ਸ਼੍ਰੀ ਦਸਮ ਗ੍ਰੰਥ

ਅੰਗ - 961


ਚੌਪਈ ॥

ਚੌਪਈ:

ਜਬ ਵਹੁ ਨ੍ਰਿਪਤਿ ਅਖੇਟਕ ਆਵੈ ॥

ਜਦ ਉਹ ਰਾਜਾ ਸ਼ਿਕਾਰ ਚੜ੍ਹਦਾ,

ਸ੍ਵਾਨਨ ਤੇ ਬਹੁਤ ਮ੍ਰਿਗਨ ਗਹਾਵੈ ॥

ਤਾਂ ਕੁਤਿਆਂ ਤੋਂ ਬਹੁਤ ਹਿਰਨ ਪਕੜਵਾਉਂਦਾ ਸੀ।

ਬਾਜਨ ਸਾਥ ਆਬਿਯਨ ਲੇਹੀ ॥

ਬਾਜ਼ਾਂ ਤੋਂ ਮੁਰਗ਼ਾਬੀਆਂ ਫੜਵਾਉਂਦਾ ਸੀ

ਅਮਿਤ ਦਰਬੁ ਹੁਸਨਾਕਨ ਦੇਹੀ ॥੩॥

ਅਤੇ ਹੁਸੀਨਾਂ ਨੂੰ ਬਹੁਤ ਧਨ ਦਿੰਦਾ ਸੀ ॥੩॥

ਨਿਤਿਪ੍ਰਤਿ ਅਧਿਕ ਮ੍ਰਿਗਨ ਕੌ ਮਾਰੈ ॥

(ਉਹ) ਹਰ ਰੋਜ਼ ਬਹੁਤ ਹਿਰਨਾਂ ਨੂੰ ਮਾਰਦਾ ਸੀ

ਸਦਾ ਸੁ ਬਨ ਕੇ ਬੀਚ ਬਿਹਾਰੈ ॥

ਅਤੇ ਸਦਾ ਬਨ ਵਿਚ ਹੀ ਘੁੰਮਦਾ ਰਹਿੰਦਾ ਸੀ।

ਦੁਹੂ ਹਾਥ ਸੌ ਤੀਰ ਚਲਾਵੈ ॥

ਉਹ ਦੋਹਾਂ ਹੱਥਾਂ ਨਾਲ ਤੀਰ ਚਲਾਉਂਦਾ ਸੀ।

ਤਾ ਤੇ ਕਹਾ ਜਾਨ ਪਸੁ ਪਾਵੈ ॥੪॥

ਉਸ ਤੋਂ (ਭਲਾ) ਕਿਹੜਾ ਪਸ਼ੂ ਬਚ ਸਕਦਾ ਸੀ ॥੪॥

ਏਕ ਦਿਵਸ ਨ੍ਰਿਪ ਅਖਿਟ ਸਿਧਾਯੋ ॥

ਇਕ ਦਿਨ ਰਾਜਾ ਸ਼ਿਕਾਰ ਖੇਡਣ ਗਿਆ

ਕਾਰੋ ਹਰਿਨ ਹੇਰਿ ਲਲਚਾਯੋ ॥

ਅਤੇ ਇਕ ਕਾਲਾ ਹਿਰਨ ਵੇਖ ਕੇ ਲਲਚਾ ਗਿਆ।

ਸੀਂਗਨ ਤੇ ਜੀਯਤ ਗਹਿ ਲੈਹੌ ॥

(ਚਾਹੁੰਦਾ ਸੀ ਕਿ ਉਸ ਨੂੰ) ਸਿੰਗਾਂ ਤੋਂ ਜੀਉਂਦਾ ਫੜ ਲਵਾਂ

ਯਾ ਕੌ ਘਾਇ ਨ ਲਾਗਨ ਦੈਹੌ ॥੫॥

ਅਤੇ ਉਸ ਨੂੰ ਜ਼ਖ਼ਮੀ ਨਾ ਹੋਣ ਦਿਆਂ ॥੫॥

ਹੇਰਿ ਹਰਿਨ ਕਹ ਤੁਰੈ ਧਵਾਯੋ ॥

ਹਿਰਨ ਨੂੰ ਵੇਖ ਕੇ (ਉਸ ਨੇ) ਘੋੜੇ ਨੂੰ ਭਜਾਇਆ

ਪਾਛੋ ਚਲਿਯੋ ਤਵਨ ਕੋ ਆਯੋ ॥

ਅਤੇ ਉਸ ਦੇ ਪਿਛੇ ਚਲਦਾ ਆਇਆ।

ਜਬ ਪਰਦੇਸ ਗਯੋ ਚਲਿ ਸੋਈ ॥

ਜਦ ਉਹ (ਹਿਰਨ) ਪਰਦੇਸ (ਗ਼ੈਰ ਇਲਾਕੇ) ਵਿਚ ਪਹੁੰਚ ਗਿਆ,

ਚਾਕਰ ਤਹਾ ਨ ਪਹੂੰਚ੍ਯੋ ਕੋਈ ॥੬॥

ਤਾਂ ਕੋਈ ਨੌਕਰ ਉਥੇ ਨਾ ਪਹੁੰਚ ਸਕਿਆ ॥੬॥

ਰਾਜ ਪ੍ਰਭਾ ਇਕ ਰਾਜ ਦੁਲਾਰੀ ॥

(ਉਥੇ) ਰਾਜ ਪ੍ਰਭਾ ਨਾਂ ਦੀ ਇਕ ਰਾਜ ਕੁਮਾਰੀ ਸੀ

ਰਾਜਾ ਕੋ ਪ੍ਰਾਨਨ ਤੇ ਪ੍ਯਾਰੀ ॥

ਜੋ ਰਾਜੇ ਨੂੰ ਪ੍ਰਾਣਾਂ ਤੋਂ ਪਿਆਰੀ ਸੀ।

ਧੌਲਰ ਊਚ ਤਵਨ ਕੌ ਰਾਜੈ ॥

ਉਸ ਦਾ ਉੱਚਾ ਮਹੱਲ ਸ਼ੋਭਦਾ ਸੀ

ਮਨੋ ਚੰਦ੍ਰਮਾ ਕੋਲ ਬਿਰਾਜੈ ॥੭॥

ਜੋ ਮਾਨੋ ਚੰਦ੍ਰਮਾ ਜਿੰਨਾ ਉੱਚਾ ਸੀ ॥੭॥

ਤਪਤੀ ਨਦੀ ਤੀਰ ਤਿਹ ਬਹੈ ॥

ਉਸ ਦੇ ਨੇੜੇ ਤਪਤੀ ਨਦੀ ਵਗਦੀ ਸੀ।

ਸੂਰਜ ਸੁਤਾ ਤਾਹਿ ਜਗ ਕਹੈ ॥

ਉਸ ਨੂੰ ਜਗਤ ਵਾਲੇ ਸੂਰਜ ਦੀ ਪੁੱਤਰੀ ਕਹਿੰਦੇ ਸਨ।

ਪੰਛੀ ਤਹਾ ਚੁਗਤ ਅਤਿ ਸੋਹੈ ॥

ਉਥੇ ਪੰਛੀ ਚੁਗਦੇ ਹੋਏ ਬਹੁਤ ਸ਼ੋਭਦੇ ਸਨ।

ਹੇਰਨਿਹਾਰਨ ਕੋ ਮਨੁ ਮੋਹੈ ॥੮॥

ਵੇਖਣ ਵਾਲਿਆਂ ਦੇ ਮਨ ਮੋਹ ਲੈਂਦੇ ਸਨ ॥੮॥

ਸੁੰਦਰ ਤਾਹਿ ਝਰੋਖੇ ਜਹਾ ॥

ਜਿਥੇ (ਮਹੱਲ ਦੇ) ਸੁੰਦਰ ਝਰੋਖੇ ਸਨ,

ਕਾਢ੍ਯੋ ਆਨਿ ਰਾਇ ਮ੍ਰਿਗ ਤਹਾ ॥

ਰਾਜੇ ਨੇ ਹਿਰਨ ਨੂੰ ਉਥੇ ਜਾ ਕਢਿਆ।

ਤੁਰੈ ਧਵਾਇ ਸ੍ਰਮਿਤ ਤਿਹ ਕੀਨੋ ॥

ਘੋੜਾ ਭਜਾ ਕੇ ਰਾਜੇ ਨੇ ਉਸ ਨੂੰ ਥਕਾ ਦਿੱਤਾ

ਸ੍ਰਿੰਗਨ ਤੇ ਸ੍ਰਿੰਗੀ ਗਹਿ ਲੀਨੋ ॥੯॥

ਅਤੇ ਹਿਰਨ ਨੂੰ ਸਿੰਗਾਂ ਤੋਂ ਫੜ ਲਿਆ ॥੯॥

ਯਹ ਕੌਤਕ ਨ੍ਰਿਪ ਸੁਤਾ ਨਿਹਾਰਿਯੋ ॥

ਇਹ ਕੌਤਕ ਰਾਜ ਕੁਮਾਰੀ ਨੇ ਵੇਖਿਆ

ਯਹੈ ਆਪਨੇ ਹ੍ਰਿਦੈ ਬਿਚਾਰਿਯੋ ॥

ਅਤੇ ਆਪਣੇ ਹਿਰਦੇ ਵਿਚ ਇਹ ਵਿਚਾਰ ਕੀਤਾ।

ਮੈ ਅਬ ਹੀ ਇਹ ਨ੍ਰਿਪ ਕੌ ਬਰੌ ॥

ਮੈਂ ਹੁਣ ਹੀ ਇਸ ਰਾਜੇ ਨੂੰ ਵਿਆਹਾਂਗੀ,

ਨਾਤਰ ਮਾਰਿ ਕਟਾਰੀ ਮਰੌ ॥੧੦॥

ਨਹੀਂ ਤਾਂ ਕਟਾਰ ਮਾਰ ਕੇ ਮਰ ਜਾਵਾਂਗੀ ॥੧੦॥

ਐਸੀ ਪ੍ਰੀਤਿ ਰਾਇ ਸੌ ਜੋਰੀ ॥

ਉਸ ਨੇ ਰਾਜੇ ਨਾਲ ਅਜਿਹੀ ਪ੍ਰੀਤ ਜੋੜ ਲਈ

ਕਾਹੂ ਪਾਸ ਜਾਤ ਨਹਿ ਤੋਰੀ ॥

ਜੋ ਕਿਸੇ ਕੋਲੋਂ ਤੋੜੀ ਨਹੀਂ ਜਾ ਸਕਦੀ।

ਨੈਨ ਸੈਨ ਦੈ ਤਾਹਿ ਬਲਾਯੋ ॥

ਅੱਖ ਦੇ ਇਸ਼ਾਰੇ ਨਾਲ ਰਾਜੇ ਨੂੰ ਬੁਲਾਇਆ

ਮੈਨ ਭੋਗ ਤਹਿ ਸਾਥ ਕਮਾਯੋ ॥੧੧॥

ਅਤੇ ਉਸ ਨਾਲ ਕਾਮ-ਕ੍ਰੀੜਾ ਕੀਤੀ ॥੧੧॥

ਐਸੀ ਫਬਤ ਦੁਹੂੰਨ ਕੀ ਜੋਰੀ ॥

(ਉਨ੍ਹਾਂ) ਦੋਹਾਂ ਦੀ ਜੋੜੀ ਇਸ ਤਰ੍ਹਾਂ ਫਬੀ,

ਜਨੁਕ ਕ੍ਰਿਸਨ ਬ੍ਰਿਖਭਾਨ ਕਿਸੋਰੀ ॥

ਮਾਨੋ ਰਾਧਾ ਅਤੇ ਕ੍ਰਿਸ਼ਨ (ਦੀ ਜੋੜੀ) ਹੋਵੇ।

ਦੁਹੂੰ ਹਾਥ ਤਿਹ ਕੁਚਨ ਮਰੋਰੈ ॥

(ਉਹ) ਉਸ ਦੇ ਦੋਹਾਂ ਹੱਥਾਂ ਨਾਲ ਕੁਚ ਮਰੋੜ ਰਿਹਾ ਸੀ

ਜਨੁ ਖੋਯੋ ਨਿਧਨੀ ਧਨੁ ਟੋਰੈ ॥੧੨॥

ਮਾਨੋ ਕੋਈ ਨਿਰਧਨ ਗਵਾਚੇ ਹੋਏ ਧਨ ਨੂੰ ਲਭ ਰਿਹਾ ਹੋਵੇ ॥੧੨॥

ਬਾਰ ਬਾਰ ਤਿਹ ਗਰੇ ਲਗਾਵੈ ॥

(ਰਾਜਾ) ਉਸ ਨੂੰ ਬਾਰ ਬਾਰ ਗਲੇ ਲਗਾਉਂਦਾ ਸੀ

ਜਨੁ ਕੰਦ੍ਰਪ ਕੋ ਦ੍ਰਪੁ ਮਿਟਾਵੈ ॥

ਮਾਨੋ ਕਾਮਦੇਵ ਦਾ ਹੰਕਾਰ ਮਿਟਾ ਰਿਹਾ ਹੋਵੇ।

ਭੋਗਤ ਤਾਹਿ ਜੰਘ ਲੈ ਕਾਧੇ ॥

(ਉਸ ਦੀਆਂ) ਟੰਗਾਂ ਨੂੰ ਮੋਢਿਆਂ ਤੇ ਰਖ ਕੇ ਉਸ ਨੂੰ (ਇਸ ਪ੍ਰਕਾਰ ਭੋਗਦਾ ਸੀ)

ਜਨੁ ਦ੍ਵੈ ਮੈਨ ਤਰਕਸਨ ਬਾਧੇ ॥੧੩॥

ਮਾਨੋ ਕਾਮ ਦੇਵ ਨੇ ਦੋ ਭੱਥੇ ਬੰਨ੍ਹੇ ਹੋਣ ॥੧੩॥

ਭਾਤਿ ਭਾਤਿ ਸੌ ਚੁੰਬਨ ਕੀਨੇ ॥

ਕਈ ਤਰ੍ਹਾਂ ਦੇ ਚੁੰਬਨ ਕੀਤੇ

ਭਾਤਿ ਭਾਤਿ ਆਸਨ ਤ੍ਰਿਯ ਦੀਨੇ ॥

ਅਤੇ ਇਸਤਰੀ ਨੇ ਭਾਂਤ ਭਾਂਤ ਦੇ ਆਸਨ ਦਿੱਤੇ।

ਗਹਿ ਗਹਿ ਤਾ ਸੋ ਗਰੇ ਲਗਾਈ ॥

ਪਕੜ ਪਕੜ ਕੇ ਉਸ ਨੂੰ ਗਲੇ ਲਗਾਇਆ