ਸ਼੍ਰੀ ਦਸਮ ਗ੍ਰੰਥ

ਅੰਗ - 461


ਜਿਉ ਤੜਾਗ ਆਪ ਕਉ ਸੁ ਮਾਲਾ ਜੈਸੇ ਜਾਪੁ ਕਉ ਸੋ ਪੁੰਨਿ ਜੈਸੇ ਪਾਪ ਕਉ ਜਿਉ ਆਲ ਬਾਲ ਤਰੁ ਕੋ ॥

ਜਿਵੇਂ ਤਾਲਾਬ ਪਾਣੀ ਨੂੰ, ਜਿਵੇਂ ਮਾਲਾ ਜਪ ਨੂੰ ਅਤੇ ਜਿਵੇਂ ਪੁੰਨ ਪਾਪ ਨੂੰ ਅਤੇ ਜਿਵੇਂ ਗੋਲ ਵਟ ਬ੍ਰਿਛ ਨੂੰ (ਘੇਰੀ ਰਖਦੀ ਹੈ);

ਜੈਸੇ ਉਡ ਧ੍ਰੂਅ ਕਉ ਸਮੁਦਰ ਜੈਸੇ ਭੂਅ ਕਉ ਸੁ ਤੈਸੇ ਘੇਰਿ ਲੀਨੋ ਹੈ ਖੜਗ ਸਿੰਘ ਬਰ ਕੋ ॥੧੬੩੫॥

ਜਿਵੇਂ ਤਾਰੇ ਧ੍ਰੂਹ ਨੂੰ, ਜਿਵੇਂ ਸਮੁੰਦਰ ਧਰਤੀ ਨੂੰ (ਘੇਰੀ ਰਖਦਾ ਹੈ) ਉਸ ਤਰ੍ਹਾਂ ਸਾਰਿਆਂ ਨੇ ਖੜਗ ਸਿੰਘ ਯੋਧੇ ਨੂੰ ਘੇਰ ਲਿਆ ਹੈ ॥੧੬੩੫॥

ਸਵੈਯਾ ॥

ਸਵੈਯਾ:

ਘੇਰਿ ਲਯੋ ਖੜਗੇਸ ਜਬੈ ਤਬ ਹੀ ਦੁਰਜੋਧਨ ਕੋਪ ਭਯੋ ਹੈ ॥

ਜਦੋਂ ਖੜਗ ਸਿੰਘ ਨੂੰ ਘੇਰਾ ਪਾ ਲਿਆ ਗਿਆ, ਤਦੋਂ ਦੁਰਯੋਧਨ ਬਹੁਤ ਕ੍ਰੋਧਿਤ ਹੋਇਆ।

ਪਾਰਥ ਭੀਮ ਜੁਧਿਸਟਰ ਭੀਖਮ ਅਉਰ ਹਲੀ ਹਲੁ ਪਾਨਿ ਲਯੋ ਹੈ ॥

ਅਰਜਨ, ਭੀਮ ਸੈਨ, ਯੁਧਿਸ਼ਠਰ, ਭੀਸ਼ਮ ਪਿਤਾਮਾ ਅਤੇ ਬਲਰਾਮ ਨੇ ਹੱਥ ਵਿਚ ਹਲ ਚੁਕ ਲਿਆ ਹੈ।

ਭਾਨੁਜ ਦ੍ਰਉਣ ਜੁ ਅਉਰ ਕ੍ਰਿਪਾ ਸੁ ਕ੍ਰਿਪਾਨ ਲਏ ਅਰਿ ਓਰਿ ਗਯੋ ਹੈ ॥

ਕਰਨ ('ਭਾਨੁਜ') ਦ੍ਰੋਣਾਚਾਰੀਆ ਅਤੇ ਕ੍ਰਿਪਾਚਾਰੀਆ ਕ੍ਰਿਪਾਨਾਂ ਲੈ ਕੇ ਵੈਰੀ ਵਲ ਵਧੇ ਹਨ।

ਅਤ੍ਰਨ ਲਾਤਨ ਮੂਕਨ ਦਾਤਨ ਕੋ ਤਹਾ ਆਹਵ ਹੋਤ ਭਯੋ ਹੈ ॥੧੬੩੬॥

ਅਸਤ੍ਰਾਂ, ਲੱਤਾਂ, ਮੁਕਿਆਂ, ਦੰਦਾਂ ਦਾ ਉਥੇ ਯੁੱਧ ਹੋਣ ਲਗ ਗਿਆ ਹੈ ॥੧੬੩੬॥

ਸ੍ਰੀ ਖੜਗੇਸ ਲਯੋ ਧਨੁ ਬਾਨ ਸੰਭਾਰਿ ਕਈ ਅਰਿ ਕੋਟਿ ਸੰਘਾਰੇ ॥

ਸ੍ਰੀ ਖੜਗ ਸਿੰਘ ਨੇ ਧਨੁਸ਼ ਬਾਣ ਸੰਭਾਲ ਲਿਆ ਹੈ ਅਤੇ ਕਈ ਕਰੋੜ ਵੈਰੀ ਮਾਰ ਦਿੱਤੇ ਹਨ।

ਬਾਜ ਪਰੇ ਕਹੂੰ ਤਾਜ ਗਿਰੇ ਗਜਰਾਜ ਗਿਰੇ ਗਿਰਿ ਸੇ ਧਰਿ ਕਾਰੇ ॥

ਕਿਤੇ ਘੋੜੇ ਪਏ ਹਨ, ਕਿਤੇ (ਸਿਰਾਂ ਦੇ) ਤਾਜ ਡਿਗੇ ਪਏ ਹਨ, ਕਿਤੇ ਪਰਬਤਾਂ ਜਿਤਨੇ ਕਾਲੇ ਹਾਥੀ ਡਿਗੇ ਪਏ ਹਨ।

ਘਾਇਲ ਏਕ ਪਰੇ ਤਰਫੈ ਸੁ ਮਨੋ ਕਰਸਾਯਲ ਸਿੰਘ ਬਿਡਾਰੇ ॥

ਕਈ ਘਾਇਲ ਹੋ ਕੇ ਤੜਫ ਰਹੇ ਹਨ, ਮਾਨੋ 'ਕਰਸਾਯਲ' (ਕਾਲੇ ਹਿਰਨ) ਨੂੰ ਸ਼ੇਰ ਨੇ ਮਾਰ ਦਿੱਤਾ ਹੋਵੇ।

ਏਕ ਬਲੀ ਕਰਵਾਰਨ ਸੋ ਅਰਿ ਲੋਥ ਪਰੀ ਤਿਹ ਮੂੰਡ ਉਤਾਰੇ ॥੧੬੩੭॥

ਕਈ ਬਲਵਾਨਾਂ ਨੇ ਤਲਵਾਰਾਂ ਨਾਲ ਵੈਰੀ ਦੀਆਂ ਡਿਗੀਆਂ ਪਈਆਂ ਲੋਥਾਂ ਦੇ ਸਿਰ ਉਤਾਰ ਦਿੱਤੇ ਹਨ ॥੧੬੩੭॥

ਭੂਪਤਿ ਬਾਨ ਕਮਾਨ ਗਹੀ ਜਦੁਬੀਰਨ ਕੇ ਅਭਿਮਾਨ ਉਤਾਰੇ ॥

ਰਾਜਾ (ਖੜਗ ਸਿੰਘ) ਨੇ ਧਨੁਸ਼-ਬਾਣ ਫੜ ਕੇ ਯਾਦਵ ਸੂਰਵੀਰਾਂ ਦੇ ਅਭਿਮਾਨ ਉਤਾਰ ਦਿੱਤੇ ਹਨ।

ਫੇਰਿ ਲਈ ਜਮਧਾਰਿ ਸੰਭਾਰਿ ਹਕਾਰ ਕੇ ਸਤ੍ਰਨ ਕੇ ਉਰ ਫਾਰੇ ॥

ਫਿਰ (ਉਸ ਨੇ) ਜਮਧਾੜ ਸੰਭਾਲ ਲਈ ਹੈ ਅਤੇ ਲਲਕਾਰ ਕੇ ਵੈਰੀਆਂ ਦੀਆਂ ਛਾਤੀਆਂ ਨੂੰ ਫਾੜਿਆ ਹੈ।

ਘਾਇ ਏਕ ਗਿਰੇ ਰਨ ਮੈ ਅਪਨੇ ਮਨ ਮੈ ਜਗਦੀਸ ਸੰਭਾਰੇ ॥

ਇਕ ਘਾਇਲ ਹੋ ਕੇ ਰਣ-ਭੂਮੀ ਵਿਚ ਡਿਗੇ ਪਏ ਹਨ ਅਤੇ ਮਨ ਵਿਚ ਜਗਦੀਸ਼ (ਪਰਮਾਤਮਾ) ਨੂੰ ਯਾਦ ਕਰ ਰਹੇ ਹਨ।

ਤੇ ਵਹ ਮੋਖ ਭਏ ਤਬ ਹੀ ਭਵ ਕੋ ਤਰ ਕੈ ਹਰਿ ਲੋਕਿ ਪਧਾਰੇ ॥੧੬੩੮॥

ਫਲਸਰੂਪ, ਉਹ ਮੁਕਤ ਹੋ ਗਏ ਅਤੇ ਉਸੇ ਵੇਲੇ ਸੰਸਾਰ ਤੋਂ ਤਰ ਕੇ ਬੈਕੁੰਠ ਵਿਚ ਚਲੇ ਗਏ ਹਨ ॥੧੬੩੮॥

ਦੋਹਰਾ ॥

ਦੋਹਰਾ:

ਨਿਪਟ ਸੁਭਟ ਚਟਪਟ ਕਟੇ ਖਟਪਟ ਕਹੀ ਨ ਜਾਇ ॥

(ਜੋ) ਨਿਪਟ ਪ੍ਰਬਲ ਯੋਧੇ ਸਨ, (ਉਹ) ਝਟ ਪਟ ਕਟੇ ਗਏ ਹਨ। (ਉਸ) ਲੜਾਈ ਦਾ ਬਿਆਨ ਨਹੀਂ ਕੀਤਾ ਜਾ ਸਕਦਾ।

ਸਟਪਟ ਜੇ ਭਾਜੇ ਤਿਨਹੁ ਪਾਰਥ ਕਹਿਓ ਸੁਨਾਇ ॥੧੬੩੯॥

ਪਰ ਜੋ ਸਰਪਟ ਭਜੇ ਜਾ ਰਹੇ ਹਨ, ਉਨ੍ਹਾਂ ਨੂੰ ਅਰਜਨ ਨੇ ਕਹਿ ਕੇ ਸੁਣਾਇਆ ਹੈ ॥੧੬੩੯॥

ਸਵੈਯਾ ॥

ਸਵੈਯਾ:

ਸ੍ਰੀ ਬ੍ਰਿਜਰਾਜ ਕੈ ਕਾਜ ਕੋ ਆਜ ਕਰੋ ਸਭ ਹੀ ਭਟ ਨਾਹਿ ਟਰੋ ॥

ਹੇ ਸਾਰੇ ਸ਼ੂਰਵੀਰੋ! ਸ੍ਰੀ ਕ੍ਰਿਸ਼ਨ ਦੇ ਕਾਰਜ ਨੂੰ ਅਜ ਕਰ ਦਿਓ ਅਤੇ ਪਿਛੇ ਨਾ ਹਟੋ।

ਧਨੁ ਬਾਨ ਸੰਭਾਰ ਕੈ ਪਾਨਨ ਮੈ ਅਰਿ ਭੂਪਤਿ ਕਉ ਲਲਕਾਰਿ ਪਰੋ ॥

ਹੱਥਾਂ ਵਿਚ ਧਨੁਸ਼ ਬਾਣ ਸੰਭਾਲ ਕੇ ਰਾਜਾ (ਖੜਗ ਸਿੰਘ) ਨੂੰ ਲਲਕਾਰਾ ਮਾਰ ਕੇ ਪੈ ਜਾਓ।

ਮੁਖ ਤੇ ਮਿਲਿ ਮਾਰ ਹੀ ਮਾਰ ਰਰੋ ਅਪੁਨੇ ਅਪੁਨੇ ਹਥਿਯਾਰ ਧਰੋ ॥

(ਸਾਰੇ) ਮਿਲ ਕੇ ਮੂੰਹ ਤੋਂ ਮਾਰੋ-ਮਾਰੋ ਬੋਲੋ ਅਤੇ ਆਪਣੇ ਆਪਣੇ ਹਥਿਆਰ ਧਾਰਨ ਕਰ ਲਵੋ।

ਤੁਮ ਤੋ ਕੁਲ ਕੀ ਕਛੁ ਲਾਜ ਕਰੋ ਖੜਗੇਸ ਕੇ ਸੰਗਿ ਲਰੋ ਨ ਡਰੋ ॥੧੬੪੦॥

ਤੁਸੀਂ ਕੁਝ ਤਾਂ ਕੁਲ ਦੀ ਲਾਜ ਰਖੋ, ਡਰੋ ਨਾ ਅਤੇ ਖੜਗ ਸਿੰਘ ਨਾਲ ਯੁੱਧ ਕਰੋ ॥੧੬੪੦॥

ਭਾਨੁਜ ਕੋਪ ਭਯੋ ਚਿਤ ਮੈ ਤਿਹ ਭੂਪਤਿ ਕੇ ਹਠਿ ਸਾਮੁਹੇ ਧਾਯੋ ॥

ਕਰਨ ਚਿਤ ਵਿਚ ਕ੍ਰੋਧਵਾਨ ਹੋਇਆ ਹੈ ਅਤੇ ਹਠ-ਪੂਰਵਕ ਰਾਜੇ ਦੇ ਸਾਹਮਣੇ ਆ ਡਟਿਆ ਹੈ।

ਚਾਪ ਚਢਾਇ ਲਯੋ ਕਰ ਮੈ ਸਰ ਯੌ ਤਬ ਹੀ ਇਕ ਬੈਨ ਸੁਨਾਯੋ ॥

ਹੱਥ ਵਿਚ ਧਨੁਸ਼ ਧਾਰਨ ਕਰ ਕੇ ਉਸ ਵਿਚ ਬਾਣ ਚੜ੍ਹਾ ਲਿਆ ਹੈ। ਅਤੇ ਉਸ ਵੇਲੇ ਮੂੰਹ ਵਿਚੋਂ ਇਹ ਬੋਲ ਸੁਣਾਇਆ ਹੈ

ਆਯੋ ਹੈ ਕੇਹਰਿ ਕੇ ਮੁਖ ਮੈ ਮ੍ਰਿਗ ਐਸੇ ਕਹਿਯੋ ਨ੍ਰਿਪ ਤਊ ਸੁਨਿ ਪਾਯੋ ॥

ਕਿ ਸ਼ੇਰ ਦੇ ਮੂੰਹ ਵਿਚ ਹਿਰਨ ਆ ਗਿਆ ਹੈ। ਇਸ ਤਰ੍ਹਾਂ ਕਿਹਾ ਅਤੇ ਰਾਜੇ ਨੇ ਸੁਣ ਲਿਆ।

ਭੂਪਤਿ ਹਾਥਿ ਲਯੋ ਧਨੁ ਬਾਨ ਸੰਭਾਰਿ ਕਹਿਓ ਮੁਖ ਤੇ ਸਮਝਾਯੋ ॥੧੬੪੧॥

(ਉਧਰ) ਰਾਜੇ ਨੇ ਹੱਥ ਵਿਚ ਧਨੁਸ਼ ਬਾਣ ਲੈ ਕੇ ਅਤੇ ਸੰਭਾਲ ਕੇ ਮੂੰਹ ਤੋਂ ਕਿਹਾ ਅਤੇ ਸਮਝਾਇਆ ॥੧੬੪੧॥

ਭਾਨੁਜ ਕਾਹੇ ਕਉ ਜੁਝਿ ਮਰੋ ਗ੍ਰਿਹ ਜਾਹੁ ਭਲੋ ਦਿਨ ਕੋਇਕ ਜੀਜੋ ॥

ਹੇ ਕਰਨ! ਕਿਸ ਲਈ ਜੂਝ ਕੇ ਮਰਦਾ ਹੈਂ! ਚੰਗਾ ਹੈ, ਘਰ ਚਲਾ ਜਾ ਅਤੇ ਕਈ ਦਿਨ ਹੋਰ ਜੀ ਲੈ।

ਖਾਤ ਹਲਾਹਲ ਕਿਉ ਅਪਨੇ ਕਰਿ ਜਾਇ ਕੈ ਧਾਮੁ ਸੁਧਾ ਰਸੁ ਪੀਜੋ ॥

ਆਪਣੇ ਹੱਥ ਨਾਲ 'ਹਲਾਹਲ' (ਵਿਸ਼) ਕਿਉਂ ਖਾਉਂਦਾ ਹੈਂ, ਘਰ ਜਾ ਕੇ ਅੰਮ੍ਰਿਤ ਰਸ ਨੂੰ ਪੀ।

ਯੌ ਕਹਿ ਭੂਪਤਿ ਬਾਨ ਹਨਿਓ ਮੁਖ ਤੇ ਕਹਿਯੋ ਜੁਧਹਿ ਕੋ ਫਲੁ ਲੀਜੋ ॥

ਇਹ ਕਹਿ ਕੇ ਰਾਜੇ ਨੇ ਬਾਣ ਦੇ ਮਾਰਿਆ ਅਤੇ ਕਿਹਾ ਕਿ (ਇਹ) ਯੁੱਧ ਦਾ ਫਲ ਲੈ।

ਲਾਗਤਿ ਬਾਨ ਗਿਰਿਓ ਮੁਰਛਾਇ ਕੈ ਸ੍ਰਉਨ ਗਿਰਿਓ ਸਗਰੋ ਅੰਗ ਭੀਜੋ ॥੧੬੪੨॥

ਬਾਣ ਦੇ ਲਗਦਿਆਂ ਹੀ (ਕਰਨ) ਬੇਹੋਸ਼ ਹੋ ਕੇ ਡਿਗ ਪਿਆ ਹੈ ਅਤੇ ਲਹੂ ਦੇ ਵਗਣ ਨਾਲ (ਉਸ ਦਾ) ਸਾਰਾ ਸ਼ਰੀਰ ਲਥ-ਪਥ ਹੋ ਗਿਆ ॥੧੬੪੨॥

ਤਉ ਹੀ ਲਉ ਭੀਮ ਗਦਾ ਗਹਿ ਕੈ ਪੁਨਿ ਪਾਰਥ ਲੈ ਕਰ ਮੈ ਧਨ ਧਾਯੋ ॥

ਉਦੋਂ ਤਕ ਭੀਮ ਗਦਾ ਲੈ ਕੇ ਅਤੇ ਫਿਰ ਅਰਜਨ ਹੱਥ ਵਿਚ ਧਨੁਸ਼ ਲੈ ਕੇ ਆ ਪਏ ਹਨ।

ਭੀਖਮ ਦ੍ਰੋਣ ਕ੍ਰਿਪਾ ਸਹਦੇਵ ਸੁ ਭੂਰਸ੍ਰਵਾ ਮਨਿ ਕੋਪ ਬਢਾਯੋ ॥

ਭੀਸ਼ਮ ਪਿਤਾਮਾ, ਦ੍ਰੋਣਾਚਾਰੀਆ, ਕ੍ਰਿਪਾਚਾਰੀਆ, ਸਹਿਦੋਵ ਅਤੇ ਭੂਰਸ਼੍ਰਵਾ ਨੇ ਮਨ ਵਿਚ ਕ੍ਰੋਧ ਵਧਾ ਲਿਆ ਹੈ।

ਸ੍ਰੀ ਦੁਰਜੋਧਨ ਰਾਇ ਜੁਧਿਸਟਰ ਸ੍ਰੀ ਬਿਜ ਨਾਇਕ ਲੈ ਦਲੁ ਆਯੋ ॥

ਸ੍ਰੀ ਦੁਰਯੋਧਨ, ਰਾਜਾ ਯੁਧਿਸ਼ਠਰ ਅਤੇ ਸ੍ਰੀ ਕ੍ਰਿਸ਼ਨ ਸੈਨਾਵਾਂ ਨੂੰ ਲੈ ਕੇ ਆ ਗਏ ਹਨ।

ਭੂਪ ਕੇ ਤੀਰਨ ਕੇ ਡਰ ਤੇ ਬਰ ਬੀਰਨ ਤਉ ਮਨ ਮੈ ਡਰ ਪਾਯੋ ॥੧੬੪੩॥

ਰਾਜੇ ਦੇ ਤੀਰਾਂ ਦੇ ਡਰ ਤੋਂ ਵੱਡੇ ਵੱਡੇ ਸੂਰਮਿਆਂ ਨੇ ਮਨ ਵਿਚ ਡਰ ਮੰਨਿਆ ਹੋਇਆ ਹੈ ॥੧੬੪੩॥

ਤਉ ਲਗਿ ਸ੍ਰੀਪਤਿ ਆਪ ਕੁਪਿਯੋ ਸਰ ਭੂਪਤਿ ਕੇ ਉਰ ਮੈ ਇਕ ਮਾਰਿਓ ॥

ਤਦ ਤਕ ਸ੍ਰੀ ਕ੍ਰਿਸ਼ਨ ਨੇ ਆਪ ਕ੍ਰੋਧ ਕੀਤਾ ਅਤੇ ਰਾਜੇ ਦੀ ਛਾਤੀ ਵਿਚ (ਇਕ) ਤੀਰ ਮਾਰਿਆ।

ਏਕ ਹੀ ਬਾਨ ਕੋ ਤਾਨ ਤਬੈ ਤਿਹ ਸਾਰਥੀ ਕੋ ਪ੍ਰਤਿਅੰਗ ਪ੍ਰਹਾਰਿਓ ॥

ਇਕ ਹੋਰ ਬਾਣ ਨੂੰ ਖਿਚ ਕੇ ਉਸ ਵੇਲੇ ਰਥਵਾਨ ਦੇ ਹੱਥ ('ਪ੍ਰਤਿਅੰਗ') ਨੂੰ ਕਟ ਦਿੱਤਾ।

ਭੂਪਤਿ ਆਗੇ ਹੀ ਹੋਤ ਭਯੋ ਰਨ ਭੂਮਹਿ ਤੇ ਨ ਟਰਿਓ ਪਗ ਟਾਰਿਓ ॥

(ਪਰ) ਰਾਜਾ ਅਗੇ ਹੀ ਵਧਦਾ ਗਿਆ ਅਤੇ ਯੁੱਧ-ਭੂਮੀ ਤੋਂ ਨਾ ਟਲਿਆ ਅਤੇ ਨਾ ਹੀ ਪੈਰ ਪਿਛੇ ਨੂੰ ਖਿਸਕਾਏ।

ਸੂਰ ਸਰਾਹਤ ਭੇ ਸਭ ਹੀ ਜਸੁ ਯੋਂ ਮੁਖ ਤੇ ਕਬਿ ਸ੍ਯਾਮ ਉਚਾਰਿਓ ॥੧੬੪੪॥

ਸਾਰੇ ਸ਼ੂਰਵੀਰ ਉਸ ਦੀ ਸਰਾਹਨਾ ਕਰਦੇ ਹਨ ਅਤੇ ਕਵੀ ਸ਼ਿਆਮ ਨੇ ਵੀ (ਉਸ ਦਾ) ਯਸ਼ ਮੁਖ ਤੋਂ ਇੰਜ ਉਚਾਰਿਆ ਹੈ ॥੧੬੪੪॥

ਸ੍ਰੀ ਹਰਿ ਕੋ ਅਵਿਲੋਕ ਕੈ ਆਨਨ ਇਉ ਕਹਿ ਕੈ ਨ੍ਰਿਪ ਬਾਤ ਸੁਨਾਈ ॥

ਸ੍ਰੀ ਕ੍ਰਿਸ਼ਨ ਦੇ ਮੁਖ ਨੂੰ ਵੇਖ ਕੇ, ਰਾਜੇ ਨੇ ਇਸ ਤਰ੍ਹਾਂ ਕਹਿ ਕੇ ਗੱਲ ਸੁਣਾਈ

ਛੂਟ ਰਹੀ ਅਲਕੈ ਕਟਿ ਲਉ ਉਪਮਾ ਮੁਖ ਕੀ ਬਰਨੀ ਨਹੀ ਜਾਈ ॥

(ਕਿ ਹੇ ਕ੍ਰਿਸ਼ਨ!) ਲਕ ਤਕ (ਤੇਰੀਆਂ) ਜ਼ੁਲਫ਼ਾਂ ਲਟਕ ਰਹੀਆਂ ਹਨ ਜਿਨ੍ਹਾਂ ਦੀ ਉਪਮਾ ਮੂੰਹ ਤੋਂ ਬਿਆਨ ਨਹੀਂ ਕੀਤੀ ਜਾ ਸਕਦੀ।

ਚਾਰੁ ਦਿਪੈ ਅਖੀਆਨ ਦੋਊ ਉਪਮਾ ਨ ਕਛੂ ਇਨ ਤੇ ਅਧਿਕਾਈ ॥

ਦੋਵੇਂ ਅੱਖਾਂ ਸੁੰਦਰਤਾ ਨਾਲ ਚਮਕ ਰਹੀਆਂ ਹਨ; ਇਨ੍ਹਾਂ ਤੋਂ ਵਧ ਉਪਮਾ ਹੋਰ ਕਿਸੇ ਦੀ ਨਹੀਂ ਹੈ।

ਜਾਹੁ ਚਲੇ ਤੁਮ ਕਉ ਹਰਿ ਛਾਡਤਿ ਲੈਹੁ ਕਹਾ ਹਠਿ ਠਾਨਿ ਲਰਾਈ ॥੧੬੪੫॥

(ਇਥੋਂ) ਚਲਿਆ ਜਾ, ਹੇ ਕ੍ਰਿਸ਼ਨ! (ਤੈਨੂੰ) ਛਡ ਦਿੰਦਾ ਹਾਂ, ਹਠ ਪੂਰਵਕ ਲੜਾਈ ਕਰ ਕੇ ਕੀ ਹਾਸਲ ਕਰ ਲਵੇਂਗਾ ॥੧੬੪੫॥

ਧਨੁ ਬਾਨ ਸੰਭਾਰਿ ਕਹਿਯੋ ਬਹੁਰੋ ਹਮਰੀ ਬਤੀਯਾ ਹਰਿ ਜੂ ਸੁਨਿ ਲੀਜੈ ॥

(ਰਾਜੇ ਨੇ) ਧਨੁਸ਼-ਬਾਣ ਸੰਭਾਲ ਕੇ ਫਿਰ ਕਿਹਾ, ਹੇ ਕ੍ਰਿਸ਼ਨ! ਮੇਰੀਆਂ ਗੱਲਾਂ ਨੂੰ ਸੁਣ ਲੈ।

ਕਿਉ ਹਠਿ ਠਾਨਿ ਅਯੋਧਨ ਮੈ ਹਮ ਸਿਉ ਸਮੁਹਾਇ ਕੈ ਆਹਵ ਕੀਜੈ ॥

ਕਿਉਂ ਹਠ ਪੂਰਵਕ ਮੇਰੇ ਨਾਲ ਯੁੱਧ-ਖੇਤਰ ਵਿਚ ਸਾਹਮਣੇ ਹੋ ਕੇ ਯੁੱਧ ਕਰਦਾ ਹੈਂ।

ਮਾਰਤ ਹੋ ਅਬ ਤੋਹਿ ਨ ਛਾਡਤ ਜਾਹੁ ਭਲੇ ਅਬ ਲਉ ਨਹੀ ਛੀਜੈ ॥

(ਮੈਂ) ਤੈਨੂੰ ਹੁਣੇ ਮਾਰਦਾ ਹਾਂ, ਛਡਦਾ ਨਹੀਂ। ਚੰਗਾ ਹੈ (ਘਰ ਚਲਾ) ਜਾ, ਅਜੇ ਤਕ ਕੁਝ ਵਿਗੜਿਆ ਨਹੀਂ ਹੈ।

ਮਾਨ ਕਹਿਓ ਹਮਰੋ ਪੁਰ ਕੀ ਕਜਰਾਰਨਿ ਕੋ ਨ ਬ੍ਰਿਥਾ ਦੁਖ ਦੀਜੈ ॥੧੬੪੬॥

ਮੇਰਾ ਕਿਹਾ ਮੰਨ ਲੈ ਅਤੇ ਨਗਰ ਦੀਆਂ ਸੁੰਦਰ ਇਸਤਰੀਆਂ ਨੂੰ ਵਿਅਰਥ ਵਿਚ ਦੁਖ ਨਾ ਦੇ ॥੧੬੪੬॥

ਹਉ ਹਠ ਠਾਨਿ ਅਯੋਧਨ ਮੈ ਘਨ ਸ੍ਯਾਮ ਘਨੇ ਰਨਬੀਰ ਨਿਬੇਰੇ ॥

ਹੇ ਕ੍ਰਿਸ਼ਨ! ਮੈਂ ਹਠ ਧਾਰ ਕੇ ਯੁੱਧ ਵਿਚ ਬਹੁਤ ਸਾਰੇ ਰਣਬੀਰ ਨਿਬੇੜ ਦਿੱਤੇ ਹਨ।


Flag Counter