ਸ਼੍ਰੀ ਦਸਮ ਗ੍ਰੰਥ

ਅੰਗ - 75


ਸ੍ਵੈਯਾ ॥

ਸ੍ਵੈਯਾ:

ਤ੍ਰਾਸ ਕੁਟੰਬ ਕੇ ਹੁਇ ਕੈ ਉਦਾਸ ਅਵਾਸ ਕੋ ਤਿਆਗਿ ਬਸਿਓ ਬਨਿ ਰਾਈ ॥

ਪਰਿਵਾਰ ਦੇ ਡਰ ਤੋਂ ਉਦਾਸ ਹੋ ਕੇ ਰਾਜੇ ਨੇ ਘਰ ਛਡ ਦਿੱਤਾ ਅਤੇ ਬਨ ਵਿਚ ਜਾ ਵਸਿਆ।

ਨਾਮ ਸੁਰਥ ਮੁਨੀਸਰ ਬੇਖ ਸਮੇਤ ਸਮਾਦਿ ਸਮਾਧਿ ਲਗਾਈ ॥

'ਸੁਰਥ' ਨਾਂ ਅਤੇ ਮੁਨੀਸ਼ਵਰ ਭੇਖ ਵਾਲੇ (ਉਸ ਰਾਜੇ ਨੇ ਸਮਾਨ ਗੁਣਾਂ ਨੂੰ ਧਾਰਨ ਕਰਨ ਵਾਲੇ) 'ਸਮਾਧਿ' (ਵੈਸ਼) ਨਾਲ ਵਿਚਾਰ ਕੀਤਾ

ਚੰਡ ਅਖੰਡ ਖੰਡੇ ਕਰ ਕੋਪ ਭਈ ਸੁਰ ਰਛਨ ਕੋ ਸਮੁਹਾਈ ॥

ਕਿ ਚੰਡੀ (ਨਾਂ ਵਾਲੀ) ਨਾ ਖੰਡੇ ਜਾ ਸਕਣ ਵਾਲੇ ਦੈਂਤਾਂ ਦਾ ਕ੍ਰੋਧ ਕਰਕੇ ਖੰਡਨ ਕਰਨ ਵਾਲੀ ਦੇਵਤਿਆਂ ਦੀ ਰਖਿਆ ਲਈ (ਕਿਵੇਂ) ਸਾਹਮਣੇ ਪ੍ਰਗਟ ਹੋਈ।

ਬੂਝਹੁ ਜਾਇ ਤਿਨੈ ਤੁਮ ਸਾਧ ਅਗਾਧਿ ਕਥਾ ਕਿਹ ਭਾਤਿ ਸੁਨਾਈ ॥੭॥

ਉਹ (ਦੋਵੇਂ 'ਮੇਧਸ' ਰਿਸ਼ੀ ਪਾਸ) ਜਾ ਕੇ ਪੁਛਦੇ ਹਨ, ਕਿ ਹੇ ਸਾਧੂ ਪੁਰਸ਼! (ਚੰਡੀ ਦੀ) ਅਗਾਧ ਕਥਾ ਕਿਸ ਪ੍ਰਕਾਰ ਦੀ ਹੈ? (ਸਾਨੂੰ) ਸੁਣਾਓ ॥੭॥

ਤੋਟਕ ਛੰਦ ॥

ਤੋਟਕ ਛੰਦ:

ਮੁਨੀਸੁਰੋਵਾਚ ॥

ਮੁਨੀ ਨੇ ਕਿਹਾ:

ਹਰਿ ਸੋਇ ਰਹੈ ਸਜਿ ਸੈਨ ਤਹਾ ॥

ਜਿਥੇ ਸੇਜਾ (ਸੈਨ) ਨੂੰ ਸਜਾ ਕੇ ਹਰਿ (ਵਿਸ਼ਣੂ) ਸੌਂ ਰਿਹਾ ਸੀ

ਜਲ ਜਾਲ ਕਰਾਲ ਬਿਸਾਲ ਜਹਾ ॥

ਅਤੇ ਜਿਥੇ ਜਲ ਦਾ ਫੈਲਾਉ ਬਹੁਤ ਭਿਆਨਕ ਅਤੇ ਵਿਸ਼ਾਲ ਸੀ,

ਭਯੋ ਨਾਭਿ ਸਰੋਜ ਤੇ ਬਿਸੁ ਕਰਤਾ ॥

(ਉਥੇ ਵਿਸ਼ਣੂ ਦੀ) ਨਾਭੀ ਤੋਂ ਕਮਲਫੁਲ ਪੈਦਾ ਹੋਇਆ ਅਤੇ (ਉਸ ਵਿਚੋਂ) ਵਿਸ਼ਵ ਦਾ ਕਰਤਾ (ਬ੍ਰਹਮਾ) ਉਤਪੰਨ ਹੋਇਆ।

ਸ੍ਰੁਤ ਮੈਲ ਤੇ ਦੈਤ ਰਚੇ ਜੁਗਤਾ ॥੮॥

(ਉਸ ਦੇ) ਕੰਨਾਂ ਦੀ ਮੈਲ ਤੋਂ ਦੋ ਦੈਂਤਾਂ ਦੀ ਰਚਨਾ ਹੋਈ ॥੮॥

ਮਧੁ ਕੈਟਭ ਨਾਮ ਧਰੇ ਤਿਨ ਕੇ ॥

ਉਨ੍ਹਾਂ (ਦੋਹਾਂ ਦੈਂਤਾਂ) ਦੇ ਨਾਂ ਮਧੁ ਅਤੇ ਕੈਟਭ ਰਖੇ ਗਏ

ਅਤਿ ਦੀਰਘ ਦੇਹ ਭਏ ਜਿਨ ਕੇ ॥

ਜਿਨ੍ਹਾਂ ਦੇ ਸ਼ਰੀਰ ਬਹੁਤ ਵਡੇ ਹੋ ਗਏ।

ਤਿਨ ਦੇਖਿ ਲੁਕੇਸ ਡਰਿਓ ਹੀਅ ਮੈ ॥

ਉਨ੍ਹਾਂ ਨੂੰ ਵੇਖ ਕੇ ਬ੍ਰਹਮਾ (ਲੁਕੇਸ) ਮਨ ਵਿਚ ਬਹੁਤ ਡਰਿਆ।

ਜਗ ਮਾਤ ਕੋ ਧਿਆਨੁ ਧਰਿਯੋ ਜੀਅ ਮੈ ॥੯॥

(ਉਸ ਨੇ ਤੁਰਤ) ਮਨ ਵਿਚ ਜਗ-ਮਾਤਾ (ਦੁਰਗਾ) ਦਾ ਧਿਆਨ ਧਰਿਆ ॥੯॥

ਦੋਹਰਾ ॥

ਦੋਹਰਾ:

ਛੁਟੀ ਚੰਡਿ ਜਾਗੈ ਬ੍ਰਹਮ ਕਰਿਓ ਜੁਧ ਕੋ ਸਾਜੁ ॥

(ਉਸ ਵੇਲੇ) ਯੋਗ-ਨਿੰਦ੍ਰਾ (ਚੰਡ) ਖੁਲ੍ਹੀ, ਵਿਸ਼ਣੂ ਜਾਗੇ ਅਤੇ ਯੁੱਧ ਦੀ ਤਿਆਰੀ ਕੀਤੀ।

ਦੈਤ ਸਭੈ ਘਟਿ ਜਾਹਿ ਜਿਉ ਬਢੈ ਦੇਵਤਨ ਰਾਜ ॥੧੦॥

ਜਿਸ ਤਰ੍ਹਾਂ ਦੈਂਤ ਘਟ ਜਾਣ ਅਤੇ ਦੇਵਤਿਆਂ ਦਾ ਰਾਜ ਵੱਧੇ (ਇਸ ਪ੍ਰਕਾਰ ਦੇ ਯਤਨ ਕਰਨ ਲਗੇ) ॥੧੦॥

ਸ੍ਵੈਯਾ ॥

ਸ੍ਵੈਯਾ:

ਜੁਧ ਕਰਿਓ ਤਿਨ ਸੋ ਭਗਵੰਤਿ ਨ ਮਾਰ ਸਕੈ ਅਤਿ ਦੈਤ ਬਲੀ ਹੈ ॥

ਵਿਸ਼ਣੂ ਨੇ ਉਨ੍ਹਾਂ ਨਾਲ ਯੁੱਧ ਕੀਤਾ, (ਪਰ) ਮਾਰ ਨਾ ਸਕੇ (ਕਿਉਂਕਿ) ਦੈਂਤ ਅਤਿ ਬਲਵਾਨ ਸਨ।

ਸਾਲ ਭਏ ਤਿਨ ਪੰਚ ਹਜਾਰ ਦੁਹੂੰ ਲਰਤੇ ਨਹਿ ਬਾਹ ਟਲੀ ਹੈ ॥

ਉਨ੍ਹਾਂ ਦੋਹਾਂ (ਵਿਸ਼ਣੂ ਅਤੇ ਦੈਂਤਾਂ) ਨੂੰ ਲੜਦਿਆਂ ਪੰਜ ਹਜ਼ਾਰ ਸਾਲ ਬੀਤ ਗਏ, (ਪਰ ਕਿਸੇ ਦੀ ਵੀ) ਬਾਂਹ ਨਾ ਥਕੀ (ਅਰਥਾਤ ਲਗਾਤਾਰ ਯੁੱਧ ਕਰਦੇ ਰਹੇ)।

ਦੈਤਨ ਰੀਝ ਕਹਿਓ ਬਰ ਮਾਗ ਕਹਿਓ ਹਰਿ ਸੀਸਨ ਦੇਹੁ ਭਲੀ ਹੈ ॥

ਦੈਂਤਾਂ ਨੇ (ਵਿਸ਼ਣੂ ਦੇ ਪਰਾਕ੍ਰਮ ਤੋਂ) ਪ੍ਰਸੰਨ ਹੋ ਕੇ ਕਿਹਾ ਕਿ (ਤੂੰ ਕੋਈ) ਵਰ ਮੰਗ। (ਉੱਤਰ ਵਿਚ) ਹਰਿ ਨੇ ਕਿਹਾ ਕਿ ਸਿਰ ਦੇ ਦਿਓ। (ਦੈਂਤਾਂ ਨੇ ਕਿਹਾ ਕਿ) ਚੰਗੀ ਗੱਲ ਹੈ।

ਧਾਰਿ ਉਰੂ ਪਰਿ ਚਕ੍ਰ ਸੋ ਕਾਟ ਕੈ ਜੋਤ ਲੈ ਆਪਨੈ ਅੰਗਿ ਮਲੀ ਹੈ ॥੧੧॥

(ਵਿਸ਼ਣੂ ਨੇ ਉਨ੍ਹਾਂ ਦੇ ਸਿਰਾਂ ਨੂੰ) ਪੱਟਾਂ ਉਤੇ ਰਖ ਕੇ ਸੁਦਰਸ਼ਨ-ਚੱਕਰ ਨਾਲ ਕਟ ਦਿੱਤਾ ਅਤੇ (ਉਨ੍ਹਾਂ ਦੀ) ਜੋਤਿ ਨੂੰ ਲੈ ਕੇ (ਵਿਸ਼ਣੂ ਨੇ ਆਪਣੇ ਹੀ) ਸ਼ਰੀਰ ਵਿਚ ਮਿਲਾ ਲਈ ॥੧੧॥

ਸੋਰਠਾ ॥

ਸੋਰਠਾ:

ਦੇਵਨ ਥਾਪਿਓ ਰਾਜ ਮਧੁ ਕੈਟਭ ਕੋ ਮਾਰ ਕੈ ॥

ਮਧੁ ਅਤੇ ਕੈਟਭ ਨੂੰ ਮਾਰ ਕੇ ਦੇਵਤਿਆਂ ਦੇ ਰਾਜ ਦੀ ਸਥਾਪਨਾ ਕੀਤੀ।

ਦੀਨੋ ਸਕਲ ਸਮਾਜ ਬੈਕੁੰਠਗਾਮੀ ਹਰਿ ਭਏ ॥੧੨॥

ਰਾਜ ਭਾਗ ਦੀ ਸਾਰੀ ਸਾਮਗ੍ਰੀ ਦੇ ਕੇ ਵਿਸ਼ਣੂ ਬੈਕੁੰਠ ਚਲੇ ਗਏ ॥੧੨॥

ਇਤਿ ਸ੍ਰੀ ਮਾਰਕੰਡੇ ਪੁਰਾਨੇ ਚੰਡੀ ਚਰਿਤ੍ਰ ਉਕਤਿ ਬਿਲਾਸ ਮਧੁ ਕੈਟਭ ਬਧਹਿ ਪ੍ਰਥਮ ਧਯਾਇ ਸਮਾਪਤਮ ਸਤੁ ਸੁਭਮ ਸਤੁ ॥੧॥

ਇਥੇ ਸ੍ਰੀ ਮਾਰਕੰਡੇ ਪੁਰਾਨ ਦੇ ਸ੍ਰੀ ਚੰਡੀ ਚਰਿਤ੍ਰ ਉਕਤਿ ਬਿਲਾਸ ਦੇ 'ਮਧੁ ਕੈਟਭ ਦੇ ਮਾਰੇ ਜਾਣ ਵਾਲੇ' ਪਹਿਲੇ ਅਧਿਆਇ ਦੀ ਸਮਾਪਤੀ ਹੈ, ਸਭ ਸ਼ੁਭ ਹੈ ॥੧॥


Flag Counter