(ਉਸ ਦੀ) ਉਪਮਾ ਕਵੀ ਨੇ ਵਰਣਿਤ ਕੀਤੀ ਹੈ, ਉਸ ਦਾ ਨਾਂ 'ਮਨ ਨੂੰ ਹਰਨ ਵਾਲੀ' (ਮਨ ਮੋਹਕ) ਰਖ ਦਿੱਤਾ ਹੈ,
ਮਾਨੋ ਗੇਰੂ ਦੇ ਪਰਬਤ (ਨਗ) ਉਤੇ ਵਰਸ਼ਾ (ਹੋਣ ਕਰ ਕੇ) ਧਰਤੀ ਉਤੇ (ਉਸ ਦਾ) ਰੰਗ ਡੁਲ੍ਹ ਗਿਆ ਹੋਵੇ ॥੧੫੬॥
ਕ੍ਰੋਧਵਾਨ ਹੋ ਕੇ ਪ੍ਰਚੰਡ ਚੰਡੀ ਨੇ ਯੁੱਧ-ਭੂਮੀ ਵਿਚ ਰਕਤ-ਬੀਜ ਨਾਲ ਘੋਰ ਲੜਾਈ ਲੜੀ।
(ਵੈਰੀ ਦੇ) ਦਲ ਵਿਚ ਵੜ ਕੇ ਪਲ ਵਿਚ ਹੀ ਮਿਧ ਦਿੱਤਾ ਹੈ ਜਿਵੇਂ ਤਿਲਾਂ ਤੋਂ ਤੇਲੀ ਤੇਲ ਕੱਢਦਾ ਹੈ।
ਧਰਤੀ ਉਤੇ ਲਹੂ ਇਸ ਤਰ੍ਹਾਂ ਚੋਇਆ ਪਿਆ ਸੀ ਜਿਵੇਂ ਲਿਲਾਰੀ ('ਰੰਗਰੇਜ਼') ਦੀ ਰੰਗ ਦੀ ਮਟਕੀ ('ਰੇਨੀ') ਟੁਟ ਕੇ ਫੈਲ ਗਈ ਹੈ।
ਦੈਂਤ (ਰਕਤ-ਬੀਜ) ਦੇ ਸ਼ਰੀਰ ਉਤੇ ਜ਼ਖ਼ਮ ਇੰਜ ਲਿਸ਼ਕ ਰਹੇ ਹਨ ਮਾਨੋ ਫ਼ਾਨੂਸ (ਝਾੜ) ਦੀ ਥੈਲੀ ਵਿਚ ਦੀਵੇ ਜਗ ਰਹੇ ਹੋਣ ॥੧੫੭॥
ਰਕਤ-ਬੀਜ ਦਾ ਲਹੂ ਧਰਤੀ ਉਤੇ ਪਿਆ ਹੈ (ਤਾਂ ਉਸ ਤੋਂ) ਅਨੇਕ ਰਕਤ-ਬੀਜ ਪੈਦਾ ਹੋ ਗਏ ਹਨ।
ਪ੍ਰਚੰਡ ਚੰਡੀ ਨੇ ਧਨੁਸ਼ ਨੂੰ ਸੰਭਾਲ ਕੇ ਬਾਣਾਂ ਨਾਲ (ਸਾਰੇ) ਮਾਰ ਦਿੱਤੇ ਹਨ।
(ਜਦੋਂ) ਸਾਰੇ ਰਕਤ-ਬੀਜ ਸਮੇਟ ਦਿੱਤੇ ਗਏ, (ਤਦੋਂ) ਫਿਰ (ਹੋਰ) ਹੋ ਗਏ ਹਨ (ਅਤੇ ਉਨ੍ਹਾਂ ਨੂੰ ਵੀ ਫਿਰ ਚੰਡੀ ਨੇ) ਮਾਰ ਦਿੱਤਾ।
ਮਾਨੋ ਮੀਂਹ ਪੈਣ ਨਾਲ ਧਰਤੀ ਤੋਂ ਬੁਲਬੁਲੇ ਪੈਦਾ ਹੁੰਦੇ ਹੋਣ, ਮਿਟਦੇ ਹੋਏ ਚਲੇ ਜਾਂਦੇ ਹੋਣ ॥੧੫੮॥
ਜਿਤਨੀਆਂ ਲਹੂ ਦੀਆਂ ਬੂੰਦਾਂ ਰਣ-ਭੂਮੀ ਵਿਚ ਡਿਗਦੀਆਂ ਹਨ ਉਤਨੇ ਹੀ ਰਕਤਬੀਜ ਪੈਦਾ ਹੋ ਜਾਂਦੇ ਹਨ।
(ਦੈਂਤ) ਮਾਰੋ-ਮਾਰੋ ਪੁਕਾਰਦੇ ਹੋਏ ਲਲਕਾਰੇ ਮਾਰਦੇ ਪ੍ਰਚੰਡ ਚੰਡੀ ਦੇ ਸਾਹਮਣੇ ਢੁਕਦੇ ਹਨ।
ਉਸ ਛਿਣ ਦੇ ਕੌਤਕ ਨੂੰ ਵੇਖ ਕੇ ਕਵੀ ਦੇ ਮਨ ਵਿਚ ਉਪਮਾ ਸੁਝਦੀ ਹੈ
ਮਾਨੋ ਸ਼ੀਸ਼ ਮਹੱਲ ਵਿਚ ਇਕੋ ਮੂਰਤ ਅਨੇਕ ਦਾ ਝਾਉਲਾ ਦਿੰਦੀ ਹੋਵੇ ॥੧੫੯॥
ਅਨੇਕਾਂ ਰਕਤ-ਬੀਜ ਯੁੱਧ-ਭੂਮੀ ਵਿਚ ਉਠ ਕੇ ਕ੍ਰੋਧ ਨਾਲ ਫਿਰ ਜੰਗ ਵਿਚ ਜੁੱਟ ਗਏ ਹਨ।
ਪ੍ਰਚੰਡ ਚੰਡੀ ਦੀ ਕਮਾਨ ਤੋਂ ਸੂਰਜ ਦੀਆਂ ਕਿਰਨਾਂ (ਅੰਸ) ਵਾਂਗ ਤੀਰ ਛੁਟਦੇ ਹਨ।
(ਚੰਡੀ ਨੇ ਉਨ੍ਹਾਂ ਨੂੰ) ਮਾਰ ਕੇ ਨਸ਼ਟ ਕਰ ਦਿੱਤਾ ਹੈ, (ਪਰ) ਉਹ ਫਿਰ ਹੋਰ ਹੋ ਗਏ ਹਨ। (ਦੇਵੀ ਉਨ੍ਹਾਂ ਨੂੰ ਇੰਜ ਕੁਟਦੀ ਹੈ) ਜਿਵੇਂ ਮੋਹਲੇ ਨਾਲ ਧਾਨ ਕੁਟੀਂਦੇ ਹਨ।
ਚੰਡੀ ਨੇ ਖੰਡੇ ਨਾਲ (ਉਨ੍ਹਾਂ ਦੇ) ਸਿਰ ਇੰਜ ਵਖਰੇ ਕਰ ਦਿੱਤੇ ਹਨ ਮਾਨੋ ਬਿਲ-ਬ੍ਰਿਛ ਨਾਲੋਂ ਬਿਲਫਲ ਟੁਟੇ ਹੋਣ ॥੧੬੦॥
ਰਕਤ-ਬੀਜ ਅਨੇਕ ਪੈਦਾ ਹੋ ਕੇ, ਤਲਵਾਰਾਂ ਫੜ ਕੇ ਚੰਡੀ ਵਲ ਇਸ ਤਰ੍ਹਾਂ ਉਠ ਕੇ (ਵਧਦੇ ਹਨ)।
ਲਹੂ ਦੀਆਂ ਬੂੰਦਾਂ ਤੋਂ (ਦੈਂਤ) ਪੈਦਾ ਹੋ ਰਹੇ ਹਨ (ਅਤੇ ਉਹ ਇੰਜ) ਤੀਰ (ਚਲਾਉਂਦੇ ਹਨ) ਮਾਨੋ ਬਦਲਾਂ ਨੇ ਝੜੀ ਲਾਈ ਹੋਵੇ।
ਪ੍ਰਚੰਡ (ਚੰਡੀ) ਨੇ ਫਿਰ ਧਨੁਸ਼ ਸੰਭਾਲ ਕੇ ਤੀਰਾਂ ਦੀ ਮਾਰ ਨਾਲ ਸਾਰੇ ਸੰਘਾਰ ਦਿੱਤੇ ਹਨ।
(ਪਰ) ਫਿਰ ਲਹੂ ਤੋਂ ਦੈਂਤ ਇੰਜ ਉਠ ਰਹੇ ਹਨ ਮਾਨੋ ਠੰਡ ਨਾਲ ਰੋਮ ਖੜੇ ਹੋ ਗਏ ਹੋਣ ॥੧੬੧॥
ਸਾਰੇ ਰਕਤ-ਬੀਜ ਇਕੱਠੇ ਹੋ ਗਏ ਹਨ ਅਤੇ ਜ਼ੋਰ ਨਾਲ ਪ੍ਰਚੰਡ ਚੰਡੀ ਨੂੰ ਘੇਰ ਲਿਆ ਹੈ।
ਚੰਡੀ ਅਤੇ ਸ਼ੇਰ ਨੇ ਮਿਲ ਕੇ ਦੈਂਤਾਂ ਦੀ ਸਾਰੀ ਸੈਨਾ ਨੂੰ ਮਾਰ ਦਿੱਤਾ ਹੈ।
(ਉਨ੍ਹਾਂ ਨੇ) ਫਿਰ ਉਠ ਕੇ ਅਜਿਹੀ ਧੁਨ ਕੀਤੀ (ਜਿਸ ਨੂੰ) ਸੁਣ ਕੇ ਮੁਨੀਆਂ ਦਾ ਧਿਆਨ ਛੁਟ ਗਿਆ ਹੈ।
ਦੇਵਤਿਆਂ ਦੀ ਹੋਸ਼ ਗੁੰਮ ਹੋ ਗਈ ਹੈ, ਪਰ ਰਕਤ-ਬੀਜ ਦਾ ਗੁਮਾਨ ਨਹੀਂ ਮਿਟਿਆ ਹੈ ॥੧੬੨॥
ਦੋਹਰਾ:
ਰਕਤ-ਬੀਜ ਨਾਲ ਚੰਡੀ ਨੇ ਇਸ ਤਰ੍ਹਾਂ ਦਾ ਸ੍ਰੇਸ਼ਠ ਯੁੱਧ ਕੀਤਾ,
ਪਰ ਤਦ ਹੀ ਅਣਗਿਣਤ ਦੈਂਤ ਪੈਦਾ ਹੋ ਗਏ (ਅਤੇ ਉਨ੍ਹਾਂ ਉਤੇ ਦੇਵੀ ਦੇ) ਕ੍ਰੋਧ ਦਾ ਕੋਈ ਵਸ ਨਾ ਚਲਿਆ ॥੧੬੩॥
ਸ੍ਵੈਯਾ:
ਦਸਾਂ ਦਿਸ਼ਾਵਾਂ ਤੋਂ ਬਹੁਤ ਸਾਰੇ ਦੈਂਤਾਂ ਨੂੰ ਵੇਖ ਕੇ ਪ੍ਰਚੰਡ ਚੰਡੀ ਨੇ ਅੱਖਾਂ ਤਣ ਲਈਆਂ।
ਤਦੋਂ ਤਲਵਾਰ ਲੈ ਕੇ ਗੁਲਾਬ ਦੀਆਂ ਪੰਖੜੀਆਂ ਵਾਂਗ ਵੈਰੀਆਂ ਨੂੰ ਕਟ ਦਿੱਤਾ।
ਚੰਡੀ ਦੇ ਸ਼ਰੀਰ ਉਤੇ ਲਹੂ ਦੀ (ਇਕ) ਛਿਟ ਆ ਪਈ, ਉਸ (ਦ੍ਰਿਸ਼ ਦੀ) ਉਪਮਾ ਕਵੀ ਨੂੰ ਇਹ ਸੁਝੀ
ਮਾਨੋ ਸੋਨੇ ਦੇ ਘਰ ('ਮੰਦਿਰ') ਵਿਚ ਜੜੀਏ ਨੇ ਸੋਨੇ ('ਜਰਿ') ਵਿਚ ਲਾਲ ਮਣੀ ਫਬਾ ਕੇ ਰਖੀ ਹੋਵੇ ॥੧੬੪॥
ਚੰਡੀ ਨੇ ਬਹੁਤ ਕ੍ਰੋਧ ਕਰ ਕੇ ਯੁੱਧ ਕੀਤਾ ਅਤੇ ਇਸ ਤਰ੍ਹਾਂ ਕੀਤਾ (ਜਿਵੇਂ) ਮਧੂ (ਦੈਂਤ) ਨਾਲ ਵਿਸ਼ਣੂ (ਅਬਿਨਾਸ਼ੀ ਨੇ ਕੀਤਾ ਸੀ)।
ਦੈਂਤਾਂ ਦੇ ਮਾਰਨ ਲਈ (ਚੰਡੀ ਨੇ) ਆਪਣੇ ਮੱਥੇ ਤੋਂ ਅੱਗ ਦੀ (ਇਕ) ਲਾਟ ਕਢ ਲਈ।
ਉਸ (ਲਾਟ) ਤੋਂ ਕਾਲੀ ਪ੍ਰਗਟ ਹੋਈ (ਜੋ) ਯੁੱਧ-ਭੂਮੀ ਵਿਚ ਡਰਪੋਕਾਂ ਲਈ ਭੈ ਦੀ ਚਮਕ ਬਣ ਕੇ ਪਸਰ ਗਈ ਹੈ। (ਅਥਵਾ ਕਾਲੀ ਇੰਜ ਪ੍ਰਗਟ ਹੋਈ)
ਮਾਨੋ ਸੁਮੇਰ ਪਰਬਤ ਦੀ ਚੋਟੀ ਨੂੰ ਭੰਨ ਕੇ ਧਰਤੀ ਉਤੇ ਜਮਨਾ ਦੀ ਧਾਰ ਪਈ ਹੋਵੇ ॥੧੬੫॥
(ਉਸ ਵੇਲੇ) ਸੁਮੇਰ ਪਰਬਤ ਹਿਲ ਗਿਆ, ਦੇਵ-ਨਗਰੀ ਸਹਿਮ ਗਈ ਅਤੇ ਦਸਾਂ ਦਿਸ਼ਾਵਾਂ ਵਿਚ ਵਡੇ-ਵਡੇ ਪਰਬਤ ਭਜਣ ਲਗ ਪਏ।
ਚੌਦਾਂ ਲੋਕਾਂ ਵਿਚ ਹਲ-ਚਲ ਮਚ ਗਈ ਅਤੇ ਬ੍ਰਹਮਾ ਦੇ ਮਨ ਵਿਚ ਵੀ ਭਾਰੀ ਭਰਮ ਪੈਦਾ ਹੋ ਗਿਆ।
ਸ਼ਿਵ ('ਜਟੀ') ਦਾ ਧਿਆਨ ਵੀ ਲਗਿਆ ਨਾ ਰਹਿ ਸਕਿਆ, ਅਤੇ ਧਰਤੀ ਵੀ ਫਟ ਗਈ (ਜਦੋਂ) ਬਲ ਪੂਰਵਕ (ਚੰਡੀ ਨੇ) ਕਿਲਕਾਰੀ ਮਾਰੀ।
ਦੈਂਤਾਂ ਦੇ ਮਾਰਨ ਲਈ ਕਾਲੀ ਨੇ ਹੱਥ ਵਿਚ ਕਾਲ-ਸਮਾਨ ਕ੍ਰਿਪਾਨ ਨੂੰ ਧਾਰਨ ਕਰ ਲਿਆ ॥੧੬੬॥
ਦੋਹਰਾ:
ਚੰਡੀ ਅਤੇ ਕਾਲੀ ਨੇ ਮਿਲ ਕੇ ਇਹ ਵਿਚਾਰ ਬਣਾਇਆ ਕਿ
ਮੈਂ (ਚੰਡੀ) ਮਾਰਦੀ ਹਾਂ ਅਤੇ ਤੂੰ (ਕਾਲੀ) ਲਹੂ ਪੀਂਦੀ ਜਾ। (ਇਸ ਤਰ੍ਹਾਂ ਅਸੀਂ) ਵੈਰੀ ਦਲ ਮਾਰ ਦਿਆਂਗੇ ॥੧੬੭॥
ਸ੍ਵੈਯਾ:
ਕਾਲੀ ਅਤੇ ਸ਼ੇਰ ਨੂੰ ਨਾਲ ਲੈ ਕੇ ਚੰਡੀ ਨੇ ਸਾਰੇ (ਰਕਤ-ਬੀਜਾਂ ਨੂੰ) ਘੇਰ ਲਿਆ ਜਿਵੇਂ (ਬਨ ਨੂੰ) ਦਾਵਾ ਅਗਨੀ ਪੈ ਜਾਂਦੀ ਹੈ।
ਚੰਡੀ ਦੇ ਬਾਣਾਂ ਦੇ ਤੇਜ ਦੇ ਪ੍ਰਭਾਵ ਕਾਰਨ ਦੈਂਤ (ਇਸ ਤਰ੍ਹਾਂ) ਸੜ ਗਏ ਜਿਸ ਤਰ੍ਹਾਂ ਇਟਾਂ ਆਵੇ ਵਿਚ (ਸੜਦੀਆਂ ਹਨ)।