(ਉਡੀਕ ਉਡੀਕ ਕੇ) ਮੇਹੀਂਵਾਲ ਬਹੁਤ ਦੁਖੀ ਹੋਇਆ
(ਅਤੇ ਸੋਚੀਂ ਪੈ ਗਿਆ ਕਿ) ਸੋਹਣੀ ਵਿਚਾਰੀ ਕਿਥੇ ਰਹਿ ਗਈ ਹੈ।
(ਉਹ ਉਸ ਨੂੰ) ਨਦੀ ਵਿਚ ਬਹੁਤ ਖੋਜਦਾ ਰਿਹਾ
(ਪਰ ਇਸੇ ਦੌਰਾਨ ਇਕ) ਲਹਿਰ ਆਈ ਅਤੇ ਉਹ ਵੀ ਡੁਬ ਗਿਆ ॥੮॥
ਇਕ ਪੁਰਸ਼ ਨੇ ਇਹ ਚਰਿਤ੍ਰ ਕੀਤਾ
ਅਤੇ ਮੇਹੀਂਵਾਲ ਅਤੇ ਸੋਹਣੀ ਨੂੰ ਮਾਰ ਦਿੱਤਾ।
ਉਸ ਨੂੰ ਕੱਚਾ ਘੜਾ ਦੇ ਕੇ ਡਬੋ ਦਿੱਤਾ
ਅਤੇ ਮੇਹੀਂਵਾਲ ਦਾ ਸਿਰ ਵੀ ਪਾੜ ਦਿੱਤਾ ॥੯॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਪੁਰਖ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ਇਕ ਸੌ ਇਕ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੦੧॥੧੮੬੫॥ ਚਲਦਾ॥
ਦੋਹਰਾ:
(ਰਾਜਾ) ਅਜ ਦਾ ਪੁੱਤਰ ਦਸ਼ਰਥ ਰਾਜਾ ਅਵਧਪੁਰੀ (ਅਯੁਧਿਆ) ਵਿਚ ਵਸਦਾ ਸੀ।
(ਉਹ) ਗ਼ਰੀਬਾਂ (ਨਿਤਾਣਿਆਂ) ਦੀ ਰਖਿਆ ਕਰਦਾ ਸੀ ਅਤੇ ਸਭ ਪ੍ਰਤਿ ਪ੍ਰੇਮ ਭਾਵ ਪਾਲਦਾ ਸੀ ॥੧॥
ਇਕ ਵਾਰ ਦੈਂਤਾਂ ਅਤੇ ਦੇਵਤਿਆਂ ਵਿਚ ਲੜਾਈ ਸ਼ੁਰੂ ਹੋ ਗਈ
ਅਤੇ ਇੰਦਰ ਨੇ ਦਸ਼ਰਥ ਰਾਜੇ ਦਾ ਨਾਂ ਲੈ ਕੇ (ਸਹਾਇਤਾ ਲਈ) ਬੁਲਾ ਭੇਜਿਆ ॥੨॥
ਚੌਪਈ:
(ਇੰਦਰ ਨੇ) ਦੂਤ ਨੂੰ ਕਿਹਾ ਕਿ ਤੂੰ ਤੁਰਤ ਜਾ
ਅਤੇ ਸੈਨਾ ਸਹਿਤ ਦਸ਼ਰਥ ਨੂੰ ਲੈ ਆ।
(ਉਹ) ਘਰ ਦੇ ਸਾਰੇ ਕੰਮ ਛਡ ਕੇ ਆ ਜਾਵੇ
ਅਤੇ ਸਾਡੇ ਵਲੋਂ ਹੋ ਕੇ ਯੁੱਧ ਕਰੇ ॥੩॥
ਦੋਹਰਾ:
ਇੰਦਰ ਨੇ ਜੋ ਦੂਤ ਭੇਜਿਆ ਸੀ, ਉਸ ਨੇ ਦਸ਼ਰਥ ਕੋਲ ਆ ਕੇ
ਉਸ ਨੂੰ ਜੋ ਕੁਝ ਸੁਆਮੀ (ਇੰਦਰ) ਨੇ ਕਿਹਾ ਸੀ, ਕਹਿ ਦਿੱਤਾ ॥੪॥
ਚੌਪਈ:
ਇੰਦਰ ('ਬਾਸਵ') ਨੇ ਜੋ ਕਿਹਾ ਸੀ, ਉਹ ਉਸ (ਦਸ਼ਰਥ) ਨੂੰ ਸੁਣਾ ਦਿੱਤਾ।
ਉਸ ਨੂੰ ਸੁਣ ਕੇ ਕੈਕਈ ਵਿਚਲੀ ਗੱਲ ਸਮਝ ਲਈ।
(ਕੈਕਈ ਨੇ ਦਸ਼ਰਥ ਨੂੰ ਕਿਹਾ ਕਿ ਜੇ ਤੁਸੀਂ) ਚਲੋਗੇ ਤਾਂ ਨਾਲ ਚਲਾਂਗੀ, ਜੇ ਰਹੋਗੇ ਤਾਂ ਰਹਾਂਗੀ।
(ਜੇ ਤੁਸੀਂ ਮੈਨੂੰ ਇਸ ਤਰ੍ਹਾਂ ਨਹੀਂ ਕਰਨ ਦਿਓਗੇ ਤਾਂ ਮੈਂ) ਆਪਣੀ ਦੇਹ ਅਗਨੀ ਵਿਚ ਸਾੜ ਦਿਆਂਗੀ ॥੫॥
ਕੈਕਈ ਦਾ ਰਾਜੇ ਨਾਲ ਬਹੁਤ ਪ੍ਰੇਮ ਸੀ।
ਉਸ ਨੂੰ ਨਾਲ ਲੈ ਕੇ (ਰਾਜਾ) ਉਥੇ (ਰਣਭੂਮੀ ਵਿਚ) ਚਲਾ ਗਿਆ।
ਕੈਕਈ ਨੇ ਕਿਹਾ ਕਿ (ਮੈਂ ਤੁਹਾਡੀ) ਸੇਵਾ ਕਰਾਂਗੀ।
ਹੇ ਨਾਥ! ਜੇ ਤੁਸੀਂ ਮਾਰੇ ਗਏ ਤਾਂ (ਮੈਂ ਨਾਲ ਹੀ) ਅੱਗ ਵਿਚ ਸੜ ਜਾਵਾਂਗੀ ॥੬॥
ਅਯੁਧਿਆ ਦਾ ਰਾਜਾ ਉਥੋਂ ਲਈ ਤੁਰਤ ਚਲ ਪਿਆ
ਜਿਥੇ ਦੇਵ-ਅਸੁਰ ਸੰਗ੍ਰਾਮ ਮਚਿਆ ਹੋਇਆ ਸੀ,
ਜਿਥੇ ਬਜ੍ਰ ਵਰਗੇ ਬਾਣਾਂ ਅਤੇ ਬਿਛੂ (ਵਰਗੇ ਪੇਸ਼ਕਬਜ਼ਾਂ) ਦੀ ਬਰਖਾ ਹੋ ਰਹੀ ਸੀ
ਅਤੇ ਕ੍ਰੋਧਿਤ ਹੋ ਕੇ ਯੁੱਧਵੀਰ ਕਮਾਨਾਂ ਖਿਚ ਰਹੇ ਸਨ ॥੭॥
ਭੁਜੰਗ ਛੰਦ:
ਬਜ੍ਰਧਾਰੀ (ਇੰਦਰ) ਆਪਣੀ ਸੈਨਾ ਇਕੱਠੀ ਕਰ ਕੇ ਉਥੋਂ ਨੂੰ ਚਲਿਆ
ਜਿਥੇ ਦੇਵਤੇ ਅਤੇ ਦੈਂਤ ਇਕ ਦੂਜੇ ਨੂੰ ਵੰਗਾਰ ਰਹੇ ਸਨ।
ਅਤਿ ਕ੍ਰੋਧਵਾਨ ਹੋ ਕੇ ਸੂਰਮੇ ਗਜ ਰਹੇ ਸਨ
ਅਤੇ ਤਲਵਾਰਾਂ ਲੈ ਕੇ ਇਕ ਦੂਜੇ ਉਤੇ ਆ ਕੇ ਪੈ ਰਹੇ ਸਨ ॥੮॥
ਦੈਂਤਾਂ ਦੀ ਫ਼ੌਜ ਦੇ ਬਾਣਾਂ ਦੀ ਮਾਰ ਕਰ ਕੇ ਦੇਵਤੇ ਭਜ ਗਏ
ਅਤੇ ਇੰਦਰ ਦੇ ਵੱਡੇ ਸੂਰਮੇ (ਯੁੱਧ-ਭੂਮੀ ਤੋਂ) ਖਿਸਕ ਚਲੇ।
ਉਥੇ ਕੇਵਲ ਇਕ ਇੰਦਰ ('ਬਜ੍ਰਧਾਰੀ') ਰਹਿ ਗਿਆ।
ਉਸ ਨਾਲ ਹੀ ਖ਼ੂਬ ਯੁੱਧ ਹੋਇਆ ਅਤੇ ਰਾਜੇ (ਦਸ਼ਰਥ) ਨੇ ਵੀ ਬਹੁਤ ਲੜਾਈ ਕੀਤੀ ॥੯॥
ਇਧਰ ਇੰਦਰ ਅਤੇ ਰਾਜਾ (ਦਸ਼ਰਥ) ਸੀ ਅਤੇ ਉਧਰ ਤਕੜੇ ਦੈਂਤ ਸਨ।
ਮਹਾਨ ਕ੍ਰੋਧਿਤ ਹੋਏ ਹਠੀ ਯੋਧੇ ਟਲਦੇ ਨਹੀਂ ਸਨ।
ਉਨ੍ਹਾਂ ਨੂੰ ਚੌਹਾਂ ਪਾਸਿਆਂ ਤੋਂ ਇਸ ਤਰ੍ਹਾਂ ਘੇਰ ਲਿਆ
ਮਾਨੋ ਪਵਨ ਦੇ ਵਗਣ ਨਾਲ ਕਾਲੀਆਂ ਘਟਾਵਾਂ ਘਿਰ ਆਈਆਂ ਹੋਣ ॥੧੦॥