ਸ਼੍ਰੀ ਦਸਮ ਗ੍ਰੰਥ

ਅੰਗ - 678


ਜਟੇ ਦੰਡ ਮੁੰਡੀ ਤਪੀ ਬ੍ਰਹਮਚਾਰੀ ॥

ਜਟਾਧਾਰੀ, ਦੰਡਧਾਰੀ, ਸਿਰ ਮੁੰਨੇ, ਤਪਸਵੀ ਅਤੇ ਬ੍ਰਹਮਚਾਰੀ,

ਸਧੀ ਸ੍ਰਾਵਗੀ ਬੇਦ ਬਿਦਿਆ ਬਿਚਾਰੀ ॥੨੮॥

ਬੁਧੀਮਾਨ, ਸ੍ਰਾਵਗੀ (ਜੈਨੀ) ਸਭ ਨੂੰ ਵੇਦ ਵਿਦਿਆ ਦੇ ਵਿਚਾਰਨ ਲਈ (ਸਦ ਲਿਆ) ॥੨੮॥

ਹਕਾਰੇ ਸਬੈ ਦੇਸ ਦੇਸਾ ਨਰੇਸੰ ॥

ਸਾਰੇ ਦੇਸਾਂ ਦੇਸਾਂਤਰਾਂ ਦੇ ਰਾਜੇ ਅਤੇ ਸਾਰੇ

ਬੁਲਾਏ ਸਬੈ ਮੋਨ ਮਾਨੀ ਸੁ ਬੇਸੰ ॥

ਮੋਨੀ, ਮਾਨੀ ਅਤੇ ਭੇਖਧਾਰੀ ਬੁਲਾ ਲਏ।

ਜਟਾ ਧਾਰ ਜੇਤੇ ਕਹੂੰ ਦੇਖ ਪਈਯੈ ॥

ਜਿਥੇ ਵੀ ਜਿਤਨੇ ਜਟਾਧਾਰੀ ਵੇਖ ਲਏ,

ਬੁਲਾਵੈ ਤਿਸੈ ਨਾਥ ਭਾਖੈ ਬੁਲਈਯੈ ॥੨੯॥

ਉਨ੍ਹਾਂ ਨੂੰ ਬੁਲਾ ਲਿਆ ਕਿ (ਪਾਰਸ) ਨਾਥ ਤੁਹਾਨੂੰ ਬੁਲਾਉਂਦਾ ਹੈ ॥੨੯॥

ਫਿਰੇ ਸਰਬ ਦੇਸੰ ਨਰੇਸੰ ਬੁਲਾਵੈ ॥

ਦੇਸਾਂ ਦੇਸਾਂਤਰਾਂ ਦੇ ਰਾਜਿਆਂ ਨੂੰ ਬੁਲਾਵੇ ਫਿਰ ਗਏ।

ਮਿਲੇ ਨ ਤਿਸੈ ਛਤ੍ਰ ਛੈਣੀ ਛਿਨਾਵੈ ॥

ਜੋ ਉਸ ਨੂੰ ਆ ਕੇ ਨਾ ਮਿਲਿਆ, ਉਨ੍ਹਾਂ ਦੇ ਛਤ੍ਰ ਅਤੇ ਸੈਨਾ ਨੂੰ ਖੋਹ ਲਿਆ ਜਾਂਦਾ।

ਪਠੇ ਪਤ੍ਰ ਏਕੈ ਦਿਸਾ ਏਕ ਧਾਵੈ ॥

ਇਕ ਪਾਸੇ ਪੱਤਰ ਭੇਜ ਦਿੱਤੇ ਅਤੇ ਇਕ ਪਾਸੇ (ਬੰਦੇ) ਭਜਾ ਦਿੱਤੇ

ਜਟੀ ਦੰਡ ਮੁੰਡੀ ਕਹੂੰ ਹਾਥ ਆਵੈ ॥੩੦॥

ਕਿ ਜੋ ਜਟਾਧਾਰੀ, ਦੰਡਧਾਰੀ, ਸਿਰ ਮੁੰਨਿਆ ਕਿਧਰੋ ਹੱਥ ਆ ਜਾਵੇ, (ਲੈ ਆਓ) ॥੩੦॥

ਰਚ੍ਯੋ ਜਗ ਰਾਜਾ ਚਲੇ ਸਰਬ ਜੋਗੀ ॥

ਰਾਜੇ ਨੇ ਯੱਗ ਰਚਿਆ ਸੀ, ਸਾਰੇ ਯੋਗੀ ਚਲੇ ਆ ਰਹੇ ਸਨ

ਜਹਾ ਲਉ ਕੋਈ ਬੂਢ ਬਾਰੋ ਸਭੋਗੀ ॥

ਜਿਥੋਂ ਤਕ ਕੋਈ ਬਾਲਕ, ਬੁੱਢਾ ਅਤੇ ਜਵਾਨ ('ਭੋਗੀ') ਸੀ।

ਕਹਾ ਰੰਕ ਰਾਜਾ ਕਹਾ ਨਾਰ ਹੋਈ ॥

ਕੀ ਰਾਜਾ, ਕੀ ਨਿਰਧਨ ਅਤੇ ਕੀ ਇਸਤਰੀ,

ਰਚ੍ਯੋ ਜਗ ਰਾਜਾ ਚਲਿਓ ਸਰਬ ਕੋਈ ॥੩੧॥

ਸਭ ਕੋਈ ਚਲ ਪਿਆ, (ਕਿਉਂਕਿ) ਰਾਜੇ ਨੇ ਯੱਗ ਰਚਿਆ ਸੀ ॥੩੧॥

ਫਿਰੇ ਪਤ੍ਰ ਸਰਬਤ੍ਰ ਦੇਸੰ ਅਪਾਰੰ ॥

ਸਾਰਿਆਂ ਦੇਸਾਂ ਵਿਚ ਅਪਾਰ ਪੱਤਰ ਫਿਰ ਗਏ ਸਨ।

ਜੁਰੇ ਸਰਬ ਰਾਜਾ ਨ੍ਰਿਪੰ ਆਨਿ ਦੁਆਰੰ ॥

ਰਾਜੇ ਦੇ ਦੁਆਰ ਉਤੇ ਸਾਰੇ ਰਾਜੇ ਆ ਕੇ ਜੁੜ ਗਏ ਸਨ।

ਜਹਾ ਲੌ ਹੁਤੇ ਜਗਤ ਮੈ ਜਟਾਧਾਰੀ ॥

ਜਿਥੋਂ ਤਕ ਵੀ ਜਗਤ ਵਿਚ ਜਟਾਧਾਰੀ ਸਨ।

ਮਿਲੈ ਰੋਹ ਦੇਸੰ ਭਏ ਭੇਖ ਭਾਰੀ ॥੩੨॥

ਵੱਡੇ ਭੇਖ ਵਾਲੇ ਸਾਰੇ ਰੋਹ ਦੇਸ ਵਿਚ ਆ ਕੇ ਮਿਲ ਗਏ ॥੩੨॥

ਜਹਾ ਲਉ ਹੁਤੇ ਜੋਗ ਜੋਗਿਸਟ ਸਾਧੇ ॥

ਜਿਥੋਂ ਤਕ ਵੀ ਕੋਈ ਯੋਗ ਅਤੇ ਯੋਗ ਦੇ ਇਸ਼ਟ (ਸ਼ਿਵ) ਨੂੰ ਸਾਧਣ ਵਾਲਾ ਸੀ

ਮਲੇ ਮੁਖ ਬਿਭੂਤੰ ਸੁ ਲੰਗੋਟ ਬਾਧੇ ॥

ਅਤੇ ਜਿਸ ਨੇ ਮੁਖ ਉਤੇ ਵਿਭੂਤੀ ਮਲੀ ਹੋਈ ਸੀ ਅਤੇ ਲੰਗੋਟ ਬੰਨ੍ਹਿਆ ਹੋਇਆ ਸੀ।

ਜਟਾ ਸੀਸ ਧਾਰੇ ਨਿਹਾਰੇ ਅਪਾਰੰ ॥

ਸਿਰ ਉਤੇ ਜਟਾਵਾਂ ਧਾਰਨ ਕਰਨ ਵਾਲੇ ਅਪਾਰਾਂ ਦਿਸਦੇ ਸਨ।

ਮਹਾ ਜੋਗ ਧਾਰੰ ਸੁਬਿਦਿਆ ਬਿਚਾਰੰ ॥੩੩॥

(ਉਹ) ਮਹਾਨ ਯੋਗਧਾਰੀ ਅਤੇ ਵਿਦਿਆ ਦਾ ਵਿਚਾਰ ਕਰਨ ਵਾਲੇ ਸਨ ॥੩੩॥

ਜਿਤੇ ਸਰਬ ਭੂਪੰ ਬੁਲੇ ਸਰਬ ਰਾਜਾ ॥

ਜਿਤਨੇ ਵੀ ਸਾਰੇ ਰਾਜੇ ਸਨ, ਉਨ੍ਹਾਂ ਨੂੰ ਰਾਜੇ ਨੇ ਬੁਲਾ ਲਿਆ।

ਚਹੂੰ ਚਕ ਮੋ ਦਾਨ ਨੀਸਾਨ ਬਾਜਾ ॥

ਚੌਹਾਂ ਚੱਕਾਂ ਵਿਚ ਦਾਨ ਦੇ ਨਗਾਰੇ ਵਜ ਗਏ।

ਮਿਲੇ ਦੇਸ ਦੇਸਾਨ ਅਨੇਕ ਮੰਤ੍ਰੀ ॥

ਦੇਸਾਂ ਦੇਸਾਂ ਦੇ ਅਨੇਕਾਂ ਮੰਤ੍ਰੀ ਆ ਕੇ ਮਿਲੇ

ਕਰੈ ਸਾਧਨਾ ਜੋਗ ਬਾਜੰਤ੍ਰ ਤੰਤ੍ਰੀ ॥੩੪॥

ਜੋ ਯੋਗ ਸਾਧਨਾ ਕਰਦੇ ਸਨ ਅਤੇ (ਯੋਗੀਆਂ ਦੇ) ਵਾਜੇ ਵਜਾਉਂਦੇ ਸਨ ॥੩੪॥

ਜਿਤੇ ਸਰਬ ਭੂਮਿ ਸਥਲੀ ਸੰਤ ਆਹੇ ॥

ਧਰਤੀ ਉਤੇ ਜਿਤਨੇ ਵੀ ਸਾਰੇ ਸੰਤ ਸਨ,

ਤਿਤੇ ਸਰਬ ਪਾਰਸ ਨਾਥੰ ਬੁਲਾਏ ॥

ਉਨ੍ਹਾਂ ਸਾਰਿਆਂ ਨੂੰ ਪਾਰਸਨਾਥ ਨੇ ਬੁਲਾ ਲਿਆ।

ਦਏ ਭਾਤਿ ਅਨੇਕ ਭੋਜ ਅਰਘ ਦਾਨੰ ॥

(ਉਨ੍ਹਾਂ ਨੂੰ) ਅਨੇਕ ਤਰ੍ਹਾਂ ਦੇ ਭੋਜ ਅਤੇ ਅਰਘ ਦਾਨ ਦਿੱਤੇ।

ਲਜੀ ਪੇਖ ਦੇਵਿ ਸਥਲੀ ਮੋਨ ਮਾਨੰ ॥੩੫॥

(ਉਨ੍ਹਾਂ) ਮੋਨੀਆਂ ਦੇ ਮਾਨ ਨੂੰ ਵੇਖ ਕੇ ਸਵਰਗ ('ਦੇਵ ਸਥਲੀ') ਵੀ ਲਜਾ ਗਈ ॥੩੫॥

ਕਰੈ ਬੈਠ ਕੇ ਬੇਦ ਬਿਦਿਆ ਬਿਚਾਰੰ ॥

(ਸਾਰੇ) ਬੈਠ ਕੇ ਵਿਦਿਆ ਦਾ ਵਿਚਾਰ ਕਰਦੇ ਹਨ।

ਪ੍ਰਕਾਸੋ ਸਬੈ ਆਪੁ ਆਪੰ ਪ੍ਰਕਾਰੰ ॥

ਸਾਰੇ ਆਪਣੀਆਂ ਆਪਣੀਆਂ ਜੁਗਤਾਂ ਨੂੰ ਪ੍ਰਗਟ ਕਰਦੇ ਸਨ।

ਟਕੰ ਟਕ ਲਾਗੀ ਮੁਖੰ ਮੁਖਿ ਪੇਖਿਓ ॥

ਇਕ ਟਕ ਸਮਾਧੀ ਲਗੀ ਹੋਈ ਸੀ। (ਅਤੇ ਇਕ ਦੂਜੇ ਦੇ) ਮੁਖ ਵਲ ਵੇਖ ਰਹੇ ਸਨ।

ਸੁਨ੍ਯੋ ਕਾਨ ਹੋ ਤੋ ਸੁ ਤੋ ਆਖਿ ਦੇਖਿਓ ॥੩੬॥

ਜੋ ਪਹਿਲਾਂ ਕੰਨਾਂ ਨਾਲ ਸੁਣਿਆ ਸੀ, ਉਹ ਹੁਣ ਅੱਖਾਂ ਨਾਲ ਵੇਖ ਲਿਆ ॥੩੬॥

ਪ੍ਰਕਾਸੋ ਸਬੈ ਆਪ ਆਪੰ ਪੁਰਾਣੰ ॥

ਸਾਰੇ ਆਪਣੇ ਆਪਣੇ ਪੁਰਾਣਾਂ ਦੀ ਵਿਆਖਿਆ ਕਰਦੇ ਸਨ

ਰੜੋ ਦੇਸਿ ਦੇਸਾਣ ਬਿਦਿਆ ਮੁਹਾਣੰ ॥

ਅਤੇ ਦੇਸਾਂ ਦੇਸਾਂ ਦੀ ਵਿਦਿਆ ਦੀ ਮੁਹਾਰਨੀ ਪੜ੍ਹਦੇ ਸਨ।

ਕਰੋ ਭਾਤਿ ਭਾਤੰ ਸੁ ਬਿਦਿਆ ਬਿਚਾਰੰ ॥

ਤਰ੍ਹਾਂ ਤਰ੍ਹਾਂ ਨਾਲ ਵਿਦਿਆ ਦਾ ਵਿਚਾਰ ਕਰਦੇ ਸਨ।

ਨ੍ਰਿਭੈ ਚਿਤ ਦੈ ਕੈ ਮਹਾ ਤ੍ਰਾਸ ਟਾਰੰ ॥੩੭॥

(ਉਨ੍ਹਾਂ ਨੇ) ਚਿਤ ਵਿਚ ਨਿਰਭੈ ਹੋ ਕੇ, ਬਹੁਤ ਵੱਡੇ ਡਰ ਨੂੰ ਟਾਲ ਦਿੱਤਾ ਸੀ ॥੩੭॥

ਜੁਰੇ ਬੰਗਸੀ ਰਾਫਿਜੀ ਰੋਹਿ ਰੂਮੀ ॥

ਬੰਗ ਦੇਸ਼ ਦੇ ਵਾਸੀ, ਰਾਫ਼ਜ਼ੀ, ਰੋਹ ਦੇਸ ਦੇ ਅਤੇ ਰੂਮ ਦੇਸ ਦੇ

ਚਲੇ ਬਾਲਖੀ ਛਾਡ ਕੈ ਰਾਜ ਭੂਮੀ ॥

ਅਤੇ ਬਲਖ ਦੇਸ਼ ਦੇ ਆਪਣੀ ਰਾਜ-ਭੂਮੀ ਛਡ ਕੇ ਚਲੇ ਸਨ।

ਨ੍ਰਿਭੈ ਭਿੰਭਰੀ ਕਾਸਮੀਰੀ ਕੰਧਾਰੀ ॥

ਭਿੰਭਰ ਦੇਸ ਵਾਲੇ, ਕਸ਼ਮੀਰੀ ਅਤੇ ਕੰਧਾਰੀ,

ਕਿ ਕੈ ਕਾਲਮਾਖੀ ਕਸੇ ਕਾਸਕਾਰੀ ॥੩੮॥

ਕਾਲਮਾਖੀ, ਕਾਸਕਾਰੀ ਸਾਰੇ ਨਿਰਭੈ ਕਰ ਕੇ ਖਿਚ ਲਏ ਸਨ ॥੩੮॥

ਜੁਰੇ ਦਛਣੀ ਸਸਤ੍ਰ ਬੇਤਾ ਅਰਯਾਰੇ ॥

ਦੱਖਣ ਦੇਸ਼ ਦੇ ਵਾਸੀ ਜੋ ਸ਼ਾਸਤ੍ਰਾਂ ਨੂੰ ਜਾਣਨ ਵਾਲੇ ਵਾਦ-ਵਿਵਾਦੀ, ਔਖੀ ਤਰ੍ਹਾਂ ਜਿਤੇ ਜਾਣ ਵਾਲੇ

ਦ੍ਰੁਜੈ ਦ੍ਰਾਵੜੀ ਤਪਤ ਤਈਲੰਗ ਵਾਰੇ ॥

ਦ੍ਰਾਵੜ ਦੇਸ ਵਾਸੀ ਅਤੇ ਤਤੇ ਸੁਭਾ ਵਾਲੇ ਤਿਲੰਗ ਦੇਸ ਦੇ ਰਹਿਣ ਵਾਲੇ,

ਪਰੰ ਪੂਰਬੀ ਉਤ੍ਰ ਦੇਸੀ ਅਪਾਰੰ ॥

ਪੂਰਬ ਦੇਸ ਦੇ ਅਤੇ ਉੱਤਰ ਦੇਸ਼ ਦੇ ਅਪਾਰ

ਮਿਲੇ ਦੇਸ ਦੇਸੇਣ ਜੋਧਾ ਜੁਝਾਰੰ ॥੩੯॥

ਅਤੇ ਦੇਸਾਂ ਦੇਸਾਂ ਦੇ ਜੁਝਾਰੂ ਯੋਧੇ ਆ ਕੇ ਮਿਲੇ ॥੩੯॥

ਪਾਧਰੀ ਛੰਦ ॥

ਪਾਧਰੀ ਛੰਦ:

ਇਹ ਭਾਤਿ ਬੀਰ ਬਹੁ ਬੀਰ ਜੋਰਿ ॥

ਇਸ ਤਰ੍ਹਾਂ ਨਾਲ ਬਹੁਤ ਬਲਵਾਨ ਯੋਧੇ ਇਕੱਠੇ ਕਰ ਲਏ


Flag Counter