ਸ਼੍ਰੀ ਦਸਮ ਗ੍ਰੰਥ

ਅੰਗ - 457


ਐਸੀ ਭਾਤਿ ਹੇਰ ਕੈ ਨਿਬੇਰ ਦੀਨੇ ਸੂਰ ਸਬੈ ਆਪ ਬ੍ਰਿਜਰਾਜ ਤਾ ਕੇ ਉਠੇ ਗੁਨ ਗਾਇ ਕੈ ॥੧੫੯੫॥

ਇਸ ਤਰ੍ਹਾਂ ਵੇਖ ਵੇਖ ਕੇ (ਰਾਜੇ ਨੇ) ਸਾਰੇ ਸੂਰਮੇ ਨਿਬੇੜ ਦਿੱਤੇ ਹਨ। (ਰਾਜੇ ਦੀ ਬਹਾਦਰੀ ਨੂੰ ਵੇਖ ਕੇ) ਖ਼ੁਦ ਸ੍ਰੀ ਕ੍ਰਿਸ਼ਨ ਉਸ ਦੇ ਗੁਣਾਂ ਨੂੰ ਗਾਉਣ ਲਗ ਪਏ ਹਨ ॥੧੫੯੫॥

ਦੋਹਰਾ ॥

ਦੋਹਰਾ:

ਦੇਖਿ ਜੁਧਿਸਟਰਿ ਓਰਿ ਪ੍ਰਭੁ ਅਪਨੋ ਭਗਤਿ ਬਿਚਾਰਿ ॥

ਯੁਧਿਸ਼ਟਰ ਵਲ ਵੇਖ ਕੇ ਅਤੇ (ਉਸ ਨੂੰ) ਆਪਣਾ ਭਗਤ ਵਿਚਾਰ ਕੇ

ਤਿਹ ਨ੍ਰਿਪ ਕੋ ਪਉਰਖ ਸੁਜਸੁ ਮੁਖ ਸੋ ਕਹਿਯੋ ਸੁਧਾਰਿ ॥੧੫੯੬॥

(ਕ੍ਰਿਸ਼ਨ ਨੇ) ਉਸ ਰਾਜਾ (ਖੜਗ ਸਿੰਘ) ਦੀ ਬਹਾਦਰੀ ਦਾ ਯਸ਼ ਚੰਗੀ ਤਰ੍ਹਾਂ ਆਪਣੇ ਮੂੰਹੋਂ ਕਿਹਾ ਹੈ ॥੧੫੯੬॥

ਕਬਿਤੁ ॥

ਕਬਿੱਤ:

ਭਾਰੇ ਭਾਰੇ ਸੂਰਮਾ ਸੰਘਾਰਿ ਡਾਰੇ ਮਹਾਰਾਜ ਜਮ ਕੀ ਜਮਨ ਕੀ ਘਨੀ ਹੀ ਸੈਨਾ ਛਈ ਹੈ ॥

ਹੇ ਮਹਾਰਾਜ! (ਇਸ ਰਾਜੇ ਨੇ) ਵੱਡੇ ਵੱਡੇ ਸੂਰਮੇ ਮਾਰ ਦਿੱਤੇ ਹਨ ਅਤੇ ਯਮ ਦੀ ਅਤੇ ਯਵਨਾਂ ਦੀ ਬਹੁਤ ਸਾਰੀ ਸੈਨਾ ਨਸ਼ਟ ਕਰ ਦਿੱਤੀ ਹੈ।

ਸਸਿ ਕੀ ਸੁਰੇਸ ਕੀ ਦਿਨੇਸ ਕੀ ਧਨੇਸ ਕੀ ਲੁਕੇਸ ਹੂੰ ਕੀ ਚਮੂੰ ਮ੍ਰਿਤਲੋਕ ਕਉ ਪਠਈ ਹੈ ॥

ਚੰਦ੍ਰਮਾ ਦੀ, ਇੰਦਰ ਦੀ, ਸੂਰਜ ਦੀ, ਕੁਬੇਰ ਦੀ ਅਤੇ ਵਰੁਨ ਦੀ ਵੀ ਸੈਨਾ ਨੂੰ ਮ੍ਰਿਤੂ ਦੇ ਘਰ ਭੇਜ ਦਿੱਤਾ ਹੈ।

ਭਾਜ ਗੇ ਜਲੇਸ ਸੇ ਗਨੇਸ ਸੇ ਗਨਤ ਕਉਨ ਅਉਰ ਹਉ ਕਹਾ ਕਹੋ ਪਸ੍ਵੇਸ ਪੀਠ ਦਈ ਹੈ ॥

ਵਰਨ ਅਤੇ ਗਣੇਸ਼ (ਵਰਗੇ ਇਸ ਤੋਂ) ਭਜ ਗਏ ਹਨ, (ਉਨ੍ਹਾਂ ਦੀ) ਗਿਣਤੀ ਕੌਣ ਕਰੇ। ਹੋਰ ਮੈਂ ਕੀ ਆਖਾਂ, ਸ਼ਿਵ ਨੇ ਵੀ ਪਿਠ ਵਿਖਾ ਦਿੱਤੀ ਹੈ।

ਜਾਦਵ ਸਬਨ ਤੇ ਨ ਡਾਰਿਓ ਰੀਝ ਲਰਿਓ ਹਾ ਹਾ ਦੇਖੋ ਨ੍ਰਿਪ ਹਮ ਤੇ ਬਜਾਇ ਬਾਜੀ ਲਈ ਹੈ ॥੧੫੯੭॥

(ਇਹ) ਸਾਰਿਆਂ ਯਾਦਵਾਂ ਤੋਂ ਵੀ ਡਰਿਆ ਨਹੀਂ ਹੈ ਅਤੇ ਰੀਝ ਕੇ (ਉਨ੍ਹਾਂ ਨਾਲ) ਵਾਹ ਵਾਹ ਲੜਿਆ ਹੈ। ਵੇਖੋ, ਰਾਜੇ ਨੇ ਠੋਕ ਵਜਾ ਕੇ ਸਾਡੇ ਤੋਂ ਬਾਜ਼ੀ ਜਿੱਤੀ ਹੈ ॥੧੫੯੭॥

ਰਾਜਾ ਜੁਧਿਸਟਰ ਬਾਚ ॥

ਰਾਜੇ ਯੁਧਿਸ਼ਠਰ ਨੇ ਕਿਹਾ:

ਦੋਹਰਾ ॥

ਦੋਹਰਾ:

ਕਹਿਓ ਜੁਧਿਸਟਰ ਨਿਮ੍ਰ ਹੁਇ ਸੁਨੀਯੈ ਸ੍ਰੀ ਬ੍ਰਿਜਰਾਜ ॥

ਯੁਧਿਸ਼ਠਰ ਨੇ ਨਿਮਰਤਾ ਪੂਰਵਕ ਕਿਹਾ, ਹੇ ਬ੍ਰਜ-ਨਾਥ! ਸੁਣੋ ਕੌਤਕ ਵੇਖਣ ਲਈ

ਯਹ ਸਮਾਜੁ ਤੁਮ ਹੀ ਕੀਯੋ ਕਉਤੁਕ ਦੇਖਨ ਕਾਜ ॥੧੫੯੮॥

ਤੁਸੀਂ ਆਪ ਹੀ ਇਹ ਸਾਰਾ ਪਸਾਰਾ ਰਚਿਆ ਹੈ ॥੧੫੯੮॥

ਚੌਪਈ ॥

ਚੌਪਈ:

ਯੌ ਨ੍ਰਿਪ ਹਰਿ ਸੇ ਬਚਨ ਸੁਨਾਏ ॥

ਇਸ ਤਰ੍ਹਾਂ ਰਾਜਾ (ਯੁਧਿਸ਼ਠਰ) ਨੇ ਸ੍ਰੀ ਕ੍ਰਿਸ਼ਨ ਨੂੰ ਬਚਨ ਕਹੇ।

ਬਹੁਰੇ ਉਨਿ ਭਟ ਮਾਰਿ ਗਿਰਾਏ ॥

(ਉਧਰ) ਉਸ (ਖੜਗ ਸਿੰਘ) ਨੇ ਫਿਰ ਹੋਰ ਯੋਧੇ ਮਾਰ ਦਿੱਤੇ।

ਪੁਨਿ ਮਲੇਛ ਕੀ ਸੈਨਾ ਧਾਈ ॥

ਫਿਰ ਮਲੇਛ ਸੈਨਾ ਹਮਲਾ ਕਰ ਕੇ ਆ ਪਈ।

ਨਾਮ ਤਿਨਹੁ ਕਬਿ ਦੇਤ ਬਤਾਈ ॥੧੫੯੯॥

(ਹੁਣ) ਕਵੀ ਉਨ੍ਹਾਂ ਦੇ ਨਾਂਵਾਂ ਦਾ ਵਰਣਨ ਕਰਦਾ ਹੈ ॥੧੫੯੯॥

ਸਵੈਯਾ ॥

ਸਵੈਯਾ:

ਨਾਹਿਰ ਖਾਨ ਝੜਾਝੜ ਖਾ ਬਲਬੀਰ ਬਹਾਦਰ ਖਾਨ ਤਬੈ ॥

ਤਦ ਨਾਹਿਰ ਖਾਨ, ਝੜਾਝੜ ਖਾਨ ਅਤੇ ਬਲਬੀਰ ਬਹਾਦਰ ਖਾਨ;

ਪੁਨਿ ਖਾਨ ਨਿਹੰਗ ਭੜੰਗ ਝੜੰਗ ਲਰੇ ਰਨਿ ਆਗੇ ਡਰੇ ਨ ਕਬੈ ॥

ਫਿਰ ਨਿਹੰਗ ਖਾਨ, ਭੜੰਗ ਅਤੇ ਝੜੰਗ (ਖਾਨ) ਅਗੇ ਹੋ ਕੇ ਲੜੇ, ਜੋ ਕਦੇ ਵੀ ਡਰੇ ਨਹੀਂ ਸਨ।

ਜਿਹ ਰੂਪ ਨਿਹਾਰਿ ਡਰੈ ਦਿਗਪਾਲ ਮਹਾ ਭਟ ਤੇ ਕਬਹੂੰ ਨ ਦਬੈ ॥

ਜਿਨ੍ਹਾਂ ਦੇ ਰੂਪ ਨੂੰ ਵੇਖ ਕੇ ਦਿਗਪਾਲ ਡਰ ਜਾਂਦੇ ਸਨ ਅਤੇ ਜੋ ਵੱਡੇ ਵੱਡੇ ਯੋਧਿਆਂ ਤੋਂ ਨਹੀਂ ਦਬਦੇ ਸਨ,

ਕਰਿ ਬਾਨ ਕਮਾਨ ਧਰੇ ਅਭਿਮਾਨ ਸੋਂ ਆਇ ਪਰੇ ਤਬ ਖਾਨ ਸਬੈ ॥੧੬੦੦॥

(ਉਹ) ਸਾਰੇ ਖ਼ਾਨ ਹੱਥ ਵਿਚ ਧਨੁਸ਼ ਬਾਣ ਲੈ ਕੇ ਅਭਿਮਾਨ ਨਾਲ ਭਰੇ ਹੋਏ ਆ ਪਏ ਹਨ ॥੧੬੦੦॥

ਜਾਹਿਦ ਖਾਨਹੁ ਜਬਰ ਖਾਨ ਸੁ ਵਾਹਿਦ ਖਾਨ ਗਏ ਸੰਗ ਸੂਰੇ ॥

ਜਹਦ ਖ਼ਾਨ, ਜਬਰ ਖ਼ਾਨ ਅਤੇ ਵਾਹਿਦ ਖ਼ਾਨ ਸੂਰਮੇ (ਉਨ੍ਹਾਂ) ਨਾਲ ਗਏ ਹਨ।

ਚਉਪ ਚਹੂੰ ਦਿਸ ਤੇ ਉਮਗੇ ਚਿਤ ਮੈ ਚਪਿ ਰੋਸ ਕੇ ਮਾਰਿ ਮਰੂਰੇ ॥

ਪੂਰੇ ਉਤਸਾਹ ਨਾਲ ਚੌਹਾਂ ਪਾਸਿਆਂ ਤੋਂ ਉਮਡੇ ਆ ਰਹੇ ਹਨ ਅਤੇ ਚਿਤ ਵਿਚ ਕ੍ਰੋਧ ਨਾਲ ਭਰੇ ਹੋਏ ਵਟ ਖਾ ਰਹੇ ਹਨ।

ਗੋਰੇ ਮਲੇਛ ਚਲੇ ਨ੍ਰਿਪ ਪੈ ਇਕ ਸਿਆਹ ਮਲੇਛ ਚਲੇ ਇਕ ਭੂਰੇ ॥

ਗੋਰੇ ਰੰਗ ਵਾਲੇ ਮਲੇਛ, ਕਾਲੇ ਰੰਗ ਵਾਲੇ ਮਲੇਛ, ਭੂਰੇ ਰੰਗ ਵਾਲੇ ਮਲੇਛ ਰਾਜਾ (ਖੜਗ ਸਿੰਘ) ਉਤੇ ਚੜ੍ਹ ਚਲੇ ਹਨ।

ਭੂਪ ਸਰਾਸਨੁ ਲੈ ਤਬ ਹੀ ਸੁ ਅਚੂਰ ਬਡੇ ਛਿਨ ਭੀਤਰ ਚੂਰੇ ॥੧੬੦੧॥

ਰਾਜੇ ਨੇ ਹੱਥ ਵਿਚ ਧਨੁਸ਼ ਬਾਣ ਲੈ ਕੇ ਨਾ ਮਾਰੇ ਜਾ ਸਕਣ ਵਾਲਿਆਂ ਨੂੰ ਨਸ਼ਟ ਕਰ ਦਿੱਤਾ ਹੈ ॥੧੬੦੧॥

ਕੋਪਿ ਮਲੇਛਨ ਕੀ ਪ੍ਰਿਤਨਾ ਸੁ ਦੁਧਾ ਕਰਿ ਕੈ ਸਤਿ ਧਾ ਕਰ ਡਾਰੀ ॥

ਕ੍ਰੋਧ ਕਰ ਕੇ ਮਲੇਛਾਂ ਦੀ ਸੈਨਾ ਨੂੰ ਦੋ ਟੋਟਿਆਂ ਤੋਂ ਸੌ ਸੌ ਟੋਟੇ ਕਰ ਦਿੱਤਾ ਹੈ।

ਬੀਰ ਪਰੇ ਕਹੂੰ ਬਾਜ ਮਰੇ ਕਹੂੰ ਝੂਮਿ ਗਿਰੇ ਗਜ ਭੂ ਪਰਿ ਭਾਰੀ ॥

ਸ਼ੂਰਵੀਰ ਡਿਗੇ ਪਏ ਹਨ, ਕਿਤੇ ਘੋੜੇ ਮਰੇ ਪਏ ਹਨ, ਕਿਤੇ (ਸੂਰਮੇ) ਘੁੰਮੇਰੀ ਖਾਹ ਕੇ ਡਿਗੇ ਪਏ ਹਨ ਅਤੇ (ਕਿਤੇ) ਵਡੇ ਹਾਥੀ ਧਰਤੀ ਉਤੇ ਪਏ ਹਨ।

ਘੂਮਤਿ ਹੈ ਕਹੂੰ ਘਾਇ ਲਗੇ ਭਟ ਬੋਲ ਸਕੈ ਨ ਗਏ ਬਲ ਹਾਰੀ ॥

ਕਿਤੇ ਘਾਇਲ ਯੋਧੇ ਘੁੰਮੇਰੀਆਂ ਖਾ ਰਹੇ ਹਨ, ਬੋਲ ਨਹੀਂ ਸਕਦੇ ਅਤੇ (ਉਨ੍ਹਾਂ ਦਾ) ਬਲ ਨਸ਼ਟ ਹੋ ਗਿਆ ਹੈ।

ਆਸਨ ਲਾਇ ਮਨੋ ਮੁਨਿ ਰਾਇ ਲਗਾਵਤ ਧਿਆਨ ਬਡੇ ਬ੍ਰਤਧਾਰੀ ॥੧੬੦੨॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਮੁਨੀ ਰਾਜ ਆਸਣ ਲਗਾ ਕੇ ਬੈਠੇ ਹੋਣ ਅਥਵਾ ਵੱਡੇ ਬ੍ਰਤਧਾਰੀ ਧਿਆਨ ਲਗਾ ਕੇ ਬੈਠੇ ਹੋਏ ਹੋਣ ॥੧੬੦੨॥

ਜੁਧੁ ਇਤੋ ਜਬ ਭੂਪ ਕੀਓ ਤਬ ਨਾਹਿਰ ਖਾ ਰਿਸਿ ਕੈ ਅਟਕਿਓ ॥

ਜਦ ਰਾਜਾ (ਖੜਗ ਸਿੰਘ) ਨੇ ਇਸ ਤਰ੍ਹਾਂ ਦਾ ਯੁੱਧ ਕੀਤਾ ਤਾਂ ਨਾਹਿਰ ਖਾਨ ਕ੍ਰੋਧਿਤ ਹੋ ਕੇ (ਸਾਹਮਣੇ) ਡਟ ਗਿਆ।

ਹਥਿਆਰ ਸੰਭਾਰਿ ਹਕਾਰਿ ਪਰਿਓ ਜੁ ਸਮਾਜ ਮੈ ਬਾਜਿ ਹੁਤੋ ਮਟਕਿਓ ॥

ਹਥਿਆਰ ਸੰਭਾਲ ਕੇ ਅਤੇ ਲਲਕਾਰਾ ਮਾਰ ਕੇ ਪੈ ਗਿਆ ਹੈ (ਜੋ) ਆਪਣੇ ਦਲ ਵਿਚ ਘੋੜੇ ਨੂੰ ਮਟਕਾਉਂਦਾ ਫਿਰਦਾ ਸੀ।

ਖੜਗੇਸ ਤਿਨੈ ਗਹਿ ਕੇਸਨ ਤੇ ਝਟਕਿਓ ਅਰੁ ਭੂਮਿ ਬਿਖੈ ਪਟਕਿਓ ॥

ਉਸ ਨੂੰ ਖੜਗ ਸਿੰਘ ਨੇ ਕੇਸਾਂ ਤੋਂ ਪਕੜ ਕੇ ਝਟਕਾ ਦਿੱਤਾ ਹੈ ਅਤੇ ਧਰਤੀ ਉਤੇ ਪਟਕ ਦਿੱਤਾ ਹੈ।

ਤਬ ਨਾਹਿਰ ਖਾ ਇਹ ਦੇਖਿ ਦਸਾ ਕਹਿ ਸ੍ਯਾਮ ਕਹੈ ਭਜਿ ਗਯੋ ਨ ਟਿਕਿਓ ॥੧੬੦੩॥

ਕਵੀ ਸ਼ਿਆਮ ਕਹਿੰਦੇ ਹਨ, ਤਦ ਨਾਹਿਰ ਖ਼ਾਨ ਇਸ ਦਸ਼ਾ ਨੂੰ ਵੇਖ ਕੇ ਭਜ ਗਿਆ ਹੈ ਅਤੇ ਟਿਕ ਨਹੀਂ ਸਕਿਆ ਹੈ ॥੧੬੦੩॥

ਨਾਹਿਰ ਖਾ ਭਜਿ ਗਯੋ ਜਬ ਹੀ ਤਬ ਹੀ ਰਿਸਿ ਖਾਨ ਝੜਾਝੜ ਆਏ ॥

ਜਦੋਂ ਨਾਹਿਰ ਖ਼ਾਨ ਭਜ ਗਿਆ ਤਦੋਂ ਝੜਾਝੜ ਖਾਨ ਕ੍ਰੋਧਿਤ ਹੋ ਕੇ ਆ ਗਿਆ ਹੈ।

ਸਸਤ੍ਰ ਸੰਭਾਰਿ ਸਭੈ ਅਪੁਨੇ ਜਮ ਰੂਪ ਕੀਏ ਨ੍ਰਿਪ ਊਪਰਿ ਧਾਏ ॥

ਆਪਣੇ ਸਾਰੇ ਸ਼ਸਤ੍ਰਾਂ ਨੂੰ ਸੰਭਾਲ ਕੇ ਅਤੇ ਯਮ ਦਾ ਰੂਪ ਬਣ ਕੇ ਰਾਜੇ ਉਤੇ ਟੁਟ ਪਿਆ ਹੈ।

ਭੂਪਤਿ ਬਾਨ ਹਨੇ ਇਨ ਕਉ ਇਨ ਹੂੰ ਨ੍ਰਿਪ ਕਉ ਬਹੁ ਬਾਨ ਲਗਾਏ ॥

ਰਾਜੇ ਨੇ ਇਸ ਨੂੰ ਬਾਣ ਮਾਰੇ ਹਨ ਅਤੇ ਇਸ ਨੇ ਰਾਜੇ ਨੂੰ ਬਹੁਤ ਸਾਰੇ ਬਾਣ ਮਾਰੇ ਹਨ।

ਕਿੰਨਰ ਜਛ ਰਰੈ ਉਪਮਾ ਰਨ ਚਾਰਨ ਜੀਤ ਕੇ ਗੀਤ ਬਨਾਏ ॥੧੬੦੪॥

ਕਿੰਨਰ ਅਤੇ ਯਕਸ਼ (ਯੋਧਿਆਂ ਦੀ) ਉਪਮਾ ਕਰ ਰਹੇ ਹਨ ਅਤੇ ਚਾਰੇ ਲੋਕ ਜਿਤ ਦੇ ਗੀਤ ਬਣਾ ਕੇ (ਸੁਣਾ ਰਹੇ ਹਨ) ॥੧੬੦੪॥

ਦੋਹਰਾ ॥

ਦੋਹਰਾ:

ਖੜਗ ਸਿੰਘ ਲਖਿ ਬਿਕਟਿ ਭਟ ਤਿਉਰ ਚੜਾਏ ਮਾਥਿ ॥

ਖੜਗ ਸਿੰਘ ਨੇ (ਝੜਾਝੜ ਖ਼ਾਨ ਨੂੰ) ਵਿਕਟ ਸੂਰਮੇ ਵਜੋਂ ਵੇਖ ਕੇ ਮੱਥੇ ਉਤੇ ਤੇਊੜੀ ਪਾ ਲਈ ਹੈ।

ਸੀਸ ਕਾਟਿ ਅਰਿ ਕੋ ਦਯੋ ਏਕ ਬਾਨ ਕੇ ਸਾਥਿ ॥੧੬੦੫॥

ਉਸ ਨੇ ਇਕੋ ਹੀ ਬਾਣ ਨਾਲ ਵੈਰੀ ਦਾ ਸੀਸ ਕਟ ਦਿੱਤਾ ਹੈ ॥੧੬੦੫॥

ਸਵੈਯਾ ॥

ਸਵੈਯਾ:

ਪੁਨਿ ਖਾਨ ਨਿਹੰਗ ਝੜੰਗ ਭੜੰਗ ਚਲੇ ਮੁਖ ਢਾਲਨਿ ਕਉ ਧਰਿ ਕੈ ॥

ਫਿਰ ਨਿਹੰਗ ਖ਼ਾਨ, ਝੜੰਗ ਭੜੰਗ ਖ਼ਾਨ ਮੂੰਹਾਂ ਸਾਹਮਣੇ ਢਾਲਾਂ ਧਰ ਕੇ ਚਲ ਪਏ।

ਕਰਿ ਮੈ ਕਰਵਾਰ ਸੰਭਾਰਿ ਹਕਾਰਿ ਮੁਰਾਰ ਪੈ ਧਾਇ ਪਰੇ ਅਰਿ ਕੈ ॥

ਹੱਥਾਂ ਵਿਚ ਤਲਵਾਰਾਂ ਸੰਭਾਲ ਕੇ ਅਤੇ ਲਲਕਾਰਦੇ ਹੋਏ ਮੁਰਾਰੀ (ਸ੍ਰੀ ਕ੍ਰਿਸ਼ਨ) ਦੇ ਵੈਰੀ ਉਤੇ ਹਮਲਾਵਰ ਹੋ ਗਏ ਹਨ।

ਦਲੁ ਮਾਰਿ ਬਿਦਾਰਿ ਦਯੋ ਪਲ ਮੈ ਧਰਿ ਮੁੰਡ ਸੁ ਮੀਨਨ ਜਿਉ ਫਰਕੈ ॥

(ਉਨ੍ਹਾਂ ਨੇ) ਪਲ ਵਿਚ ਸੈਨਾ ਦਲ ਨੂੰ ਮਾਰ ਕੇ ਨਸ਼ਟ ਕਰ ਦਿੱਤਾ ਹੈ। ਰਣ-ਖੇਤਰ ਵਿਚ ਸਿਰ (ਇਸ ਤਰ੍ਹਾਂ ਤੜਫ ਰਹੇ ਸਨ) ਜਿਉਂ ਮੱਛਲੀਆਂ ਤੜਫ਼ਦੀਆਂ ਹਨ।

ਨ ਟਰੇ ਰਨ ਭੂਮਿ ਹੂੰ ਤੇ ਤਬ ਲਉ ਜਬ ਲਉ ਛਿਤ ਪੈ ਨ ਪਰੇ ਮਰਿ ਕੈ ॥੧੬੦੬॥

(ਉਹ ਯੋਧੇ) ਉਤਨੀ ਦੇਰ ਯੁੱਧ-ਭੂਮੀ ਵਿਚੋਂ ਟਲੇ ਨਹੀਂ ਹਨ, ਜਿੰਨੀ ਦੇਰ ਮਰ ਕੇ ਧਰਤੀ ਉਤੇ ਡਿਗ ਨਹੀਂ ਪਏ ॥੧੬੦੬॥

ਦੋਹਰਾ ॥

ਦੋਹਰਾ:


Flag Counter