ਅਤੇ ਤਕੜੇ ਸੂਰਮੇ ਗਜ ਰਹੇ ਸਨ ॥੧੨॥
ਕ੍ਰਿਪਾਲ ਚੰਦ ਨੇ ਕ੍ਰੋਧਵਾਨ ਹੋ ਕੇ
ਚੰਗਾ ਯੁੱਧ ਕੀਤਾ।
ਮਹਾ ਵੀਰ ਗੱਜਦੇ ਸਨ
ਅਤੇ ਬਹੁਤ ਸ਼ਸਤ੍ਰ (ਇਕ ਦੂਜੇ ਉਤੇ) ਵਜਦੇ ਸਨ ॥੧੩॥
ਅਜਿਹਾ ਪ੍ਰਚੰਡ ਯੁੱਧ ਹੋਇਆ
(ਜਿਸ ਦਾ ਸ਼ੋਰ) ਨੌਂ ਖੰਡਾਂ ਵਿਚ ਸੁਣਿਆ ਗਿਆ।
(ਕ੍ਰਿਪਾਲ ਚੰਦ) ਸ਼ਸਤ੍ਰ ਚਲਾਉਂਦਾ ਹੋਇਆ ਅਗੇ ਤੁਰਦਾ ਗਿਆ।
(ਉਸ ਨੇ) ਰਾਜਪੂਤੀ ਮਰਯਾਦਾ ਨੂੰ ਚੰਗੀ ਤਰ੍ਹਾਂ ਨਿਭਾਇਆ ॥੧੪॥
ਦੋਹਰਾ:
ਸਾਰਿਆਂ ਰਾਜਿਆਂ ਨੇ ਕ੍ਰੋਧਿਤ ਹੋ ਕੇ ਯੁੱਧ ਦੀ ਵਿਉਂਤ ਬਣਾਈ
ਅਤੇ ਕਟੋਚੀਆਂ ਦੀ ਸੈਨਾ ਨੂੰ ਭੀਮ ਚੰਦ ('ਅਰਿ-ਰਾਇ') ਨੇ ਘੇਰ ਲਿਆ ॥੧੫॥
ਭੁਜੰਗ ਛੰਦ:
ਨਾਂਗਲੂ, ਪਾਂਗਲੂ, ਵੇਦੜੋਲ,
ਜਸਵਾਲ, ਗੁਲੇਰੀਏ (ਵਖ ਵਖ ਰਿਆਸਤਾਂ ਦੇ ਰਾਜਪੂਤ) ਸੈਨਿਕ ਦਲ ਬਣਾ ਕੇ ਚਲ ਪਏ।
ਉਦੋਂ ਹੀ (ਵਿਰੋਧੀ ਦਲ ਵਲੋਂ) ਦਿਆਲ ਨਾਂ ਦਾ ਇਕ ਵੱਡਾ ਬਲਵਾਨ ਗਜਿਆ,
ਜਿਸ ਨੇ ਬਿਝੜਵਾਲਿਆਂ ਦੀ ਲਾਜ ਰਖ ਲਈ ॥੧੬॥
(ਹੇ ਪ੍ਰਭੂ!) ਤੇਰੇ ਸੇਵਕ ਨੇ ਵੀ ਉਸ ਵੇਲੇ ਇਕ ਬੰਦੂਕ ਨੂੰ ਸੰਭਾਲਿਆ
ਅਤੇ ਸ਼ਿਸ਼ਤ ਬੰਨ੍ਹ ਕੇ ਇਕ ਰਾਜੇ ਦੀ ਛਾਤੀ ਵਿਚ ਦਾਗ਼ ਦਿੱਤੀ।
(ਉਹ) ਭੰਵਾਟੀ ਖਾ ਕੇ ਧਰਤੀ ਉਤੇ ਡਿਗ ਪਿਆ (ਪਰ ਉਸ ਨੇ) ਚੰਗਾ ਯੁੱਧ ਕੀਤਾ
(ਕਿਉਂਕਿ) ਉਦੋਂ ਵੀ ਉਸ ਅਣਖੀਲੇ ਨੇ ਕ੍ਰੋਧ ਕਰ ਕੇ ਮਾਰੋ-ਮਾਰੋ ਹੀ ਕਿਹਾ ਸੀ ॥੧੭॥
(ਫਿਰ) ਬੰਦੂਕ ਛਡ ਕੇ (ਮੈਂ) ਬਾਣ ਹੱਥ ਵਿਚ ਲੈ ਲਏ।
ਚਾਰ ਬਾਣ ਲੈ ਕੇ ਸਜੇ ਹੱਥ ਨਾਲ ਛਡੇ
ਅਤੇ ਤਿੰਨ ਬਾਣ ਖਬੇ ਹੱਥ ਨਾਲ ਚਲਾਏ।
ਉਹ ਤੀਰ (ਕਿਸੇ ਨੂੰ) ਲਗੇ ਜਾਂ ਨਾ ਲਗੇ, (ਇਸ ਬਾਰੇ) ਕੁਝ ਪਤਾ ਨਹੀਂ ॥੧੮॥
ਤਦ ਤਕ ਪ੍ਰਭੂ ਨੇ ਯੁੱਧ ਨੂੰ ਸਮਾਪਤ ਕਰ ਦਿੱਤਾ
ਅਤੇ ਉਨ੍ਹਾਂ (ਵੈਰੀਆਂ) ਨੂੰ ਖਦੇੜ ਕੇ (ਨਦੀ ਦੇ) ਜਲ ਵਿਚ ਸੁਟ ਦਿੱਤਾ।
(ਉਪਰੋਂ) ਟਿਬਿਆਂ ਤੋਂ ਗੋਲੀਆਂ ਅਤੇ ਬਾਣਾਂ ਦੀ ਅਜਿਹੀ ਬੌਛਾੜ ਹੋਈ
ਮਾਨੋ (ਹੇਠਲੇ ਘਾਇਲ ਸੂਰਮੇ) ਚੰਗੀ ਤਰ੍ਹਾਂ ਹੋਲੀ ਖੇਡ ਕੇ ਬੈਠੇ ਹੋਣ ॥੧੯॥
ਤੀਰਾਂ ਅਤੇ ਬਰਛੀਆਂ ਨਾਲ ਪਰੋਤੇ ਹੋਏ ਯੁੱਧ-ਵੀਰ ਧਰਤੀ ਉਤੇ ਡਿਗੇ ਪਏ ਸਨ।
(ਉਨ੍ਹਾਂ ਦੇ) ਬਸਤ੍ਰ ਲਹੂ ਨਾਲ ਰੰਗੇ ਹੋਏ ਸਨ ਮਾਨੋ ਫਾਗ ਖੇਡ ਕੇ (ਆਰਾਮ ਕਰ ਰਹੇ ਹੋਣ)।
ਵੈਰੀ ਨੂੰ ਜਿਤ ਲਿਆ ਅਤੇ ਆ ਕੇ ਡੇਰੇ (ਵਿਚ ਬਿਸ੍ਰਾਮ ਕੀਤਾ।)।
(ਅਤੇ) ਵੈਰੀ ਨਦੀ ਦੇ ਪਾਰ ਜਾ ਕੇ ਪੈ ਗਏ ॥੨੦॥
ਹਨੇਰੀ ਰਾਤ ਦਾ ਅੱਧਾ ਕੁ ਪਹਿਰ ਬੀਤਿਆ
ਤਾਂ (ਉਹ) ਲਕੜ ਦੀ ਬਣੀ ਵਾੜ (ਅਸਥਾਈ ਕੋਟ) ਛਡ ਗਏ ਅਤੇ ਧੌਂਸਾ ਵਜਾਉਣ ਦੀ (ਜ਼ਿਮੇਵਾਰੀ ਨਗਾਰਚੀ ਨੂੰ ਸੌਂਪ ਗਏ)।
ਸਾਰੀ ਰਾਤ ਬੀਤ ਗਈ ਅਤੇ ਸੂਰਜ ('ਦਿਉਸ ਰਾਣੰ') ਚੜ੍ਹ ਆਇਆ।
(ਸਾਡੇ ਪਾਸੇ ਤੋਂ) ਫੁਰਤੀਲੇ ਵੀਰ ਤਲਵਾਰਾਂ ਘੁੰਮਾਉਂਦੇ ਚਲ ਪਏ ॥੨੧॥
ਅਲਫ਼ ਖ਼ਾਨ ਭਜ ਗਿਆ, (ਉਸ ਨੇ ਆਪਣਾ) ਸਾਜ਼-ਸਾਮਾਨ ਵੀ ਨਾ ਸੰਭਾਲਿਆ।
(ਉਸ ਦੇ ਸਾਥੀ) ਹੋਰ ਵੀਰ ਵੀ ਧੀਰਜ ਧਰੇ ਬਿਨਾ ਭਜ ਗਏ।
(ਅਸਾਂ) ਅੱਠ ਦਿਨ ਨਦੀ ਦੇ ਕੰਢ ਡੇਰਾ ਕੀਤਾ
ਅਤੇ ਚੰਗੀ ਤਰ੍ਹਾਂ ਸਾਰੇ ਰਾਜ-ਮਹੱਲਾਂ ਨੂੰ ਵੇਖਿਆ ॥੨੨॥
ਚੌਪਈ:
ਇਧਰ ਅਸੀਂ (ਭੀਮ ਚੰਦ ਤੋਂ) ਵਿਦਾ ਹੋ ਕੇ ਘਰ (ਆਨੰਦਪੁਰ) ਪਰਤੇ
ਅਤੇ ਉਧਰ ਉਹ (ਭੀਮ ਚੰਦ ਆਦਿ) ਸੰਧੀ ਕਰਨ ਲਈ ਗਏ।
ਇਨ੍ਹਾਂ ਨੇ ਉਨ੍ਹਾਂ ਨਾਲ ਸੰਧੀ ਕਰ ਲਈ
ਅਤੇ (ਇਹ) ਸਹਾਇਤਾ ਦੇਣ ਵਾਲੀ ਕਥਾ ਇਥੇ ਸੰਪੂਰਨ ਹੋ ਗਈ ॥੨੩॥
ਦੋਹਰਾ:
ਰਸਤੇ ਵਿਚ ਪੈਂਦੇ ਆਲਸ਼ੂਨ (ਨਾਂ ਦੇ ਪਿੰਡ) ਨੂੰ ਜਿਤ ਕੇ (ਅਸੀਂ) ਇਸ ਪਾਸੇ ਵਲ ਚਲ ਪਏ