ਸ਼੍ਰੀ ਦਸਮ ਗ੍ਰੰਥ

ਅੰਗ - 1028


ਏਕ ਪੁਕਾਰਤ ਊਚ ਚਲੀ ਕੋਸਕ ਗਈ ॥

ਇਕ ਉੱਚੀ ਰੌਲਾ ਪਾਂਦੀ ਹੋਈ ਇਕ ਕੋਹ ਦੂਰ ਚਲੀ ਗਈ।

ਬਹੁ ਲੋਗਨ ਕੌ ਲ੍ਯਾਇ ਸੁ ਉਨ ਕੌ ਘਾਇ ਕੈ ॥

ਉਨ੍ਹਾਂ (ਰਾਹੀਆਂ ਨੂੰ) ਮਾਰ ਕੇ ਬਹੁਤ ਸਾਰੇ ਲੋਕਾਂ ਨੂੰ ਲੈ ਆਈ।

ਹੋ ਕਹਿ ਫਾਸਿਨ ਪਤਿ ਹਨੇ ਦਏ ਦਿਖਰਾਇ ਕੈ ॥੮॥

ਅਤੇ ਵਿਖਾ ਦਿੱਤਾ ਕਿ ਸਾਡੇ ਪਤੀਆਂ ਨੂੰ ਫਾਹੀਆਂ ਪਾ ਕੇ ਮਾਰ ਦਿੱਤਾ ਗਿਆ ਹੈ ॥੮॥

ਚੌਪਈ ॥

ਚੌਪਈ:

ਪੰਚ ਇਸਤ੍ਰੀ ਤਿਨ ਜੁਤ ਆਈ ॥

ਪੰਜੇ ਇਸਤਰੀਆਂ ਉਨ੍ਹਾਂ (ਲੋਕਾਂ) ਕੋਲ ਆਈਆਂ

ਧਨਵੰਤੀ ਅਤਿ ਠਗਨ ਤਕਾਈ ॥

ਠਗਾਂ ਨੂੰ (ਇਹ) ਬਹੁਤ ਧਨਵਾਨ ਲਗੇ।

ਪੰਚਨ ਕੇ ਫਾਸੀ ਗਹਿ ਡਾਰੀ ॥

(ਲੁਟੇਰਿਆਂ ਨੇ ਸਾਡੇ) ਪੰਜ ਪਤੀਆਂ ਨੂੰ ਫਾਂਸੀ ਲਾ ਦਿੱਤਾ

ਹਮ ਪਾਚੋ ਰਹਿ ਗਈ ਬਿਚਾਰੀ ॥੯॥

ਅਤੇ (ਹੁਣ) ਅਸੀਂ ਪੰਜ ਵਿਚਾਰੀਆਂ ਰਹਿ ਗਈਆਂ ਹਾਂ ॥੯॥

ਦੋਹਰਾ ॥

ਦੋਹਰਾ:

ਪਤਿ ਮਾਰੇ ਫਾਸਿਨ ਠਗਨ ਸਾਥੀ ਰਹਿਯੋ ਨ ਕੋਇ ॥

ਫਾਂਸੀ ਲਗਾ ਕੇ ਸਾਡੇ ਪਤੀਆਂ ਨੂੰ ਠਗਾਂ ਨੇ ਮਾਰ ਦਿੱਤਾ ਹੈ (ਅਤੇ ਸਾਡਾ) ਕੋਈ ਸਾਥੀ ਨਹੀਂ ਰਿਹਾ ਹੈ।

ਹਮ ਬਨ ਮੈ ਏਕਲ ਤ੍ਰਿਯਾ ਦੈਵ ਕਹਾ ਗਤਿ ਹੋਇ ॥੧੦॥

ਅਸੀਂ ਬਨ ਵਿਚ ਇਕਲੀਆਂ ਇਸਤਰੀਆਂ ਹਾਂ। ਪਰਮਾਤਮਾ ਜਾਣੇ, ਹੁਣ ਸਾਡਾ ਕੀ ਹਾਲ ਹੋਵੇਗਾ ॥੧੦॥

ਚੌਪਈ ॥

ਚੌਪਈ:

ਕਾਜੀ ਕੋਟਵਾਰ ਤਹ ਆਏ ॥

ਕਾਜ਼ੀ ਅਤੇ ਕੋਤਵਾਲ ਉਥੇ ਆਏ।

ਰਨਸਿੰਗੇ ਰਨ ਨਾਦ ਬਜਾਏ ॥

ਰਣ-ਸਿੰਘੇ ਅਤੇ ਨਗਾਰੇ ਵਜਾਏ।

ਕੋਪ ਠਾਨ ਯੌ ਬਚਨ ਉਚਾਰੇ ॥

(ਉਨ੍ਹਾਂ ਨੇ) ਰੋਹ ਵਿਚ ਆ ਕੇ ਕਿਹਾ

ਹਮ ਸਾਥੀ ਇਹ ਠਾਉ ਤਿਹਾਰੇ ॥੧੧॥

ਕਿ ਇਥੇ ਅਸੀਂ ਤੁਹਾਡੇ ਸਾਥੀ ਹਾਂ ॥੧੧॥

ਦੋਹਰਾ ॥

ਦੋਹਰਾ:

ਚਾਰਿ ਊਟ ਮੁਹਰਨ ਭਰੇ ਆਠ ਰੁਪੈਯਨ ਸਾਥ ॥

(ਉਹ ਕਹਿਣ ਲਗੀਆਂ ਕਿ) ਚਾਰ ਊਠ ਮੋਹਰਾਂ ਨਾਲ ਲਦੇ ਹੋਏ ਹਨ ਅਤੇ ਅੱਠ ਰੁਪੈਯਾਂ ਨਾਲ (ਲਦੇ ਹੋਏ ਹਨ)।

ਪਤਿ ਮੂਏ ਏਊ ਗਏ ਤੌ ਹਮ ਭਈ ਅਨਾਥ ॥੧੨॥

ਪਤੀ ਇਸ ਤਰ੍ਹਾਂ ਮਰ ਗਏ ਹਨ ਅਤੇ ਅਸੀਂ ਅਨਾਥ ਹੋ ਗਈਆਂ ਹਾਂ ॥੧੨॥

ਚੌਪਈ ॥

ਚੌਪਈ:

ਤਬ ਕਾਜੀ ਇਹ ਭਾਤਿ ਉਚਾਰੋ ॥

ਤਦ ਕਾਜ਼ੀ ਨੇ ਇਸ ਤਰ੍ਹਾਂ ਕਿਹਾ,

ਤ੍ਰਿਯਾ ਕਛੂ ਜਿਨਿ ਸੋਕ ਬਿਚਾਰੋ ॥

ਹੇ ਇਸਤਰੀਓ! (ਤੁਸੀਂ) ਕੁਝ ਵੀ ਦੁਖ ਨਾ ਮਨਾਓ।

ਹਮ ਕੌ ਫਾਰਖਤੀ ਲਿਖ ਦੀਜੈ ॥

ਸਾਨੂੰ ਫ਼ਾਰਖ਼ਤੀ (ਬੇਬਾਕੀ ਦੀ ਚਿੱਠੀ ਪਤਰੀ) ਲਿਖ ਦਿਓ

ਦ੍ਵਾਦਸ ਊਟ ਆਪਨੇ ਲੀਜੈ ॥੧੩॥

ਅਤੇ ਆਪਣੇ ਬਾਰ੍ਹਾਂ ਊਠ ਲੈ ਜਾਓ ॥੧੩॥

ਦੋਹਰਾ ॥

ਦੋਹਰਾ:

ਦੀਨਨ ਕੀ ਰਛਾ ਕਰੀ ਕੌਡੀ ਗਨੀ ਕੁਪਾਇ ॥

(ਇਸਤਰੀਆਂ ਨੇ ਕਿਹਾ, ਤੁਸੀਂ) ਅਸਾਂ ਅਨਾਥਾਂ ਦੀ ਰਖਿਆ ਕੀਤੀ ਹੈ ਅਤੇ ਇਕ ਕੌਡੀ ਪ੍ਰਾਪਤ ਕਰਨਾ ਮਾੜਾ ਸਮਝਿਆ ਹੈ।

ਸਭ ਹੀ ਦਯੋ ਬਹੋਰਿ ਧਨ ਧੰਨ ਕਾਜਿਨ ਕੇ ਰਾਇ ॥੧੪॥

ਫਿਰ ਤੁਸੀਂ ਸਾਰਾ ਧਨ ਦੇ ਦਿੱਤਾ ਹੈ। ਹੇ ਕਾਜ਼ੀਆਂ ਦੇ ਸੁਆਮੀ! (ਤੁਸੀਂ) ਧੰਨ ਹੋ ॥੧੪॥

ਦੁਸਟ ਅਰਿਸਟ ਨਿਵਾਰਿ ਕੈ ਲੀਨੋ ਪਤਹ ਬਚਾਇ ॥

ਦੁਸ਼ਟਾਂ ਅਤੇ ਦੁੱਖਾਂ ਨੂੰ ਹਟਾ ਕੇ ਪਤੀ ਨੂੰ ਬਚਾ ਲਿਆ

ਭਾਤਿ ਭਾਤਿ ਸੇਵਾ ਕਰੀ ਹੀਏ ਹਰਖ ਉਪਜਾਇ ॥੧੫॥

ਅਤੇ ਮਨ ਵਿਚ ਪ੍ਰਸੰਨ ਹੋ ਕੇ ਉਸ ਦੀ ਕਈ ਤਰ੍ਹਾਂ ਨਾਲ ਸੇਵਾ ਕੀਤੀ ॥੧੫॥

ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਉਨਵਿੰਜਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੪੯॥੨੯੮੯॥ਅਫਜੂੰ॥

ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੧੪੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੧੪੯॥੨੯੮੯॥ ਚਲਦਾ॥

ਚੌਪਈ ॥

ਚੌਪਈ:

ਰਾਨੀ ਏਕ ਨਗੌਰੇ ਰਹੈ ॥

ਨਗੌਰ ਨਗਰ ਵਿਚ ਇਕ ਰਾਣੀ ਰਹਿੰਦੀ ਸੀ।

ਗਰਭਵਤੀ ਤਾ ਕੌ ਜਗ ਕਹੈ ॥

ਉਸ ਨੂੰ ਜਗਤ ਵਾਲੇ ਗਰਭਵਤੀ ਕਹਿੰਦੇ ਸਨ।

ਪੂਤ ਰਾਵ ਕੇ ਗ੍ਰਿਹ ਕੋਊ ਨਾਹੀ ॥

ਰਾਜੇ ਦੇ ਘਰ ਕੋਈ ਪੁੱਤਰ ਨਹੀਂ ਸੀ।

ਚਿੰਤਾ ਇਹੇ ਤਾਹਿ ਮਨ ਮਾਹੀ ॥੧॥

ਉਸ ਦੇ ਮਨ ਵਿਚ ਇਹੀ ਚਿੰਤਾ ਰਹਿੰਦੀ ਸੀ ॥੧॥

ਗਰਭਵਤੀ ਆਪਹਿ ਠਹਿਰਾਯੋ ॥

(ਉਸ ਨੇ) ਆਪਣੇ ਆਪ ਨੂੰ ਗਰਭਵਤੀ ਠਹਿਰਾਇਆ

ਪੂਤ ਆਨ ਕੋ ਆਨ ਜਿਵਾਯੋ ॥

ਅਤੇ ਕਿਸੇ ਹੋਰ ਦਾ ਪੁੱਤਰ (ਆਪਣੇ ਘਰ ਵਿਚ) ਆ ਜਮਵਾਇਆ।

ਸਭ ਕੋਊ ਪੂਤ ਰਾਵ ਕੋ ਮਾਨੈ ॥

ਸਾਰੇ ਉਸ ਨੂੰ ਰਾਜੇ ਦਾ ਪੁੱਤਰ ਸਮਝਣ ਲਗੇ।

ਤਾ ਕੌ ਭੇਦ ਨ ਕੋਊ ਜਾਨੈ ॥੨॥

ਉਸ ਦਾ ਅਸਲ ਭੇਦ ਕੋਈ ਨਹੀਂ ਸਮਝਦਾ ਸੀ ॥੨॥

ਅੜਿਲ ॥

ਅੜਿਲ:

ਦੋਇ ਪੁਤ੍ਰ ਜਬ ਤਾਹਿ ਬਿਧਾਤੈ ਪੁਨ ਦਏ ॥

ਜਦ ਫਿਰ ਪਰਮਾਤਮਾ ਨੇ ਉਸ ਨੂੰ ਦੋ ਪੁੱਤਰ ਦਿੱਤੇ,

ਰੂਪਵੰਤ ਸੁਭ ਸੀਲ ਜਤ ਬ੍ਰਤ ਹੋਤ ਭੇ ॥

ਉਹ ਬਹੁਤ ਰੂਪਵਾਨ, ਸੁਘੜ ਜਤ ਬ੍ਰਤ ਵਾਲੇ ਅਤੇ ਸ਼ੀਲਵਾਨ ਸਨ।

ਤਬ ਉਨ ਦੁਹੂੰ ਪਾਲਕਨ ਲੈ ਕੈ ਬਿਖੁ ਦਈ ॥

ਤਦ ਉਨ੍ਹਾਂ ਦੋਹਾਂ ਨੇ ਪਾਲੇ ਹੋਏ ਪੁੱਤਰ ਨੂੰ ਵਿਸ਼ ਦੇ ਦਿੱਤੀ

ਹੋ ਨਿਜੁ ਪੂਤਨ ਕਹ ਰਾਜ ਪਕਾਵਤ ਤਹ ਭਈ ॥੩॥

ਅਤੇ (ਰਾਣੀ) ਆਪਣੇ ਪੁੱਤਰਾਂ ਨੂੰ ਰਾਜ ਭਾਗ ਦੇਣ ਦੀ ਸੋਚਣ ਲਗੀ ॥੩॥

ਭਾਤਿ ਭਾਤਿ ਸੌ ਰੋਦਨ ਕਿਯੋ ਪੁਕਾਰਿ ਕੈ ॥

ਉਹ ਭਾਂਤ ਭਾਂਤ ਨਾਲ ਕੁਰਲਾ ਕੇ ਰੋਣ ਲਗੀ।

ਨਿਰਖਾ ਤਿਨ ਕੀ ਓਰ ਸਿਰੋਕਚੁਪਾਰਿ ਕੈ ॥

ਸਿਰ ਦੇ ਵਾਲ ਪੁਟਦੀ ਹੋਈ ਉਸ ਵਲ ਵੇਖਣ ਲਗੀ।

ਪ੍ਰਾਨਨਾਥ ਊ ਆਏ ਕਹਿਯੋ ਨ ਸੋਕ ਕਰਿ ॥

ਪ੍ਰਾਣਨਾਥ (ਰਾਜਾ) ਆਇਆ ਅਤੇ ਕਹਿਣ ਲਗਾ, ਦੁਖੀ ਨਾ ਹੋ।

ਹੋ ਅਕਥ ਕਥਾ ਕੀ ਕਥਾ ਜਾਨਿ ਜਿਯ ਧੀਰ ਧਰਿ ॥੪॥

ਇਸ ਨੂੰ ਅਕਥਨੀ ਪਰਮਾਤਮਾ ਦੀ ਕਥਾ ਜਾਣ ਅਤੇ ਧੀਰਜ ਧਾਰਨ ਕਰ ॥੪॥