ਉਹ ਕਾਹੀ (ਘਾਹ) ਦੀਆਂ ਨੋਕਾਂ ਵਾਂਗ ਭਾਲੇ ਸੁਟਦੇ ਸਨ ॥੧੧॥
ਉਡਣ ਵਾਲੇ ਤੀਰਾਂ ਦੀ ਬਰਖਾ ਇਸ ਤਰ੍ਹਾਂ ਹੋ ਰਹੀ ਸੀ,
ਮਾਨੋ ਜ਼ਮੀਨ ਤੋਂ ਆਸਮਾਨ ਤਕ (ਸਾਰਾ ਖਗੋਲ) ਗਿਰਝਾਂ ਨਾਲ ਭਰ ਗਿਆ ਹੋਵੇ ॥੧੨॥
ਬਰਛਿਆਂ ਦੀਆਂ ਨੋਕਾਂ ਦੇ ਵਜਣ ਨਾਲ ਖਚ ਖਚ ਦੀ ਆਵਾਜ਼ ਆਉਂਦੀ ਸੀ।
ਮਾਨੋ ਸੰਸਾਰ ਵਿਚ ਪਰਲੋ ਆ ਗਈ ਹੋਵੇ ॥੧੩॥
ਦੋਵੇਂ ਸੂਰਮੇ ਇਸਰਾਫ਼ੀਲ ਫਰਿਸ਼ਤੇ ਦੇ (ਕਿਆਮਤ ਵਾਲੇ ਦਿਨ ਦੀ) ਫੂਕ ਮਾਰਨ ਵਾਂਗ ਲਲਕਾਰ ਰਹੇ ਸਨ।
ਦੋਵੇਂ ਕਿਆਮਤ ਦੇ ਦਿਨ ਵਾਂਗ ਟਕਰਾ ਰਹੇ ਸਨ ॥੧੪॥
ਅਰਬ ਦੇਸ਼ ਦੀ ਫ਼ੌਜ ਵਿਚ ਭਾਜੜ ਮਚ ਗਈ
ਅਤੇ ਪੱਛਮ ਦਾ ਬਾਦਸ਼ਾਹ ਜਿਤ ਗਿਆ ॥੧੫॥
ਅਰਬ ਦਾ ਬਾਦਸ਼ਾਹ ਇਕਲਾ ਰਹਿ ਗਿਆ।
ਸੰਧਿਆ ਵੇਲੇ ਸੂਰਜ ਡੁਬ ਗਿਆ ॥੧੬॥
ਜਦ ਅਰਬ ਦੇ ਰਾਜੇ ਦਾ ਤੇਜ ਖ਼ਤਮ ਹੋ ਗਿਆ, ਤਾਂ ਉਸ ਨੂੰ ਪਕੜ ਲਿਆ ਗਿਆ,
ਜਿਵੇਂ ਰਾਤ ਦੇ ਚੋਰ ਨੂੰ ਪਕੜ ਲਿਆ ਜਾਂਦਾ ਹੈ ॥੧੭॥
(ਅਰਬ ਦੇ) ਬਾਦਸ਼ਾਹ ਨੂੰ ਬੰਨ੍ਹ ਕੇ (ਪੱਛਮ ਦੇ) ਬਾਦਸ਼ਾਹ ਪਾਸ ਲੈ ਆਏ,
ਜਿਵੇਂ ਚੰਦ੍ਰਮਾ ਨੂੰ ਰਾਹੂ ਪਕੜ ਲੈਂਦਾ ਹੈ ॥੧੮॥
ਸ਼ਾਹ ਦੇ ਘਰ ਉਸ ਦੇ ਪਕੜੇ ਜਾਣ ਦੀ ਖ਼ਬਰ ਪਹੁੰਚ ਗਈ।
ਉਸ ਨੂੰ ਚੋਰੀ ਜਾਂ ਜ਼ੋਰੀ ਲਿਆਉਣ ਦੀ ਗੁੰਜਾਇਸ਼ ਵੀ ਨਾ ਰਹੀ ॥੧੯॥
ਦਿਲ ਦੇ ਸਮਝਦਾਰਾਂ ਦੀ ਮਜਲਿਸ ਬੈਠੀ।
ਉਨ੍ਹਾਂ ਨੇ ਬੜੀ ਸ਼ਰਮਿੰਦਗੀ ਨਾਲ ਰਾਜੇ ਦੇ ਫੜੇ ਜਾਣ ਦੀ ਗੱਲ ਚਲਾਈ ॥੨੦॥
ਜਦੋਂ ਵਜ਼ੀਰ ਦੀ ਲੜਕੀ ਨੇ ਇਹ ਗੱਲ ਸੁਣੀ।
ਉਸ ਨੇ ਤਲਵਾਰ (ਲਕ ਨਾਲ) ਬੰਨ੍ਹ ਲਈ ਅਤੇ ਤੀਰ ਵੀ ਚੁਣ ਲਏ (ਭਾਵ ਸਮੇਟ ਲਏ) ॥੨੧॥
ਉਸ ਨੇ ਸੁਨਹਿਰੀ ਰੰਗ ਦਾ ਰੂਮੀ ਬਾਣਾ ਪਾ ਲਿਆ
ਅਤੇ ਘੋੜੇ ਦੀ ਕਾਠੀ ਉਤੇ ਬੈਠ ਕੇ ਯੁੱਧ-ਭੂਮੀ ਵਿਚ ਆ ਗਈ ॥੨੨॥
ਉਹ ਪੱਛਮ ਦੇ ਬਾਦਸ਼ਾਹ ਵਲ ਹਵਾ ਦੀ ਤੇਜ਼ੀ ਵਾਂਗ ਚਲ ਪਈ
ਅਤੇ ਕਿਰਪਾਨ ਦੀ ਕਮਾਨ ਅਤੇ ਤੀਰਾਂ ਦਾ ਭਥਾ (ਆਪਣੇ ਕੋਲ) ਰਖ ਲਿਆ ॥੨੩॥
ਉਹ ਪੱਛਮ ਦੇ ਬਾਦਸ਼ਾਹ ਦੇ ਸਾਹਮਣੇ ਬੜੀ ਦਲੇਰੀ ਨਾਲ ਆ ਗਈ
(ਅਤੇ ਕਹਿਣ ਲਗੀ) ਤੂੰ ਬਦਲਾਂ ਵਾਂਗ ਗਜਦਾ ਹੈਂ ਅਤੇ ਸ਼ੇਰਾਂ ਵਾਂਗ ਚੀਰਦਾ ਪਾੜਦਾ ਹੈਂ ॥੨੪॥
ਸਲਾਮੀ ਦੇਣ ਤੋਂ ਬਾਦ (ਉਸ ਨੇ ਕਿਹਾ) ਹੇ ਚੰਗੇ ਭਾਗਾਂ ਵਾਲੇ ਬਾਦਸ਼ਾਹ!
ਤੂੰ ਤਾਜ ਤੇ ਤਖ਼ਤ ਦੀ ਸ਼ੋਭਾ ਦੇ ਲਾਇਕ ਹੈਂ ॥੨੫॥
ਮੇਰੇ ਘਾਹੀ ਘਾਹ ਲੈਣ ਲਈ ਜੰਗਲ ਵਿਚ ਆਏ ਸਨ।
ਉਨ੍ਹਾਂ ਦੋ ਤਿੰਨ ਸੌ ਘੋੜ ਸਵਾਰਾਂ ਵਿਚ ਇਕ ਬਾਦਸ਼ਾਹ ਨਾਲ ਮਿਲਦੀ ਜੁਲਦੀ ਸ਼ਕਲ ਵਾਲਾ ਵੀ ਸੀ ॥੨੬॥
ਚੰਗਾ ਇਹ ਹੈ ਕਿ ਉਨ੍ਹਾਂ ਸਾਰੇ ਘਾਹੀਆਂ ਨੂੰ ਮੋੜ ਦੇ,
ਨਹੀਂ ਤਾਂ ਆਪਣੀ ਮੌਤ ਸਿਰ ਉਤੇ ਆਈ ਲੈ ॥੨੭॥
ਜੇ ਮੇਰੇ ਬਾਦਸ਼ਾਹ ਨੇ ਇਹ ਗੱਲ ਮੇਰੇ ਕੋਲੋਂ ਸੁਣ ਲਈ
ਤਾਂ ਸਚਮੁਚ ਤੇਰੀ ਜੜ੍ਹ ਮੁਢੋਂ ਪੁਟ ਦੇਵੇਗਾ ॥੨੮॥
ਜਦ ਇਹ ਗੱਲ ਫ਼ੌਲਾਦੀ ਸ਼ਰੀਰ ਵਾਲੇ ਬਾਦਸ਼ਾਹ ਨੇ ਸੁਣੀ,
ਤਾਂ ਉਹ ਚੰਬੇਲੀ ਦੇ ਪੱਤੇ ਵਾਂਗ ਕੰਬਣ ਲਗ ਗਿਆ ॥੨੯॥
(ਬਾਦਸ਼ਾਹ ਨੇ ਸੋਚਿਆ ਕਿ) ਜਿਸ ਦੇ ਘਾਹੀਆਂ ਨੇ ਅਜਿਹਾ ਯੁੱਧ ਕੀਤਾ ਹੈ,
ਤਾਂ ਪਤਾ ਨਹੀਂ, ਇਨ੍ਹਾਂ ਦਾ ਬਾਦਸ਼ਾਹ ਕਿਤਨਾ ਬਹਾਦਰ ਹੋਵੇਗਾ ॥੩੦॥
ਜੇ ਇਨ੍ਹਾਂ ਦਾ ਬਾਦਸ਼ਾਹ ਇਤਨਾ ਬਹਾਦਰ ਹੈ,
ਤਾਂ ਕੀ ਪਤਾ ਇਹ ਮੈਨੂੰ ਮੇਰੇ ਦੇਸ਼ ਤੋਂ ਹੀ ਨਾ ਫੜ ਕੇ ਲੈ ਜਾਵੇ ॥੩੧॥
ਬਾਦਸ਼ਾਹ ਨੇ ਸਾਰਿਆਂ ਵਜ਼ੀਰਾਂ ਨੂੰ ਬੁਲਾ ਲਿਆ
ਅਤੇ ਉਨ੍ਹਾਂ ਨਾਲ ਗੁਪਤ ਗੱਲ-ਬਾਤ ਕੀਤੀ ॥੩੨॥
(ਬਾਦਸ਼ਾਹ ਨੇ ਸੰਬੋਧਨ ਕੀਤਾ ਕਿ) ਤੁਸੀਂ ਵੇਖਿਆ ਹੈ ਕਿ ਸਿਪਾਹੀਆਂ ਨੇ ਕਿਹੋ ਜਿਹੀ ਜੰਗ ਕੀਤੀ ਹੈ
ਅਤੇ ਸਾਡੇ ਮੁਲਕ ਨੂੰ ਮਿੱਟੀ ਵਿਚ ਰੋਲ ਦਿੱਤਾ ਹੈ ॥੩੩॥
ਅਜਿਹਾ ਨਾ ਹੋਵੇ ਕਿ ਉਹ ਸਾਡੇ ਮੁਲਕ ਉਤੇ ਚੜ੍ਹਾਈ ਕਰ ਦੇਵੇ।
(ਚੰਗਾ ਹੋਵੇ) ਇਨ੍ਹਾਂ ਘਾਹੀਆਂ ਨੂੰ ਉਸ ਨੇਕ-ਬਖ਼ਤ ਰਾਜੇ ਨੂੰ ਮੋੜ ਦੇਈਏ ॥੩੪॥
ਬਾਦਸ਼ਾਹ ਨੇ ਸਾਰਿਆਂ ਕੈਦ ਘਾਹੀਆਂ ਨੂੰ ਕੋਲ ਬੁਲਾਇਆ