ਸ਼੍ਰੀ ਦਸਮ ਗ੍ਰੰਥ

ਅੰਗ - 368


ਨੈਨਨ ਕੇ ਕਰਿ ਭਾਵ ਘਨੇ ਸਰ ਸੋ ਹਮਰੋ ਮਨੂਆ ਮ੍ਰਿਗ ਘਾਯੋ ॥

(ਪਰ ਤੂੰ) ਨੈਣਾਂ ਦੇ ਬਹੁਤ ਹਾਵ-ਭਾਵ ਕਰ ਕੇ (ਉਨ੍ਹਾਂ) ਤੀਰਾਂ ਨਾਲ ਮੇਰੇ ਮਨ ਰੂਪ ਹਿਰਨ ਨੂੰ ਘਾਇਲ ਕਰ ਦਿੱਤਾ ਹੈ।

ਤਾ ਬਿਰਹਾਗਨਿ ਸੋ ਸੁਨੀਯੈ ਬਲਿ ਅੰਗ ਜਰਿਯੋ ਸੁ ਗਯੋ ਨ ਬਚਾਯੋ ॥

(ਹੋਰ) ਸੁਣ, ਉਸ ਵਿਯੋਗ-ਅਗਨੀ ਦੇ ਬਲ ਨਾਲ ਮੇਰਾ ਸ਼ਰੀਰ ਸੜ ਗਿਆ ਹੈ (ਅਤੇ ਯਤਨ ਕਰਨ ਤੇ ਵੀ) ਬਚਾਇਆ ਨਹੀਂ ਜਾ ਸਕਿਆ।

ਤੇਰੇ ਬੁਲਾਯੋ ਨ ਆਯੋ ਹੋ ਰੀ ਤਿਹ ਠਉਰ ਜਰੇ ਕਹੁ ਸੇਕਿਨਿ ਆਯੋ ॥੭੩੧॥

ਨੀ (ਰਾਧਾ!) ਤੇਰੇ ਬੁਲਾਏ ਤੇ ਨਹੀਂ ਆਇਆ ਹਾਂ, (ਮੈਂ ਤਾਂ) ਉਸ ਸੜੀ ਹੋਈ ਥਾਂ ਨੂੰ ਸੇਕਣ ਲਈ ਆਇਆ ਹਾਂ ॥੭੩੧॥

ਰਾਧੇ ਬਾਚ ਕਾਨ੍ਰਹ ਸੋ ॥

ਰਾਧਾ ਨੇ ਸ੍ਰੀ ਕ੍ਰਿਸ਼ਨ ਨੂੰ ਕਿਹਾ:

ਸਵੈਯਾ ॥

ਸਵੈਯਾ:

ਸੰਗ ਫਿਰੀ ਤੁਮਰੇ ਹਰਿ ਖੇਲਤ ਸ੍ਯਾਮ ਕਹੇ ਕਬਿ ਆਨੰਦ ਭੀਨੀ ॥

ਕਵੀ ਸ਼ਿਆਮ ਕਹਿੰਦੇ ਹਨ, (ਰਾਧਾ ਕਹਿਣ ਲਗੀ) ਹੇ ਸ੍ਰੀ ਕ੍ਰਿਸ਼ਨ! ਮੈਂ ਆਨੰਦ ਨਾਲ ਭਰੀ ਹੋਈ ਤੁਹਾਡੇ ਨਾਲ ਖੇਡਦੀ ਫਿਰੀ।

ਲੋਗਨ ਕੋ ਉਪਹਾਸ ਸਹਿਯੋ ਤੁਹਿ ਮੂਰਤਿ ਚੀਨ ਕੈ ਅਉਰ ਨ ਚੀਨੀ ॥

ਲੋਕਾਂ ਦੇ ਮਖ਼ੌਲ ਅਤੇ ਤਾਹਨੇ ਸਹੇ, (ਪਰ) ਤੇਰਾ ਸਰੂਪ ਜਾਣ ਕੇ ਫਿਰ ਹੋਰ ਕਿਸੇ ਦਾ (ਸਰੂਪ) ਨਹੀਂ ਪਛਾਣਿਆ।

ਹੇਤ ਕਰਿਯੋ ਅਤਿ ਹੀ ਤੁਮ ਸੋ ਤੁਮ ਹੂੰ ਤਜਿ ਹੇਤ ਦਸਾ ਇਹ ਕੀਨੀ ॥

(ਮੈਂ) ਤੁਹਾਡੇ ਨਾਲ ਅਤਿ ਅਧਿਕ ਪ੍ਰੇਮ ਕੀਤਾ, (ਪਰ) ਤੁਸਾਂ ਹੀ (ਮੈਨੂੰ) ਛਡ ਕੇ ਅਜਿਹੀ ਹਾਲਤ ਕੀਤੀ ਹੈ।

ਪ੍ਰੀਤਿ ਕਰੀ ਸੰਗ ਅਉਰ ਤ੍ਰੀਯਾ ਕਹਿ ਸਾਸ ਲਯੋ ਅਖੀਯਾ ਭਰ ਲੀਨੀ ॥੭੩੨॥

'ਹੋਰ ਇਸਤਰੀ ਨਾਲ ਪ੍ਰੀਤ ਪਾ ਲਈ ਹੈ', (ਇਹ) ਕਹਿ ਕੇ ਹੌਕਾ ਭਰਿਆ ਅਤੇ (ਹੰਝੂਆਂ ਨਾਲ) ਅੱਖਾਂ ਭਰ ਲਈਆਂ ॥੭੩੨॥

ਕਾਨ੍ਰਹ ਜੂ ਬਾਚ ॥

ਕ੍ਰਿਸ਼ਨ ਨੇ ਕਿਹਾ:

ਸਵੈਯਾ ॥

ਸਵੈਯਾ:

ਮੇਰੋ ਘਨੋ ਹਿਤ ਹੈ ਤੁਮ ਸੋ ਸਖੀ ਅਉਰ ਕਿਸੀ ਨਹਿ ਗ੍ਵਾਰਨਿ ਮਾਹੀ ॥

ਹੇ ਸਖੀ! ਮੇਰਾ ਤੇਰੇ ਨਾਲ ਬਹੁਤ ਪਿਆਰ ਹੈ ਅਤੇ ਹੋਰ ਕਿਸੇ ਗੋਪੀ ਵਿਚ ਨਹੀਂ ਹੈ।

ਤੇਰੇ ਖਰੇ ਤੁਹਿ ਦੇਖਤ ਹੋ ਬਿਨ ਤ੍ਵੈ ਤੁਹਿ ਮੂਰਤਿ ਕੀ ਪਰਛਾਹੀ ॥

ਤੇਰੇ ਖੜੋਤਿਆਂ ਤਾਂ ਤੈਨੂੰ ਵੇਖਦਾ ਹਾਂ, ਤੇਰੇ ਬਿਨਾ ਤੇਰੀ ਮੂਰਤ ਦੀ ਪਰਛਾਈ ਨੂੰ (ਵੇਖਦਾ ਹਾਂ)।

ਯੌ ਕਹਿ ਕਾਨ੍ਰਹ ਗਹੀ ਬਹੀਯਾ ਚਲੀਯੈ ਹਮ ਸੋ ਬਨ ਮੈ ਸੁਖ ਪਾਹੀ ॥

ਇਸ ਤਰ੍ਹਾਂ ਕਹਿ ਕੇ ਕ੍ਰਿਸ਼ਨ ਨੇ (ਰਾਧਾ ਦੀ) ਬਾਂਹ ਪਕੜ ਲਈ (ਅਤੇ ਕਿਹਾ) ਮੇਰੇ ਨਾਲ ਚਲ, ਬਨ ਵਿਚ ਸੁਖ ਪਾਵਾਂਗੇ।

ਹ ਹਾ ਚਲੁ ਮੇਰੀ ਸਹੁੰ ਮੇਰੀ ਸਹੁੰ ਮੇਰੀ ਸਹੁੰ ਤੇਰੀ ਸਹੁੰ ਤੇਰੀ ਸਹੁੰ ਨਾਹੀ ਜੂ ਨਾਹੀ ॥੭੩੩॥

ਹਾਏ ਨੀ ਚਲ, (ਤੈਨੂੰ) ਮੇਰੀ ਸੌਂਹ, ਮੇਰੀ ਸੌਂਹ, ਮੇਰੀ ਸੌਂਹ। (ਅਗੋਂ ਰਾਧਾ ਨੇ ਕਿਹਾ) (ਮੈਨੂੰ) ਤੇਰੀ ਸੌਂਹ, ਤੇਰੀ ਸੌਂਹ, ਨਹੀਂ ਜੀ ਨਹੀਂ (ਜਾਵਾਂਗੀ) ॥੭੩੩॥

ਯੌ ਕਹਿ ਕਾਨ੍ਰਹ ਗਹੀ ਬਿਹੀਯਾ ਤਿਹੂ ਲੋਗਨ ਕੋ ਭੁਗੀਯਾ ਰਸ ਜੋ ਹੈ ॥

ਇਸ ਤਰ੍ਹਾਂ ਕਹਿ ਕੇ ਕਾਨ੍ਹ ਨੇ (ਰਾਧਾ ਦੀ) ਬਾਂਹ ਫੜ ਲਈ, ਜੋ ਤਿੰਨਾਂ ਲੋਕਾਂ ਦੇ ਰਸ ਨੂੰ ਭੋਗਣ ਵਾਲਾ ਹੈ।

ਕੇਹਰਿ ਸੀ ਜਿਹ ਕੀ ਕਟਿ ਹੈ ਜਿਹ ਆਨਨ ਪੈ ਸਸਿ ਕੋਟਿਕ ਕੋ ਹੈ ॥

ਜਿਸ ਦਾ ਲਕ ਸ਼ੇਰ ਵਰਗਾ ਹੈ ਅਤੇ ਜਿਸ ਦੇ ਮੁਖ ਸਾਹਮਣੇ ਕਰੋੜਾਂ ਚੰਦ੍ਰਮੇ ਕੀ ਹਨ।

ਐਸੋ ਕਹਿਯੋ ਚਲੀਯੈ ਹਮਰੇ ਸੰਗਿ ਜੋ ਸਭ ਗ੍ਵਾਰਨਿ ਕੋ ਮਨ ਮੋਹੈ ॥

(ਫਿਰ) ਉਸ ਨੇ ਇਸ ਤਰ੍ਹਾਂ ਕਿਹਾ, ਮੇਰੇ ਨਾਲ ਚਲ, ਜੋ ਸਾਰੀਆਂ ਗੋਪੀਆਂ ਦੇ ਮਨ ਨੂੰ ਮੋਹਿਤ ਕਰਨ ਵਾਲਾ ਹੈ।

ਯੌ ਕਹਿ ਕਾਹੇ ਕਰੋ ਬਿਨਤੀ ਸੁਨ ਕੈ ਤੁਹਿ ਲਾਲ ਹੀਐ ਮਧਿ ਜੋ ਹੈ ॥੭੩੪॥

(ਫਿਰ ਰਾਧਾ ਨੇ ਕਿਹਾ) ਇਸ ਤਰ੍ਹਾਂ ਕਹਿ ਕੇ ਕਿਉਂ ਤਰਲੇ ਕਰ ਰਹੇ ਹੋ। ਹੇ ਲਾਲ! ਸੁਣੋ, ਜੋ ਗੱਲ ਤੁਹਾਡੇ ਦਿਲ ਵਿਚ ਹੈ (ਉਹ ਮੈਂ ਭਾਂਪ ਗਈ ਹਾਂ) ॥੭੩੪॥

ਕਾਹੇ ਉਰਾਹਨ ਦੇਤ ਸਖੀ ਕਹਿਯੋ ਪ੍ਰੀਤ ਘਨੀ ਹਮਰੀ ਸੰਗ ਤੇਰੇ ॥

(ਫਿਰ ਕ੍ਰਿਸ਼ਨ ਨੇ) ਕਿਹਾ, ਹੇ ਸਖੀ! ਕਿਉਂ ਉਲਾਂਭੇ ਦਿੰਦੀ ਹੈਂ, ਮੇਰੀ ਤੇਰੇ ਨਾਲ ਘਨੇਰੀ ਪ੍ਰੀਤ ਹੈ।

ਨਾਹਕ ਤੂੰ ਭਰਮੀ ਮਨ ਮੈ ਕਛੁ ਬਾਤ ਨ ਚੰਦ੍ਰਭਗਾ ਮਨਿ ਮੇਰੇ ॥

ਤੂੰ ਵਿਅਰਥ ਵਿਚ ਮਨ ਵਿਚ ਭਰਮਾ ਗਈ ਹੈਂ, ਮੇਰੇ ਮਨ ਵਿਚ ਤਾਂ ਚੰਦ੍ਰਭਗਾ ਦੀ ਕੋਈ ਗੱਲ ਨਹੀਂ ਹੈ।

ਤਾ ਤੇ ਉਠੋ ਤਜਿ ਮਾਨ ਸਭੈ ਚਲਿ ਖੇਲਹਿਾਂ ਪੈ ਜਮੁਨਾ ਤਟਿ ਕੇਰੇ ॥

ਇਸ ਕਰਕੇ ਉਠ, ਸਾਰੇ ਰੋਸੇ ਨੂੰ ਛਡ ਦੇ ਅਤੇ ਚਲ ਜਮਨਾ ਦੇ ਕੰਢੇ ਉਤੇ ਖੇਡੀਏ।

ਮਾਨਤ ਹੈ ਨਹਿ ਬਾਤ ਹਠੀ ਬਿਰਹਾਤੁਰ ਹੈ ਬਿਰਹੀ ਜਨ ਟੇਰੇ ॥੭੩੫॥

ਹਠੀਲੀ (ਰਾਧਾ) ਕੋਈ ਗੱਲ ਨਹੀਂ ਮੰਨਦੀ ਅਤੇ (ਕ੍ਰਿਸ਼ਨ) ਵਿਯੋਗ ਨਾਲ ਪੀੜਿਤ ਹੋ ਕੇ ਵਿਯੋਗੇ ਹੋਏ ਵਿਅਕਤੀ ਵਾਂਗ ਅਰਜ਼ਾਂ ਕਰਦਾ ਹੈ ॥੭੩੫॥

ਤ੍ਯਾਗ ਕਹਿਯੋ ਅਬ ਮਾਨ ਸਖੀ ਹਮ ਹੂੰ ਤੁਮ ਹੂੰ ਬਨ ਬੀਚ ਪਧਾਰੈ ॥

(ਫਿਰ) ਕਿਹਾ, ਹੇ ਸਖੀ! ਹੁਣ ਰੋਸਾ ਛਡ ਦੇ ਅਤੇ ਮੈਂ ਤੇ ਤੂੰ ਬਨ ਵਿਚ ਚਲੀਏ।


Flag Counter