ਰਤਨਾਂ ਨਾਲ ਜੜਿਆ (ਜੋ) ਰਥ ਸ਼ੋਭਦਾ ਹੈ, (ਜਿਸ ਨੂੰ) ਹੀਰਿਆਂ ਅਤੇ ਮੋਤੀਆਂ ਨਾਲ ਖਚਿਤ ਕੀਤਾ ਹੋਇਆ ਹੈ।
ਜਿਸ ਦੇ ਮਹਾਨ ਬਲਵਾਨ ਰਥਵਾਨ ਨੇ ਹੀਰਿਆਂ ਦੇ ਗਹਿਣੇ ਅਤੇ ਬਸਤ੍ਰ ਧਾਰਨ ਕੀਤੇ ਹੋਏ ਹਨ।
(ਜਿਸ ਦੀ ਚਮਕ ਦਮਕ ਨੂੰ) ਵੇਖ ਕੇ ਸੋਨਾ (ਕਨਕ) ਕੁੜਦਾ ਹੈ ਅਤੇ ਤਕੜੇ ਮਨ ਵਾਲੀਆਂ ਇਸਤਰੀਆਂ (ਜਿਸ ਨੂੰ ਵੇਖ ਕੇ) ਸੁਰਤ ਖੋਹ ਬਹਿੰਦੀਆਂ ਹਨ (ਅਰਥਾਤ ਕਾਮ ਵਸ ਹੋ ਜਾਂਦੀਆਂ ਹਨ)।
(ਜਿਸ ਨੇ) ਸ਼ਰੀਰ ਉਤੇ ਜ਼ਰੀਦਾਰ ਬਸਤ੍ਰ ਹਨ ਅਤੇ ਸ਼ਰੀਰ ਉਤੇ ਬਹੁਤ ਸੁੰਦਰ ਗਹਿਣੇ ਧਾਰਨ ਕੀਤੇ ਹੋਏ ਹਨ।
ਇਹ ਛਬੀ ਕਾਮ ਦੇਵ ਦੇ ਪੁੱਤਰ 'ਆਨੰਦ' ਰਾਜੇ ਦੀ ਹੈ। ਜਿਸ ਦਿਨ (ਇਹ) ਗਜ ਕੇ ਸੈਨਿਕ ਦਲ ਨੂੰ ਗਾਹੇਗਾ,
ਤਾਂ ਹੇ ਰਾਜਨ! ਸੁਣੋ, ਬਿਨਾ ਇਕ ਧੀਰਜ ਦੇ ਹੋਰ ਕੌਣ ਇਸ ਦੇ ਸਾਹਮਣੇ ਜਾਵੇਗਾ ॥੧੭੫॥
ਧੂੰਏ ਰੰਗ ਵਾਲਾ ਜਿਸ ਦਾ ਰਥਵਾਨ ਹੈ ਅਤੇ ਧੂੰਏਂ ਰੰਗੇ ਘੋੜੇ ਹੀ (ਜਿਸ ਦੇ) ਰਥ ਅਗੇ ਜੁਤੇ ਹੋਏ ਹਨ।
ਧੂਏਂ ਦੇ ਰੰਗ ਵਾਲੇ ਗਹਿਣੇ ਹਨ, (ਜਿਸ ਨੂੰ) ਵੇਖ ਕੇ ਦੇਵਤੇ, ਮੁਨੀ ਅਤੇ ਮਨੁੱਖ ਮਨ ਵਿਚ ਲਜਾਉਂਦੇ ਹਨ।
(ਜਿਸ ਦੀਆਂ) ਧੂੰਏਂ ਦੇ ਰੰਗ ਵਾਲੀਆਂ ਅੱਖੀਆਂ ਹਨ, ਧੂੰਏਂ ਵਰਗਾ ਸ਼ਰੀਰ ਹੈ ਅਤੇ ਧੂੰਏਂ ਦੇ ਰੰਗ ਵਾਲੇ ਹੀ ਜਿਸ ਦੇ ਗਹਿਣੇ ਹਨ।
(ਜੋ) ਮੁਖ ਤੋਂ ਧੂੰਏਂ ਦੇ ਰੰਗ ਵਾਲੀ ਉਲਟੀ ਕਰ ਰਿਹਾ ਹੈ ਅਤੇ ਵੈਰੀ ਦੀ ਸਾਰੀ ਕੁਲ ਨੂੰ ਦੁਖ ਦੇਣ ਵਾਲਾ ਹੈ।
ਇਹ 'ਭਰਮ' (ਨਾਮ ਵਾਲਾ ਯੋਧਾ) ਕਾਮਦੇਵ ਦਾ ਚੌਥਾ ਪੁੱਤਰ ਹੈ। ਜਿਸ ਦਿਨ (ਇਹ) ਕ੍ਰੋਧ ਕਰ ਕੇ ਧਾਵਾ ਬੋਲੇਗਾ,
ਹੇ ਰਾਜਨ! ਇਕ ਛਿਣ ਵਿਚ ਹੀ ਇਹ ਤੇਰੀ ਸਾਰੀ ਸੈਨਾ ਨੂੰ ਲੁਟ ਕੁਟ ਕੇ ਚਲਾ ਜਾਵੇਗਾ ॥੧੭੬॥
ਹੋਰ ਹੋਰ ਜੋ ਯੋਧੇ ਗਿਣੇ ਜਾਂਦੇ ਹਨ, ਉਨ੍ਹਾਂ ਦੇ ਸੁੰਦਰ ਨਾਂ ਹਨ।
(ਉਹ) ਬਹੁਤ ਭਾਰੀ ਯੋਧੇ, ਵੱਡੇ ਸੂਰਮੇ ਅਤੇ ਬਹੁਤ ਜਿਤਾਂ ਹਾਸਲ ਕਰਨ ਵਾਲੇ ਚੰਗੇ ਲੱਛਣਾਂ ਵਾਲੇ ਹਨ।
'ਕਲਹ' ਨਾਂ ਵਾਲੀ ਇਕ ਇਸਤਰੀ ਹੈ ਜੋ ਮਹਾਨ 'ਕਲ' ਰੂਪ ਵਾਲੀ ਅਤੇ ਬਹੁਤ ਕਲੇਸ਼ ਕਰਨ ਵਾਲੀ ਹੈ।
ਜਿਸ ਨੇ ਚੌਹਾਂ ਲੋਕਾਂ ਵਿਚ ਦੇਵਤਾ ਜਾਂ ਮਨੁੱਖ ਨਹੀਂ ਛਡਿਆ ਹੈ।
ਸਾਰੇ ਸ਼ਸਤ੍ਰਾਂ ਅਸਤ੍ਰਾਂ ਨੂੰ ਚਲਾਉਣ ਵਿਚ ਨਿਪੁਣ ਹੈ ਅਤੇ ਉਸ ਦਾ ਭਾਰੀ ਪ੍ਰਭਾਵ ਜਾਣੀਦਾ ਹੈ।
ਸਾਰੇ ਦੇਸਾਂ ਅਤੇ ਭੇਸਾਂ ਅਤੇ ਸਭ ਰਾਜਾਂ ਵਿਚ ਜਿਸ ਦਾ ਡਰ ਮੰਨਿਆ ਜਾਂਦਾ ਹੈ ॥੧੭੭॥
'ਵੈਰ' ਨਾਂ ਦਾ ਇਕ ਬਹੁਤ ਹੀ ਨਿਡਰ ਵੀਰ ਹੈ ਜੋ ਰਣ ਵਿਚ ਜਿਤਿਆ ਨਹੀਂ ਜਾ ਸਕਦਾ।
ਜਿਸ ਨੇ ਕਦੇ ਵੀ ਪਿਠ ਨਹੀਂ ਦਿੱਤੀ ਅਤੇ ਅਨੇਕਾਂ ਰਾਜਿਆਂ ਦੇ ਸਮੂਹ ਜਿਤ ਲਏ ਹਨ।
ਉਸ ਦੀਆਂ ਲਾਲ ਅੱਖਾਂ ਹਨ ਅਤੇ ਸ਼ਰੀਰ ਉਤੇ ਸਜਾਏ ਸਾਰੇ ਸ਼ਸਤ੍ਰ ਲਾਲ ਹਨ।
ਜਿਸ ਦੀ ਧੁਜਾ ਸੂਰਜ ਦੇ ਪ੍ਰਕਾਸ਼ ਵਾਂਗ ਹੈ ਅਤੇ (ਜਿਸ ਦੀ) ਛਬੀ ਨੂੰ ਲਾਲ ਰੰਗ ਵੀ ਵੇਖ ਕੇ ਲਜਿਤ ਹੁੰਦਾ ਹੈ।
ਇਸ ਤਰ੍ਹਾਂ ਦਾ 'ਵੈਰ' ਬਹੁਤ ਵੱਡਾ ਵੀਰ ਹੈ, ਜਿਸ ਦਿਨ ਉਹ ਕ੍ਰੋਧ ਕਰ ਕੇ ਗਜੇਗਾ,
ਹੇ ਰਾਜਨ! ਸੁਣੋ, ਬਿਨਾ ਇਕ 'ਸਾਂਤਿ' ਦੇ ਹੋਰ (ਕੋਈ) ਦੂਜਾ ਉਸ ਨੂੰ ਨਹੀਂ ਵਰਜੇਗਾ ॥੧੭੮॥
(ਜਿਸ ਦੀ) ਧੂੰਏਂ ਦੀ ਧੁਜਾ, ਧੂੰਏਂ ਦਾ ਰਥ ਅਤੇ ਧੂੰਏਂ ਦਾ ਰਥਵਾਨ ਬੈਠਾ ਹੋਇਆ ਹੈ।
ਧੂੰਏਂ ਦੇ ਹੀ ਬਸਤ੍ਰ ਸ਼ਰੀਰ ਉਤੇ ਧਾਰਨ ਕੀਤੇ ਹੋਏ ਹਨ, (ਜਿਨ੍ਹਾਂ ਨੂੰ) ਵੇਖ ਕੇ ਧੂੰਏਂ ਦਾ ਮਨ ਵੀ ਲਜਿਤ ਹੁੰਦਾ ਹੈ।
ਧੂੰਏਂ ਦਾ ਹੀ ਧਨੁਸ਼ (ਜਿਸ ਨੇ) ਹੱਥ ਵਿਚ ਕਸਿਆ ਹੋਇਆ ਹੈ ਜਿਸ ਵਿਚ ਧੂੰਏਂ ਦੇ ਹੀ ਤੀਰ ਸੁਸ਼ੋਭਿਤ ਹਨ।
(ਜਿਸ ਨੂੰ ਵੇਖ ਕੇ) ਦੇਵਤੇ, ਮਨੁੱਖ, ਨਾਗ, ਸੱਪ, ਯਕਸ਼ ਅਤੇ ਦੈਂਤ ਲਜਾਵਾਨ ਹੋ ਰਹੇ ਹਨ।
ਇਸ (ਪ੍ਰਕਾਰ ਦੀ) ਛਬੀ ਦੇ ਪ੍ਰਭਾਵ ਵਾਲਾ 'ਆਲਸ', ਰਾਜਾ ਜਦੋਂ ਯੁੱਧ ਨੂੰ ਜੁਟ ਜਾਏਗਾ,
ਹੇ ਰਾਜਨ! ਸੁਣੋ, 'ਉਦਮ' ਤੋਂ ਬਿਨਾ ਹੋਰ ਸਾਰਾ ਦਲ (ਉਸ ਤੋਂ) ਨਸ਼ਟ ਹੋ ਜਾਏਗਾ ॥੧੭੯॥
ਹਰੇ ਰੰਗ ਦੀ ਧੁਜਾ, ਹਰੇ ਰੰਗ ਦਾ ਧਨੁਸ਼ ਅਤੇ ਹਰੇ ਘੋੜੇ ਅਤੇ ਹਰੇ ਰੰਗ ਦਾ ਰਥ ਸ਼ੋਭ ਰਿਹਾ ਹੈ।
(ਜਿਸ ਨੇ) ਹਰੇ ਰੰਗ ਦੇ ਬਸਤ੍ਰ ਸ਼ਰੀਰ ਉਤੇ ਧਾਰਨ ਕੀਤੇ ਹੋਏ ਹਨ, (ਜਿਨ੍ਹਾਂ ਨੂੰ) ਵੇਖ ਕੇ ਦੇਵਤਿਆਂ ਅਤੇ ਮਨੁੱਖਾਂ ਦੇ ਮਨ ਮੋਹਿਤ ਹੋ ਰਹੇ ਹਨ।
(ਜਿਸ ਦਾ) ਰਥ ਹਵਾ ਦੇ ਵੇਗ ਵਾਂਗ ਚਲਦਾ ਹੈ, (ਜਿਸ ਨੂੰ) ਭ੍ਰਮਦਿਆਂ ਵੇਖ ਕੇ ਵਾ-ਵਰੋਲਾ ਵੀ ਲਜਿਤ ਹੁੰਦਾ ਹੈ।
(ਜਿਸ ਦੇ) ਸ਼ਬਦ ਨੂੰ ਕੰਨਾਂ ਨਾਲ ਸੁਣ ਕੇ ਹੈਰਾਨ ਹੋਇਆ ਬਦਲ ਮਨ ਵਿਚ ਸੁਖ ਅਨੁਭਵ ਕਰਦਾ ਹੈ।
ਇਹ ਛਬੀ ਅਤੇ ਪ੍ਰਤਾਪ 'ਮਦ' ਨਾਂ ਦੇ ਰਾਜੇ ਦਾ ਹੈ, (ਉਹ) ਜਿਸ ਦਿਨ ਘੋੜਾ ਨਚਾਏਗਾ;
ਹੇ ਰਾਜਨ! ਸੁਣ ਲਓ, ਬਿਨਾ ਇਕ 'ਬਿਬੇਕ' ਦੇ ਯੁੱਧ ਵਿਚ (ਉਸ ਦੇ ਸਾਹਮਣੇ) ਹੋਰ ਦੂਜਾ ਕੌਣ ਜਾਏਗਾ ॥੧੮੦॥
ਕਾਲੀ (ਅਸਿਤ) ਧੁਜਾ ਹੈ, ਕਾਲਾ ਰਥਵਾਨ ਹੈ, ਬਸਤ੍ਰ ਅਤੇ ਘੋੜੇ ਵੀ ਕਾਲੇ ਹਨ,
ਕਾਲਾ ਹੀ ਕਵਚ ਤਨ ਉਤੇ ਕਸਿਆ ਹੋਇਆ ਹੈ ਅਤੇ ਬਾਣਾਂ ਦੀ ਲੜੀ ਛਡੀ ਜਾ ਰਿਹਾ ਹੈ।
ਉਸ ਦਾ ਸਾਰਾ ਰੰਗ ਕਾਲਾ ਹੈ ਅਤੇ ਦੁਖ ਨੂੰ ਨਸ਼ਟ ਕਰਨ ਵਾਲੀਆਂ ਕਾਲੀਆਂ ਹੀ ਅੱਖਾਂ ਹਨ।
ਕਾਲੀਆਂ ਮਣੀਆਂ ਦੇ ਜ਼ੇਵਰ ਸਾਰਿਆਂ ਅੰਗਾਂ ਉਤੇ ਰੁਚੀ ਨਾਲ ਬੰਨ੍ਹੇ ਹੋਏ ਹਨ।
ਇਸ ਤਰ੍ਹਾਂ ਦਾ ਬਹੁਤ ਨਿਡਰ ਯੋਧਾ 'ਕੁਵ੍ਰਿਤਿ' ਹੈ। ਜਿਸ ਦਿਨ (ਉਹ) ਯੁੱਧ ਨੂੰ ਜਾਏਗਾ,
ਤਾਂ ਬਿਨਾ ਇਕ 'ਧੀਰਜ' (ਨਾਂ ਦੇ) ਯੋਧੇ ਦੇ, ਹੋਰ ਸਾਰਾ ਦਲ ਤੱਤ-ਛਿਣ ਭਜ ਜਾਏਗਾ ॥੧੮੧॥
ਚੰਮ ਦਾ ਕਵਚ (ਜਿਸ ਨੇ) ਪਾਇਆ ਹੋਇਆ ਹੈ ਅਤੇ ਛਤ੍ਰੀ ਧਰਮ ਨੂੰ ਧਾਰਨ ਕੀਤਾ ਹੋਇਆ ਹੈ।
ਆਪਣੇ ਆਪ ਨੂੰ ਅਜਿਤ ਜਾਣ ਕੇ ਰਣ-ਭੂਮੀ ਵਿਚ ਸਾਰਿਆਂ ਯੋਧਿਆਂ ਨੂੰ ਵੰਗਾਰਦਾ ਹੈ।
ਜਿਸ ਦੇ ਸਾਹਮਣੇ ਹੋ ਕੇ ਧਾਵਾ ਕਰਦਾ ਹੈ, ਉਹ ਸੂਰਮਾ ਅਗੋਂ ਧੀਰਜ ਧਾਰਨ ਨਹੀਂ ਕਰਦਾ।
ਦੇਵਤੇ, ਦੈਂਤ ਅਤੇ ਨਰ-ਨਾਰੀ, ਯਕਸ਼, ਗੰਧਰਬ (ਸਭ ਉਸ ਦੇ) ਗੁਣ ਗਾਉਂਦੇ ਹਨ।
ਇਸ ਤਰ੍ਹਾਂ ਦਾ 'ਗੁਮਾਨ' (ਨਾਂ ਦਾ ਸੂਰਮਾ) ਜਿਸ ਦਿਨ ਗਜ ਵਜ ਕੇ ਬਹੁਤ ਕ੍ਰੋਧ ਨਾਲ ਆ ਢੁਕੇਗਾ,
ਤਾਂ ਹੇ ਰਜਿਆਂ ਦੇ ਰਾਜੇ! ਸੁਣੋ, ਬਿਨਾ ਇਕ 'ਸੀਲ' ਦੇ ਹੋਰ ਸਾਰਾ ਦਲ ਹਾਲ-ਦੁਹਾਈ ਮਚਾਏਗਾ ॥੧੮੨॥