੰ ਰਣ ਵਿੱਚ ਲਲਕਾਰ ਕੇ ਮਾਰਿਆ
ਅਤੇ ਤਰ੍ਹਾਂ-ਤਰ੍ਹਾਂ ਨਾਲ ਸਾਰੇ ਸੇਵਕਾਂ ਨੂੰ ਤਾਰਿਆ।
ਲੰਕਾ (ਇਸ ਤਰ੍ਹਾਂ) ਦਿੱਤੀ ਮਾਨੋ ਟਕਾ ਦਿੱਤਾ ਹੋਵੇ।
ਜਗਤ ਵਿੱਚ (ਰਾਮ ਨੇ) ਇਸ ਤਰ੍ਹਾਂ ਦਾ ਰਾਜ ਕੀਤਾ ॥੮੪੦॥
ਦੋਹਰਾ ਛੰਦ
ਸ੍ਰੀ ਰਾਮ ਨੇ ਵੈਰੀਆਂ ਨੂੰ ਨਸ਼ਟ ਕਰਕੇ ਬਹੁਤ ਵਰ੍ਹਿਆਂ ਤਕ ਰਾਜ ਕੀਤਾ।
(ਫਿਰ) ਬ੍ਰਹਮਰੰਧ੍ਰ ਨੂੰ ਫੋੜ ਕੇ ਕੁਸ਼ਲਿਆ ਦਾ ਕਾਲ ਹੋ ਗਿਆ ॥੮੪੧॥
ਚੌਪਈ
ਜਿਸ ਤਰ੍ਹਾਂ ਨਾਲ ਮ੍ਰਿਤਕ ਦੇ ਸੰਸਕਾਰ ਹੁੰਦੇ ਹਨ,
ਉਸੇ ਤਰ੍ਹਾਂ ਹੀ ਵੇਦ ਰੀਤ ਅਨੁਸਾਰ ਕੀਤੇ ਗਏ।
ਜਿਸ ਘਰ ਵਿੱਚ ਰਾਮ ਵਰਗੇ ਸੁਪੱਤਰ ਪੈਦੇ ਹੋਏ ਹੋਣ,
ਉਸ ਨੂੰ ਕਿਸੇ ਤਰ੍ਹਾਂ ਦਾ ਕੋਈ ਤੋਟਾ ਨਹੀਂ ॥੮੪੨॥
(ਸ੍ਰੀ ਰਾਮ ਨੇ) ਬਹੁਤ ਤਰ੍ਹਾਂ ਨਾਲ ਮਾਤਾ ਦੀ ਸਦ-ਗਤਿ ਕੀਤੀ,
ਤਦ ਤਕ ਕੈਕਈ ਦਾ ਸਰੀਰ ਵੀ ਸ਼ਾਂਤ ਹੋ ਗਿਆ।
ਉਸ ਦੇ ਮਰਨ ਪਿਛੋਂ ਸੁਮਿਤ੍ਰਾ ਵੀ ਮਰ ਗਈ।
ਵੇਖੋ ਕਾਲ ਨੇ ਕਿਸ ਤਰ੍ਹਾਂ ਦੀ ਕ੍ਰਿਆ ਕੀਤੀ ਹੈ ॥੮੪੩॥
ਇਕ ਦਿਨ ਸੀਤਾ ਨੇ ਇਸਤਰੀਆਂ ਦੇ ਸਿਖਾਏ,
ਕੰਧ ਉਤੇ ਰਾਵਣ (ਦੀ ਸ਼ਕਲ) ਉਲੀਕ ਦਿੱਤੀ।
ਜਦ ਸ੍ਰੀ ਰਾਮ ਨੇ ਉਸ ਨੂੰ ਆ ਕੇ ਵੇਖਿਆ,
ਤਾਂ ਕੁਝ ਕ੍ਰੋਧ ਕਰਕੇ ਇਸ ਤਰ੍ਹਾਂ ਦੇ ਬਚਨ ਕਹੇ ॥੮੪੪॥
ਰਾਮ ਨੇ ਮਨ ਵਿੱਚ ਕਿਹਾ-
ਇਸ ਦਾ ਰਾਵਣ ਨਾਲ ਕੁਝ ਹਿੱਤ ਰਿਹਾ ਹੋਵੇਗਾ,
ਤਦ ਹੀ ਉਸ ਦਾ ਚਿੱਤਰ ਉਲੀਕ ਕੇ ਵੇਖਿਆ ਹੈ।
(ਇਸ) ਬਚਨ ਨੂੰ ਸੁਣਦਿਆਂ ਸੀਤਾ ਗੁੱਸੇ ਹੋ ਗਈ
(ਅਤੇ ਕਹਿਣ ਲੱਗੀ) ਹੇ ਸੁਆਮੀ ਜੀ! ਅਜੇ ਤਕ ਮੈਨੂੰ ਕਲੰਕ ਲਗਾਉਂਦੇ ਹੋ ॥੮੪੫॥
ਦੋਹਰਾ
(ਸੀਤਾ ਨੇ ਕਿਹਾ-) ਜੇ ਬਾਣੀ ਅਤੇ ਕਰਮ ਕਰਕੇ ਮੇਰੇ ਹਿਰਦੇ ਵਿੱਚ ਸ੍ਰੀ ਰਾਮ ਵਸਦੇ ਹਨ
ਤਾਂ ਹੇ ਧਰਤੀ (ਮਾਤਾ! ਤੂੰ) ਮੈਨੂੰ ਰਸਤਾ ਦੇ ਅਤੇ ਮੈਨੂੰ ਸਮੇਟ ਲੈ ॥੮੪੬॥
ਚੌਪਈ
(ਸੀਤਾ ਦੇ) ਬਚਨ ਸੁਣਦਿਆਂ ਧਰਤੀ ਫਟ ਗਈ
ਅਤੇ ਸੀਤਾ ਉਸ ਵਿੱਚ ਸਮਾ ਗਈ।
(ਇਹ ਕੌਤਕ) ਵੇਖ ਕੇ ਸ੍ਰੀ ਰਾਮ ਹੈਰਾਨ ਹੋ ਗਏ
ਅਤੇ ਰਾਜ ਕਰਨ ਦੀ ਆਸ ਖ਼ਤਮ ਕਰ ਦਿੱਤੀ ॥੮੪੭॥
ਦੋਹਰਾ
ਇਹ ਜਗਤ ਧੂੰਏਂ ਦੇ ਮਹੱਲ ਵਰਗਾ ਹੈ, (ਦੱਸੋ) ਕਿਸ ਦੇ ਕੰਮ ਆਇਆ ਹੈ?
ਸ੍ਰੀ ਰਾਮ ਤੋਂ ਬਿਨਾਂ ਸੀਤਾ ਨਹੀਂ ਜੀ ਸਕਦੀ ਅਤੇ ਸੀਤਾ ਤੋਂ ਬਿਨਾਂ ਰਾਮ ਨਹੀਂ ਜੀ ਸਕਣਗੇ ॥੮੪੮॥
ਚੌਪਈ
(ਸ੍ਰੀ ਰਾਮ ਨੇ ਕਿਹਾ-) ਹੇ ਲੱਛਮਣ! ਤੂੰ ਦਰਵਾਜ਼ੇ ਉਤੇ ਬੈਠ,
ਕੋਈ ਵੀ ਅੰਦਰ ਨਾ ਆਵੇ।
ਮਹੱਲ ਦੇ ਅੰਦਰ ਆਪ ਜੀ ਨੇ ਚਰਨ ਧਰਿਆ
ਅਤੇ ਦੇਹ ਨੂੰ ਸੰਸਾਰ ਵਿੱਚ ਛੱਡ ਕੇ (ਆਪ) 'ਮ੍ਰਿਤ ਲੋਕ' ਨੂੰ ਚਲੇ ਗਏ ॥੮੪੯॥
ਦੋਹਰਾ
ਜਿਸ ਤਰ੍ਹਾਂ ਰਾਜਾ ਅਜ ਨੇ ਇੰਦਰਮਤੀ ਲਈ ਘਰ ਨੂੰ ਛੱਡ ਕੇ ਯੋਗ ਧਾਰ ਲਿਆ ਸੀ,
ਉਸੇ ਤਰ੍ਹਾਂ ਸ੍ਰੀ ਰਾਮ ਨੇ ਵੀ ਸ੍ਰੀ ਸੀਤਾ ਦੇ ਵਿਯੋਗ ਵਿੱਚ ਸਰੀਰ ਨੂੰ ਤਿਆਗ ਦਿੱਤਾ ॥੮੫੦॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਸੀਤਾ ਲਈ ਮ੍ਰਿਤ ਲੋਕ ਨੂੰ ਗਏ ਅਧਿਆਇ ਦੀ ਸਮਾਪਤੀ।
ਹੁਣ ਤਿੰਨਾਂ ਭਰਾਵਾਂ ਦਾ ਇਸਤਰੀਆਂ ਸਹਿਤ ਮਰਨ ਦਾ ਕਥਨ
ਚੌਪਈ