ਸ਼੍ਰੀ ਦਸਮ ਗ੍ਰੰਥ

ਅੰਗ - 1330


ਤ੍ਰਿੰਬਕ ਮਹਾ ਰੁਦ੍ਰ ਹੈ ਜਹਾ ॥

ਜਿਥੇ ਤ੍ਰਿੰਬਕ ਮਹਾ ਰੁਦ੍ਰ ਹੈ,

ਤ੍ਰਿੰਬਕ ਦਤ ਨਰਾਧਪ ਤਹਾ ॥੧॥

ਉਥੇ ਤ੍ਰਿੰਬਕ ਦੱਤ ਨਾਂ ਦਾ ਰਾਜਾ (ਰਾਜ ਕਰਦਾ) ਸੀ ॥੧॥

ਤ੍ਰਿਬੰਕ ਪੁਰ ਤਾ ਕੋ ਬਹੁ ਸੋਹੈ ॥

ਉਸ ਦਾ ਤ੍ਰਿੰਬਕ ਪੁਰ ਬਹੁਤ ਹੀ ਸ਼ੋਭਾਸ਼ਾਲੀ ਸੀ,

ਇੰਦ੍ਰ ਚੰਦ੍ਰ ਲੋਕ ਕਹ ਮੋਹੈ ॥

ਜੋ ਇੰਦਰ ਅਤੇ ਚੰਦ੍ਰ ਲੋਕਾਂ ਨੂੰ ਵੀ ਮੋਹ ਲੈਂਦਾ ਸੀ।

ਸ੍ਰੀ ਰਸਰੀਤਿ ਮਤੀ ਤਿਹ ਨਾਰੀ ॥

ਰਸਰੀਤ ਮਤੀ ਉਸ ਦੀ ਇਸਤਰੀ ਸੀ।

ਕੰਚਨ ਅਵਟਿ ਸਾਚੇ ਜਨੁ ਢਾਰੀ ॥੨॥

(ਇੰਜ ਲਗਦੀ ਸੀ) ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲੀ ਗਈ ਹੋਵੇ ॥੨॥

ਸ੍ਰੀ ਸੁਹਾਸ ਦੇ ਤਾ ਕੀ ਕੰਨ੍ਯਾ ॥

ਉਸ ਦੀ ਕੰਨਿਆ ਦਾ ਨਾਂ ਸੁਹਾਸ ਦੇ (ਦੇਈ) ਸੀ

ਜਿਹ ਸਮ ਉਪਜੀ ਨਾਰਿ ਨ ਅੰਨ੍ਰਯਾ ॥

ਜਿਸ ਵਰਗੀ ਕੋਈ ਹੋਰ ਨਾਰ ਪੈਦਾ ਨਹੀਂ ਹੋਈ ਸੀ।

ਏਕ ਚਤੁਰਿ ਅਰੁ ਸੁੰਦਰਿ ਘਨੀ ॥

ਉਹ ਇਕ ਸਿਆਣੀ ਅਤੇ ਦੂਜੇ ਬਹੁਤ ਸੁੰਦਰ ਸੀ,

ਜਿਹ ਸਮਾਨ ਕੋਈ ਨਹਿ ਬਨੀ ॥੩॥

ਜਿਸ ਵਰਗੀ (ਸੁੰਦਰ) ਕੋਈ ਹੋਰ ਨਹੀਂ ਬਣੀ ਸੀ ॥੩॥

ਇਕ ਦਿਨ ਕੁਅਰਿ ਬਾਗ ਕੋ ਚਲੀ ॥

ਇਕ ਦਿਨ ਰਾਜ ਕੁਮਾਰੀ ਵੀਹ ਪੰਜਾਹ

ਬੀਸ ਪਚਾਸ ਲਏ ਸੰਗ ਅਲੀ ॥

ਸਖੀਆਂ ਨੂੰ ਨਾਲ ਲੈ ਕੇ ਬਾਗ਼ ਨੂੰ ਗਈ।

ਜਾਤ ਹੁਤੀ ਮਾਰਗ ਕੇ ਮਾਹੀ ॥

(ਜਦ) ਰਾਹ ਵਿਚ ਜਾ ਰਹੀ ਸੀ,

ਸੁੰਦਰ ਨਿਰਖਾ ਏਕ ਤਹਾ ਹੀ ॥੪॥

ਤਾਂ ਉਥੇ ਇਕ ਸੁੰਦਰ (ਆਦਮੀ) ਵੇਖਿਆ ॥੪॥

ਸੇਰ ਸਿੰਘ ਤਿਹ ਨਾਮ ਬਿਰਾਜਤ ॥

ਉਸ ਦਾ ਨਾਮ ਸ਼ੇਰ ਸਿੰਘ ਸੀ। (ਉਹ ਇਤਨਾ ਸੁੰਦਰ ਸੀ ਕਿ)

ਜਾਹਿ ਨਿਰਖਿ ਰਤਿ ਕੋ ਮਨ ਲਾਜਤ ॥

ਉਸ ਨੂੰ ਵੇਖ ਕੇ (ਕਾਮ ਦੇਵ ਦੀ ਇਸਤਰੀ) ਰਤੀ ਵੀ ਲਜਿਤ ਹੁੰਦੀ ਸੀ।

ਕਹ ਲਗਿ ਤਿਹ ਛਬਿ ਭਾਖਿ ਸੁਨਾਊ ॥

ਉਸ ਦੀ ਸੁੰਦਰਤਾ ਦਾ ਕਿਥੋਂ ਤਕ ਵਰਣਨ ਕਰਾਂ।

ਪ੍ਰਭਾ ਕੇਰ ਸੁਭ ਗ੍ਰੰਥ ਬਨਾਊ ॥੫॥

(ਉਸ ਦੀ) ਸੁੰਦਰਤਾ ਲਈ (ਇਕ) ਸ਼ੁਭ ਗ੍ਰੰਥ ਬਣਾ ਦਿਆਂ ॥੫॥

ਅੜਿਲ ॥

ਅੜਿਲ:

ਰਾਜ ਸੁਤਾ ਜਬ ਤੇ ਤਿਹ ਗਈ ਨਿਹਾਰਿ ਕਰਿ ॥

ਜਦ ਦੀ ਰਾਜ ਕੁਮਾਰੀ ਉਸ ਨੂੰ ਵੇਖ ਕੇ ਗਈ ਸੀ,

ਰਹੀ ਮਤ ਹ੍ਵੈ ਮਨ ਇਹ ਬਾਤ ਬਿਚਾਰਿ ਕਰਿ ॥

ਤਾਂ (ਉਹ) ਇਹ ਗੱਲ ਵਿਚਾਰ ਕੇ ਮਨ ਵਿਚ ਮਸਤ ਹੋ ਰਹੀ ਸੀ

ਕੋਟਿ ਜਤਨ ਕਰਿ ਕਰਿ ਕਰਿ ਯਾਹਿ ਬੁਲਾਇਯੈ ॥

ਕਿ ਕਰੋੜਾਂ ਯਤਨ ਕਰ ਕਰ ਕੇ ਉਸ ਨੂੰ ਬੁਲਾਵਾਂਗੀ

ਹੋ ਕਾਮ ਕੇਲ ਕਰਿ ਯਾ ਸੌ ਹਰਖ ਕਮਾਇਯੈ ॥੬॥

ਅਤੇ ਉਸ ਨਾਲ ਰਤੀ-ਕ੍ਰੀੜਾ ਕਰ ਕੇ ਸੁਖ ਪ੍ਰਾਪਤ ਕਰਾਂਗੀ ॥੬॥

ਚੌਪਈ ॥

ਚੌਪਈ:

ਸਖੀ ਏਕ ਤਹ ਦਈ ਪਠਾਇ ॥

(ਰਾਜ ਕੁਮਾਰੀ ਨੇ) ਉਸ ਪਾਸ ਇਕ ਸਖੀ ਨੂੰ ਭੇਜਿਆ।

ਜਿਹ ਤਿਹ ਬਿਧਿ ਤਿਹ ਲਯੋ ਬੁਲਾਇ ॥

(ਉਹ) ਜਿਵੇਂ ਕਿਵੇਂ ਉਸ ਨੂੰ ਬੁਲਾ ਲਿਆਈ।

ਪੜਿ ਪੜਿ ਦੋਹਾ ਛੰਦ ਬਿਹਾਰਹਿ ॥

ਉਹ ਦੋਹਰਾ ਛੰਦ (ਗੀਤ) ਪੜ੍ਹ ਕੇ ਰਮਣ ਕਰ ਰਹੇ ਸਨ

ਸਕਲ ਮਦਨ ਕੋ ਤਾਪ ਨਿਵਾਰਹਿ ॥੭॥

ਅਤੇ ਕਾਮ ਦਾ ਸਾਰਾ ਤਾਪ ਦੂਰ ਕਰ ਰਹੇ ਸਨ ॥੭॥

ਆਵਤ ਨੈਨ ਨਿਰਖਿ ਕਰਿ ਰਾਜਾ ॥

ਜਦ ਉਸ (ਰਾਜ ਕੁਮਾਰੀ) ਨੇ ਰਾਜੇ ਨੂੰ ਆਉਂਦਿਆਂ ਅੱਖਾਂ ਨਾਲ ਵੇਖਿਆ,

ਇਹ ਬਿਧਿ ਚਰਿਤ ਚੰਚਲਾ ਸਾਜਾ ॥

ਤਾਂ ਰਾਜ ਕੁਮਾਰੀ ਨੇ ਇਸ ਤਰ੍ਹਾਂ ਚਰਿਤ੍ਰ ਖੇਡਿਆ।

ਰੋਮ ਨਾਸ ਤਿਹ ਬਦਨ ਲਗਾਯੋ ॥

ਉਸ ਦੇ ਸ਼ਰੀਰ ਉਤੇ ਰੋਮਨਾਸਨੀ ਲਗਾ ਕੇ (ਵਾਲ ਦੂਰ ਕਰ ਦਿੱਤੇ ਅਤੇ)

ਨਾਰਿ ਭੇਸ ਤਾ ਕਹ ਪਹਿਰਾਯੋ ॥੮॥

ਉਸ ਨੂੰ ਇਸਤਰੀ ਦੇ ਬਸਤ੍ਰ ਪਵਾ ਦਿੱਤੇ ॥੮॥

ਝਾਰੂ ਏਕ ਹਾਥ ਤਿਹ ਲਿਯੋ ॥

ਉਸ ਨੇ ਇਕ ਹੱਥ ਵਿਚ ਝਾੜੂ ਪਕੜ ਲਿਆ

ਦੂਜੇ ਹਾਥ ਟੋਕਰਾ ਦਿਯੋ ॥

ਅਤੇ ਦੂਜੇ ਵਿਚ ਟੋਕਰਾ ਥਮਾ ਦਿੱਤਾ।

ਮੁਹਰਨ ਔਰ ਰਪੈਯਨ ਭਰੋ ॥

(ਟੋਕਰਾ) ਮੋਹਰਾਂ ਅਤੇ ਰੁਪੈਯਾਂ ਨਾਲ ਭਰ ਦਿੱਤਾ

ਤਾਹਿ ਚੰਡਾਰੀ ਭਾਖਿਨਿ ਕਰੋ ॥੯॥

ਅਤੇ ਉਸ ਨੂੰ ਚੂਹੜੀ ਕਹਿ ਦਿੱਤਾ ॥੯॥

ਨ੍ਰਿਪ ਆਗੇ ਕਰਿ ਤਾਹਿ ਨਿਕਾਰਿਯੋ ॥

ਰਾਜੇ ਦੇ ਸਾਹਮਣਿਓਂ ਉਸ ਨੂੰ ਕਢ ਦਿੱਤਾ।

ਮੂੜ ਭੂਪ ਨਹਿ ਭੇਦ ਬਿਚਾਰਿਯੋ ॥

ਪਰ ਮੂਰਖ ਰਾਜੇ ਨੇ ਕੁਝ ਵੀ ਭੇਦ ਨਾ ਸਮਝਿਆ।

ਕਾਢਿ ਖੜਗ ਤਿਹ ਹਨਤ ਨ ਭਯੋ ॥

ਤਲਵਾਰ ਕਢ ਕੇ ਉਸ ਨੂੰ ਨਾ ਮਾਰਿਆ

ਜਾਨਿ ਚੰਡਾਰ ਤਾਹਿ ਨ੍ਰਿਪ ਗਯੋ ॥੧੦॥

ਅਤੇ ਉਸ ਨੂੰ ਚੂਹੜੀ ਸਮਝ ਕੇ ਰਾਜਾ ਚਲਾ ਗਿਆ ॥੧੦॥

ਜਿਨ ਇਹ ਮੋਰ ਅੰਗ ਛੁਹਿ ਜਾਇ ॥

(ਰਾਜਾ ਇਹ ਸੋਚਦਾ ਸੀ) ਮਤਾਂ ਮੇਰੇ ਸ਼ਰੀਰ ਨੂੰ ਛੋਹ ਜਾਏ

ਮੁਝੈ ਕਰੈ ਅਪਵਿਤ੍ਰ ਬਨਾਇ ॥

ਅਤੇ ਮੈਨੂੰ ਅਪਵਿਤ੍ਰ ਕਰ ਜਾਏ।

ਤਾਹਿ ਪਛਾਨਿ ਪਕਰਿ ਨਹਿ ਲਯੋ ॥

ਉਸ ਨੂੰ ਪਛਾਣ ਕੇ ਪਕੜ ਨਾ ਸਕਿਆ

ਲੈ ਮੁਹਰੈ ਸੁੰਦਰ ਘਰ ਗਯੋ ॥੧੧॥

ਅਤੇ ਮੋਹਰਾਂ ਲੈ ਕੇ ਉਹ ਸੁੰਦਰ (ਆਦਮੀ) ਘਰ ਨੂੰ ਚਲਾ ਗਿਆ ॥੧੧॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਸਤਤਰ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੭੭॥੬੮੦੮॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੩੭੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੭੭॥੬੮੦੮॥ ਚਲਦਾ॥

ਚੌਪਈ ॥

ਚੌਪਈ:

ਭੂਪ ਤ੍ਰਿਹਾਟਕ ਸੈਨ ਭਨਿਜੈ ॥

ਤ੍ਰਿਹਾਟਕ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ।

ਨਗਰ ਤਿਹਾੜੋ ਜਾਹਿ ਕਹਿਜੈ ॥

ਉਸ ਦੇ ਨਗਰ ਨੂੰ ਤਿਹਾੜ ਕਿਹਾ ਜਾਂਦਾ ਸੀ।


Flag Counter