(ਸੂਰਮਿਆਂ ਦੇ) ਕਵਚਾਂ ਵਿਚ (ਤੀਰਾਂ ਦੀਆਂ) ਬਾਗੜਾਂ ਇਉਂ ਸ਼ੋਭ ਰਹੀਆਂ ਹਨ, ਮਾਨੋ ਅਨਾਰ (ਦੇ ਬ੍ਰਿਛ) ਨੂੰ ਫੁਲ ਲਗੇ ਹੋਣ।
ਸਜੇ ਹੱਥ ਵਿਚ ਤਲਵਾਰ ਲੈ ਕੇ ਕਾਲਕਾ ਗੁੱਸੇ ਵਿਚ ਆਈ।
(ਦੈਂਤ ਫ਼ੌਜ ਦੇ) ਇਕ ਪਾਸਿਓਂ ਦੂਜੇ ਪਾਸੇ ਵਲ (ਨਿਕਲਦੀ ਗਈ ਅਤੇ) ਹਰਨਾਕਸ਼ ਵਰਗੇ ਕਈ ਹਜ਼ਾਰਾਂ ਰਾਖਸ਼ਾਂ ਨੂੰ ਨਸ਼ਟ ਕਰ ਦਿੱਤਾ।
ਇਕਲਿਆਂ ਹੀ ਦੇਵੀ (ਦੈਂਤਾਂ ਦੇ) ਦਲ ਨੂੰ ਜਿਤ ਰਹੀ ਸੀ।
(ਦੇਵੀ ਦੇ) ਵਾਰ ਨੂੰ ਸਦਾ ਸ਼ਾਬਾਸ਼ ਹੈ (ਜਾਂ ਕਵੀ ਦੇਵੀ ਦੇ ਵਾਰ ਤੋਂ ਕੁਰਬਾਨ ਹੈ) ॥੪੯॥
ਪਉੜੀ:
(ਜਦੋਂ ਨਗਾਰੇ ਉਤੇ ਸਟ ਵਜੀ ਤਦੋਂ) ਦੋਹਾਂ (ਪਾਸਿਆਂ ਦੀਆਂ) ਫੌਜਾਂ ਆਹਮਣੇ ਸਾਹਮਣੇ ਹੋ ਗਈਆਂ।
ਤਦੋਂ ਨਿਸ਼ੁੰਭ ਨੇ (ਆਪਣੇ) ਨੁਕਰੇ ਘੋੜੇ ਉਤੇ ਲੋਹੇ ਦਾ ਝੁਲ ('ਬਰਗਸਤਾਣ') ਪਾ ਕੇ ਨਚਾਇਆ।
ਚੌੜੀ ਫਟੀ ਵਾਲੀ ਵੱਡੀ ਕਮਾਨ (ਉਸ ਨੇ) ਹੱਥ ਵਿਚ ਪਕੜ ਲਈ (ਜੋ ਉਸ ਨੇ) ਉਚੇਚੀ ਫੁਰਮਾਇਸ਼ ਕਰ ਕੇ ਮੁਲਤਾਨ ਤੋਂ ਮੰਗਵਾਈ ਸੀ।
(ਉਧਰੋਂ) ਗੁੱਸੇ ਨਾਲ ਭਰੀ ਹੋਈ (ਦੁਰਗਾ) ਰਣ ਵਿਚ ਘਮਸਾਨ ਮਚਾਉਣ ਲਈ (ਰਾਖਸ਼ ਦੇ) ਸਾਹਮਣੇ ਆ ਗਈ।
ਦੁਰਗਾ ਨੇ ਅਗੋਂ ਹੋ ਕੇ ਅਜਿਹੀ ਤਲਵਾਰ ਚਲਾਈ ਕਿ (ਉਹ) ਨਿਸ਼ੁੰਭ ਨੂੰ ਵੱਢ ਕੇ ਕਾਠੀ ('ਪਲਾਣੋ') ਤੋਂ ਵੀ ਪਾਰ ਨਿਕਲ ਗਈ।
(ਅਤੇ ਫਿਰ) ਪਾਖਰ (ਲੋਹੇ ਦੀਆਂ ਤਾਰਾਂ ਦੀ ਬਣੀ ਝੁਲ) ਨੂੰ ਫਾੜ ਕੇ ਅਤੇ ਘੋੜੇ ਨੂੰ ਵਢ ਕੇ ਧਰਤੀ ਵਿਚ ਜਾ ਵਜੀ।
ਵੀਰ-ਯੋਧਾ (ਨਿਸੁੰਭ) ਕਾਠੀ ਤੋਂ (ਇਸ ਤਰ੍ਹਾਂ ਹੇਠਾਂ ਨੂੰ) ਡਿਗਿਆ ਮਾਨੋ ਸੂਝਵਾਨ ਸ਼ੁੰਭ ਨੂੰ ਸਿਜਦਾ ਕਰਦਾ ਹੋਵੇ।
(ਕਾਵਿ-ਨਿਆਂ ਅਧੀਨ ਕਵੀ ਨੇ ਦੈਂਤ ਨਾਇਕ ਨੂੰ ਅਸੀਸ ਦਿੱਤੀ) ਸਾਂਵਲੇ ਰੰਗ ਵਾਲੇ ਖ਼ਾਨ ਨੂੰ ਸ਼ਾਬਾਸ਼ ਹੈ (ਸਲੋਣੇ ਖਾਨ ਦਾ ਅਰਥਾਂਤਰ 'ਸਲੂਣੇ ਖਾਣ ਵਾਲਾ')
ਤੇਰੇ ਤ੍ਰਾਣ ਨੂੰ ਵੀ ਸ਼ਾਬਾਸ਼ ਹੈ,
ਤੇਰਾ ਪਾਨ ਚਬਾਉਣਾ ਵੀ ਸ਼ਲਾਘਾ ਯੋਗ ਹੈ,
ਤੇਰੇ ਨਸ਼ੇ ਕਰਨ ਦੀ (ਬਾਣ) ਨੂੰ ਵੀ ਸ਼ਾਬਾਸ਼ ਹੈ,
ਤੇਰੇ ਘੋੜਾ ਨਚਾਉਣ (ਦੀ ਵਿਧੀ) ਨੂੰ ਵੀ ਸ਼ਾਬਾਸ਼ ਹੈ ॥੫੦॥
ਪਉੜੀ:
ਦੁਰਗਾ ਅਤੇ ਦੈਂਤਾਂ ਦਾ ਯੁੱਧ-ਭੂਮੀ ਨੂੰ ਗਾਂਹਦਿਆਂ ਫਿਰਨਾ ਕਥਨ-ਯੋਗ ਹੈ (ਸ਼ਲਾਘਾ ਯੋਗ ਹੈ)।
ਸੂਰਮਿਆਂ ਨੇ ਉਲਰ ਕੇ ਲੜਨ ਲਈ ਮੱਥੇ ਆਣ ਡਾਹੇ ਹਨ।
(ਇਹ ਸ਼ੂਰਵੀਰ) ਬੰਦੂਕਾਂ ਅਤੇ ਬਾਣਾਂ ('ਕੈਬਰੀ') ਨਾਲ ਕਟ ਕੇ ਦਲ ਨੂੰ ਗਾਂਹਣ ਲਈ ਨਿਕਲੇ ਹਨ।
(ਅਜਿਹਾ ਅਦੁੱਤੀ) ਯੁੱਧ ਵੇਖਣ ਲਈ ਫਰਿਸ਼ਤੇ ਆਸਮਾਨ ਤੋਂ (ਹੇਠਾਂ ਉਤਰ ਆਏ ਹਨ) ॥੫੧॥
ਪਉੜੀ:
ਨਗਾਰਿਆਂ ਦੇ ਗੂੰਜਣ ਨਾਲ ਦੋਹਾਂ ਦਲਾਂ ਦੀਆਂ ਕਤਾਰਾਂ ਆਹਮੋ ਸਾਹਮਣੇ ਹੋ ਗਈਆਂ।
ਵੱਡੇ ਵੱਡੇ ਜੁਝਾਰੂ ਸੈਨਾ-ਨਾਇਕ ਉਲਰ ਕੇ (ਯੁੱਧ ਵਿਚ) ਆ ਗਏ।
(ਉਨ੍ਹਾਂ ਨੇ) ਤਲਵਾਰਾਂ ਅਤੇ ਬਰਛੀਆਂ ਆਦਿ ਹਥਿਆਰਾਂ ਨੂੰ ਉਲਾਰ ਲਿਆ ਸੀ।
ਅਤੇ (ਸਿਰਾਂ ਉਤੇ) ਟੋਪ, (ਮੂੰਹ ਤੇ) ਪਟੇਲ, (ਘੋੜੇ ਉਤੇ) ਪਾਖਰ ਅਤੇ ਗਲ ਵਿਚ ਕਵਚ ਪਾਏ ਹੋਏ ਸਨ।
ਦੁਰਗਾ ਨੇ ਬਰਛੀ ਲੈ ਬਹੁਤ ਸਾਰੇ ਦੈਂਤ ਮਾਰ ਦਿੱਤੇ ਸਨ।
ਰਥਾਂ, ਹਾਥੀਆਂ ਅਤੇ ਘੋੜਿਆਂ ਉਪਰ ਚੜ੍ਹਿਆਂ ਹੋਇਆਂ ਨੂੰ ਮਾਰ ਕੇ ਧਰਤੀ ਉਤੇ ਸੁੱਟ ਦਿੱਤਾ ਸੀ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਹਲਵਾਈ ਨੇ ਸੀਖ ਨਾਲ ਵਿੰਨ੍ਹ ਕੇ ਵੜੇ ਲਾਹੇ ਹੋਣ ॥੫੨॥
ਪਉੜੀ:
ਭਾਰੀ ਨਗਾਰੇ ਦੇ ਵਜਣ ਨਾਲ ਦੋਹਾਂ ਧਿਰਾਂ ਦੀਆਂ ਫ਼ੌਜਾਂ ਆਹਮੋ-ਸਾਹਮਣੇ ਹੋਈਆਂ।
ਦੁਰਗਾ ਨੇ ਹੱਥ ਵਿਚ ਬਰਛੀ (ਭਗਉਤੀ) ਲੈ ਲਈ ਜੋ ਦਗਦੀ ਹੋਈ ਅਗਨੀ 'ਵਰਜਾਗਨਿ' ਦੇ ਸਮਾਨ ਚਮਕਦੀ ਸੀ।
(ਉਹ) ਬਰਛੀ (ਦੇਵੀ ਨੇ) ਰਾਜੇ ਸ਼ੁੰਭ ਨੂੰ ਮਾਰ ਦਿੱਤੀ (ਜੋ) ਪਿਆਰੀ (ਉਸ ਦੇ) ਲਹੂ ਨੂੰ ਪੀ ਰਹੀ ਸੀ।
ਸ਼ੁੰਭ ਕਾਠੀ ਤੋਂ ਡਿਗ ਪਿਆ, (ਉਹ ਦ੍ਰਿਸ਼ ਨੂੰ ਵੇਖ ਕੇ ਕਵੀ ਨੂੰ ਇੰਜ) ਉਪਮਾ ਸੁਝੀ
(ਕਿ ਜੋ) ਦੋ ਧਾਰੀ ਬਰਛੀ ਲਹੂ ਨਾਲ ਲਿਬੜ ਕੇ ਬਾਹਰ ਨਿਕਲੀ ਹੈ,
(ਉਹ) ਮਾਨੋ ਰਾਜ-ਕੁਮਾਰੀ ('ਰਜਾਦੀ') ਲਾਲ ਰੰਗ ਦੀ ਸਾੜ੍ਹੀ ਪਾ ਕੇ (ਮਹੱਲ ਤੋਂ) ਉਤਰੀ ਹੋਵੇ ॥੫੩॥
ਪਉੜੀ:
ਦੁਰਗਾ ਅਤੇ ਦੈਂਤਾਂ ਦਾ ਤੜਕਸਾਰ ਯੁੱਧ ਸ਼ੁਰੂ ਹੋਇਆ।
ਦੁਰਗਾ ਨੇ ਸਾਰਿਆਂ ਹੱਥਾਂ ਵਿਚ ਮਜ਼ਬੂਤੀ ਨਾਲ ਸ਼ਸਤ੍ਰ ਪਕੜ ਲਏ।
ਸ਼ੁੰਭ ਨਿਸ਼ੁੰਭ ਵਰਗੇ ਨਾਮੀ ਯੋਧਿਆਂ ਨੂੰ ਮਾਰ ਸੁਟਿਆ।
ਅਸਮਰਥ ਦੈਂਤ ਫ਼ੌਜਾਂ (ਹਾਰ ਨੂੰ) ਵੇਖ ਕੇ ਧਾਹਾਂ (ਮਾਰ ਕੇ) ਰੋ ਰਹੇ ਸਨ।
(ਬਹੁਤੇ ਦੈਂਤ) ਮੂੰਹ ਵਿਚ ਘਾਹ ਦੇ ਤੀਲੇ ਦੇ ਕੇ ਅਤੇ ਘੋੜਿਆਂ ਨੂੰ ਰਾਹ ਵਿਚ ਹੀ ਛਡ ਕੇ (ਦੇਵੀ ਦੇ ਸਾਹਮਣੇ ਆਪਣੀ ਅਸਮਰਥਾ ਪ੍ਰਗਟ ਕਰਨ ਲਗੇ)।
ਭਜਦੇ ਜਾਂਦੇ ਦੈਂਤ ਵੀ (ਦੇਵੀ ਦੁਆਰਾ ਮਾਰੇ ਜਾ ਰਹੇ ਸਨ, (ਪਰ ਉਹ) ਪਿਛੇ ਮੁੜ ਕੇ ਝਾਕਦੇ ਤਕ ਨਹੀਂ ਸਨ ॥੫੪॥
ਪਉੜੀ:
(ਦੇਵੀ ਨੇ) ਸ਼ੁੰਭ ਅਤੇ ਨਿਸ਼ੁੰਭ ਨੂੰ ਯਮ-ਲੋਕ ਨੂੰ ਤੋਰ ਦਿੱਤਾ
ਅਤੇ ਇੰਦਰ ਨੂੰ ਰਾਜਤਿਲਕ ('ਅਭਿਖੇਖ') ਦੇਣ ਲਈ ਸਦ ਲਿਆ।
ਰਾਜੇ ਇੰਦਰ ਦੇ ਸਿਰ ਉਤੇ ਛਤ੍ਰ ਫਿਰਾ ਦਿੱਤਾ।
(ਇਸ ਤਰ੍ਹਾਂ) ਚੌਦਾਂ ਲੋਕਾਂ ਵਿਚ ਜਗਤ-ਮਾਤਾ (ਦੁਰਗਾ) ਦਾ ਯਸ਼ ਛਾ ਗਿਆ।
ਦੁਰਗਾ (ਸਪਤਸ਼ਤੀ) ਦਾ ਪਾਠ (ਇਸ ਵਾਰ ਦੀਆਂ) ਸਾਰੀਆਂ ਪਉੜੀਆਂ ਵਿਚ ਰਚਿਆ ਹੈ।
ਜੋ ਇਸ (ਪਾਠ) ਨੂੰ ਗਾਏਗਾ (ਉਹ) ਫਿਰ ਆਵਾਗਵਣ ਦੇ ਚਕਰਾਂ ਵਿਚ ਨਹੀਂ ਪਏਗਾ ॥੫੫॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਸ੍ਰੀ ਭਗਉਤੀ ਜੀ ਸਹਾਇ
ਹੁਣ ਗਿਆਨ ਪ੍ਰਬੋਧ ਗ੍ਰੰਥ ਲਿਖਦੇ ਹਾਂ
ਪਾਤਸ਼ਾਹੀ ੧੦
ਭੁਜੰਗ ਪ੍ਰਯਾਤ ਛੰਦ: ਤੇਰੀ ਕ੍ਰਿਪਾ ਨਾਲ:
ਹੇ ਪੂਰੇ ਨਾਥ! (ਤੈਨੂੰ) ਨਮਸਕਾਰ ਹੈ। (ਤੂੰ) ਸਦਾ ਕਰਮਾਂ ਨੂੰ ਸਿੱਧ ਕਰਨ ਵਾਲ ਹੈਂ;
ਅਛੇਦ (ਨ ਛੇਦਿਆ ਜਾ ਸਕਣ ਵਾਲਾ) ਅਭੇਦ (ਨ ਵਿੰਨ੍ਹਿਆ ਜਾ ਸਕਣ ਵਾਲਾ) ਅਤੇ ਸਦਾ ਇਕ ਧਰਮ (ਸੁਭਾ) ਵਾਲਾ ਹੈਂ;
ਕਲੰਕ ਤੋਂ ਬਿਨਾ ਨਿਸ਼ਕਲੰਕ ਸਰੂਪ ਵਾਲਾ ਹੈਂ;
ਅਛੇਦ, ਅਭੇਦ, ਅਖੇਦ (ਖੇਦ-ਰਹਿਤ) ਅਤੇ ਅਨੂਪ ਹੈਂ ॥੧॥
ਹੇ ਸਾਰੇ ਲੋਕਾਂ ਦੇ ਸੁਆਮੀ ਅਤੇ ਲੋਕ-ਨਾਥ! (ਤੈਨੂੰ) ਨਮਸਕਾਰ ਹੈ।
(ਤੂੰ) ਸਦਾ ਸਭ ਦਾ ਸਾਥੀ ਅਤੇ ਸੁਆਮੀ ਤੋਂ ਬਿਨਾ ਹੈਂ।
(ਤੂੰ) ਇਕ ਰੂਪ ਵਾਲਾ ਹੁੰਦਾ ਹੋਇਆ ਵੀ ਅਨੇਕ ਸਰੂਪਾਂ ਵਾਲਾ ਹੈਂ; (ਤੈਨੂੰ) ਨਮਸਕਾਰ ਹੈ।
(ਤੂੰ) ਸਦਾ ਸਭਦਾ ਬਾਦਸ਼ਾਹ ਅਤੇ ਹਮੇਸ਼ਾ ਸਭ ਦਾ ਰਾਜਾ ਹੈਂ ॥੨॥
(ਤੂੰ) ਅਛੇਦ, ਅਭੇਦ, ਅਨਾਮ (ਨਾਮ-ਰਹਿਤ) ਅਤੇ ਅਠਾਮ (ਸਥਾਨਰਹਿਤ) ਹੈਂ,
ਸਦਾ ਸਭ ਨੂੰ ਦੇਣ ਵਾਲਾ, ਸਿੱਧੀ ਪ੍ਰਦਾਨ ਕਰਨ ਵਾਲਾ ਅਤੇ ਬੁੱਧੀ ਦਾ ਘਰ ਹੈਂ;
ਜੰਤਰ ਤੋਂ ਰਹਿਤ, ਮੰਤਰ ਤੋਂ ਮੁਕਤ, ਕ੍ਰਿਆ ਤੋਂ ਪਰੇ ਅਤੇ ਭਰਮ ਤੋਂ ਉੱਚਾ ਹੈਂ;
ਅਖੇਦ, ਅਭੇਦ, ਅਛੇਦ, ਅਤੇ ਅਕਰਮ (ਕਰਮਾਂ ਤੋਂ ਬਿਨਾ) ਹੈਂ ॥੩॥
(ਤੂੰ) ਅਗਾਧ (ਜਿਸ ਦੀ ਥਾਹ ਨਾ ਪਾਈ ਜਾ ਸਕੇ) ਅਬਾਧ (ਜੋ ਪਕੜਿਆ ਨਾ ਜਾ ਸਕੇ) ਅਗੰਤ (ਜੋ ਗਮਨ ਨਹੀਂ ਕਰਦਾ) ਅਤੇ ਅਨੰਤ (ਅੰਤ ਤੋਂ ਰਹਿਤ) ਹੈਂ;
ਅਲੇਖ (ਜੋ ਲਿਖਿਆ ਅਥਵਾ ਲਖਿਆ ਨਹੀਂ ਜਾ ਸਕਦਾ) ਅਭੇਖ (ਭੇਖ ਤੋਂ ਰਹਿਤ) ਅਭੂਤ (ਪੰਜ ਭੂਤਾਂ ਤੋਂ ਪਰੇ) ਅਤੇ ਅਗੰਤ ਹੈਂ;
(ਤੇਰਾ) ਨਾ ਰੰਗ ਹੈ, ਨਾ ਰੂਪ, ਨਾ ਜਾਤਿ ਹੈ, ਨਾ ਪਾਤਿ,
ਨਾ ਸ਼ਤਰੂ ਹੈ, ਨਾ ਮਿਤਰ ਹੈ, ਨਾ ਪੁੱਤਰ ਹੈ ਅਤੇ ਨਾ ਮਾਤਾ ਹੈ ॥੪॥
(ਤੂੰ) ਅਭੂਤ, ਅਭੰਗ (ਨ ਭੰਨਿਆ ਜਾ ਸਕਣ ਵਾਲਾ) ਅਭਿਖ (ਭਵਿਖਤ ਕਾਲ ਜਾਂ ਭਿਖਿਆ ਤੋਂ ਰਹਿਤ) ਅਤੇ ਸਭ ਥਾਂ ਆਪ ਹੀ ਵਰਤਮਾਨ ਹੈਂ;
(ਤੂੰ) ਸਭ ਤੋਂ ਪਰੇ, ਸਵੱਛ, ਪਵਿੱਤਰ ਅਤੇ ਸਰਬ-ਪ੍ਰਮੁਖ ਹੈਂ;
ਅਗੰਜ (ਜਿਸ ਦਾ ਨਾਸ਼ ਨਾ ਹੋਵੇ) ਅਭੰਜ (ਜੋ ਭੰਨਿਆ ਨਾ ਜਾ ਸਕੇ) ਅਕਾਮ (ਕਾਮਨਾ ਰਹਿਤ) ਅਤੇ ਅਕਰਮ (ਕਰਮਾਂ ਤੋਂ ਮੁਕਤ) ਹੈਂ;
ਅਨੰਤ, ਬੇਅੰਤ, ਅਭੂਮ (ਧਰਤੀ ਤੋਂ ਪਰੇ) ਅਤੇ ਅਭਰਮ (ਭਰਮਾਂ ਤੋਂ ਰਹਿਤ) ਹੈਂ ॥੫॥