ਸ਼੍ਰੀ ਦਸਮ ਗ੍ਰੰਥ

ਅੰਗ - 716


ਸ੍ਰੀ ਭਗਵੰਤ ਭਜਯੋ ਨ ਅਰੇ ਜੜ ਧਾਮ ਕੇ ਕਾਮ ਕਹਾ ਉਰਝਾਯੋ ॥੩੧॥

ਹੇ ਮੂਰਖ! ਸ੍ਰੀ ਭਗਵਾਨ ਦਾ ਕਦੇ ਭਜਨ ਨਹੀਂ ਕੀਤਾ ਅਤੇ ਘਰ ਦੇ ਕੰਮ ਵਿਚ ਹੀ ਉਲਝੇ ਰਹੇ ਹੋ ॥੩੧॥

ਫੋਕਟ ਕਰਮ ਦ੍ਰਿੜਾਤ ਕਹਾ ਇਨ ਲੋਗਨ ਕੋ ਕੋਈ ਕਾਮ ਨ ਐ ਹੈ ॥

(ਸ਼ਰਧਾਲੂਆਂ ਨੂੰ) ਕਿਸ ਲਈ ਫੋਕਟ ਕਰਮ ਦ੍ਰਿੜਾਉਂਦੇ ਹੋ, (ਕਿਉਂਕਿ ਇਹ ਕਰਮ ਧਰਮ) ਇਨ੍ਹਾਂ ਲੋਕਾਂ ਦੇ ਕਿਸੇ ਕੰਮ ਨਹੀਂ ਆਉਣੇ।

ਭਾਜਤ ਕਾ ਧਨ ਹੇਤ ਅਰੇ ਜਮ ਕਿੰਕਰ ਤੇ ਨਹ ਭਾਜਨ ਪੈ ਹੈ ॥

ਹੇ (ਮਨੁੱਖ) ਕਿਸ ਲਈ ਧਨ ਵਾਸਤੇ ਭਜਾ ਫਿਰਦਾ ਹੈਂ, (ਪਰ ਤੂੰ) ਜਮ ਅਤੇ ਉਸ ਦੇ ਦੂਤਾਂ ਤੋਂ ਕਦੇ ਭਜ ਨਹੀਂ ਸਕੇਂਗਾ।

ਪੁਤ੍ਰ ਕਲਿਤ੍ਰ ਨ ਮਿਤ੍ਰ ਸਬੈ ਊਹਾ ਸਿਖ ਸਖਾ ਕੋਊ ਸਾਖ ਨ ਦੈ ਹੈ ॥

ਪੁੱਤਰ, ਇਸਤਰੀ, ਸਾਰੇ ਮਿਤਰ ਅਤੇ ਸਿੱਖ-ਸੇਵਕ ਉਥੇ ਕੋਈ ਗਵਾਹੀ ਨਹੀਂ ਦੇਵੇਗਾ।

ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰ ਇਕੇਲੋ ਈ ਜੈ ਹੈ ॥੩੨॥

ਹੇ ਅਚੇਤ ਅਤੇ ਮਹਾ ਮੂਰਖ! ਚੇਤੇ ਕਰ ਲੈ ਕਿ ਅੰਤ ਵੇਲੇ (ਤੂੰ ਇਥੋਂ) ਇਕੱਲਾ ਹੀ ਜਾਵੇਂਗਾ ॥੩੨॥

ਤੋ ਤਨ ਤਯਾਗਤ ਹੀ ਸੁਨ ਰੇ ਜੜ ਪ੍ਰੇਤ ਬਖਾਨ ਤ੍ਰਿਆ ਭਜਿ ਜੈ ਹੈ ॥

ਹੇ ਮੂਰਖ! ਤੇਰੇ ਸ਼ਰੀਰ ਦੇ ਛਡਦਿਆਂ ਹੀ (ਤੇਰੀ) ਇਸਤਰੀ ਪ੍ਰੇਤ ਪ੍ਰੇਤ ਕਹਿੰਦੀ (ਤੇਰੇ ਕੋਲੋਂ) ਭਜ ਜਾਏਗੀ।

ਪੁਤ੍ਰ ਕਲਤ੍ਰ ਸੁ ਮਿਤ੍ਰ ਸਖਾ ਇਹ ਬੇਗ ਨਿਕਾਰਹੁ ਆਇਸੁ ਦੈ ਹੈ ॥

ਪੁੱਤਰ, ਇਸਤਰੀ, ਮਿਤਰ, ਸਾਥੀ, ਇਹ ਸਾਰੇ (ਮੁਰਦੇ ਨੂੰ) ਜਲਦੀ ਬਾਹਰ ਕਢਣ ਲਈ ਆਗਿਆ ਦੇਣਗੇ।

ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬਿਗਾਨ ਕਹੈ ਹੈ ॥

ਘਰ-ਬਾਰ, ਖਜ਼ਾਨਾ, ਜ਼ਮੀਨ, ਕਿਲਾ (ਆਦਿਕ) ਜਿਤਨੇ ਵੀ (ਪਦਾਰਥ ਹਨ) ਪ੍ਰਾਣਾਂ ਦੇ ਛੁਟਦਿਆਂ ਹੀ ਬਿਗਾਨੇ ਅਖਵਾਉਣ ਲਗ ਜਾਣਗੇ।

ਚੇਤ ਰੇ ਚੇਤ ਅਚੇਤ ਮਹਾ ਪਸੁ ਅੰਤ ਕੀ ਬਾਰਿ ਇਕੇਲੋ ਈ ਜੈ ਹੈ ॥੩੩॥

ਹੇ ਨਾ-ਸਮਝ ਅਤੇ ਮਹਾ ਪਸ਼ੂ! ਸੰਭਲ ਜਾ, ਚੇਤੇ ਕਰ ਲੈ (ਕਿ) ਅੰਤ ਕਾਲ ਵੇਲੇ (ਤੂੰ ਇਸ ਸੰਸਾਰ ਤੋਂ) ਇਕੱਲਾ ਹੀ ਜਾਵੇਂਗਾ ॥੩੩॥

ੴ ਵਾਹਿਗੁਰੂ ਜੀ ਕੀ ਫਤਹ ॥

ਸ੍ਵੈਯਾ ॥ ਪਾਤਿਸਾਹੀ ੧੦ ॥

ਸ੍ਵੈਯਾ: ਪਾਤਸ਼ਾਹੀ ੧੦:

ਜੋ ਕਿਛੁ ਲੇਖੁ ਲਿਖਿਓ ਬਿਧਨਾ ਸੋਈ ਪਾਯਤੁ ਮਿਸ੍ਰ ਜੂ ਸੋਕ ਨਿਵਾਰੋ ॥

ਜੋ ਕੁਝ ਵਿਧਾਤਾ ਨੇ ਲੇਖ ਲਿਖ ਦਿੱਤਾ ਹੈ, ਉਹੀ ਪਾਈਦਾ ਹੈ। ਹੇ ਮਿਸ਼ਰ ਜੀ! ਸ਼ੋਕ ਨੂੰ ਦੂਰ ਕਰ ਦਿਓ।

ਮੇਰੋ ਕਛੂ ਅਪਰਾਧੁ ਨਹੀਂ ਗਯੋ ਯਾਦ ਤੇ ਭੂਲ ਨਹ ਕੋਪੁ ਚਿਤਾਰੋ ॥

(ਇਸ ਗੱਲ ਵਿਚ) ਮੇਰਾ ਕੋਈ ਅਪਰਾਧ ਨਹੀਂ ਹੈ। (ਮੈਨੂੰ) ਯਾਦ ਤੋਂ ਭੁਲ ਗਿਆ,। (ਹੁਣ ਮੇਰੇ ਵਲ) ਕ੍ਰੋਧ ਨਾਲ ਨਾ ਵੇਖੋ।

ਬਾਗੋ ਨਿਹਾਲੀ ਪਠੋ ਦੈਹੋ ਆਜੁ ਭਲੇ ਤੁਮ ਕੋ ਨਿਹਚੈ ਜੀਅ ਧਾਰੋ ॥

(ਮੈਂ) ਅਜ ਹੀ ਚੰਗਾ ਪੁਸ਼ਾਕਾ, ਰਜ਼ਾਈ ਆਦਿ ਤੁਹਾਨੂੰ ਭੇਜ ਦਿਆਂਗਾ, (ਇਹ ਗੱਲ) ਮਨ ਵਿਚ ਨਿਸਚੇ ਕਰ ਲਵੋ।

ਛਤ੍ਰੀ ਸਭੈ ਕ੍ਰਿਤ ਬਿਪਨ ਕੇ ਇਨਹੂ ਪੈ ਕਟਾਛ ਕ੍ਰਿਪਾ ਕੈ ਨਿਹਾਰੋ ॥੧॥

ਸਾਰੇ ਛਤ੍ਰੀ ਬ੍ਰਾਹਮਣਾਂ ਦੇ ਦਾਸ (ਭ੍ਰਿਤ) ਹਨ। ਇਨ੍ਹਾਂ ਨੂੰ ਕ੍ਰਿਪਾ ਦੀ ਦ੍ਰਿਸ਼ਟੀ ਨਾਲ ਵੇਖੋ ॥੧॥

ਸ੍ਵੈਯਾ ॥

ਸ੍ਵੈਯਾ:

ਜੁਧ ਜਿਤੇ ਇਨਹੀ ਕੇ ਪ੍ਰਸਾਦਿ ਇਨਹੀ ਕੇ ਪ੍ਰਸਾਦਿ ਸੁ ਦਾਨ ਕਰੇ ॥

(ਇਨ੍ਹਾਂ (ਸਿੱਖਾਂ) ਦੀ ਕ੍ਰਿਪਾ ਨਾਲ ਹੀ ਯੁੱਧ ਜਿਤੇ ਹਨ ਅਤੇ ਇਨ੍ਹਾਂ ਦੀ ਕ੍ਰਿਪਾ ਨਾਲ ਦਾਨ ਕੀਤੇ ਹਨ।

ਅਘ ਅਉਘ ਟਰੇ ਇਨਹੀ ਕੇ ਪ੍ਰਸਾਦਿ ਇਨਹੀ ਕੀ ਕ੍ਰਿਪਾ ਫੁਨ ਧਾਮ ਭਰੇ ॥

ਇਨ੍ਹਾਂ ਦੀ ਕ੍ਰਿਪਾ ਨਾਲ ਸਾਰੇ ਪਾਪ ਮਿਟ ਗਏ ਹਨ ਅਤੇ ਇਨ੍ਹਾਂ ਦੀ ਕ੍ਰਿਪਾ ਨਾਲ ਫਿਰ ਘਰ ਭਰ ਗਏ ਹਨ।

ਇਨਹੀ ਕੇ ਪ੍ਰਸਾਦਿ ਸੁ ਬਿਦਿਆ ਲਈ ਇਨਹੀ ਕੀ ਕ੍ਰਿਪਾ ਸਭ ਸਤ੍ਰ ਮਰੇ ॥

ਇਨ੍ਹਾਂ ਦੀ ਕ੍ਰਿਪਾ ਨਾਲ ਵਿਦਿਆ ਪ੍ਰਾਪਤ ਕੀਤੀ ਹੈ ਅਤੇ ਇਨ੍ਹਾਂ ਦੀ ਕ੍ਰਿਪਾ ਨਾਲ ਸਾਰੇ ਵੈਰੀ ਮਰ ਗਏ ਹਨ।

ਇਨਹੀ ਕੀ ਕ੍ਰਿਪਾ ਕੇ ਸਜੇ ਹਮ ਹੈ ਨਹੀ ਮੋ ਸੇ ਗਰੀਬ ਕਰੋਰ ਪਰੇ ॥੨॥

ਇਨ੍ਹਾਂ ਦੀ ਕ੍ਰਿਪਾ ਨਾਲ ਅਸੀਂ ਸ਼ੋਭਾ ਪਾ ਰਹੇ ਹਾਂ, ਨਹੀਂ ਤਾਂ ਮੇਰੇ ਵਰਗੇ ਕਰੋੜਾਂ ਗਰੀਬ (ਸੰਸਾਰ ਵਿਚ) ਪਏ ਹਨ (ਜਿਨ੍ਹਾਂ ਦੀ ਕੋਈ ਵਾਟ ਨਹੀਂ ਪੁਛਦਾ) ॥੨॥

ਸ੍ਵੈਯਾ ॥

ਸ੍ਵੈਯਾ:

ਸੇਵ ਕਰੀ ਇਨਹੀ ਕੀ ਭਾਵਤ ਅਉਰ ਕੀ ਸੇਵ ਸੁਹਾਤ ਨ ਜੀ ਕੋ ॥

ਇਨ੍ਹਾਂ ਦੀ ਕੀਤੀ ਸੇਵਾ ਹੀ (ਮੈਨੂੰ) ਚੰਗੀ ਲਗਦੀ ਹੈ; ਹੋਰਾਂ ਦੀ ਸੇਵਾ ਮੇਰੇ ਜੀ ਨੂੰ ਚੰਗੀ ਨਹੀਂ ਲਗਦੀ।

ਦਾਨ ਦਯੋ ਇਨਹੀ ਕੋ ਭਲੋ ਅਰੁ ਆਨ ਕੋ ਦਾਨ ਨ ਲਾਗਤ ਨੀਕੋ ॥

ਦਾਨ ਦੇਣਾ ਵੀ ਇਨ੍ਹਾਂ ਨੂੰ ਚੰਗਾ ਹੈ ਅਤੇ ਹੋਰਨਾਂ ਨੂੰ ਦਾਨ ਦੇਣਾ ਬਿਲਕੁਲ ਚੰਗਾ ਨਹੀਂ ਲਗਦਾ।

ਆਗੈ ਫਲੈ ਇਨਹੀ ਕੋ ਦਯੋ ਜਗ ਮੈ ਜਸੁ ਅਉਰ ਦਯੋ ਸਭ ਫੀਕੋ ॥

ਇਨ੍ਹਾਂ ਨੂੰ ਦਿੱਤਾ ਹੋਇਆ ਅਗੇ ਫਲੇਗਾ ਅਤੇ ਜਗਤ ਵਿਚ ਯਸ਼ ਹੋਵੇਗਾ; ਹੋਰਨਾਂ ਨੂੰ ਦਿੱਤਾ ਹੋਇਆ ਸਭ ਫਿਕਾ (ਵਿਅਰਥ) ਹੈ।

ਮੋ ਗ੍ਰਹ ਮੈ ਤਨ ਤੇ ਮਨ ਤੇ ਸਿਰ ਲਉ ਧਨ ਹੈ ਸਭ ਹੀ ਇਨਹੀ ਕੋ ॥੩॥

ਮੇਰੇ ਘਰ ਵਿਚ ਤਨ, ਮਨ ਤੇ ਧਨ ਅਤੇ ਸਿਰ ਤਕ ਸਭ ਇਨ੍ਹਾਂ (ਸਿੱਖਾਂ) ਦਾ ਹੀ ਹੈ ॥੩॥

ਦੋਹਰਾ ॥

ਦੋਹਰਾ:

ਚਟਪਟਾਇ ਚਿਤ ਮੈ ਜਰਿਓ ਤ੍ਰਿਣ ਜਿਉ ਕ੍ਰੁਧਤ ਹੋਇ ॥

ਇਹ ਗੱਲ ਸੁਣਦਿਆਂ ਹੀ ਮਿਸ਼ਰ ਕ੍ਰੋਧਿਤ ਹੋ ਕੇ ਘਬਰਾ ਗਿਆ ਅਤੇ ਚਿੱਤ ਵਿਚ ਤੀਲਿਆਂ ਵਾਂਗ ਸੜ ਗਿਆ।


Flag Counter