ਸ਼੍ਰੀ ਦਸਮ ਗ੍ਰੰਥ

ਅੰਗ - 1002


ਹੋਹੂੰ ਬਿਸਿਖ ਬਗਾਵਨ ਆਯੋ ॥

ਕਿ ਮੈਂ ਵੀ ਤੀਰ ਚਲਾਉਣ ਆਇਆ ਹਾਂ

ਚਾਹਤ ਤੁਮੈ ਚਰਿਤ੍ਰ ਦਿਖਾਯੋ ॥੧੭॥

ਅਤੇ ਤੁਹਾਨੂੰ ਆਪਣੀ ਕਲਾ (ਦਾ ਰੂਪ) ਵਿਖਾਉਣਾ ਚਾਹੁੰਦਾ ਹਾਂ ॥੧੭॥

ਰਾਜਾ ਕੋ ਮਨ ਭਯੋ ਅਨੰਦੰ ॥

(ਰਾਜਾ ਪਰਮ ਸਿੰਘ ਦੀ ਗੱਲ ਸੁਣ ਕੇ) ਰਾਜਾ (ਹਿੰਮਤ ਸਿੰਘ) ਦਾ ਮਨ ਪ੍ਰਸੰਨ ਹੋ ਗਿਆ।

ਬੋਲਤ ਬਚਨ ਕਹਾ ਮਤਿ ਮੰਦੰ ॥

(ਸੋਚਣ ਲਗਾ ਕਿ) ਇਹ ਮੂਰਖ ਕੀ ਕਹਿ ਰਿਹਾ ਹੈ।

ਆਖਿ ਮੂੰਦਿ ਦੋਊ ਬਾਨ ਚਲੈਹੌ ॥

ਇਹ ਦੋਵੇਂ ਅੱਖਾਂ ਬੰਦ ਕਰ ਕੇ ਤੀਰ ਚਲਾਵੇਗਾ (ਅਤੇ ਇਸ ਦੇ ਅਸਫਲ ਹੋਣ ਤੇ)

ਯਾ ਕੀ ਦੋਊ ਤ੍ਰਿਯਾ ਗਹਿ ਲੈ ਹੋ ॥੧੮॥

ਇਸ ਦੀਆਂ ਦੋਵੇਂ ਇਸਤਰੀਆਂ ਮੈਂ ਪ੍ਰਾਪਤ ਕਰ ਲਵਾਂਗਾ ॥੧੮॥

ਤਾ ਕੀ ਆਂਖਿ ਬਾਧਿ ਦੋਊ ਲਈ ॥

ਉਸ ਦੀਆਂ ਦੋਵੇਂ ਅੱਖਾਂ ਬੰਨ੍ਹ ਦਿੱਤੀਆਂ।

ਤੀਰ ਕਮਾਨ ਹਾਥ ਮੈ ਦਈ ॥

ਤੀਰ ਕਮਾਨ ਹੱਥ ਵਿਚ ਦੇ ਦਿੱਤੀ।

ਚਾਬੁਕ ਹੈ ਹਨਿ ਬਿਸਿਖ ਬਗਾਯੋ ॥

ਘੋੜੇ ਨੂੰ ਚਾਬੁਕ ਮਾਰ ਕੇ (ਉਸ ਨੇ) ਬਾਣ ਚਲਾ ਦਿੱਤਾ।

ਉਹਾ ਠਾਢਿ ਤ੍ਰਿਯ ਤਾਲ ਬਜਾਯੋ ॥੧੯॥

ਉਧਰ ਖੜੋਤੀ ਇਸਤਰੀ ਨੇ ਤਾੜੀ ਵਜਾ ਦਿੱਤੀ (ਅਰਥਾਤ ਆਵਾਜ਼ ਕਰ ਦਿੱਤੀ) ॥੧੯॥

ਸਭਨ ਤਰਾਕ ਸਬਦ ਸੁਨਿ ਪਾਯੋ ॥

ਸਭ ਨੇ ਤਾੜੀ ਦੇ ਖੜਾਕ ਦਾ ਸ਼ਬਦ ਸੁਣ ਲਿਆ।

ਜਾਨੁਕਿ ਇਨ ਤਿਹ ਤੀਰ ਲਗਾਯੋ ॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਇਸ ਨੇ (ਕੁਪੀ ਨੂੰ) ਤੀਰ ਮਾਰਿਆ ਹੋਵੇ।

ਬਾਸ ਉਤਾਰਿ ਬਿਲੋਕਹਿ ਕਹਾ ॥

ਫਿਰ ਬਾਂਸ ਉਤਾਰ ਕੇ ਵੇਖਿਆ ਗਿਆ।

ਬਾਕੋ ਬਾਨ ਬਿਰਾਜਤ ਉਹਾ ॥੨੦॥

ਸੁੰਦਰ ਬਾਣ ਉਥੇ ਲਗਾ ਹੋਇਆ ਸੀ ॥੨੦॥

ਭੁਜੰਗ ਛੰਦ ॥

ਭੁਜੰਗ ਛੰਦ:

ਭਯੋ ਫੂਕ ਰਾਜਾ ਤ੍ਰਿਯੋ ਪਿੰਡ ਹਾਰੀ ॥

ਰਾਜੇ ਨੇ ਆਪਣੀ ਇਸਤਰੀ ਨੂੰ ਸਦੇਹ ਹਾਰ ਕੇ ਫੂਕ ਕਢਵਾ ਲਈ।

ਮਨੌ ਆਨਿ ਕੈ ਲਾਤ ਸੈਤਾਨ ਮਾਰੀ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਸ਼ੈਤਾਨ ਨੇ ਆ ਕੇ ਲਤ ਮਾਰੀ ਹੋਵੇ।

ਰਹਿਯੋ ਮੂੰਡ ਕੌ ਨ੍ਯਾਇ ਬੈਨੇ ਨ ਬੋਲੈ ॥

ਉਹ ਸਿਰ ਨੀਵਾਂ ਕਰ ਕੇ ਬੈਠ ਗਿਆ ਅਤੇ ਮੂਹੋਂ ਨਾ ਬੋਲਿਆ।

ਗਿਰਿਯੋ ਝੂੰਮਿ ਕੈ ਭੂੰਮਿ ਆਖੈਂ ਨ ਖੋਲੈ ॥੨੧॥

ਘੁਮੇਰੀ ਖਾ ਕੇ ਧਰਤੀ ਉਤੇ ਡਿਗ ਪਿਆ ਅਤੇ ਅੱਖਾਂ ਨਾ ਖੋਲ੍ਹੀਆਂ ॥੨੧॥

ਘਰੀ ਚਾਰਿ ਬੀਤੇ ਪ੍ਰਭਾ ਨੈਕ ਪਾਈ ॥

ਚਾਰ ਘੜੀਆਂ ਬੀਤਣ ਤੋਂ ਬਾਦ ਕੁਝ ਸੁਰਤ ਆਈ।

ਗਿਰਿਯੋ ਫੇਰਿ ਭੂਮੈ ਕਹੂੰ ਰਾਵ ਜਾਈ ॥

(ਪਰ) ਫਿਰ ਕਿਤੇ ਜਾ ਕੇ ਭੂਮੀ ਉਤੇ ਡਿਗ ਪਿਆ।

ਕਹੂੰ ਪਾਗ ਛੂਟੀ ਕਹੂੰ ਹਾਰ ਟੂਟੇ ॥

ਕਿਤੇ ਪੱਗ ਡਿਗ ਗਈ ਅਤੇ ਕਿਤੇ ਹਾਰ ਟੁਟ ਗਏ।

ਗਿਰੈ ਬੀਰ ਜ੍ਯੋ ਘੂੰਮਿ ਪ੍ਰਾਨੈ ਨਿਖੂਟੇ ॥੨੨॥

(ਉਹ ਉਸ) ਸੂਰਮੇ ਵਾਂਗ ਘੁਮੇਰੀ ਖਾ ਕੇ ਡਿਗ ਰਿਹਾ ਸੀ, ਜੋ ਮਰਨ ਵਾਲਾ ਹੁੰਦਾ ਹੈ ॥੨੨॥

ਸਭੈ ਲੋਕ ਧਾਏ ਲਯੋਠਾਇ ਤਾ ਕੌ ॥

ਸਾਰੇ ਲੋਕ ਭਜ ਪਏ ਅਤੇ ਉਸ ਨੂੰ ਸੰਭਾਲ ਲਿਆ।

ਘਨੌ ਸੀਂਚਿ ਕੈ ਬਾਰਿ ਗੁਲਾਬ ਵਾ ਕੌ ॥

ਉਸ ਉਤੇ ਗੁਲਾਬ ਦਾ ਬਹੁਤ ਅਰਕ ਛਿੜਕਿਆ।

ਘਰੀ ਪਾਚ ਪਾਛੈ ਨ੍ਰਿਪਤਿ ਸੁਧਿ ਪਾਈ ॥

ਪੰਜ ਘੜੀਆਂ ਬਾਦ ਰਾਜੇ ਨੂੰ ਹੋਸ਼ ਆਈ।

ਕਰੀ ਭਾਤਿ ਭ੍ਰਿਤੰ ਅਨੇਕੈ ਬਢਾਈ ॥੨੩॥

ਨੌਕਰਾਂ ਚਾਕਰਾਂ ਨੇ ਬਹੁਤ ਤਰ੍ਹਾਂ ਨਾਲ ਵਡਿਆਈ ਕੀਤੀ ॥੨੩॥

ਡਰੇ ਕਾਜ ਕਾਹੇ ਮਹਾਰਾਜ ਮੇਰੇ ॥

ਹੇ ਮੇਰੇ ਮਹਾਰਾਜ! ਤੁਸੀਂ ਕਿਹੜੀ ਗੱਲ ਕਰ ਕੇ ਡਰੇ ਹੋ।

ਲਏ ਸੂਰ ਠਾਢੇ ਸਭੈ ਸਸਤ੍ਰ ਤੇਰੇ ॥

ਤੁਹਾਡੇ ਸਾਰੇ ਸੂਰਮੇ ਸ਼ਸਤ੍ਰ ਲੈ ਕੇ ਇਥੇ ਖੜੋਤੇ ਹਨ।

ਕਹੋ ਮਾਰਿ ਡਾਰੈ ਕਹੋ ਬਾਧਿ ਲ੍ਯਾਵੈ ॥

ਜੇ ਆਗਿਆ ਹੋਵੇ (ਤਾਂ ਉਸ ਵਿਅਕਤੀ ਨੂੰ) ਮਾਰ ਦੇਈਏ ਜਾਂ ਬੰਨ੍ਹ ਕੇ ਲੈ ਆਈਏ।

ਕਹੋ ਕਾਟਿ ਕੇ ਨਾਕ ਲੀਕੈ ਲਗਾਵੈ ॥੨੪॥

ਆਗਿਆ ਹੋਵੇ ਤਾਂ (ਉਸ ਦਾ) ਨਕ ਵਢ ਕੇ ਲਕੀਰਾਂ ਕਢਾਈਏ (ਅਥਵਾ ਨਕ ਕਟ ਕੇ ਕਲੰਕਿਤ ਕਰ ਦੇਈਏ) ॥੨੪॥

ਸਵੈਯਾ ॥

ਸਵੈਯਾ:

ਹਿੰਮਤ ਸਿੰਘ ਕਹੀ ਹਸਿ ਕੈ ਚਿਤ ਮੈ ਅਤਿ ਰੋਸ ਕੋ ਮਾਰਿ ਮਰੂਰੋ ॥

ਚਿਤ ਵਿਚ ਬਹੁਤ ਕ੍ਰੋਧ ਕਰ ਕੇ ਪਰ ਉਪਰੋਂ ਹਸ ਕੇ ਹਿੰਮਤ ਸਿੰਘ ਨੇ ਕਿਹਾ

ਏਕ ਧਨੀ ਨਵ ਜੋਬਨ ਦੂਸਰ ਤੀਸਰੇ ਹੋ ਪੁਰਸੋਤਮ ਪੂਰੋ ॥

ਕਿ (ਇਹ ਰਾਜਾ ਪਰਮ ਸਿੰਘ) ਇਕ ਤਾਂ ਧਨੀ ਹੈ, ਦੂਜਾ ਨੌਜਵਾਨ ਹੈ ਅਤੇ ਤੀਜਾ ਇਹ ਪੂਰੀ ਤਰ੍ਹਾਂ ਉਤਮ ਪੁਰਸ਼ ਹੈ।

ਆਖਿਨ ਮੂੰਦਿ ਹਨ੍ਯੋ ਕੁਪਿਯਾ ਕਹ ਯਾ ਪਰ ਕੋਪ ਕਿਯੋ ਸਭ ਕੂਰੋ ॥

(ਇਸ ਨੇ) ਅੱਖਾਂ ਬੰਦ ਕਰ ਕੇ ਕੁਪੀ ਨੂੰ ਤੀਰ ਨਾਲ ਵਿੰਨ੍ਹਿਆ ਹੈ, ਇਸ ਲਈ ਇਸ ਉਤੇ ਗੁੱਸਾ ਕਰਨਾ ਵਿਅਰਥ ਹੈ।

ਕੈਸੇ ਕੈ ਆਜੁ ਹਨੋ ਇਹ ਕੋ ਜੁ ਹੈ ਰਾਵ ਬਡੋ ਅਰੁ ਸੁੰਦਰ ਸੂਰੋ ॥੨੫॥

(ਮੈਂ) ਅਜ ਇਸ ਨੂੰ ਕਿਵੇਂ ਮਾਰ ਦਿਆਂ, ਇਹ ਬਹੁਤ ਸੁੰਦਰ ਰਾਜਾ ਅਤੇ ਸੂਰਮਾ ਹੈ ॥੨੫॥

ਚੌਪਈ ॥

ਚੌਪਈ:

ਕਹਿ ਐਸੀ ਨ੍ਰਿਪ ਸੀਸ ਢੁਰਾਯੋ ॥

ਇਸ ਤਰ੍ਹਾਂ ਕਹਿ ਕੇ ਰਾਜੇ ਨੇ ਸਿਰ ਹਿਲਾਇਆ।

ਤਾ ਸੁੰਦਰਿ ਪਰ ਕਛੁ ਨ ਬਸਾਯੋ ॥

ਉਸ ਸੁੰਦਰ (ਰਾਜੇ) ਉਤੇ ਉਸ ਦਾ ਕੋਈ ਵਸ ਨਾ ਚਲਿਆ।

ਗ੍ਰਿਹ ਤੇ ਕਾਢਿ ਤ੍ਰਿਯਹਿ ਪੁਨਿ ਦੀਨੀ ॥

(ਉਸ ਨੇ) ਘਰੋਂ ਇਸਤਰੀ ਕਢ ਕੇ ਫਿਰ (ਉਸ ਨੂੰ) ਦੇ ਦਿੱਤੀ।

ਇਹ ਚਰਿਤ੍ਰ ਸੇਤੀ ਹਰਿ ਲੀਨੀ ॥੨੬॥

ਇਸ ਚਰਿਤ੍ਰ ਨਾਲ (ਪਰਮ ਸਿੰਘ ਨੇ ਰਾਣੀ ਨੂੰ) ਜਿਤ ਲਿਆ ॥੨੬॥

ਦੋਹਰਾ ॥

ਦੋਹਰਾ:

ਤਿਹ ਰਾਨੀ ਪਾਵਤ ਭਈ ਐਸੋ ਚਰਿਤ੍ਰ ਬਨਾਇ ॥

ਰਾਣੀ ਨੇ ਅਜਿਹਾ ਚਰਿਤ੍ਰ ਖੇਡ ਕੇ ਉਸ ਨੂੰ ਪ੍ਰਾਪਤ ਕਰ ਲਿਆ।

ਲੈ ਤਾ ਕੋ ਗ੍ਰਿਹ ਕੋ ਗਯੋ ਅਧਿਕ ਹ੍ਰਿਦੈ ਸੁਖ ਪਾਇ ॥੨੭॥

ਉਸ ਨੂੰ ਲੈ ਕੇ ਉਹ ਆਨੰਦ ਪੂਰਵਕ ਘਰ ਗਿਆ ॥੨੭॥

ਸੋਰਠਾ ॥

ਸੋਰਠਾ:

ਸਕਿਯੋ ਨ ਭੇਦ ਪਛਾਨਿ ਇਹ ਛਲ ਸੋ ਛੈਲੀ ਛਲ੍ਯੋ ॥

(ਰਾਜਾ) ਇਸ ਭੇਦ ਨੂੰ ਨਾ ਪਛਾਣ ਸਕਿਆ ਅਤੇ ਇਸ ਛਲ ਨਾਲ ਇਸਤਰੀ ਨੇ ਛਲ ਲਿਆ।

ਰਹਿਯੋ ਮੋਨਿ ਮੁਖਿ ਠਾਨਿ ਨਾਰ ਰਹਿਯੋ ਨਿਹੁਰਾਇ ਕੈ ॥੨੮॥

ਉਹ (ਆਪਣੀ ਇਸਤਰੀ ਹਾਰ ਕੇ) ਅਤੇ ਗਰਦਨ ਨੀਵੀਂ ਕਰ ਕੇ ਚੁਪ ਹੋ ਕੇ ਬੈਠ ਗਿਆ ॥੨੮॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਤੇਤੀਸਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੩੩॥੨੬੫੨॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਵਾਦ ਦੇ ੧੩੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੩੩॥੨੬੫੨॥ ਚਲਦਾ॥

ਚੌਪਈ ॥

ਚੌਪਈ:

ਸਬਕ ਸਿੰਘ ਰਾਜਾ ਇਕ ਭਾਰੀ ॥

ਸਬਕ ਸਿੰਘ ਨਾਂ ਦਾ ਇਕ ਵੱਡਾ ਰਾਜਾ ਸੀ।

ਬਾਜ ਮਤੀ ਤਾ ਕੀ ਬਰ ਨਾਰੀ ॥

ਉਸ ਦੀ ਬਾਜ ਮਤੀ ਨਾਂ ਦੀ ਸੁੰਦਰ ਇਸਤਰੀ ਸੀ।

ਕਾਹੂ ਸੋ ਨਹਿ ਰਾਵ ਲਜਾਵੈ ॥

ਰਾਜਾ ਕਿਸੇ ਵੀ (ਇਸਤਰੀ ਤੋਂ) ਸ਼ਰਮਾਉਂਦਾ ਨਹੀਂ ਸੀ

ਸਭ ਇਸਤ੍ਰਿਨ ਸੋ ਕੇਲ ਕਮਾਵੈ ॥੧॥

ਅਤੇ ਸਾਰੀਆਂ ਇਸਤਰੀਆਂ ਨਾਲ ਕਾਮ-ਕ੍ਰੀੜਾ ਕਰਦਾ ਸੀ ॥੧॥

ਜੋ ਇਸਤ੍ਰੀ ਤਿਹ ਕਹੇ ਨ ਆਵੈ ॥

ਜੋ ਇਸਤਰੀ ਉਸ ਦੇ ਕਹੇ 'ਤੇ ਨਾ ਆਉਂਦੀ,

ਤਾ ਕੀ ਖਾਟ ਉਠਾਇ ਮੰਗਾਵੈ ॥

ਉਸ ਦੀ ਮੰਜੀ ਚੁਕਵਾ ਕੇ ਮੰਗਵਾ ਲੈਂਦਾ।

ਅਧਿਕ ਭੋਗ ਤਾ ਸੋ ਨ੍ਰਿਪ ਕਰਈ ॥

ਉਸ ਨਾਲ ਰਾਜਾ ਖ਼ੂਬ ਭੋਗ ਕਰਦਾ ਸੀ

ਰਾਨੀ ਤੇ ਜਿਯ ਨੈਕ ਨ ਡਰਈ ॥੨॥

ਅਤੇ ਮਨ ਵਿਚ ਰਾਣੀ ਤੋਂ ਜ਼ਰਾ ਜਿੰਨਾ ਵੀ ਨਹੀਂ ਡਰਦਾ ਸੀ ॥੨॥

ਬਾਜ ਮਤੀ ਜਿਯ ਅਧਿਕ ਰਿਸਾਵੈ ॥

ਬਾਜ ਮਤੀ (ਰਾਣੀ) ਮਨ ਵਿਚ ਬਹੁਤ ਕ੍ਰੋਧ ਕਰਦੀ ਸੀ,

ਸਬਕ ਸਿੰਘ ਪਰ ਕਛੁ ਨ ਬਸਾਵੈ ॥

ਪਰ ਸਬਕ ਸਿੰਘ ਤੇ ਉਸ ਦਾ ਕੋਈ ਵਸ ਨਹੀਂ ਚਲਦਾ ਸੀ।

ਤਬ ਤ੍ਰਿਯ ਏਕ ਚਰਿਤ੍ਰ ਬਿਚਾਰਿਯੋ ॥

ਤਦ ਰਾਣੀ ਨੇ ਇਕ ਚਰਿਤ੍ਰ ਬਣਾਇਆ

ਰਾਜਾ ਕੋ ਦੁਰਮਤਿ ਤੇ ਟਾਰਿਯੋ ॥੩॥

ਅਤੇ ਰਾਜੇ ਨੂੰ ਮਾੜੀ ਬੁੱਧੀ ਤੋਂ ਹਟਾਇਆ ॥੩॥

ਰੂਪਵਤੀ ਜੋ ਤ੍ਰਿਯ ਲਖਿ ਪਾਵੈ ॥

ਕੋਈ ਰੂਪਵਾਨ ਇਸਤਰੀ ਰਾਣੀ ਵੇਖ ਲੈਂਦੀ,

ਸਬਕ ਸਿੰਘ ਸੋ ਜਾਇ ਸੁਨਾਵੈ ॥

ਤਾਂ ਸਬਕ ਸਿੰਘ ਨੂੰ ਜਾ ਕੇ ਕਹਿੰਦੀ।

ਤੁਮ ਰਾਜਾ ਤਿਹ ਤ੍ਰਿਯਾ ਬੁਲਾਵੋ ॥

ਹੇ ਰਾਜਨ! ਤੁਸੀਂ ਉਸ ਇਸਤਰੀ ਨੂੰ ਬੁਲਾਓ

ਕਾਮ ਕੇਲ ਤਿਹ ਸਾਥ ਕਮਾਵੋ ॥੪॥

ਅਤੇ ਉਸ ਨਾਲ ਕਾਮ ਕ੍ਰੀੜਾ ਕਰੋ ॥੪॥

ਜਬ ਯੌ ਬਚਨ ਰਾਵ ਸੁਨਿ ਪਾਵੈ ॥

ਜਦ ਰਾਜਾ ਇਹ ਗੱਲ ਸੁਣ ਲੈਂਦਾ

ਤੌਨ ਤ੍ਰਿਯਾ ਕੋ ਬੋਲਿ ਪਠਾਵੈ ॥

ਤਾਂ ਉਸ ਇਸਤਰੀ ਨੂੰ ਬੁਲਾ ਲੈਂਦਾ।

ਜਾ ਕੀ ਰਾਨੀ ਪ੍ਰਭਾ ਉਚਾਰੈ ॥

ਜਿਸ (ਇਸਤਰੀ) ਦੀ ਰਾਣੀ ਸੁੰਦਰਤਾ ਦਸਦੀ,

ਤਾ ਕੇ ਰਾਜਾ ਸੰਗ ਬਿਹਾਰੈ ॥੫॥

ਉਸ ਨਾਲ ਰਾਜਾ ਰਮਣ ਕਰਦਾ ॥੫॥

ਯਾ ਮੈ ਕਹੋ ਕਹਾ ਘਟ ਗਈ ॥

(ਰਾਣੀ ਸੋਚਦੀ) ਇਸ ਵਿਚ ਮੇਰਾ ਕੀ ਘਟਦਾ ਹੈ,

ਜਾਨੁਕ ਹੋਹੂੰ ਭਿਟੋਅਨਿ ਭਈ ॥

ਮਾਨੋ ਮੈਂ ਮੇਲ ਕਰਾਉਣ ਵਾਲੀ ('ਭਿਟੋਅਨਿ') ਹੋ ਗਈ ਹਾਂ।

ਜਾ ਤੇ ਮੋਰ ਰਾਵ ਸੁਖ ਪਾਵੈ ॥

ਜਿਸ ਤੇ ਮੇਰਾ ਰਾਜਾ ਸੁਖ ਪ੍ਰਾਪਤ ਕਰਦਾ ਹੈ,


Flag Counter