ਭਾਂਤ ਭਾਂਤ ਦੇ ਮਨੁੱਖ ਇਕੱਠੇ ਹੋ ਕੇ (ਦੂਜੇ) ਇਕ ਇਕ (ਦੇ ਧਰਮ) ਦਾ ਮਖੌਲ ਉਡਾਉਣਗੇ।
ਇਕ ਮਹੀਨਾ, ਦੋ ਮਹੀਨੇ ਜਾਂ ਅੱਧੇ ਮਹੀਨੇ ਤਕ ਉਹ (ਆਪਣਾ) ਮਤ ਚਲਾਉਣਗੇ।
ਅੰਤ ਵਿਚ ਪਾਣੀ ਦੇ ਬੁਲਬੁਲੇ ਵਾਂਗ (ਉਹ) ਮਤ ਆਪ ਹੀ ਨਸ਼ਟ ਹੋ ਜਾਣਗੇ ॥੧੯॥
ਵੇਦ ਅਤੇ ਕਤੇਬ ਦੋਹਾਂ ਦੇ ਮਤ ਵਿਚ ਦੋਸ਼ ਕਢ ਕੇ ਸੁਟ ਦੇਣਗੇ।
ਆਪਣੇ ਹਿਤ ਲਈ ਉਨ੍ਹਾਂ ਦੀ ਥਾਂ ਤੇ ਜੰਤ੍ਰ ਮੰਤ੍ਰ ਪੜ੍ਹਨਗੇ।
ਵੇਦ ਅਤੇ ਕਤੇਬ ਦਾ ਨਾਂ ਵੀ ਕਿਸੇ ਨੂੰ ਮੂੰਹੋਂ ਲੈਣ ਨਹੀਂ ਦੇਣਗੇ।
ਕਿਸੇ ਨੂੰ ਪੁੰਨ ਵਜੋਂ ਕਦੇ ਕੌਡੀ ਵੀ ਨਹੀਂ ਦੇਣਗੇ ॥੨੦॥
ਜਿਥੇ ਕਿਥੇ ਧਰਮ ਕਰਮ ਨੂੰ ਭੁਲਾ ਕੇ ਪਾਪ ਕਰਮ ਕਰਨਗੇ।
ਧਨ ਨੂੰ ਵੇਖ ਕੇ ਛਡਣਗੇ ਨਹੀਂ ਭਾਵੇਂ ਪੁੱਤਰ ਅਤੇ ਮਿਤਰ ਨੂੰ ਮਾਰ ਕੇ (ਹੀ) ਲਿਆ ਜਾਂਦਾ ਹੋਵੇ।
ਦਿਨ ਬਦਿਨ ਵਖਰੇ ਵਖਰੇ ਇਕ ਤੋਂ ਇਕ ਮਤ ਪੈਦਾ ਹੋ ਜਾਣਗੇ।
(ਪਰ) ਕਲਿਯੁਗ ਵਿਚ ਪ੍ਰਭੂ (ਦੇ ਨਾਮ) ਤੋਂ ਬਿਨਾ ਹੋਰ ਸਾਰੇ ਧਰਮ ਫੋਕਟ ਹਨ ॥੨੧॥
ਕੋਈ ਮਤ ਇਕ ਦਿਨ ਚਲੇਗਾ, ਕੋਈ ਦੋ ਦਿਨ ਤਕ ਚਲਾ ਲਵੇਗਾ।
ਅੰਤ ਵਿਚ ਜ਼ੋਰ ਨਾਲ ਚਲਾਏ (ਇਹ) ਸਾਰੇ ਮਤ ਫਿਰ ਤੀਜੇ ਦਿਨ ਮਿਟ ਜਾਣਗੇ।
ਫਿਰ ਹੋਰ ਹੋਰ (ਮਤ) ਪੈਦਾ ਹੋਣਗੇ ਜੋ ਚੌਥੇ ਦਿਨ ਖ਼ਤਮ ਹੋ ਜਾਣਗੇ।
ਕਲਿਯੁਗ ਵਿਚ ਕੇਵਲ ਇਕ ਕਲਿਆਣ-ਮਈ ਧਰਮ ਤੋਂ ਬਿਨਾ ਹੋਰ ਸਭ (ਧਰਮ) ਵਿਅਰਥ ਹਨ ॥੨੨॥
ਜਿਥੇ ਕਿਥੇ ਇਸਤਰੀਆਂ ਅਤੇ ਪੁਰਸ਼ ਨਿੱਤ ਨਵੇਂ ਛੰਦ-ਬੰਦ (ਟੂਣੇ ਟੋਟਕੇ) ਸਿਰਜਿਆ ਕਰਨਗੇ।
ਫਿਰ ਜਿਥੇ ਕਿਥੇ ਜੰਤ੍ਰ ਮੰਤ੍ਰ ਅਤੇ ਤੰਤ੍ਰ ਕਰ ਕੇ (ਪਰਮ ਸੱਤਾ ਤੋਂ) ਡਰਨਾ ਬਿਲਕੁਲ ਛਡ ਦੇਣਗੇ।
ਛਤ੍ਰੀ ਲੋਕ ਧਰਮ ਛਤ੍ਰ ਉਤਾਰ ਕੇ ਧਰ ਦੇਣਗੇ ਅਤੇ ਰਣ ਛਡ ਕੇ ਭਜ ਜਾਣਗੇ।
ਸੂਦ੍ਰ ਅਤੇ ਵੈਸ਼ ਲੋਕ ਜਿਥੇ ਕਿਥੇ ਅਸਤ੍ਰ-ਸ਼ਸਤ੍ਰ ਧਾਰਨ ਕਰ ਕੇ ਯੁੱਧ-ਭੂਮੀ ਵਿਚ ਗੱਜਣਗੇ ॥੨੩॥
ਛਤ੍ਰਾਣੀਆਂ ਨੂੰ ਛਡ ਕੇ ਰਾਜਾ ਲੋਗ ਨੀਚ ਇਸਤਰੀਆਂ ਨੂੰ ਭੋਗਣਗੇ।
ਰਾਜ ਅਤੇ ਸਮਾਜ ਨੂੰ ਛਡ ਕੇ ਰਾਣੀਆਂ ਨੀਚਾਂ ਦੇ ਘਰ ਜਾਣਗੀਆਂ।
ਬ੍ਰਾਹਮਣ ਲੜਕੀ ਨਾਲ ਸ਼ੂਦ੍ਰ ਅਤੇ ਸ਼ੂਦ੍ਰ (ਲੜਕੀ) ਨਾਲ ਬ੍ਰਾਹਮਣ ਪ੍ਰੇਮ ਕਰਨਗੇ।
ਵੇਸਵਾ ਕੰਨਿਆ ਨੂੰ ਵੇਖ ਕੇ ਮੁਨੀ ਲੋਗ ਧੀਰਜ ਛਡ ਦੇਣਗੇ ॥੨੪॥
ਜਿਥੇ ਕਿਥੇ ਧਰਮ ਭਰਮਾ ਕੇ ਉਡ ਜਾਵੇਗਾ ਅਤੇ ਪੈਰ ਪੈਰ ਤੇ ਪਾਪ ਹੋਣਗੇ।