ਕਿਤਨੇ ਸਿਰ ਦੀ ਪੀੜ ਨਾਲ ਮਰ ਗਏ
ਅਤੇ ਕਈ ਵਾਯੂ ਦੇ ਰੋਗ ਨਾਲ ਅਧੀਰ ਹੋ ਗਏ।
ਕਈਆਂ ਨੂੰ ਖਈ ਰੋਗ (ਤਪੇਦਿਕ) ਨੇ ਨਸ਼ਟ ਕਰ ਦਿੱਤਾ
ਅਤੇ ਕਈ ਵਾਯੂ (ਰੋਗ) ਨਾਲ ਖ਼ਤਮ ਹੋ ਗਏ ॥੨੪੫॥
ਕਈ ਦਾੜ੍ਹ ਦੀ ਪੀੜ ਨਾਲ ਮਰ ਗਏ
ਅਤੇ ਕਈ ਵਾਯੂ (ਰੋਗ) ਹੋ ਜਾਣ ਕਾਰਨ ਬੋਲੇ ਹੋ ਗਏ।
ਜਿਸ ਦੇ ਸ਼ਰੀਰ ਨੂੰ ਆ ਕੇ ਰੋਗ ਨੇ ਗ੍ਰਸ ਲਿਆ,
ਉਸ ਦਾ ਪ੍ਰਾਣ ਸ਼ਰੀਰ ਨੂੰ ਛਡ ਕੇ ਭਜ ਗਿਆ ॥੨੪੬॥
ਚੌਪਈ:
ਕਿਥੋਂ ਤਕ ਮੈਂ ਵਰਣਨ ਕਰ ਕੇ ਸੁਣਾਵਾਂ,
(ਕਿਉਂਕਿ) ਗ੍ਰੰਥ ਦੇ ਵੱਡਾ ਹੋ ਜਾਣ ਤੋਂ ਡਰਦਾ ਹਾਂ।
ਇਸ ਤਰ੍ਹਾਂ ਦੈਂਤਾਂ ਦਾ ਨਾਸ਼ ਹੋ ਗਿਆ।
ਖੜਗ ਕੇਤੁ (ਮਹਾ ਕਾਲ) ਨੇ ਇਸ ਤਰ੍ਹਾਂ ਦਾ ਕੌਤਕ ਕੀਤਾ ॥੨੪੭॥
ਜਦ ਇਸ ਤਰ੍ਹਾਂ ਦਾਨਵ ਮਾਰੇ ਗਏ,
ਤਾਂ ਅਸਿਧੁਜ (ਮਹਾ ਕਾਲ) ਨੇ ਇਸ ਤਰ੍ਹਾਂ ਵਿਚਾਰ ਕੀਤਾ
ਕਿ ਜੇ ਇਨ੍ਹਾਂ ਨੂੰ ਯੁੱਧ ਕਰਨ ਦੀ ਆਸ ਹੋਏਗੀ
ਤਾਂ ਹੀ ਮੈਨੂੰ ਕੋਈ ਤਮਾਸ਼ਾ ਵਿਖਾਉਣਗੇ ॥੨੪੮॥
ਤਦ (ਮਹਾ ਕਾਲ ਨੇ) ਉਨ੍ਹਾਂ ਨੂੰ ਇਸ ਤਰ੍ਹਾਂ ਵਰਦਾਨ ਦਿੱਤਾ
ਕਿ ਤੁਹਾਡੇ ਤੋਂ ਕਈ ਪ੍ਰਕਾਰ ਦੀਆਂ ਔਸ਼ਧੀਆਂ ਉਤਪੰਨ ਹੋਣਗੀਆਂ।
ਜਿਸ ਦੇ ਤਨ ਨੂੰ ਰੋਗ ਸਤਾਏਗਾ,
ਉਸ ਨੂੰ ਔਸ਼ਧੀ ਤੁਰਤ ਜੀਵਿਤ ਕਰ ਦੇਵੇਗੀ ॥੨੪੯॥
ਜਦੋਂ (ਮਹਾ ਕਾਲ ਨੇ) ਇਸ ਤਰ੍ਹਾਂ ਦਾ ਵਰਦਾਨ ਦਿੱਤਾ,
ਤਾਂ ਮਰ ਚੁਕੇ ਅਨੇਕ ਦੈਂਤਾਂ ਤੋਂ ਹੀ
ਬਹੁਤ ਔਸ਼ਧੀਆਂ ਨਿਕਲ ਆਈਆਂ।
ਉਹ ਆਪਣੇ ਸਾਰੇ ਗੁਣਕਾਰੀ ਤੱਤਾਂ ਨਾਲ ਵਿਕਸਿਤ (ਭਰਪੂਰ) ਸਨ ॥੨੫੦॥
ਜਿਸ (ਦੈਂਤ) ਦੇ ਸ਼ਰੀਰ ਨੂੰ ਪਿਤ ਦੁਖ ਦਿੰਦੀ ਸੀ,
ਉਹ ਵਾਤ ਦੀ ਜੜੀ-ਬੂਟੀ ਖਾ ਲੈਂਦਾ ਸੀ।
ਜਿਸ ਦੈਂਤ ਨੂੰ ਵਾਯੂ ਸਤਾਉਂਦੀ ਸੀ,
ਉਹ ਪਿਤ (ਵਾਯੂ) ਦੀ ਬੂਟੀ ਖਾ ਲੈਂਦਾ ਸੀ ॥੨੫੧॥
ਜਿਸ ਦੀ ਦੇਹ ਵਿਚ ਕਫ਼ ਦੁਖ ਲਿਆਉਂਦੀ ਸੀ,
ਉਹ 'ਕਫਨਾਸਨੀ' ਬੂਟੀ ਚਬਾ ਲੈਂਦਾ ਸੀ।
ਇਸ ਤਰ੍ਹਾਂ ਨਾਲ ਦੈਂਤ ਰੋਗਾਂ ਤੋਂ ਮੁਕਤ ਹੋ ਗਏ।
(ਉਨ੍ਹਾਂ ਨੇ) ਦੁਖ ਨੂੰ ਤਿਆਗ ਕੇ ਯੁੱਧ ਮਚਾ ਦਿੱਤਾ ॥੨੫੨॥
ਤਦ ਦੈਂਤਾਂ ਨੇ ਅਗਨੀ ਅਸਤ੍ਰ ਛਡਿਆ,
ਜਿਸ ਨਾਲ ਬਹੁਤ ਸਾਰੇ ਮਨੁੱਖ ਭਸਮ ਹੋ ਗਏ।
ਤਦ ਕਾਲ ਨੇ ਵਰੁਣ ਅਸਤ੍ਰ ਚਲਾਇਆ
(ਜਿਸ ਨਾਲ) ਸਾਰੀ ਅੱਗ ਦਾ ਤੇਜ ਮਿਟ ਗਿਆ ॥੨੫੩॥
ਦੈਂਤਾਂ ਨੇ ਪਵਨ ਅਸਤ੍ਰ ਨੂੰ ਸਾਧਿਆ,
ਜਿਸ ਤੋਂ ਅਨੇਕਾਂ ਪ੍ਰਾਣੀ ਉਡ ਗਏ।
ਤਦ ਕਾਲ ਨੇ ਭੂਧਰ (ਪਰਬਤ) ਅਸਤ੍ਰ ਚਲਾਇਆ
ਅਤੇ ਸਾਰਿਆਂ ਸੇਵਕਾਂ ਦੇ ਪ੍ਰਾਣ ਬਚਾ ਲਏ ॥੨੫੪॥
ਫਿਰ ਦਾਨਵਾਂ ਨੇ ਮੇਘ ਅਸਤ੍ਰ ਨੂੰ ਛਡਿਆ
ਜਿਸ ਨਾਲ ਸਾਰੇ ਮਨੁੱਖ ਭਿਜ ਗਏ।
ਤਦ ਕਾਲ ਨੇ ਵਾਯੂ ਅਸਤ੍ਰ ਚਲਾਇਆ
(ਜਿਸ ਨਾਲ) ਸਾਰਿਆਂ ਬਦਲਾਂ ਨੂੰ ਤੁਰਤ ਉਡਾ ਦਿੱਤਾ ॥੨੫੫॥
ਦੈਂਤਾਂ ਨੇ (ਫਿਰ) ਰਾਛਸ (ਰਾਖਸ਼) ਅਸਤ੍ਰ ਚਲਾਇਆ।
ਉਸ ਤੋਂ ਬਹੁਤ ਦੈਂਤ ਪੈਦਾ ਕੀਤੇ।
ਤਦ ਕਾਲ ਨੇ ਦੇਵਤਾ ਅਸਤ੍ਰ ਛਡਿਆ,