ਸ਼੍ਰੀ ਦਸਮ ਗ੍ਰੰਥ

ਅੰਗ - 1155


ਜੇ ਤਰੁਨੀ ਨ੍ਰਿਪ ਸੁਤ ਕੀ ਪ੍ਰਭਾ ਨਿਹਾਰਈ ॥

ਜੋ ਇਸਤਰੀ ਰਾਜੇ ਦੇ ਪੁੱਤਰ ਦੀ ਸੁੰਦਰਤਾ ਨੂੰ ਵੇਖਦੀ ਸੀ,

ਲੋਕ ਲਾਜ ਤਜਿ ਤਨ ਮਨ ਧਨ ਕਹ ਵਾਰਈ ॥

ਉਹ ਲੋਕ ਲਾਜ ਨੂੰ ਛਡ ਕੇ, ਤਨ ਮਨ ਅਤੇ ਧਨ ਨੂੰ ਵਾਰ ਦਿੰਦੀ ਸੀ।

ਬਿਰਹ ਬਾਨ ਤਨ ਬਿਧੀ ਮੁਗਧ ਹ੍ਵੈ ਝੂਲਹੀਂ ॥

ਉਹ ਬਿਰਹੋਂ ਦੇ ਬਾਣ ਨਾਲ ਵਿੰਨ੍ਹੀਆਂ ਹੋਈਆਂ ਮੁਗਧ ਹੋ ਕੇ ਝੂਲਦੀਆਂ ਸਨ

ਹੋ ਮਾਤ ਪਿਤਾ ਪਤਿ ਸੁਤ ਕੀ ਸਭ ਸੁਧ ਭੂਲਹੀਂ ॥੨॥

ਅਤੇ ਮਾਤਾ, ਪਿਤਾ, ਪਤਿ ਅਤੇ ਪੁੱਤਰ ਦੀ ਸਭ ਸੁਰਤ ਭੁਲ ਜਾਂਦੀਆਂ ਸਨ ॥੨॥

ਦੋਹਰਾ ॥

ਦੋਹਰਾ:

ਛੇਮ ਕਰਨ ਇਕ ਸਾਹੁ ਕੀ ਸੁਤਾ ਰਹੈ ਸੁਕੁਮਾਰਿ ॥

ਛੇਮ ਕਰਨ ਨਾਂ ਦੇ ਇਕ ਸ਼ਾਹ ਦੀ ਕੋਮਲ ਪੁੱਤਰੀ (ਉਥੇ) ਰਹਿੰਦੀ ਸੀ।

ਉਰਝਿ ਰਹੀ ਮਨ ਮੈ ਘਨੀ ਨਿਰਖਤ ਰਾਜ ਦੁਲਾਰਿ ॥੩॥

(ਉਸ) ਰਾਜ ਕੁਮਾਰ ਨੂੰ ਵੇਖ ਕੇ ਮਨ ਵਿਚ ਬਹੁਤ ਉਲਝ ਗਈ। (ਭਾਵ ਮੋਹਿਤ ਹੋ ਗਈ) ॥੩॥

ਅੜਿਲ ॥

ਅੜਿਲ:

ਸ੍ਵਰਨਿ ਮੰਜਰੀ ਅਟਕੀ ਕੁਅਰ ਨਿਹਾਰਿ ਕਰਿ ॥

ਕੁੰਵਰ ਨੂੰ ਵੇਖ ਕੇ ਸ੍ਵਰਨ ਮੰਜਰੀ ਮੋਹਿਤ ਹੋ ਗਈ।

ਰੁਕਮ ਮੰਜਰੀ ਸਹਚਰਿ ਲਈ ਹਕਾਰਿ ਕਰਿ ॥

(ਉਸ ਨੇ) ਰੁਕਮ ਮੰਜਰੀ ਨਾਂ ਦੀ ਇਕ ਸਖੀ ਨੂੰ ਬੁਲਾ ਲਿਆ।

ਨਿਜੁ ਮਨ ਕੋ ਤਿਹ ਭੇਦ ਸਕਲ ਸਮਝਾਇ ਕੈ ॥

ਆਪਣੇ ਮਨ ਦਾ ਭੇਦ ਉਸ ਨੂੰ ਦਸ ਕੇ

ਹੋ ਚਿਤ੍ਰ ਬਰਨ ਨ੍ਰਿਪ ਸੁਤ ਪਹਿ ਦਈ ਪਠਾਇ ਕੈ ॥੪॥

ਚਿਤ੍ਰ ਬਰਨ ਨਾਂ ਦੇ ਰਾਜੇ ਦੇ ਪੁੱਤਰ ਪਾਸ ਭੇਜ ਦਿੱਤੀ ॥੪॥

ਨਿਜ ਨਾਰੀ ਮੁਹਿ ਕਰਿਯੋ ਕੁਅਰ ਕਰੁ ਆਇ ਕਰਿ ॥

(ਸ਼ਾਹ ਦੀ ਪੁੱਤਰੀ ਨੇ ਕਹਿ ਭੇਜਿਆ) ਹੇ ਕੁੰਵਰ ਜੀ! ਮੈਨੂੰ ਆ ਕੇ ਆਪਣੀ ਇਸਤਰੀ ਬਣਾਓ

ਭਾਤਿ ਭਾਤਿ ਸੌ ਭਜੋ ਪਰਮ ਸੁਖ ਪਾਇ ਕਰਿ ॥

ਅਤੇ ਭਾਂਤ ਭਾਂਤ ਦਾ (ਮੇਰੇ ਨਾਲ) ਸੰਯੋਗ ਕਰ ਕੇ ਬਹੁਤ ਸੁਖ ਪ੍ਰਾਪਤ ਕਰੋ।

ਭੂਪ ਤਿਲਕ ਕੀ ਕਾਨਿ ਨ ਚਿਤ ਮਹਿ ਕੀਜਿਯੈ ॥

ਰਾਜਾ ਤਿਲਕ ਦੀ ਮਨ ਵਿਚ ਪਰਵਾਹ ਨਾ ਕਰੋ

ਹੋ ਮਨਸਾ ਪੂਰਨ ਮੋਰਿ ਸਜਨ ਕਰਿ ਦੀਜਿਯੈ ॥੫॥

ਅਤੇ ਹੇ ਸੱਜਨ! ਮੇਰੇ ਮਨ ਦੀ ਇੱਛਾ ਪੂਰੀ ਕਰ ਦਿਓ ॥੫॥

ਕੁਅਰ ਬਾਚ ॥

ਕੁੰਵਰ ਨੇ ਕਿਹਾ:

ਚੌਪਈ ॥

ਚੌਪਈ:

ਇਕ ਠਾ ਸੁਨੇ ਅਨੂਪਮ ਹਯ ਹੈ ॥

(ਮੈਂ) ਸੁਣਿਆ ਹੈ ਕਿ ਇਕ ਥਾਂ (ਦੋ) ਅਨੂਪਮ ਘੋੜੇ ਹਨ।

ਸੇਰ ਸਾਹਿ ਲੀਨੇ ਦ੍ਵੈ ਹੈ ਹੈ ॥

(ਉਹ) ਦੋਵੇਂ ਘੋੜੇ ਸ਼ੇਰ ਸ਼ਾਹ ਨੇ ਲੈ ਲਏ ਹਨ।

ਰਾਹੁ ਸੁਰਾਹੁ ਨਾਮ ਹੈ ਤਿਨ ਕੇ ॥

ਉਨ੍ਹਾਂ ਦੇ ਨਾਂ ਰਾਹੁ ਅਤੇ ਸੁਰਾਹੁ ਹਨ

ਅੰਗ ਸੁਰੰਗ ਬਨੇ ਹੈ ਜਿਨ ਕੇ ॥੬॥

ਅਤੇ ਉਨ੍ਹਾਂ ਦੇ ਬਹੁਤ ਸੁੰਦਰ ਅੰਗ ਫਬਦੇ ਹਨ ॥੬॥

ਜੌ ਤਾ ਤੇ ਦ੍ਵੈ ਹੈ ਹਰਿ ਲ੍ਯਾਵੈ ॥

(ਤੂੰ) ਜੇ ਉਥੋਂ ਦੋਵੇਂ ਘੋੜੇ ਹਰ ਲਿਆਵੇਂ

ਬਹੁਰਿ ਆਹਿ ਮੁਰਿ ਨਾਰਿ ਕਹਾਵੈ ॥

(ਤਾਂ) ਫਿਰ ਆ ਕੇ ਮੇਰੀ ਪਤਨੀ ਅਖਵਾਈਂ।

ਤਬ ਹਮ ਸੰਕ ਤ੍ਯਾਗ ਤੁਹਿ ਬਰਹੀ ॥

ਤਦ ਮੈਂ ਨਿਸੰਗ ਹੋ ਕੇ ਤੇਰੇ ਨਾਲ ਵਿਆਹ ਕਰਾਂਗਾ

ਭੂਪ ਤਿਲਕ ਕੀ ਕਾਨਿ ਨ ਕਰਹੀ ॥੭॥

ਅਤੇ ਰਾਜਾ ਤਿਲਕ ਦੀ ਪਰਵਾਹ ਨਹੀਂ ਕਰਾਂਗਾ ॥੭॥

ਸਾਹੁ ਸੁਤਾ ਜਬ ਯੌ ਸੁਨਿ ਪਾਵਾ ॥

ਸ਼ਾਹ ਦੀ ਪੁੱਤਰੀ ਨੇ ਜਦ ਇਸ ਤਰ੍ਹਾਂ ਸੁਣਿਆ

ਚੰਡਾਰਿਨਿ ਕੋ ਭੇਸ ਬਨਾਵਾ ॥

ਤਾਂ ਚੂੜ੍ਹੀ ('ਚੰਡਾਰਿਨਿ') ਦਾ ਭੇਸ ਬਣਾ ਲਿਆ।

ਕਰ ਮੋ ਧਰਤ ਬੁਹਾਰੀ ਭਈ ॥

ਹੱਥ ਵਿਚ ਬੁਹਾਰੀ ਪਕੜ ਲਈ

ਸੇਰ ਸਾਹਿ ਕੇ ਮਹਲਨ ਗਈ ॥੮॥

ਅਤੇ ਸ਼ੇਰ ਸ਼ਾਹ ਦੇ ਮਹੱਲਾਂ ਵਿਚ ਗਈ ॥੮॥

ਦੋਹਰਾ ॥

ਦੋਹਰਾ:

ਹਜਰਤਿ ਕੇ ਘਰ ਮੋ ਧਸੀ ਐਸੋ ਭੇਸ ਬਨਾਇ ॥

ਅਜਿਹਾ ਭੇਸ ਬਣਾ ਕੇ ਬਾਦਸ਼ਾਹ ਦੇ ਘਰ ਵਿਚ ਜਾ ਵੜੀ।

ਰਾਹੁ ਸੁਰਾਹੁ ਜਹਾ ਹੁਤੇ ਤਹੀ ਪਹੂਚੀ ਜਾਇ ॥੯॥

ਜਿਥੇ ਰਾਹੁ ਅਤੇ ਸੁਰਾਹੁ (ਨਾਂ ਦੇ ਘੋੜੇ) ਸਨ, ਉਥੇ ਜਾ ਪਹੁੰਚੀ ॥੯॥

ਅੜਿਲ ॥

ਅੜਿਲ:

ਬੰਧੇ ਹੁਤੇ ਜਹ ਦ੍ਵੈ ਹੈ ਝਰੋਖਾ ਕੇ ਤਰੈ ॥

ਜਿਥੇ ਦੋਵੇਂ ਘੋੜੇ ਝਰੋਖੇ ਹੇਠਾਂ ਬੰਨ੍ਹੇ ਹੋਏ ਸਨ

ਜਹਾ ਨ ਚੀਟੀ ਪਹੁਚੈ ਪਵਨ ਨ ਸੰਚਰੈ ॥

ਅਤੇ ਜਿਥੇ ਨਾ ਕੀੜੀ ਪਹੁੰਚ ਸਕਦੀ ਸੀ ਅਤੇ ਨਾ ਹਵਾ ਚਲ ਸਕਦੀ ਸੀ,

ਤਹੀ ਤਰੁਨਿ ਇਹ ਭੇਸ ਪਹੂਚੀ ਜਾਇ ਕਰਿ ॥

ਉਥੇ ਇਸ ਭੇਸ ਵਿਚ ਇਸਤਰੀ ਜਾ ਪਹੁੰਚੀ।

ਹੋ ਅਰਧ ਰਾਤ੍ਰਿ ਭੇ ਛੋਰਾ ਬਾਜ ਬਨਾਇ ਕਰਿ ॥੧੦॥

ਅੱਧੀ ਰਾਤ ਵੇਲੇ ਘੋੜੇ ਨੂੰ ਖੋਲ੍ਹ ਦਿੱਤਾ ॥੧੦॥

ਚੌਪਈ ॥

ਚੌਪਈ:

ਛੋਰਿ ਅਗਾਰਿ ਪਛਾਰਿ ਉਤਾਰੀ ॥

ਉਸ ਦੀ ਅਗਾੜੀ ਅਤੇ ਪਛਾੜੀ ਖੋਲ੍ਹ ਕੇ ਉਤਾਰ ਦਿੱਤੀ

ਆਨਨ ਬਿਖੈ ਲਗਾਮੀ ਡਾਰੀ ॥

ਅਤੇ ਮੂੰਹ ਵਿਚ ਲਗ਼ਾਮ ਪਾ ਦਿੱਤੀ।

ਹ੍ਵੈ ਅਸਵਾਰ ਚਾਬੁਕਿਕ ਮਾਰਿਸਿ ॥

(ਉਸ ਉਤੇ) ਸਵਾਰ ਹੋ ਕੇ ਚਾਬਕ ਮਾਰੀ

ਸਾਹੁ ਝਰੋਖਾ ਭਏ ਨਿਕਾਰਿਸਿ ॥੧੧॥

ਅਤੇ ਸ਼ਾਹ ਦੇ ਝਰੋਖੇ ਵਿਚੋਂ ਬਾਹਰ ਕਢ ਲਿਆ ॥੧੧॥

ਦੋਹਰਾ ॥

ਦੋਹਰਾ:

ਸਾਹ ਝੋਰੋਖਾ ਕੇ ਭਏ ਪਰੀ ਤੁਰੰਗ ਕੁਦਾਇ ॥

ਬਾਦਸ਼ਾਹ ਦੇ ਝਰੋਖੇ ਤੋਂ ਘੋੜੇ ਨੂੰ ਕੁਦਾ ਦਿੱਤਾ

ਸੰਕਾ ਕਰੀ ਨ ਜਾਨ ਕੀ ਪਰੀ ਨਦੀ ਮੋ ਜਾਇ ॥੧੨॥

ਅਤੇ ਜਾਨ ਦੀ ਪਰਵਾਹ ਨਾ ਕਰ ਕੇ ਨਦੀ ਵਿਚ ਜਾ ਪਈ ॥੧੨॥

ਚੌਪਈ ॥

ਚੌਪਈ:

ਝਰਨਾ ਮਹਿ ਤੇ ਬਾਜਿ ਨਿਕਾਰਿਸਿ ॥

ਝਰੋਖੇ ਵਿਚੋਂ ਘੋੜਾ ਕਢ ਲਿਆ