(ਮੈਨੂੰ) ਆਪਣੇ ਨਾਂ ਦੀ ਲਾਜ ਹੈ; ਦਸ, ਕਿਥੇ ਭਜ ਕੇ ਜਾਵਾਂ ॥੧੬੮੭॥
ਸਵੈਯਾ:
ਹੇ ਬ੍ਰਹਮਾ! ਚਿਤ ਦੇ ਕੇ ਮੇਰੀ ਗੱਲ ਸੁਣ ਲੈ ਅਤੇ ਦੋਹਾਂ ਕੰਨਾਂ ਵਿਚ ਧਰ ਲੈ।
ਜਦੋਂ ਮਨ ਉਪਮਾ ਕਰਨ ਨੂੰ ਉਛਾਲਾ ਮਾਰੇ, ਤਾਂ ਉਪਮਾ ਭਗਵਾਨ ਦੀ ਹੀ ਕਰੀਏ।
ਕਿਸ ਹੋਰ ਦੇ ਪੈਰੀਂ ਨਾ ਪਈਏ, (ਕੇਵਲ) ਭਗਵਾਨ ਦੇ, ਗੁਰੂ ਦੇ ਅਤੇ ਬ੍ਰਾਹਮਣ ਦੇ (ਹੀ ਪੈਰੀਂ) ਪੈਣਾ (ਚਾਹੀਦਾ ਹੈ)।
ਜਿਸ ਦਾ ਚੌਹਾਂ ਯੁਗਾਂ ਵਿਚ ਨਾਮ ਜਪਿਆ ਜਾਂਦਾ ਹੈ, ਉਸ ਨਾਲ ਲੜ ਕੇ ਅਤੇ (ਉਸ ਤੋਂ) ਮਰ ਕੇ (ਸੰਸਾਰ ਸਾਗਰ) ਤਰਿਆ ਜਾਂਦਾ ਹੈ ॥੧੬੮੮॥
ਜਿਸ ਨੂੰ ਸਨਕਾਦਿਕ, ਸ਼ੇਸ਼ਨਾਗ ਜਿਹੇ ਖੋਜ ਰਹੇ ਹਨ, (ਪਰ ਉਨ੍ਹਾਂ ਨੇ) ਕੁਝ ਅੰਤ ਨਹੀਂ ਪਾਇਆ ਹੈ।
ਕਵੀ ਸ਼ਿਆਮ ਕਹਿੰਦੇ ਹਨ, ਚੌਦਾਂ ਲੋਕਾਂ ਵਿਚ ਸਦਾ ਹੀ ਮਹਾ ਰਿਸ਼ੀ ਸੁਕਦੇਵ ਅਤੇ ਵਿਆਸ ਗਾਉਂਦੇ ਹਨ।
ਜਿਸ ਦੇ ਨਾਮ ਦੇ ਪ੍ਰਤਾਪ ਕਾਰਨ ਧ੍ਰੂਹ ਅਤੇ ਪ੍ਰਹਿਲਾਦ ਨੇ ਸਥਾਈ ਪਦ ਪ੍ਰਾਪਤ ਕੀਤਾ ਹੈ।
ਓਹੀ ਹੁਣ ਮੇਰੇ ਨਾਲ ਯੁੱਧ ਕਰੇਗਾ ਜਿਸ ਨੇ (ਆਪਣਾ) ਨਾਮ ਸ੍ਰੀ ਧਰ ਅਤੇ ਸ੍ਰੀ ਹਰਿ ਅਖਵਾਇਆ ਹੈ ॥੧੬੮੯॥
ਅੜਿਲ:
ਬ੍ਰਹਮਾ ਇਹ ਬਚਨ ਸੁਣ ਕੇ ਹੈਰਾਨ ਹੋ ਗਿਆ
ਅਤੇ ਉਸੇ ਵੇਲੇ ਰਾਜੇ ਨੂੰ ਵਿਸ਼ਣੂ ਭਗਤ ਵਜੋਂ ਮਨ ਵਿਚ ਜਾਣ ਲਿਆ।
(ਰਾਜੇ ਦਾ) ਮੂੰਹ ਵੇਖ ਕੇ (ਬ੍ਰਹਮਾ) ਧੰਨ ਧੰਨ ਕਹਿ ਕੇ ਬੋਲਿਆ।
(ਅਤੇ ਉਸ ਦੇ) ਪ੍ਰੇਮ ਨੂੰ ਵਿਚਾਰ ਕੇ ਬ੍ਰਹਮਾ ('ਕਮਲਜ') ਚੁਪ ਹੋ ਗਿਆ ॥੧੬੯੦॥
ਫਿਰ ਬ੍ਰਹਮਾ ਨੇ ਰਾਜੇ ਨੂੰ ਇਸ ਤਰ੍ਹਾਂ ਕਿਹਾ,
(ਤੁਸੀਂ) ਭਗਤੀ ਅਤੇ ਗਿਆਨ ਦੇ ਤੱਤ੍ਵ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ।
ਇਸ ਲਈ ਹੁਣ ਤਨ ਸਹਿਤ ਸੁਅਰਗ ਨੂੰ ਜਾਓ।
ਮੁਕਤੀ (ਪ੍ਰਾਪਤੀ) ਵਲ ਦ੍ਰਿਸ਼ਟੀ ਕਰੋ ਅਤੇ ਯੁੱਧ ਵਲ ਨਾ ਵੇਖੋ ॥੧੬੯੧॥
ਦੋਹਰਾ:
ਜਦੋਂ ਰਾਜੇ ਨੇ ਕਿਹਾ ਨਾ ਮੰਨਿਆ ਤਾਂ ਬ੍ਰਹਮਾ ਨੇ ਕੀਹ ਕੀਤਾ?
(ਉਸੇ ਵੇਲੇ) ਨਾਰਦ ਨੂੰ ਯਾਦ ਕੀਤਾ ਅਤੇ ਪ੍ਰਬੀਨ ਮੁਨੀ (ਉਥੇ) ਆ ਗਿਆ ॥੧੬੯੨॥
ਸਵੈਯਾ:
ਤਦੋਂ ਨਾਰਦ ਮੁਨੀ ਆ ਗਿਆ ਅਤੇ ਉਸ ਨੇ ਰਾਜੇ ਨੂੰ ਇਕ ਬਚਨ ਸੁਣਾਇਆ।