ਸ਼੍ਰੀ ਦਸਮ ਗ੍ਰੰਥ

ਅੰਗ - 1188


ਦੋਹਰਾ ॥

ਦੋਹਰਾ:

ਲਾਗ ਕੁਅਰਿ ਕੇ ਬਿਰਹ ਤਨ ਬਰਿ ਹੌ ਦਿਨ ਅਰੁ ਰੈਨਿ ॥

ਰਾਜ ਕੁਮਾਰੀ ਦੇ ਵਿਯੋਗ ਵਿਚ ਲਗ ਕੇ ਮੈਂ ਦਿਨ ਅਤੇ ਰਾਤ ਆਪਣੇ ਸ਼ਰੀਰ ਨੂੰ ਸਾੜ ਰਿਹਾ ਹਾਂ।

ਕਹਾ ਭਯੋ ਇਹ ਜੌ ਪਰੀ ਨੈਕ ਨ ਲਗਿ ਹੈ ਨੈਨ ॥੫੮॥

ਕੀ ਹੋਇਆ ਜੇ ਇਹ ਸ਼ਾਹ ਪੁਰੀ ਹੈ, ਉਸ ਨਾਲ ਮੇਰੇ ਜ਼ਰਾ ਜਿੰਨੇ ਵੀ ਨੈਣ ਨਹੀਂ ਲਗੇ ਹਨ ॥੫੮॥

ਚੌਪਈ ॥

ਚੌਪਈ:

ਕਹਾ ਪਰੀ ਇਕ ਮੋਰ ਕਹਾ ਕਰੁ ॥

(ਰਾਜ ਕੁਮਾਰ ਨੂੰ) ਪਰੀ ਨੇ ਕਿਹਾ ਕਿ ਮੇਰੀ ਇਕ ਗੱਲ ਮੰਨ ਲਵੋ।

ਰਾਜ ਕੁਅਰ ਤੈ ਰਾਜ ਪਰੀ ਬਰੁ ॥

ਹੇ ਰਾਜ ਕੁਮਾਰ! ਤੁਸੀਂ ਸ਼ਾਹ ਪਰੀ ਨਾਲ ਵਿਆਹ ਕਰੋ।

ਰਾਜ ਕੁਅਰਿ ਕਹੁ ਬਰਿ ਕਸ ਕਰਿ ਹੈ ॥

(ਤੁਸੀਂ) ਰਾਜ ਕੁਮਾਰੀ ਨਾਲ ਵਿਆਹ ਕਰ ਕੇ ਕੀ ਕਰੋਗੇ।

ਪਦਮਿਨਿ ਛਾਡਿ ਹਸਤਿਨੀ ਬਰਿ ਹੈ ॥੫੯॥

ਪਦਮਨੀ ਨੂੰ ਛਡ ਕੇ ਹਸਤਨੀ ਨੂੰ ਵਰੋਗੇ ॥੫੯॥

ਦੋਹਰਾ ॥

ਦੋਹਰਾ:

ਜਾ ਸੌ ਮੇਰੋ ਹਿਤ ਲਗਾ ਵਹੈ ਹਮਾਰੀ ਨਾਰਿ ॥

ਜਿਸ ਨਾਲ ਮੇਰਾ ਪ੍ਰੇਮ ਪੈ ਗਿਆ ਹੈ, ਉਹੀ ਮੇਰੀ ਇਸਤਰੀ ਹੈ।

ਸੁਰੀ ਆਸੁਰੀ ਪਦਮਿਨੀ ਪਰੀ ਨ ਬਰੌ ਹਜਾਰ ॥੬੦॥

(ਮੈਂ) ਸੁਰੀ, ਆਸੁਰੀ, ਪਦਮਨੀ, ਪਰੀ, (ਚਾਹੇ) ਹਜ਼ਾਰਾਂ ਹੋਣ, ਨਹੀਂ ਵਰਾਂਗਾ ॥੬੦॥

ਚੌਪਈ ॥

ਚੌਪਈ:

ਪਰੀ ਜਤਨ ਕਰਿ ਕਰਿ ਬਹੁ ਹਾਰੀ ॥

(ਜਦ) ਸ਼ਾਹ ਪਰੀ ਬਹੁਤ ਯਤਨ ਕਰ ਕਰ ਕੇ ਹਾਰ ਗਈ,

ਏਕ ਬਾਤ ਤਬ ਔਰ ਬਿਚਾਰੀ ॥

ਤਾਂ ਉਸ ਨੇ ਇਕ ਹੋਰ ਗੱਲ ਸੋਚੀ।

ਜੌ ਇਹ ਕਹਤ ਵਹੈ ਹੌ ਕਰੌ ॥

ਜੋ ਇਹ ਕਹਿੰਦਾ ਹੈ, (ਮੈਂ) ਉਹੀ ਕਰਾਂਗੀ

ਬਹੁਰੋ ਛਲਿ ਯਾਹੀ ਕਹ ਬਰੌ ॥੬੧॥

ਅਤੇ ਫਿਰ ਚਲਿਤ੍ਰ ਕਰ ਕੇ ਇਸੇ ਨੂੰ ਵਰਾਂਗੀ ॥੬੧॥

ਪ੍ਰਥਮ ਪਰੀ ਜੋ ਤਹਾ ਪਠਾਈ ॥

ਸਭ ਤੋਂ ਪਹਿਲਾਂ ਜੋ ਪਰੀ ਉਥੇ ਭੇਜੀ ਸੀ,

ਵਹੈ ਆਪਨੇ ਤੀਰ ਬੁਲਾਈ ॥

ਉਸ ਨੂੰ ਆਪਣੇ ਕੋਲ ਬੁਲਾਇਆ।

ਤਾਹਿ ਕਹਾ ਜੁ ਕਹਾ ਮੁਰ ਕਰਿ ਹੈ ॥

ਉਸ ਨੂੰ ਕਿਹਾ ਜੇ ਮੇਰੇ ਕਹੇ ਅਨੁਸਾਰ ਕੰਮ ਕਰੇਂਗੀ,

ਤਬ ਤਵ ਦੈਵ ਧਾਮ ਧਨ ਭਰਿ ਹੈ ॥੬੨॥

ਤਾਂ ਮੈਂ ਤੇਰਾ ਘਰ ਧਨ ਨਾਲ ਭਰ ਦਿਆਂਗੀ ॥੬੨॥

ਯਾਹਿ ਕੁਅਰ ਮੁਹਿ ਦੇਹੁ ਮਿਲਾਈ ॥

ਇਸ ਕੁੰਵਰ ਨੂੰ ਮੈਨੂੰ ਮਿਲਾ ਦੇ।

ਹੌ ਯਾ ਪਰ ਜਿਯ ਤੇ ਉਰਝਾਈ ॥

(ਕਿਉਂਕਿ ਮੈਂ) ਜੀ-ਜਾਨ ਨਾਲ ਉਸ ਉਤੇ ਮੋਹਿਤ ਹੋ ਚੁਕੀ ਹਾਂ।

ਕਹਾ ਹਮਾਰਾ ਕਰੈ ਪ੍ਯਾਰੀ ॥

ਹੇ ਪਿਆਰੀ! (ਜੇ ਤੂੰ) ਮੇਰੇ ਕਹੇ ਅਨੁਸਾਰ ਕਰੇਂਗੀ,

ਤੂ ਸਾਹਿਬ ਮੈ ਦਾਸ ਤਿਹਾਰੀ ॥੬੩॥

ਤਾਂ ਮੈਂ ਤੇਰੀ ਦਾਸੀ ਅਤੇ ਤੂੰ ਮੇਰੀ ਮਾਲਕ ਹੋਵੇਂਗੀ ॥੬੩॥

ਅੜਿਲ ॥

ਅੜਿਲ:

ਸੁਨਤ ਬਚਨ ਇਹ ਪਰੀ ਫੂਲਿ ਮਨ ਮੈ ਗਈ ॥

ਇਹ ਗੱਲ ਸੁਣ ਕੇ ਪਰੀ ਮਨ ਵਿਚ ਫੁਲ ਗਈ।

ਸੁਘਰ ਕੁਅਰ ਕੇ ਪਾਸ ਜਾਤ ਤਬ ਹੀ ਭਈ ॥

(ਅਤੇ ਉਹ) ਸੁਘੜ ਤੁਰਤ ਕੁੰਵਰ ਕੋਲ ਚਲੀ ਗਈ।

ਪਰ ਪਾਇਨ ਕਰ ਜੋਰ ਕਹਾ ਮੁਸਕਾਇ ਕੈ ॥

ਉਸ ਦੇ ਪੈਰਾਂ ਤੇ ਪੈ ਕੇ ਅਤੇ ਹੱਥ ਜੋੜ ਕੇ ਹਸ ਕੇ ਕਹਿਣ ਲਗੀ,

ਹੌ ਕਰੌ ਬਿਨਤਿ ਜੌ ਕਹੌ ਕਛੂ ਸਕੁਚਾਇ ਕੈ ॥੬੪॥

ਜੇ ਕਹੋ ਤਾਂ (ਮੈਂ) ਕੁਝ ਸੰਗ ਕੇ ਬੇਨਤੀ ਕਰਾਂ ॥੬੪॥

ਪ੍ਰਥਮ ਪਰੀ ਸੌ ਕੁਅਰ ਤੁਮੈਸ ਉਚਾਰਿਯਹੁ ॥

ਹੇ ਰਾਜ ਕੁਮਾਰ! ਪਹਿਲਾਂ ਤੁਸੀਂ ਸ਼ਾਹ ਪਰੀ ਨਾਲ ਇਸ ਤਰ੍ਹਾਂ ਗੱਲ ਕਰਨਾ

ਗਹਿ ਬਹਿਯਾ ਸਿਹਜਾ ਪਰ ਤਿਹ ਬੈਠਾਰਿਯਹੁ ॥

ਅਤੇ ਬਾਂਹ ਪਕੜ ਕੇ ਉਸ ਨੂੰ ਸੇਜ ਉਪਰ ਬਿਠਾ ਲੈਣਾ।

ਰਮਿਯੋ ਚਹੈ ਤੁਮ ਸੌ ਤਬ ਤੁਮ ਯੌ ਭਾਖਿਯਹੁ ॥

(ਜਦੋਂ) ਉਹ ਤੁਹਾਡੇ ਨਾਲ ਰਮਣ ਕਰਨਾ ਚਾਹੇ ਤਦੋਂ ਉਸ ਨੂੰ ਇਸ ਤਰ੍ਹਾਂ ਕਹਿਣਾ

ਹੋ ਘਰੀ ਚਾਰਿ ਪਾਚਕ ਲਗਿ ਦ੍ਰਿੜ ਚਿਤ ਰਾਖਿਯਹੁ ॥੬੫॥

ਅਤੇ ਚਾਰ ਪੰਜ ਘੜੀਆਂ ਤਕ ਮਨ ਨੂੰ ਪੱਕਾ ਰਖਣਾ ॥੬੫॥

ਪ੍ਰਥਮ ਬ੍ਯਾਹ ਤਾ ਸੌ ਜੌ ਮੋਰ ਕਰਾਇਹੋ ॥

ਜੇ ਤੂੰ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈਂ ਤਾਂ ਤਦ ਹੀ ਪ੍ਰਾਪਤ ਕਰ ਸਕੇਂਗੀ

ਬਰਿਯੋ ਚਹਹੁ ਜੌ ਮੋਹਿ ਤੁ ਤਬ ਹੀ ਪਾਇਹੋ ॥

ਜੇ ਪਹਿਲਾਂ ਉਸ (ਰਾਜ ਕੁਮਾਰੀ) ਨਾਲ ਮੇਰਾ ਵਿਆਹ ਕਰਾ ਦੇਵੇਂਗੀ।

ਤਾਹਿ ਬਰੇ ਬਿਨ ਮੈ ਨ ਤੋਹਿ ਕ੍ਯੋਹੂੰ ਬਰੋ ॥

ਉਸ ਨੂੰ ਵਿਆਹੇ ਬਿਨਾ ਮੈਂ ਤੇਰੇ ਨਾਲ ਵਿਆਹ ਬਿਲਕੁਲ ਨਹੀਂ ਕਰਾਂਗਾ।

ਹੋ ਨਾਤਰ ਮਾਰਿ ਕਟਾਰੀ ਉਰ ਅਬ ਹੀ ਮਰੋ ॥੬੬॥

ਨਹੀਂ ਤਾਂ ਹੁਣੇ ਛਾਤੀ ਵਿਚ ਕਟਾਰ ਮਾਰ ਕੇ ਮਰ ਜਾਵਾਂਗਾ ॥੬੬॥

ਇਹ ਬਿਧਿ ਭੇਦ ਕੁਅਰ ਦੈ ਤਾ ਕੇ ਢਿਗ ਗਈ ॥

(ਉਹ ਪਰੀ) ਇਸ ਤਰ੍ਹਾਂ ਰਾਜ ਕੁਮਾਰ ਨੂੰ ਭੇਦ ਸਮਝਾ ਕੇ ਸ਼ਾਹ ਪਰੀ ਦੇ ਕੋਲ ਗਈ।

ਜਿਹ ਤਿਹ ਸਹਚਰਿ ਜਾਨਿ ਪਠੈ ਇਹ ਪੈ ਦਈ ॥

ਜਿਸ ਨੇ ਉਸ ਨੂੰ ਸਖੀ ਸਮਝ ਕੇ ਇਸ ਕੋਲ ਭੇਜਿਆ ਸੀ।

ਮੈ ਕਰਿ ਜਤਨ ਅਨੇਕ ਕੁਅਰਹਿ ਰਿਝਾਇਯੋ ॥

(ਉਸ ਨੇ ਸ਼ਾਹ ਪੁਰੀ ਨੂੰ ਕਿਹਾ) ਮੈਂ ਅਨੇਕ ਯਤਨ ਕਰ ਕੇ ਰਾਜ ਕੁਮਾਰ ਨੂੰ ਰਿਝਾ ਲਿਆ ਹੈ

ਹੋ ਤੁਮ ਸੋ ਕਰਨ ਕਲੋਲ ਕਬੂਲ ਕਰਾਇਯੋ ॥੬੭॥

ਅਤੇ ਤੁਹਾਡੇ ਨਾਲ ਰਮਣ ਕਰਨਾ ਪ੍ਰਵਾਨ ਕਰਵਾ ਲਿਆ ਹੈ ॥੬੭॥

ਚੌਪਈ ॥

ਚੌਪਈ:

ਸਾਹ ਪਰੀ ਕਹ ਲੈ ਤਹ ਆਈ ॥

(ਉਹ ਪਰੀ) ਸ਼ਾਹ ਪਰੀ ਨੂੰ ਲੈ ਕੇ ਉਥੇ ਪਹੁੰਚੀ

ਜਹਾ ਕੁਅਰ ਕੀ ਸੇਜ ਸੁਹਾਈ ॥

ਜਿਥੇ ਰਾਜ ਕੁਮਾਰ ਦੀ ਸੇਜ ਸਜੀ ਹੋਈ ਸੀ।

ਤਹਾ ਕਪੂਰ ਅਰਗਜਾ ਮਹਿਕੈ ॥

ਉਥੇ ਕਪੂਰ ਅਤੇ ਅਗਰਬਤੀ ਦੀ ਮਹਿਕ ਪਸਰੀ ਹੋਈ ਸੀ

ਬਾਧੀ ਧੁਜਾ ਧਾਮ ਪਰ ਲਹਿਕੈ ॥੬੮॥

ਅਤੇ ਘਰ ਉਤੇ ਬੰਨ੍ਹੀ ਧੁਜਾ ਲਹਿਰਾ ਰਹੀ ਸੀ ॥੬੮॥

ਇਹ ਬਿਧਿ ਦੀਨਾ ਕੁਅਰ ਮਿਲਾਈ ॥

ਇਸ ਤਰ੍ਹਾਂ (ਸ਼ਾਹ ਪਰੀ ਨੂੰ) ਰਾਜ ਕੁਮਾਰ ਮਿਲਾ ਦਿੱਤਾ

ਬੈਠੇ ਦੋਊ ਸੇਜ ਪਰ ਜਾਈ ॥

ਅਤੇ ਦੋਵੇਂ ਸੇਜ ਉਤੇ ਬੈਠ ਗਏ।

ਤਹ ਤੇ ਜਬੈ ਸਖੀ ਤਰਿ ਗਈ ॥

ਉਥੋਂ ਜਦੋਂ ਹੀ ਸਖੀ (ਪਰੀ) ਚਲੀ ਗਈ

ਕਾਮ ਕਰਾ ਤਾ ਕੇ ਤਨ ਭਈ ॥੬੯॥

ਤਾਂ ਸ਼ਾਹ ਪਰੀ ਦੇ ਤਨ ਵਿਚ ਕਾਮ-ਕਲਾ ਜਾਗ ਪਈ ॥੬੯॥

ਕਾਮ ਪਰੀ ਕਹ ਜਬੈ ਸੰਤਾਯੋ ॥

ਜਦ ਕਾਮ ਨੇ ਸ਼ਾਹ ਪਰੀ ਨੂੰ ਸਤਾਇਆ

ਹਾਥ ਕੁਅਰ ਕੀ ਓਰ ਚਲਾਯੋ ॥

ਤਾਂ ਉਸ ਨੇ ਰਾਜ ਕੁਮਾਰ ਵਲ ਹੱਥ ਵਧਾਇਆ।

ਬਿਹਸਿ ਕੁਅਰ ਇਹ ਭਾਤਿ ਉਚਾਰੀ ॥

ਰਾਜ ਕੁਮਾਰ ਨੇ ਹਸ ਕੇ ਇਸ ਤਰ੍ਹਾਂ ਕਿਹਾ,

ਕਹੋਂ ਬਾਤ ਤੁਹਿ ਸੁਨਹੁ ਪ੍ਯਾਰੀ ॥੭੦॥

ਹੇ ਪਿਆਰੀ! ਮੈਂ ਤੈਨੂੰ ਇਕ ਗੱਲ ਕਹਿੰਦਾ ਹਾਂ, ਸੁਣੋ ॥੭੦॥

ਪ੍ਰਥਮ ਮੋਹਿ ਤੁਮ ਤਾਹਿ ਮਿਲਾਵਹੁ ॥

ਪਹਿਲਾਂ ਤੂੰ ਮੈਨੂੰ ਉਸ (ਰਾਜ ਕੁਮਾਰੀ) ਨੂੰ ਮਿਲਾ ਦੇ।

ਬਹੁਰਿ ਭੋਗ ਮੁਰਿ ਸੰਗ ਕਮਾਵਹੁ ॥

ਫਿਰ ਮੇਰੇ ਨਾਲ ਭੋਗ ਕਰਨਾ।

ਪਹਿਲੇ ਬਰੋ ਵਹੈ ਬਰ ਨਾਰੀ ॥

ਪਹਿਲਾਂ ਮੈਂ ਉਸ ਸੁੰਦਰ ਇਸਤਰੀ ਨੂੰ ਵਰਾਂਗਾ।

ਵਹ ਇਸਤ੍ਰੀ ਤੈ ਯਾਰ ਹਮਾਰੀ ॥੭੧॥

ਉਹ ਮੇਰੀ ਪਤਨੀ ਹੋਵੇਗੀ ਅਤੇ ਤੂੰ ਮੇਰੀ ਯਾਰ ਹੋਵੇਂਗੀ ॥੭੧॥

ਅੜਿਲ ॥

ਅੜਿਲ:

ਕਰਿ ਹਾਰੀ ਬਹੁ ਜਤਨ ਨ ਤਿਹ ਰਤਿ ਵਹਿ ਦਈ ॥

(ਸ਼ਾਹ ਪਰੀ) ਬਹੁਤ ਯਤਨ ਕਰ ਕੇ ਹਾਰ ਗਈ, ਪਰ ਉਸ ਨੇ ਉਸ ਨੂੰ ਰਤੀ-ਦਾਨ ਨਾ ਦਿੱਤਾ।

ਜੁ ਕਛੁ ਬਖਾਨੀ ਕੁਅਰ ਵਹੈ ਮਾਨਤ ਭਈ ॥

ਰਾਜ ਕੁਮਾਰ ਨੇ ਜੋ ਕੁਝ ਕਿਹਾ, ਉਹੀ ਮੰਨ ਲਿਆ।

ਪਛਨ ਪਰ ਬੈਠਾਇ ਤਾਹਿ ਲੈਗੀ ਤਹਾ ॥

(ਸ਼ਾਹ ਪਰੀ) ਉਸ ਨੂੰ ਖੰਭਾਂ ਉਤੇ ਬਿਠਾ ਕੇ ਉਥੇ ਲੈ ਗਈ

ਹੋ ਪਿਯ ਪਿਯ ਰਟਤ ਬਿਹੰਗ ਜ੍ਯੋਂ ਕੁਅਰਿ ਪਰੀ ਜਹਾ ॥੭੨॥

ਜਿਥੇ ਰਾਜ ਕੁਮਾਰੀ ਪੰਛੀ (ਪਪੀਹੇ) ਵਾਂਗ 'ਪਿਯ ਪਿਯ' ਕਰਦੀ ਹੋਈ ਪਈ ਸੀ ॥੭੨॥

ਚਿਤ੍ਰ ਜਵਨ ਕੋ ਹੇਰਿ ਮੁਹਬਤਿ ਲਗਤ ਭੀ ॥

ਜਿਸ (ਰਾਜ ਕੁਮਾਰ) ਦਾ ਚਿਤਰ ਵੇਖ ਕੇ (ਰਾਜ ਕੁਮਾਰੀ ਨੂੰ) ਪ੍ਰੇਮ ਹੋ ਗਿਆ ਸੀ,

ਤਾ ਕੋ ਦਰਸ ਪ੍ਰਤਛਿ ਜਬੈ ਪਾਵਤ ਭਈ ॥

ਉਸ ਦਾ ਜਦੋਂ ਪ੍ਰਤੱਖ ਦੀਦਾਰ ਪ੍ਰਾਪਤ ਕੀਤਾ,

ਕੁਅਰਿ ਚਹਤ ਜੋ ਹੁਤੀ ਬਿਧਾਤੈ ਸੋ ਕਰੀ ॥

ਤਾਂ ਜੋ ਰਾਜ ਕੁਮਾਰੀ ਚਾਹੁੰਦੀ ਸੀ, ਵਿਧਾਤਾ ਨੇ ਉਹੀ ਕਰ ਦਿੱਤਾ।

ਹੋ ਬਨ ਬਸੰਤ ਕੀ ਭਾਤਿ ਸੁ ਝਰਿ ਝਰਿ ਭੀ ਹਰੀ ॥੭੩॥

ਉਹ ਬਨ ਵਾਂਗ (ਪਤਝੜ ਵਿਚ) ਝੜ ਝੜ ਕੇ, ਬਸੰਤ ਰੁਤ ਵਿਚ (ਫਿਰ) ਹਰੀ ਭਰੀ ਹੋ ਗਈ ॥੭੩॥

ਚੌਪਈ ॥

ਚੌਪਈ:

ਜਬ ਦਰਸਨ ਤ੍ਰਿਯ ਕਾ ਪਿਯ ਕਰਾ ॥

ਜਦ ਰਾਜ ਕੁਮਾਰੀ ਨੇ ਪ੍ਰੇਮੀ ਦਾ ਦਰਸ਼ਨ ਕੀਤਾ

ਖਾਨ ਪਾਨ ਆਗੇ ਲੈ ਧਰਾ ॥

ਤਾਂ ਖਾਣ ਪੀਣ ਦੀ ਸਾਮਗ੍ਰੀ ਅਗੇ ਲਿਆ ਰਖੀ।

ਬਿਬਿਧ ਬਿਧਨ ਕੇ ਅਮਲ ਮੰਗਾਏ ॥

ਉਸ ਨੇ ਅਨੇਕ ਤਰ੍ਹਾਂ ਦੇ ਅਮਲ (ਨਸ਼ੇ) ਮੰਗਵਾਏ

ਬੈਠਿ ਕੁਅਰਿ ਕੇ ਤੀਰ ਚੜਾਏ ॥੭੪॥

ਅਤੇ (ਰਾਜ ਕੁਮਾਰ) ਰਾਜ ਕੁਮਾਰੀ ਕੋਲ ਬੈਠ ਕੇ ਚੜ੍ਹਾ ਗਿਆ ॥੭੪॥


Flag Counter