ਸ਼੍ਰੀ ਦਸਮ ਗ੍ਰੰਥ

ਅੰਗ - 479


ਪੁਰਜੇ ਪੁਰਜੇ ਤਨ ਹ੍ਵੈ ਰਨ ਮੈ ਦੁਖੁ ਤੋ ਮਨ ਮੈ ਮੁਖ ਤੇ ਨ ਕਹੈ ॥੧੮੧੭॥

ਰਣ-ਭੂਮੀ ਵਿਚ ਸ਼ਰੀਰ ਟੋਟੇ ਹੋ ਕੇ ਡਿਗ ਰਹੇ ਹਨ (ਪਰ ਜੋ) ਦੁਖ ਉਨ੍ਹਾਂ ਦੇ ਮਨ ਵਿਚ ਹੈ, ਉਹ ਮੁਖ ਤੋਂ ਨਹੀਂ ਕਹਿੰਦੇ (ਅਰਥਾਤ ਮੂੰਹ ਤੋਂ 'ਹਾਇ' ਦੀ ਆਵਾਜ਼ ਤਕ ਨਹੀਂ ਕਢਦੇ) ॥੧੮੧੭॥

ਜੇ ਭਟ ਆਇ ਅਯੋਧਨ ਮੈ ਕਰਿ ਕੋਪ ਭਿਰੇ ਨਹਿ ਸੰਕਿ ਪਧਾਰੇ ॥

ਜੋ ਯੋਧੇ ਰਣ-ਭੂਮੀ ਵਿਚ ਆਇ ਹਨ, ਉਹ ਕ੍ਰੋਧਿਤ ਹੋ ਕੇ ਲੜਦੇ ਹਨ ਅਤੇ ਡਰ ਕੇ ਭਜਦੇ ਨਹੀਂ ਹਨ।

ਸਸਤ੍ਰ ਸੰਭਾਰਿ ਸਬੈ ਕਰ ਮੈ ਤਨ ਸਉਹੇ ਕਰੈ ਨਹਿ ਪ੍ਰਾਨ ਪਿਆਰੇ ॥

ਸਾਰਿਆਂ ਸ਼ਸਤ੍ਰਾਂ ਨੂੰ ਹੱਥ ਵਿਚ ਸੰਭਾਲ ਕੇ, ਸ਼ਰੀਰਾਂ ਨੂੰ (ਵੈਰੀ ਦੇ) ਸਾਹਮਣੇ ਕਰਦੇ ਹਨ ਅਤੇ ਪ੍ਰਾਣਾਂ ਨੂੰ ਪਿਆਰਾ ਨਹੀਂ ਕਰਦੇ ਹਨ।

ਰੋਸ ਭਰੇ ਜੋਊ ਜੂਝ ਮਰੇ ਕਬਿ ਸ੍ਯਾਮ ਰਰੇ ਸੁਰ ਲੋਗਿ ਸਿਧਾਰੇ ॥

ਕ੍ਰੋਧ ਦੇ ਭਰੇ ਹੋਏ ਜੋ ਲੜ ਮੋਏ ਹਨ, ਕਵੀ ਸ਼ਿਆਮ ਕਹਿੰਦੇ ਹਨ (ਉਹ) ਸੁਅਰਗ ਲੋਕ ਨੂੰ ਚਲੇ ਗਏ ਹਨ।

ਤੇ ਇਹ ਭਾਤਿ ਕਹੈ ਮੁਖ ਤੇ ਸੁਰ ਧਾਮਿ ਬਸੇ ਬਡੇ ਭਾਗ ਹਮਾਰੇ ॥੧੮੧੮॥

ਉਹ ਮੁਖ ਤੋਂ ਇਸ ਤਰ੍ਹਾਂ ਕਹਿੰਦੇ ਹਨ ਕਿ (ਅਸੀਂ) ਸੁਅਰਗ ਵਿਚ ਆ ਵਸੇ ਹਾਂ, ਸਾਡੇ ਭਾਗ ਬਹੁਤ ਚੰਗੇ ਹਨ ॥੧੮੧੮॥

ਏਕ ਅਯੋਧਨ ਮੈ ਭਟ ਯੌ ਅਰਿ ਕੈ ਬਰਿ ਕੈ ਲਰਿ ਭੂਮਿ ਪਰੈ ॥

ਯੁੱਧ-ਭੂਮੀ ਵਿਚ ਕਈ ਅਜਿਹੇ ਸੂਰਮੇ ਹਨ ਜਿਹੜੇ ਵੈਰੀ ਨਾਲ ਬਲ ਪੂਰਵਕ ਲੜ ਕੇ ਧਰਤੀ ਉਤੇ ਡਿਗੇ ਪਏ ਹਨ।

ਇਕ ਦੇਖ ਦਸਾ ਭਟ ਆਪਨ ਕੀ ਕਬਿ ਸ੍ਯਾਮ ਕਹੈ ਜੀਅ ਕੋਪ ਲਰੈ ॥

ਇਕ (ਅਜਿਹੇ ਹਨ ਜਿਹੜੇ) ਆਪਣੇ ਸੂਰਮਿਆਂ ਦੀ ਹਾਲਤ ਵੇਖ ਕੇ ਕਵੀ ਸ਼ਿਆਮ ਕਹਿੰਦੇ ਹਨ, ਮਨ ਵਿਚ ਕ੍ਰੋਧ ਕਰ ਕੇ ਲੜ ਰਹੇ ਹਨ।

ਤਬ ਸਸਤ੍ਰ ਸੰਭਾਰਿ ਹਕਾਰਿ ਪਰੈ ਘਨ ਸ੍ਯਾਮ ਸੋ ਆਇ ਅਰੈ ਨ ਟਰੈ ॥

ਤਦ ਸ਼ਸਤ੍ਰ ਸੰਭਾਲ ਕੇ ਅਤੇ ਲਲਕਾਰਾ ਮਾਰ ਕੇ ਪੈ ਗਏ ਹਨ ਅਤੇ ਸ੍ਰੀ ਕ੍ਰਿਸ਼ਨ ਨਾਲ ਆ ਕੇ ਅੜ ਖੜੋਤੇ ਹਨ ਅਤੇ ਟਲੇ ਨਹੀਂ ਹਨ।

ਤਜਿ ਸੰਕ ਲਰੈ ਰਨ ਮਾਝ ਮਰੈ ਤਤਕਾਲ ਬਰੰਗਨ ਜਾਇ ਬਰੈ ॥੧੮੧੯॥

(ਉਹ) ਸੰਸੇ ਨੂੰ ਛਡ ਕੇ ਲੜੇ ਹਨ ਅਤੇ ਰਣ-ਭੂਮੀ ਵਿਚ ਮਰ ਗਏ ਹਨ। (ਉਨ੍ਹਾਂ ਨੂੰ) ਅਪੱਛਰਾਵਾਂ ਨੇ ਜਾ ਕੇ ਤੁਰਤ ਵਰ ਲਿਆ ਹੈ ॥੧੮੧੯॥

ਇਕ ਜੂਝਿ ਪਰੈ ਇਕ ਦੇਖਿ ਡਰੈ ਇਕ ਤਉ ਚਿਤ ਮੈ ਅਤਿ ਕੋਪ ਭਰੈ ॥

ਇਕ ਲੜ ਮਰੇ ਹਨ, ਇਕ (ਸਥਿਤੀ ਨੂੰ) ਵੇਖ ਕੇ ਡਰ ਗਏ ਹਨ ਅਤੇ ਇਕਨਾਂ ਦੇ ਚਿਤ ਵਿਚ ਤਾਂ ਬਹੁਤ ਕ੍ਰੋਧ ਭਰ ਗਿਆ ਹੈ।

ਕਹਿ ਆਪਨੇ ਆਪਨੇ ਸਾਰਥੀ ਸੋ ਸੁ ਧਵਾਇ ਕੈ ਸ੍ਯੰਦਨ ਆਇ ਅਰੈ ॥

ਆਪਣੇ ਆਪਣੇ ਰਥਵਾਨਾਂ ਨੂੰ ਕਹਿ ਕੇ ਅਤੇ ਰਥਾਂ ਨੂੰ ਭਜਾ ਕੇ (ਯੁੱਧ-ਭੂਮੀ) ਵਿਚ ਆ ਡਟੇ ਹਨ।

ਤਲਵਾਰ ਕਟਾਰਨ ਸੰਗ ਲਰੈ ਅਤਿ ਸੰਗਰ ਮੋ ਨਹਿ ਸੰਕ ਧਰੈ ॥

(ਉਹ) ਤਲਵਾਰਾਂ, ਕਟਾਰਾਂ (ਆਦਿ ਸ਼ਸਤ੍ਰਾਂ) ਨਾਲ ਬਹੁਤ ਲੜੇ ਹਨ ਅਤੇ ਯੁੱਧ-ਭੂਮੀ ਵਿਚ ਕੋਈ ਡਰ ਨਹੀਂ ਮੰਨਿਆ ਹੈ।

ਕਬਿ ਸ੍ਯਾਮ ਕਹੈ ਜਦੁਬੀਰ ਕੇ ਸਾਮੁਹੇ ਮਾਰਿ ਹੀ ਮਾਰਿ ਕਰੈ ਨ ਟਰੈ ॥੧੮੨੦॥

ਕਵੀ ਸ਼ਿਆਮ ਕਹਿੰਦੇ ਹਨ, ਸ੍ਰੀ ਕ੍ਰਿਸ਼ਨ ਦੇ ਸਾਹਮਣੇ 'ਮਾਰੋ-ਮਾਰੋ' ਪੁਕਾਰਦੇ ਹਨ ਅਤੇ ਟਲਦੇ ਨਹੀਂ ਹਨ ॥੧੮੨੦॥

ਜਬ ਯੌ ਭਟ ਆਵਤ ਸ੍ਰੀ ਹਰਿ ਸਾਮੁਹੇ ਤਉ ਸਬ ਹੀ ਪ੍ਰਭ ਸਸਤ੍ਰ ਸੰਭਾਰੇ ॥

ਜਦ ਇਸ ਤਰ੍ਹਾਂ ਸੂਰਮੇ ਸ੍ਰੀ ਕ੍ਰਿਸ਼ਨ ਦੇ ਸਾਹਮਣੇ ਆਉਂਦੇ ਹਨ ਤਾਂ ਉਹ ਸਾਰੇ ਸ਼ਸਤ੍ਰ ਸੰਭਾਲ ਲੈਂਦੇ ਹਨ।

ਕੋਪ ਬਢਾਇ ਚਿਤੈ ਤਿਨ ਕਉ ਇਕ ਬਾਰ ਹੀ ਬੈਰਨ ਕੇ ਤਨ ਝਾਰੇ ॥

ਉਨ੍ਹਾਂ ਨੂੰ ਵੇਖ ਕੇ ਕ੍ਰੋਧ ਨੂੰ ਵਧਾ ਲੈਂਦੇ ਹਨ ਅਤੇ ਇਕੋ ਵਾਰ (ਸ਼ਸਤ੍ਰਾਂ ਨੂੰ) ਵੈਰੀਆਂ ਦੇ ਸ਼ਰੀਰਾਂ ਉਤੇ ਛਡ ਦਿੰਦੇ ਹਨ।

ਏਕ ਹਨੇ ਅਰਿ ਪਾਇਨ ਸੋ ਇਕ ਦਾਇਨ ਸੋ ਗਹਿ ਭੂਮਿ ਪਛਾਰੇ ॥

ਇਕਨਾਂ (ਵੈਰੀਆਂ ਨੂੰ) ਪੈਰਾਂ ਨਾਲ ਮਾਰ ਦਿੱਤਾ ਹੈ ਅਤੇ ਇਕਨਾਂ ਨੂੰ ਦਾਉ ਨਾਲ ਪਕੜ ਕੇ ਭੂਮੀ ਉਤੇ ਪਟਕਾ ਮਾਰਿਆ ਹੈ।

ਤਾਹੀ ਸਮੈ ਤਿਹ ਆਹਵ ਮੈ ਬਹੁ ਸੂਰ ਬਿਨਾ ਕਰਿ ਪ੍ਰਾਨਨ ਡਾਰੇ ॥੧੮੨੧॥

ਉਸ ਵੇਲੇ ਉਸ ਯੁੱਧ-ਭੂਮੀ ਵਿਚ ਬਹੁਤ ਸੂਰਮਿਆਂ ਨੂੰ ਬਿਨਾ ਪ੍ਰਾਣ ਕਰ ਦਿੱਤਾ ਹੈ ॥੧੮੨੧॥

ਏਕ ਲਗੇ ਭਟ ਘਾਇਨ ਕੇ ਤਜਿ ਦੇਹ ਕੋ ਪ੍ਰਾਨ ਗਏ ਜਮ ਕੇ ਘਰਿ ॥

ਕਈ ਸੂਰਮੇ ਘਾਉ ਲਗਣ ਕਾਰਨ ਦੇਹ ਨੂੰ ਛਡ ਕੇ ਪ੍ਰਾਣਾਂ ਨੂੰ ਯਮਰਾਜ ਦੇ ਘਰ ਲੈ ਗਏ ਹਨ।

ਸੁੰਦਰ ਅੰਗ ਸੁ ਏਕਨਿ ਕੇ ਕਬਿ ਸ੍ਯਾਮ ਕਹੈ ਰਹੇ ਸ੍ਰੋਨਤ ਸੋ ਭਰਿ ॥

ਕਵੀ ਸ਼ਿਆਮ ਕਹਿੰਦੇ ਹਨ, ਇਕਨਾਂ ਦੇ ਸੁੰਦਰ ਸ਼ਰੀਰ ਲਹੂ ਨਾਲ ਲੱਥ ਪੱਥ ਹੋਏ ਪਏ ਹਨ।

ਏਕ ਕਬੰਧ ਫਿਰੈ ਰਨ ਮੈ ਜਿਨ ਕੇ ਬ੍ਰਿਜ ਨਾਇਕ ਸੀਸ ਕਟੇ ਬਰ ॥

ਕਈ ਧੜ ਯੁੱਧ-ਭੂਮੀ ਵਿਚ ਫਿਰ ਰਹੇ ਹਨ ਜਿਨ੍ਹਾਂ ਦੇ ਸੁੰਦਰ ਸਿਰ ਸ੍ਰੀ ਕ੍ਰਿਸ਼ਨ ਨੇ ਕਟ ਦਿੱਤੇ ਹਨ।

ਏਕ ਸੁ ਸੰਕਤਿ ਹ੍ਵੈ ਚਿਤ ਮੈ ਤਜਿ ਆਹਵ ਕੋ ਨ੍ਰਿਪ ਤੀਰ ਗਏ ਡਰਿ ॥੧੮੨੨॥

ਕਈ ਇਕ ਮਨ ਵਿਚ ਡਰ ਕੇ ਅਤੇ ਰਣ-ਭੂਮੀ ਨੂੰ ਛਡ ਕੇ ਰਾਜਾ (ਜਰਾਸੰਧ) ਪਾਸ ਚਲੇ ਗਏ ਹਨ ॥੧੮੨੨॥

ਭਾਜਿ ਤਬੈ ਭਟ ਆਹਵ ਤੇ ਮਿਲਿ ਭੂਪ ਪੈ ਜਾਇ ਕੈ ਐਸੇ ਪੁਕਾਰੇ ॥

ਯੁੱਧ-ਭੂਮੀ ਤੋਂ ਉਦੋਂ ਭਜ ਕੇ ਗਏ ਸਾਰੇ ਸੂਰਮੇ ਇਕੱਠੇ ਹੋ ਕੇ ਰਾਜੇ ਪਾਸ ਇਸ ਤਰ੍ਹਾਂ ਪੁਕਾਰਦੇ ਹਨ,

ਜੇਤੇ ਸੁ ਬੀਰ ਪਠੇ ਤੁਮ ਰਾਜ ਗਏ ਹਰਿ ਪੈ ਹਥਿਆਰ ਸੰਭਾਰੇ ॥

ਹੇ ਰਾਜਨ! ਜਿਤਨੇ ਹੀ ਸੂਰਮੇ ਤੁਸੀਂ ਭੇਜੇ ਸਨ, ਉਹ ਸਾਰੇ ਹਥਿਆਰ ਸੰਭਾਲ ਕੇ ਸ੍ਰੀ ਕ੍ਰਿਸ਼ਨ ਉਪਰ ਜਾ ਪਏ ਸਨ।

ਜੀਤ ਨ ਕੋਊ ਸਕੇ ਤਿਹ ਕੋ ਹਮ ਤੋ ਸਬ ਹੀ ਬਲ ਕੈ ਰਨ ਹਾਰੇ ॥

ਪਰ (ਉਨ੍ਹਾਂ ਵਿਚੋਂ) ਕੋਈ ਵੀ ਉਸ ਨੂੰ ਜਿਤ ਨਹੀਂ ਸਕਿਆ ਹੈ। ਅਸੀਂ ਸਾਰੇ ਬਲ ਪੂਰਵਕ (ਯੁੱਧ ਕਰ ਕੇ) ਰਣਭੂਮੀ ਵਿਚ ਹਾਰ ਗਏ ਹਾਂ।

ਬਾਨ ਕਮਾਨ ਸੁ ਤਾਨ ਕੈ ਪਾਨਿ ਸਬੈ ਤਿਨ ਪ੍ਰਾਨ ਬਿਨਾ ਕਰਿ ਡਾਰੇ ॥੧੮੨੩॥

(ਸ੍ਰੀ ਕ੍ਰਿਸ਼ਨ ਨੇ) ਧਨੁਸ਼-ਬਾਣ ਨੂੰ ਹੱਥ ਵਿਚ ਕਸ ਕੇ ਉਨ੍ਹਾਂ ਸਾਰਿਆਂ ਨੂੰ ਪ੍ਰਾਣਾਂ ਤੋਂ ਬਿਨਾ ਕਰ ਦਿੱਤਾ ਹੈ ॥੧੮੨੩॥

ਇਉ ਨ੍ਰਿਪ ਕਉ ਭਟ ਬੋਲ ਕਹੈ ਹਮਰੀ ਬਿਨਤੀ ਪ੍ਰਭ ਜੂ ਸੁਨਿ ਲੀਜੈ ॥

ਰਾਜਾ (ਜਰਾਸੰਧ) ਨੂੰ ਯੋਧਿਆਂ ਨੇ ਇਸ ਤਰ੍ਹਾਂ ਬੋਲ ਕੇ ਕਿਹਾ, ਹੇ ਸੁਆਮੀ! ਸਾਡੀ ਬੇਨਤੀ ਸੁਣ ਲਵੋ।

ਆਹਵ ਮੰਤ੍ਰਨ ਸਉਪ ਚਲੋ ਗ੍ਰਹਿ ਕੋ ਸਿਗਰੇ ਪੁਰ ਕੋ ਸੁਖ ਦੀਜੈ ॥

ਯੁੱਧ (ਦੀ ਵਿਵਸਥਾ) ਮੰਤਰੀਆਂ ਨੂੰ ਸੌਂਪ ਕੇ ਘਰ ਨੂੰ ਚਲੋ ਅਤੇ ਸਾਰੇ ਨਗਰ ਨੂੰ ਸੁਖ ਦਿਓ।

ਆਜ ਲਉ ਲਾਜ ਰਹੀ ਰਨ ਮੈ ਸਮ ਜੁਧੁ ਭਯੋ ਅਜੋ ਬੀਰ ਨ ਛੀਜੈ ॥

ਹੁਣ ਤਕ ਤਾਂ ਯੁੱਧ ਵਿਚ ਲਾਜ ਰਹੀ ਹੈ (ਕਿਉਂਕਿ ਹਾਲਾਂ ਤਕ) ਬਰਾਬਰ ਦਾ ਯੁੱਧ ਹੋਇਆ ਹੈ ਅਤੇ ਅਜੇ (ਚੋਣਵੇਂ) ਸੂਰਮੇ ਮੋਏ ਨਹੀਂ ਹਨ।

ਸ੍ਯਾਮ ਤੇ ਜੁਧ ਕੀ ਸ੍ਯਾਮ ਭਨੈ ਸੁਪਨੇ ਹੂ ਮੈ ਜੀਤ ਕੀ ਆਸ ਨ ਕੀਜੈ ॥੧੮੨੪॥

(ਕਵੀ) ਸ਼ਿਆਮ ਕਹਿੰਦੇ ਹਨ, (ਉਨ੍ਹਾਂ ਯੋਧਿਆਂ ਨੇ ਰਾਜੇ ਨੂੰ ਦਸਿਆ) ਕਿ ਸ਼ਿਆਮ ਕੋਲੋਂ ਯੁੱਧ ਜਿਤਣ ਦੀ ਆਸ ਸੁਪਨੇ ਵਿਚ ਵੀ ਨਾ ਕਰੋ ॥੧੮੨੪॥

ਦੋਹਰਾ ॥

ਦੋਹਰਾ:

ਜਰਾਸੰਧਿ ਏ ਬਚਨ ਸੁਨਿ ਰਿਸਿ ਕਰਿ ਬੋਲਿਯੋ ਬੈਨ ॥

ਰਾਜਾ ਜਰਾਸੰਧ ਇਹ ਬਚਨ ਸੁਣ ਕੇ ਕ੍ਰੋਧਿਤ ਹੋ ਕੇ ਬਚਨ ਬੋਲਣ ਲਗਿਆ

ਸਕਲ ਸੁਭਟ ਹਰਿ ਕਟਿਕ ਕੈ ਪਠਵੋਂ ਜਮ ਕੇ ਐਨਿ ॥੧੮੨੫॥

ਕਿ ਸ੍ਰੀ ਕ੍ਰਿਸ਼ਨ ਦੀ ਸੈਨਾ ਦੇ ਸਾਰੇ ਯੋਧੇ (ਮੈਂ) ਯਮਰਾਜ ਦੇ ਘਰ ਭੇਜ ਦਿਆਂਗਾ ॥੧੮੨੫॥

ਸਵੈਯਾ ॥

ਸਵੈਯਾ:

ਕਾ ਭਯੋ ਜੋ ਮਘਵਾ ਬਲਵੰਡ ਹੈ ਆਜ ਹਉ ਤਾਹੀ ਸੋ ਜੁਧੁ ਮਚੈਹੋਂ ॥

ਕੀ ਹੋਇਆ ਜੇ ਇੰਦਰ ਬਲਵਾਨ ਹੈ, ਅਜ ਮੈਂ ਉਸ ਨਾਲ ਯੁੱਧ ਮਚਾਵਾਂਗਾ।

ਭਾਨੁ ਪ੍ਰਚੰਡ ਕਹਾਵਤ ਹੈ ਹਨਿ ਤਾਹੀ ਕੋ ਹਉ ਜਮ ਧਾਮਿ ਪਠੈਹੋਂ ॥

ਸੂਰਜ ਵੀ (ਆਪਣੇ ਆਪ ਨੂੰ) ਪ੍ਰਚੰਡ (ਤੇਜ ਵਾਲਾ) ਅਖਵਾਉਂਦਾ ਹੈ, ਉਸ ਨੂੰ ਵੀ ਮਾਰ ਕੇ ਮੈਂ ਯਮਰਾਜ ਦੇ ਘਰ ਭੇਜ ਦਿਆਂਗਾ।

ਅਉ ਜੁ ਕਹਾ ਸਿਵ ਮੋ ਬਲੁ ਹੈ ਮਰਿ ਹੈ ਪਲ ਮੈ ਜਬ ਕੋਪ ਬਢੈਹੋਂ ॥

ਹੋਰ ਜੋ ਕਿਹਾ ਜਾਂਦਾ ਹੈ ਕਿ ਸ਼ਿਵ ਵਿਚ ਬਲ ਹੈ, (ਪਰ) ਮੈਂ ਕ੍ਰੋਧ ਵਧਾਵਾਂਗਾ (ਤਾਂ ਉਹ ਵੀ) ਪਲ ਵਿਚ ਮਰ ਜਾਵੇਗਾ।

ਪਉਰਖ ਰਾਖਤ ਹਉ ਇਤਨੋ ਕਹਾ ਭੂਪ ਹ੍ਵੈ ਗੂਜਰ ਤੇ ਭਜਿ ਜੈਹੋਂ ॥੧੮੨੬॥

ਮੈਂ (ਆਪਣੇ ਵਿਚ) ਇਤਨੀ ਸ਼ਕਤੀ ਰਖਦਾ ਹਾਂ, ਕੀਹ ਰਾਜਾ ਹੋ ਕੇ ਮੈਂ ਗਵਾਲੇ (ਕ੍ਰਿਸ਼ਨ) ਕੋਲੋਂ ਭਜ ਜਾਵਾਂਗਾ ॥੧੮੨੬॥

ਇਉ ਕਹਿ ਕੈ ਮਨਿ ਕੋਪ ਭਰਿਓ ਚਤੁਰੰਗ ਚਮੂੰ ਜੁ ਹੁਤੀ ਸੁ ਬੁਲਾਈ ॥

ਇਸ ਤਰ੍ਹਾਂ ਕਹਿ ਕੇ ਮਨ ਵਿਚ ਕ੍ਰੋਧ ਭਰ ਲਿਆ ਅਤੇ ਜੋ ਚਤੁਰੰਗਨੀ ਸੈਨਾ ਸੀ, ਉਸ ਨੂੰ ਬੁਲਾ ਲਿਆ।

ਆਇ ਹੈ ਸਸਤ੍ਰ ਸੰਭਾਰਿ ਸਬੈ ਸੰਗ ਸ੍ਯਾਮ ਮਚਾਵਨ ਕਾਜ ਲਰਾਈ ॥

ਉਹ ਸਾਰੇ ਸ੍ਰੀ ਕ੍ਰਿਸ਼ਨ ਨਾਲ ਲੜਾਈ ਕਰਨ ਲਈ ਸ਼ਸਤ੍ਰ ਧਾਰਨ ਕਰ ਕੇ ਆ ਗਏ।

ਛਤ੍ਰ ਤਨਾਇ ਕੈ ਪੀਛੇ ਚਲਿਯੋ ਨ੍ਰਿਪ ਸੈਨ ਸਬੈ ਤਿਹ ਆਗੇ ਸਿਧਾਈ ॥

ਛੱਤਰ ਤਣਵਾ ਕੇ ਰਾਜਾ ਪਿਛੇ ਚਲਿਆ ਹੈ ਅਤੇ ਸਾਰੀ ਸੈਨਾ ਨੂੰ ਅਗੇ ਤੋਰ ਦਿੱਤਾ ਹੈ।

ਮਾਨਹੁ ਪਾਵਸ ਕੀ ਰਿਤੁ ਮੈ ਘਨਘੋਰ ਘਟਾ ਘੁਰ ਕੈ ਉਮਡਾਈ ॥੧੮੨੭॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਬਰਖਾ ਰੁਤ ਵਿਚ ਘਨਘੋਰ ਘਟਾਵਾਂ ਗਜਦੀਆਂ ਹੋਈਆਂ ਉਮਡ ਪਈਆਂ ਹੋਣ ॥੧੮੨੭॥

ਭੂਪ ਬਾਚ ਹਰਿ ਸੋ ॥

ਰਾਜੇ ਨੇ ਕ੍ਰਿਸ਼ਨ ਨੂੰ ਕਿਹਾ:

ਦੋਹਰਾ ॥

ਦੋਹਰਾ:

ਭੂਪ ਤਬੈ ਹਰਿ ਹੇਰਿ ਕੈ ਐਸੋ ਕਹਿਓ ਸੁਨਾਇ ॥

ਰਾਜਾ (ਜਰਾਸੰਧ) ਨੇ ਸ੍ਰੀ ਕ੍ਰਿਸ਼ਨ ਨੂੰ ਵੇਖ ਕੇ ਇਸ ਤਰ੍ਹਾਂ ਸੁਣਾ ਕੇ ਕਿਹਾ-

ਤੂੰ ਗੁਆਰ ਛਤ੍ਰੀਨ ਸੋ ਜੂਝ ਕਰੈਗੋ ਆਇ ॥੧੮੨੮॥

ਤੂੰ ਗਵਾਲਾ ਹੋ ਕੇ ਛਤ੍ਰੀਆਂ ਨਾਲ ਆ ਕੇ ਯੁੱਧ ਕਰੇਂਗਾ ॥੧੮੨੮॥

ਕ੍ਰਿਸਨ ਬਾਚ ਨ੍ਰਿਪ ਸੋ ॥

ਕ੍ਰਿਸ਼ਨ ਨੇ ਰਾਜੇ ਨੂੰ ਕਿਹਾ:

ਸਵੈਯਾ ॥

ਸਵੈਯਾ:

ਛਤ੍ਰੀ ਕਹਾਵਤ ਆਪਨ ਕੋ ਭਜਿ ਹੋ ਤਬ ਹੀ ਜਬ ਜੁਧ ਮਚੈਹੋਂ ॥

(ਤੂੰ) ਆਪਣੇ ਆਪ ਨੂੰ ਛਤ੍ਰੀ ਅਖਵਾਉਂਦਾ ਹੈ, ਪਰ ਜਦੋਂ (ਮੈਂ) ਯੁੱਧ ਮਚਾਵਾਂਗਾ, ਉਦੋਂ ਹੀ ਭਜ ਜਾਏਂਗਾ।


Flag Counter