ਸ਼੍ਰੀ ਦਸਮ ਗ੍ਰੰਥ

ਅੰਗ - 383


ਰੋਦਨ ਕੈ ਸਭ ਗ੍ਵਾਰਨੀਯਾ ਮਿਲਿ ਐਸੇ ਕਹਿਯੋ ਅਤਿ ਹੋਇ ਬਿਚਾਰੀ ॥

ਸਾਰੀਆਂ ਗੋਪੀਆਂ ਮਿਲ ਕੇ ਰੋਂਦੀਆਂ ਹਨ ਅਤੇ ਬਹੁਤ ਆਜਿਜ਼ ਹੋ ਕੇ ਇਸ ਤਰ੍ਹਾਂ ਕਹਿੰਦੀਆਂ ਹਨ।

ਤ੍ਯਾਗਿ ਬ੍ਰਿਜੈ ਮਥੁਰਾ ਮੈ ਗਏ ਤਜਿ ਨੇਹ ਅਨੇਹ ਕੀ ਬਾਤ ਬਿਚਾਰੀ ॥

ਬ੍ਰਜ ਨੂੰ ਛਡ ਕੇ ਮਥੁਰਾ ਵਿਚ ਚਲੇ ਗਏ ਹਨ ਅਤੇ ਮੋਹ ਦੀ ਗੱਲ ਛਡ ਕੇ ਨਿਰਮੋਹ ਨੂੰ ਵਿਚਾਰ ਲਿਆ (ਅਰਥਾਤ ਨਿਰਮੋਹੀ ਹੋ ਗਏ)।

ਏਕ ਗਿਰੈ ਧਰਿ ਯੌ ਕਹਿ ਕੈ ਇਕ ਐਸੇ ਸੰਭਾਰਿ ਕਹੈ ਬ੍ਰਿਜਨਾਰੀ ॥

ਇਕ (ਗੋਪੀ) ਇਸ ਤਰ੍ਹਾਂ ਕਹਿ ਕੇ ਧਰਤੀ ਉਤੇ ਡਿਗ ਪਈ ਹੈ ਅਤੇ ਇਕ ਬ੍ਰਜ-ਨਾਰੀ ਸੰਭਲ ਕੇ ਇਸ ਤਰ੍ਹਾਂ ਕਹਿ ਰਹੀ ਹੈ।

ਰੀ ਸਜਨੀ ਸੁਨੀਯੋ ਬਤੀਯਾ ਬ੍ਰਿਜ ਨਾਰਿ ਸਭੈ ਬ੍ਰਿਜਨਾਥਿ ਬਿਸਾਰੀ ॥੮੬੫॥

ਹੇ ਸਜਨੀ! ਗੱਲ ਸੁਣ, ਸਾਰੀਆਂ ਬ੍ਰਜ-ਨਾਰੀਆਂ ਨੂੰ ਸ੍ਰੀ ਕ੍ਰਿਸ਼ਨ ਨੇ ਭੁਲਾ ਦਿੱਤਾ ਹੈ ॥੮੬੫॥

ਆਖਨਿ ਆਗਹਿ ਠਾਢਿ ਲਗੈ ਸਖੀ ਦੇਤ ਨਹੀ ਕਿ ਹੇਤ ਦਿਖਾਈ ॥

ਹੇ ਸਖੀ! (ਕ੍ਰਿਸ਼ਨ) ਅੱਖੀਆਂ ਦੇ ਸਾਹਮਣੇ ਖੜੋਤਾ ਪ੍ਰਤੀਤ ਹੁੰਦਾ ਹੈ, ਪਰ ਕਿਸ ਲਈ ਵਿਖਾਲੀ ਨਹੀਂ ਦਿੰਦਾ।

ਜਾ ਸੰਗਿ ਕੇਲ ਕਰੇ ਬਨ ਮੈ ਤਿਹ ਤੇ ਅਤਿ ਹੀ ਜੀਯ ਮੈ ਦੁਚਿਤਾਈ ॥

ਜਿਸ ਨਾਲ (ਅਸੀਂ) ਬਨ ਵਿਚ ਕੇਲ-ਕ੍ਰੀੜਾ ਕਰਦੀਆਂ ਸਾਂ, ਉਸ ਦੇ ਦਿਲ ਵਿਚ ਇਤਨੀ ਜ਼ਿਆਦਾ 'ਦੁਚਿਤਾਈ' (ਕਿਉਂ ਹੋ ਗਈ ਹੈ)।

ਹੇਤੁ ਤਜਿਯੋ ਬ੍ਰਿਜ ਬਾਸਨ ਸੋ ਨ ਸੰਦੇਸ ਪਠਿਯੋ ਜੀਯ ਕੈ ਸੁ ਢਿਠਾਈ ॥

(ਉਸ ਨੇ) ਬ੍ਰਜ-ਵਾਸੀਆਂ ਨਾਲ ਪ੍ਰੇਮ ਛਡ ਦਿੱਤਾ ਹੈ ਅਤੇ ਕੋਈ ਸੁਨੇਹਾ ਨਹੀਂ ਭੇਜਿਆ, (ਉਸ ਦੇ) ਦਿਲ ਵਿਚ ਇਤਨੀ ਢੀਠਤਾਈ (ਕਿਉਂ) ਹੈ।

ਤਾਹੀ ਕੀ ਓਰਿ ਨਿਹਾਰਤ ਹੈ ਪਿਖੀਯੈ ਨਹੀ ਸ੍ਯਾਮ ਹਹਾ ਮੋਰੀ ਮਾਈ ॥੮੬੬॥

(ਅਸੀਂ) ਉਸੇ ਵਲ ਵੇਖਦੀਆਂ ਹਾਂ, ਪਰ ਸ਼ਿਆਮ ਦਿਖਦਾ ਨਹੀਂ, ਹਾਇ ਨੀ ਮੇਰੀ ਮਾਂ ॥੮੬੬॥

ਬਾਰਹਮਾਹ ॥

ਬਾਰਹਮਾਹ:

ਸਵੈਯਾ ॥

ਸਵੈਯਾ:

ਫਾਗੁਨ ਮੈ ਸਖੀ ਡਾਰਿ ਗੁਲਾਲ ਸਭੈ ਹਰਿ ਸਿਉ ਬਨ ਬੀਚ ਰਮੈ ॥

ਹੇ ਸਖੀ! ਫਗਣ (ਦੇ ਮਹੀਨੇ) ਵਿਚ (ਅਸੀਂ) ਸਾਰੀਆਂ ਗੁਲਾਲ ਸੁਟਦੀਆਂ ਹੋਈਆਂ ਕ੍ਰਿਸ਼ਨ ਨਾਲ ਬਨ ਵਿਚ ਰਮਣ ਕਰਦੀਆਂ ਸਾਂ।

ਪਿਚਕਾਰਨ ਲੈ ਕਰਿ ਗਾਵਤਿ ਗੀਤ ਸਭੈ ਮਿਲਿ ਗ੍ਵਾਰਨਿ ਤਉਨ ਸਮੈ ॥

ਉਸ ਵੇਲੇ ਸਾਰੀਆਂ ਗੋਪੀਆਂ ਹੱਥਾਂ ਵਿਚ ਪਿਚਕਾਰੀਆਂ ਲੈ ਕੇ ਗੀਤ ਗਾਉਂਦੀਆਂ ਸਨ।

ਅਤਿ ਸੁੰਦਰ ਕੁੰਜ ਗਲੀਨ ਕੇ ਬੀਚ ਕਿਧੌ ਮਨ ਕੇ ਕਰਿ ਦੂਰ ਗਮੈ ॥

ਅਤਿ ਸੁੰਦਰ ਕੁੰਜ-ਗਲੀਆਂ ਵਿਚ ਮਨ ਦੇ ਗ਼ਮ ਦੂਰ ਕਰ ਦਿੱਤੇ ਸਨ।

ਅਰੁ ਤ੍ਯਾਗਿ ਤਮੈ ਸਭ ਧਾਮਨ ਕੀ ਇਹ ਸੁੰਦਰਿ ਸ੍ਯਾਮ ਕੀ ਮਾਨਿ ਤਮੈ ॥੮੬੭॥

ਘਰਾਂ ਦੀ ਸਾਰੀ ਇੱਛਾ ਛਡ ਦਿੱਤੀ ਸੀ ਅਤੇ (ਕੇਵਲ) ਸੁੰਦਰ ਸ਼ਿਆਮ ਦੀ ਇੱਛਾ ਮਨ ਵਿਚ ਵਸੀ ਹੋਈ ਹੈ ॥੮੬੭॥

ਫੂਲਿ ਸੀ ਗ੍ਵਾਰਨਿ ਫੂਲਿ ਰਹੀ ਪਟ ਰੰਗਨ ਕੇ ਫੁਨਿ ਫੂਲ ਲੀਏ ॥

ਫੁਲ ਵਰਗੀ ਗੋਪੀ ਫੁਲ ਵਾਂਗ ਖਿੜ ਰਹੀ ਹੈ ਅਤੇ ਫਿਰ ਬਸਤ੍ਰਾਂ ਦੇ ਰੰਗ ਦੇ ਹੀ ਫੁਲ ਲਏ ਹੋਏ ਹਨ।

ਇਕ ਸ੍ਯਾਮ ਸੀਗਾਰ ਸੁ ਗਾਵਤ ਹੈ ਪੁਨਿ ਕੋਕਿਲਕਾ ਸਮ ਹੋਤ ਜੀਏ ॥

ਇਕ ਸ਼ਿਆਮ ਦੇ ਸ਼ਿੰਗਾਰ ਨੂੰ ਗਾਉਂਦੀ ਹੈ ਅਤੇ ਫਿਰ ਕੋਇਲ ਵਾਂਗ (ਗਾ ਕੇ) ਮਨ ਵਿਚ ਪ੍ਰਸੰਨ ਹੁੰਦੀ ਹੈ।

ਰਿਤੁ ਨਾਮਹਿ ਸ੍ਯਾਮ ਭਯੋ ਸਜਨੀ ਤਿਹ ਤੇ ਸਭ ਛਾਜ ਸੁ ਸਾਜ ਦੀਏ ॥

ਹੇ ਸਜਨੀ! ਬਸੰਤ ('ਰਿਤ') ਦਾ ਨਾਂ 'ਸ਼ਆਮ' ਹੋ ਗਿਆ ਹੈ, ਇਸ ਲਈ ਸਾਰੀਆਂ ਨੇ ਸੁੰਦਰ ਸ਼ਿੰਗਾਰ ਕਰ ਲਿਆ ਹੈ।

ਪਿਖਿ ਜਾ ਚਤੁਰਾਨਨ ਚਉਕਿ ਰਹੈ ਜਿਹ ਦੇਖਤ ਹੋਤ ਹੁਲਾਸ ਹੀਏ ॥੮੬੮॥

ਜਿਸ ਨੂੰ ਵੇਖ ਕੇ ਬ੍ਰਹਮਾ ('ਚਤੁਰਾਨਨ') ਚੌਂਕ ਗਿਆ ਹੈ ਅਤੇ ਜਿਸ ਨੂੰ ਵੇਖ ਕੇ ਹਿਰਦੇ ਵਿਚ ਹੁਲਾਸ ਹੁੰਦਾ ਹੈ ॥੮੬੮॥

ਏਕ ਸਮੈ ਰਹੈ ਕਿੰਸੁਕ ਫੂਲਿ ਸਖੀ ਤਹ ਪਉਨ ਬਹੈ ਸੁਖਦਾਈ ॥

ਹੇ ਸਖੀ! ਇਕ ਸਮੇਂ ਕੇਸੂ ਫੁਲ ਰਹੇ ਸਨ ਅਤੇ ਸੁਦਖਾਇਕ ਹਵਾ ਚਲ ਰਹੀ ਸੀ।

ਭਉਰ ਗੁੰਜਾਰਤ ਹੈ ਇਤ ਤੇ ਉਤ ਤੇ ਮੁਰਲੀ ਨੰਦ ਲਾਲ ਬਜਾਈ ॥

ਇਧਰ ਭੌਰੇ ਗੁੰਜਾਰ ਕਰ ਰਹੇ ਸਨ ਅਤੇ ਉਧਰ ਕ੍ਰਿਸ਼ਨ ਨੇ ਮੁਰਲੀ ਵਜਾ ਦਿੱਤੀ।

ਰੀਝਿ ਰਹਿਯੋ ਸੁਨਿ ਕੈ ਸੁਰ ਮੰਡਲ ਤਾ ਛਬਿ ਕੋ ਬਰਨਿਯੋ ਨਹੀ ਜਾਈ ॥

(ਮੁਰਲੀ ਦੀ) ਧੁਨ ਨੂੰ ਸੁਣ ਕੇ ਦੇਵ-ਮੰਡਲ ਪ੍ਰਸੰਨ ਹੋ ਰਿਹਾ ਸੀ, ਉਸ ਵੇਲੇ ਦੀ ਛਬੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੬੯॥

ਉਸ ਵੇਲੇ ਬਸੰਤ ('ਰਿਤੁ') ਸੁਖਦਾਇਕ ਸੀ, ਪਰ ਹੁਣ ਦੁਖਦਾਇਕ ਬਣੀ ਹੋਈ ਹੈ ॥੮੬੯॥

ਜੇਠ ਸਮੈ ਸਖੀ ਤੀਰ ਨਦੀ ਹਮ ਖੇਲਤ ਚਿਤਿ ਹੁਲਾਸ ਬਢਾਈ ॥

ਹੇ ਸਖੀ, ਜੇਠ ਦੇ ਮਹੀਨੇ ਵਿਚ ਅਸੀਂ ਨਦੀ ਦੇ ਕੰਢੇ ਚਿਤ ਵਿਚ ਹੁਲਾਸ ਵਧਾ ਕੇ ਖੇਡਦੀਆਂ ਸਾਂ।

ਚੰਦਨ ਸੋ ਤਨ ਲੀਪ ਸਭੈ ਸੁ ਗੁਲਾਬਹਿ ਸੋ ਧਰਨੀ ਛਿਰਕਾਈ ॥

ਚੰਦਨ (ਦੇ ਲੇਪ) ਨਾਲ ਸਾਰੇ ਤਨ ਨੂੰ ਲੇਪ ਦੇ ਗੁਲਾਬ (ਦੇ ਜਲ ਨਾਲ) ਧਰਤੀ ਉਤੇ ਛਿੜਕਾਓ ਕੀਤਾ ਹੁੰਦਾ ਸੀ।

ਲਾਇ ਸੁਗੰਧ ਭਲੀ ਕਪਰਿਯੋ ਪਰ ਤਾ ਕੀ ਪ੍ਰਭਾ ਬਰਨੀ ਨਹੀ ਜਾਈ ॥

ਕਪੜਿਆਂ ਉਤੇ ਚੰਗੀ ਸੁਗੰਧੀ ਲਗਾਈ ਹੁੰਦੀ ਸੀ, ਜਿਸ ਦੀ ਸੁੰਦਰਤਾ ਦਾ ਕਥਨ ਨਹੀਂ ਕੀਤਾ ਜਾ ਸਕਦਾ।

ਤਉਨ ਸਮੈ ਸੁਖਦਾਇਕ ਥੀ ਇਹ ਅਉਸਰ ਸ੍ਯਾਮ ਬਿਨਾ ਦੁਖਦਾਈ ॥੮੭੦॥

ਉਸ ਵੇਲੇ (ਇਹ ਰੁਤ) ਸੁਖਦਾਇਕ ਸੀ, ਪਰ ਸ਼ਿਆਮ ਤੋਂ ਬਿਨਾ ਇਸ ਮੌਕੇ ਤੇ ਦੁਖਦਾਈ ਹੋ ਰਹੀ ਹੈ ॥੮੭੦॥

ਪਉਨ ਪ੍ਰਚੰਡ ਚਲੈ ਜਿਹ ਅਉਸਰ ਅਉਰ ਬਘੂਲਨ ਧੂਰਿ ਉਡਾਈ ॥

ਜਿਸ ਵੇਲੇ ਪ੍ਰਚੰਡ ਹਵਾ ਚਲਦੀ ਸੀ ਅਤੇ ਵਾ-ਵਰੋਲੇ ਮਿੱਟੀ ਉਡਾਉਂਦੇ ਸਨ।

ਧੂਪ ਲਗੈ ਜਿਹ ਮਾਸ ਬੁਰੀ ਸੁ ਲਗੈ ਸੁਖਦਾਇਕ ਸੀਤਲ ਜਾਈ ॥

ਜਿਸ ਮਹੀਨੇ ਵਿਚ ਧੁਪ ਮਾੜੀ ਲਗਦੀ ਸੀ ਅਤੇ ਠੰਡੀ ਥਾਂ ਸੁਖਦਾਇਕ ਲਗਦੀ ਸੀ।

ਸ੍ਯਾਮ ਕੇ ਸੰਗ ਸਭੈ ਹਮ ਖੇਲਤ ਸੀਤਲ ਪਾਟਕ ਕਾਬਿ ਛਟਾਈ ॥

ਅਸੀਂ ਸਾਰੀਆਂ ਸ਼ਿਆਮ ਨਾਲ ਠੰਡੀਆਂ ਚਿਟਾਈਆਂ ਵਿਛਾ ਕੇ ਖੇਡਦੀਆਂ ਸਾਂ (ਅਰਥਾਂਤਰ ਠੰਡੇ ਪਾਣੀ ਦੇ ਛਿੱਟੇ ਪਾਉਂਦੀਆਂ ਸਾਂ)।

ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੧॥

ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, ਪਰ ਇਸ ਵੇਲੇ (ਉਹ) ਦੁਖਦਾਇਕ ਹੋ ਗਈ ਹੈ ॥੮੭੧॥

ਜੋਰਿ ਘਟਾ ਘਟ ਆਏ ਜਹਾ ਸਖੀ ਬੂੰਦਨ ਮੇਘ ਭਲੀ ਛਬਿ ਪਾਈ ॥

ਹੇ ਸਖੀ! ਜਿਥੇ ਘਟਾਵਾਂ ਬੰਨ੍ਹ ਕੇ ਬਦਲ ਆਉਂਦੇ ਸਨ, ਅਤੇ ਬਦਲਾਂ ਵਿਚ ਬੂੰਦਾਂ ਬਹੁਤ ਛਬੀ ਪਾਉਂਦੀਆਂ ਸਨ।

ਬੋਲਤ ਚਾਤ੍ਰਿਕ ਦਾਦਰ ਅਉ ਘਨ ਮੋਰਨ ਪੈ ਘਨਘੋਰ ਲਗਾਈ ॥

(ਉਸ ਵੇਲੇ) ਚਾਤ੍ਰਿਕ, ਡੱਡੂ ਅਤੇ ਬਦਲ ਬੋਲਦੇ ਸਨ ਅਤੇ ਮੋਰਾਂ ਨੇ ਵੀ (ਆਪਣੀ) ਘੋਰ ਕੂਕ ਮਚਾਈ ਹੋਈ ਸੀ।

ਤਾਹਿ ਸਮੈ ਹਮ ਕਾਨਰ ਕੇ ਸੰਗਿ ਖੇਲਤ ਥੀ ਅਤਿ ਪ੍ਰੇਮ ਬਢਾਈ ॥

ਉਸ ਵੇਲੇ ਅਸੀਂ ਕਾਨ੍ਹ ਨਾਲ ਅਤਿ ਪ੍ਰੇਮ ਵਧਾ ਕੇ ਖੇਡਦੀਆਂ ਸਾਂ।

ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੨॥

ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, (ਪਰ) ਇਸ ਮੌਕੇ ਤੇ ਇਹ ਦੁਖਦਾਇਕ ਹੋ ਗਈ ਹੈ ॥੮੭੨॥

ਮੇਘ ਪਰੈ ਕਬਹੂੰ ਉਘਰੈ ਸਖੀ ਛਾਇ ਲਗੈ ਦ੍ਰੁਮ ਕੀ ਸੁਖਦਾਈ ॥

ਹੇ ਸਖੀ! (ਭਾਦਰੋਂ ਦੇ ਮਹੀਨੇ ਵਿਚ) ਕਦੇ ਮੀਂਹ ਪੈਂਦਾ ਸੀ ਅਤੇ ਕਦੇ ਉਘੜ (ਖਰਾ ਹੋ) ਜਾਂਦਾ ਸੀ ਅਤੇ ਬ੍ਰਿਛਾਂ ਦੀ ਛਾਂ ਚੰਗੀ ਲਗਦੀ ਸੀ।

ਸ੍ਯਾਮ ਕੇ ਸੰਗਿ ਫਿਰੈ ਸਜਨੀ ਰੰਗ ਫੂਲਨ ਕੇ ਹਮ ਬਸਤ੍ਰ ਬਨਾਈ ॥

ਹੇ ਸਜਨੀ! (ਅਸੀਂ) ਸ਼ਿਆਮ ਨਾਲ ਫਿਰਦੀਆਂ ਸਾਂ ਅਤੇ ਫੁਲਾਂ ਦੇ ਰੰਗ ਦੇ ਬਸਤ੍ਰ ਬਣਾਏ ਹੁੰਦੇ ਸਨ।

ਖੇਲਤ ਕ੍ਰੀੜ ਕਰੈ ਰਸ ਕੀ ਇਹ ਅਉਸਰ ਕਉ ਬਰਨਿਯੋ ਨਹੀ ਜਾਈ ॥

(ਕ੍ਰਿਸ਼ਨ ਨਾਲ) ਖੇਡਣ ਵੇਲੇ (ਪ੍ਰੇਮ) ਰਸ ਦੀ ਕ੍ਰੀੜਾ ਕਰਦੀਆਂ ਸਾਂ, ਉਸ ਅਵਸਰ ਦਾ ਵਰਣਨ ਨਹੀਂ ਕੀਤਾ ਜਾ ਸਕਦਾ ਸੀ।

ਸ੍ਯਾਮ ਸਨੈ ਸੁਖਦਾਇਕ ਥੀ ਰਿਤ ਸ੍ਯਾਮ ਬਿਨਾ ਅਤਿ ਭੀ ਦੁਖਦਾਈ ॥੮੭੩॥

ਸ਼ਿਆਮ ਨਾਲ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ ਬਹੁਤ ਦੁਖਦਾਇਕ ਹੋ ਗਈ ਹੈ ॥੮੭੩॥

ਮਾਸ ਅਸੂ ਹਮ ਕਾਨਰ ਕੇ ਸੰਗਿ ਖੇਲਤ ਚਿਤਿ ਹੁਲਾਸ ਬਢਾਈ ॥

ਅਸੂ ਦੇ ਮਹੀਨੇ ਵਿਚ ਅਸੀਂ ਚਿਤ ਵਿਚ ਹੁਲਾਸ ਵਧਾ ਕੇ ਕ੍ਰਿਸ਼ਨ ਨਾਲ ਖੇਡਦੀਆਂ ਹੁੰਦੀਆਂ ਸਾਂ।

ਕਾਨ੍ਰਹ ਤਹਾ ਪੁਨਿ ਗਾਵਤ ਥੋ ਅਤਿ ਸੁੰਦਰ ਰਾਗਨ ਤਾਨ ਬਸਾਈ ॥

ਫਿਰ ਉਥੇ ਕਾਨ੍ਹ ਗਾਉਂਦਾ ਹੁੰਦਾ ਸੀ ਅਤੇ ਰਾਗਾਂ ਦੀਆਂ ਸੁੰਦਰ ਤਾਨਾਂ ਕਢਦਾ ਹੁੰਦਾ ਸੀ।

ਗਾਵਤ ਥੀ ਹਮ ਹੂੰ ਸੰਗ ਤਾਹੀ ਕੇ ਤਾ ਛਬਿ ਕੋ ਬਰਨਿਯੋ ਨਹੀ ਜਾਈ ॥

ਅਸੀਂ ਵੀ ਉਸ ਨਾਲ ਗਾਉਂਦੀਆਂ ਹੁੰਦੀਆਂ ਸਾਂ, ਉਸ (ਮੌਕੇ ਦੀ) ਸੁੰਦਰਤਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।

ਤਾ ਸੰਗ ਮੈ ਸੁਖਦਾਇਕ ਥੀ ਰਿਤੁ ਸ੍ਯਾਮ ਬਿਨਾ ਅਬ ਭੀ ਦੁਖਦਾਈ ॥੮੭੪॥

ਉਸ (ਕ੍ਰਿਸ਼ਨ) ਦੇ ਸੰਗ ਵਿਚ (ਇਹ) ਰੁਤ ਸੁਖਦਾਇਕ ਸੀ, (ਪਰ) ਸ਼ਿਆਮ ਤੋਂ ਬਿਨਾ ਹੁਣ ਦੁਖਦਾਇਕ ਹੋ ਗਈ ਹੈ ॥੮੭੪॥

ਕਾਤਿਕ ਕੀ ਸਖੀ ਰਾਸਿ ਬਿਖੈ ਰਤਿ ਖੇਲਤ ਥੀ ਹਰਿ ਸੋ ਚਿਤੁ ਲਾਈ ॥

ਹੇ ਸਖੀ! ਕਤਕ (ਦੇ ਮਹੀਨੇ) ਦੀ ਰਾਸ ਵਿਚ (ਅਸੀਂ) ਸ੍ਰੀ ਕ੍ਰਿਸ਼ਨ ਨਾਲ ਚਿਤ ਲਾ ਕੇ ਰਤਿ-ਕ੍ਰੀੜਾ ਕਰਦੀਆਂ ਹੁੰਦੀਆਂ ਸਾਂ।

ਸੇਤਹਿ ਗ੍ਵਾਰਨਿ ਕੇ ਪਟ ਛਾਜਤ ਸੇਤ ਨਦੀ ਤਹ ਧਾਰ ਬਹਾਈ ॥

ਗੋਪੀਆਂ ਦੇ ਸਫ਼ੈਦ ਬਸਤ੍ਰ ਫਬਦੇ ਸਨ ਅਤੇ ਉਥੇ ਨਦੀ ਦੀ ਸਵੱਛ ਧਾਰਾ ਚਲਦੀ ਸੀ।

ਭੂਖਨ ਸੇਤਹਿ ਗੋਪਨਿ ਕੇ ਅਰੁ ਮੋਤਿਨ ਹਾਰ ਭਲੀ ਛਬਿ ਪਾਈ ॥

ਗੋਪੀਆਂ ਦੇ ਗਹਿਣੇ ਵੀ ਸਫ਼ੈਦ ਹੁੰਦੇ ਸਨ ਅਤੇ ਮੋਤੀਆਂ ਦੇ ਹਾਰ ਵੀ ਬਹੁਤ ਛਬੀ ਪਾਉਂਦੇ ਸਨ।

ਤਉਨ ਸਮੈ ਸੁਖਦਾਇਕ ਥੀ ਰਿਤੁ ਅਉਸਰ ਯਾਹਿ ਭਈ ਦੁਖਦਾਈ ॥੮੭੫॥

ਉਸ ਵੇਲੇ (ਇਹ) ਰੁਤ ਸੁਖਦਾਇਕ ਸੀ, (ਪਰ) ਇਸ ਅਵਸਰ ਤੇ ਦੁਖਦਾਇਕ ਹੋ ਗਈ ਹੈ ॥੮੭੫॥

ਮਘ੍ਰ ਸਮੈ ਸਬ ਸ੍ਯਾਮ ਕੇ ਸੰਗਿ ਹੁਇ ਖੇਲਤ ਥੀ ਮਨਿ ਆਨੰਦ ਪਾਈ ॥

ਮਘਰ (ਦੇ ਮਹੀਨੇ) ਸਾਰੀਆਂ ਸ਼ਿਆਮ ਨਾਲ ਖੇਡਦੀਆਂ ਸਨ ਅਤੇ ਮਨ ਵਿਚ ਪ੍ਰਸੰਨ ਹੁੰਦੀਆਂ ਸਨ।

ਸੀਤ ਲਗੈ ਤਬ ਦੂਰ ਕਰੈ ਹਮ ਸ੍ਯਾਮ ਕੇ ਅੰਗ ਸੋ ਅੰਗ ਮਿਲਾਈ ॥

(ਜਦੋ) ਠੰਡ ਲਗਦੀ ਸੀ, ਤਦੋਂ ਅਸੀਂ ਸ਼ਿਆਮ ਦੇ ਸ਼ਰੀਰ ਨਾਲ ਸ਼ਰੀਰ ਮਿਲਾ ਕੇ (ਸਰਦੀ ਨੂੰ) ਦੂਰ ਕਰ ਦਿੰਦੀਆਂ ਸਾਂ।


Flag Counter