ਦੇਵਤਿਆਂ ਅਤੇ ਦੈਂਤਾਂ ਦੀ ਗਹਿਗਚ ਲੜਾਈ ਹੋਈ।
ਉਥੇ ਇਕ ਛਤ੍ਰਧਾਰੀ ਸੂਰਮਾ ਡਟਿਆ ਹੋਇਆ ਸੀ।
(ਉਸ) ਅਜ ਦੇ ਪੁੱਤਰ ਨੂੰ ਸੱਤੇ ਲੋਕ ਜਾਣਦੇ ਸਨ।
(ਦੈਂਤ) ਸੂਰਮੇ ਉਸ ਉਤੇ ਕ੍ਰੋਧਿਤ ਹੋ ਕੇ ਆ ਪਏ ॥੧੧॥
ਹਠੀਲੇ ਦੈਂਤ ਬਹੁਤ ਕ੍ਰੋਧ ਕਰ ਕੇ ਨੇੜੇ ਢੁਕ ਗਏ
ਅਤੇ ਰਾਜੇ (ਦਸ਼ਰਥ) ਨੂੰ ਚੌਹਾਂ ਪਾਸਿਆਂ ਤੋਂ ਘੇਰ ਲਿਆ।
ਬਜ੍ਰ ਵਰਗੇ ਬਾਣਾਂ ਦੇ ਪ੍ਰਹਾਰ ਕਰ ਰਹੇ ਸਨ
ਅਤੇ ਬਲੀ (ਦੈਂਤ) 'ਮਾਰੋ-ਮਾਰੋ' ਇਸ ਤਰ੍ਹਾਂ ਪੁਕਾਰ ਰਹੇ ਸਨ ॥੧੨॥
ਆਕੜ ਵਾਲੇ ਹਠੀਲੇ ਸੂਰਮੇ ਪਿਛੇ ਨਾ ਹਟੇ
ਅਤੇ ਮਹਾਨ ਕ੍ਰੋਧਵਾਨ ਹੋਏ ਸੂਰਮੇ ਮਾਰੇ ਜਾਣ ਲਗੇ।
ਚੌਹਾਂ ਪਾਸਿਆਂ ਤੋਂ ਅਨੇਕ ਜੰਗੀ ਵਾਜੇ ਵਜਣ ਲਗੇ।
ਮਾਰੂ ਧੁਨ ਗੂੰਜਣ ਲਗੀ ਅਤੇ ਵੱਡੇ ਸੂਰਮੇ ਗੱਜਣ ਲਗੇ ॥੧੩॥
ਕਿਤਨਿਆਂ ਨੂੰ ਵੰਗਾਰ ਕੇ ਮਾਰ ਦਿੱਤਾ ਅਤੇ ਕਿਤਨਿਆਂ ਨੂੰ ਡਰ ('ਬਾਕ') ਨਾਲ ਦਬਾ ਦਿੱਤਾ,
ਕਿਤਨਿਆਂ ਨੂੰ ਢਾਲਾਂ ਨਾਲ ਢਾਹ ਦਿੱਤਾ ਅਤੇ ਕਿਤਨਿਆਂ ਨੂੰ ਦਾੜ੍ਹਾਂ ਨਾਲ ਚਬਾ ਸੁਟਿਆ।
ਕਿਤਨੇ ਹੀ ਸੂਰਮੇ ਬੋਲਾਂ ਨਾਲ ਹੱਲਾ-ਗੁੱਲਾ ਕਰਦੇ ਰਹੇ
ਅਤੇ ਕਿਤਨੇ ਹੀ ਛੱਤ੍ਰਧਾਰੀ ਯੋਧਾ (ਰਣ-ਭੂਮੀ ਵਿਚ) ਜੂਝ ਮਰੇ ॥੧੪॥
ਦੋਹਰਾ:
ਦੈਂਤਾਂ ਦੀ ਸੈਨਾ ਵਿਚੋਂ ਇਕ (ਬਲਵਾਨ) ਦੈਂਤ ਨਿਕਲਿਆ
ਅਤੇ ਬਹੁਤ ਤੀਰ ਮਾਰ ਕੇ ਉਸ ਨੇ ਦਸ਼ਰਥ ਦਾ ਰਥਵਾਨ ਮਾਰ ਦਿੱਤਾ ॥੧੫॥
ਚੌਪਈ:
ਜਦੋਂ ਭਰਤ ਦੀ ਮਾਤਾ (ਕੈਕਈ) ਨੇ ਇਹ ਸੁਣਿਆ
ਕਿ ਅਜ ਦੇ ਪੁੱਤਰ (ਦਸ਼ਰਥ) ਦਾ ਰਥਵਾਨ ਮਾਰਿਆ ਗਿਆ ਹੈ
ਤਾਂ ਉਸ ਨੇ ਖ਼ੁਦ ਸੂਰਮੇ ਦਾ ਭੇਸ ਧਾਰਨ ਕੀਤਾ
ਅਤੇ ਰਾਜੇ ਦੀ ਰਥਵਾਨ ਜਾ ਬਣੀ ॥੧੬॥
ਉਸ ਨੇ ਅਜਿਹੇ ਢੰਗ ਨਾਲ ਰਥ ਚਲਾਇਆ
ਕਿ ਰਾਜੇ ਨੂੰ (ਵੈਰੀ ਦਾ) ਕੋਈ ਤੀਰ ਵੀ ਲਗ ਨਾ ਸਕਿਆ।
ਜਿਥੇ ਵੀ ਦਸ਼ਰਥ ਜਾਣਾ ਚਾਹੁੰਦਾ ਸੀ,
ਉਥੇ ਹੀ ਕੈਕਈ ਲੈ ਕੇ ਪਹੁੰਚਾ ਦਿੰਦੀ ਸੀ ॥੧੭॥
ਕੈਕਈ ਇਸ ਤਰ੍ਹਾਂ ਰਥ ਚਲਾਉਂਦੀ ਸੀ
ਕਿ ਜਿਥੇ ਰਾਜਾ ਚਾਹੁੰਦਾ ਉਥੇ (ਵੈਰੀ ਨੂੰ) ਮਾਰ ਦਿੰਦਾ।
(ਰਣਭੂਮੀ ਦੀ) ਧੂੜ ਉਡ ਕੇ ਆਕਾਸ਼ ਨੂੰ ਛੋਹ ਰਹੀ ਸੀ
ਅਤੇ ਤਲਵਾਰਾਂ ਬਿਜਲੀ ਵਾਂਗ ਚਮਕ ਰਹੀਆਂ ਸਨ ॥੧੮॥
ਇਕਨਾਂ ਨੂੰ (ਰਾਜੇ ਨੇ) ਪੁਰਜ਼ਾ ਪੁਰਜ਼ਾ ਕਰ ਕੇ ਮਾਰ ਦਿੱਤਾ
ਅਤੇ ਇਕਨਾਂ ਨੂੰ ਲਕ ਤੋਂ ਕਟ ਕੇ ਮਾਰ ਦਿੱਤਾ।
ਰਾਜਾ ਦਸ਼ਰਥ ਬਹੁਤ ਕ੍ਰੋਧਵਾਨ ਹੋ ਕੇ ਗਜਿਆ
ਅਤੇ ਯੁੱਧ-ਭੂਮੀ ਵਿਚ ਮਾਰੂ ਰਾਗ ਵਜਿਆ ॥੧੯॥
ਦੋਹਰਾ:
ਯੁੱਧ-ਭੂਮੀ ਵਿਚ ਅਣਗਿਣਤ ਸੰਖ, ਨਫ਼ੀਰੀ, ਕਾਨਰੇ, ਤੁਰਹੀ, ਭੇਰ (ਵਜ ਰਹੇ ਸਨ)
ਅਤੇ ਹਜ਼ਾਰਾਂ ਮੁਚੰਗ, ਸਨਾਈ, ਡੁਗਡੁਗੀ, ਡੌਰੂ ਅਤੇ ਢੋਲ (ਧੁਨਾਂ ਕਢ ਰਹੇ ਸਨ) ॥੨੦॥
ਭੁਜੰਗ ਛੰਦ:
ਯੋਧਿਆਂ ਦੀ ਗਰਜ ਸੁਣ ਕੇ ਬੁਜ਼ਦਿਲ ਭਜ ਰਹੇ ਹਨ
ਅਤੇ ਡਰਾਉਣੀ ਆਵਾਜ਼ ਵਿਚ ਵੱਡੀਆਂ ਭੇਰਾਂ ਵਜ ਰਹੀਆਂ ਹਨ।
ਉਥੇ ਭੂਤਾਂ ਦੀ ਬਹੁਤ ਭੀੜ ਲਗ ਗਈ ਹੈ
ਅਤੇ ਵੱਡੇ ਛਤ੍ਰਧਾਰੀ ਕ੍ਰੋਧ ਨਾਲ ਭਰੇ ਡਟੇ ਹੋਏ ਹਨ ॥੨੧॥
ਹੱਥਾਂ ਵਿਚ ਕਰੋੜਾਂ ਕ੍ਰਿਪਾਨਾਂ ਕਢੀਆਂ ਹੋਈਆਂ ਦਿਸ ਰਹੀਆਂ ਹਨ
ਅਤੇ ਵੱਡੇ ਜੁਆਨ ਸੂਰਮੇ ਯੁੱਧ-ਭੂਮੀ ਵਿਚ ਡਿਗ ਰਹੇ ਹਨ।
ਸੂਰਮਿਆਂ ਉਤੇ ਭਾਰੀ ਭੀੜ ਆਣ ਬਣੀ ਹੈ
ਅਤੇ ਅਸਤ੍ਰ, ਸ਼ਸਤ੍ਰ, ਕਾਤੀਆਂ ਅਤੇ ਕਟਾਰੀਆਂ ਚਲ ਰਹੀਆਂ ਹਨ ॥੨੨॥