ਸ਼੍ਰੀ ਦਸਮ ਗ੍ਰੰਥ

ਅੰਗ - 153


ਇਨ ਕੋ ਕਾਢਿ ਧਰਨ ਤੇ ਦੀਨਾ ॥੬॥੨੯੬॥

ਅਤੇ ਇਨ੍ਹਾਂ ਨੂੰ (ਰਾਜ ਦੀ) ਧਰਤੀ (ਦੀ ਸੀਮਾ) ਤੋਂ ਕਢ ਦਿੱਤਾ ਹੈ ॥੬॥੨੯੬॥

ਤੋਟਕ ਛੰਦ ॥

ਤੋਟਕ ਛੰਦ:

ਇਮ ਬਾਤ ਜਬੈ ਨ੍ਰਿਪ ਤੇ ਸੁਨਿਯੰ ॥

ਜਦੋਂ ਇਹ ਗੱਲ (ਬ੍ਰਾਹਮਣਾਂ ਨੇ) ਰਾਜੇ ਤੋਂ ਸੁਣੀ,

ਗ੍ਰਹ ਬੈਠ ਸਬੈ ਦਿਜ ਮੰਤ੍ਰ ਕੀਯੰ ॥

(ਤਦ) ਘਰ ਬੈਠ ਕੇ ਸਾਰੇ ਬ੍ਰਾਹਮਣਾਂ ਨੇ ਸਲਾਹ ਕੀਤੀ

ਅਜ ਸੈਨ ਅਜੈ ਭਟ ਦਾਸ ਸੁਤੰ ॥

ਕਿ ਦਾਸੀ ਦਾ ਪੁੱਤਰ ਅਜੈ ਸਿੰਘ ਅਜਿਤ ਸ਼ੂਰਵੀਰ ਹੈ

ਅਤ ਦੁਹਕਰ ਕੁਤਸਿਤ ਕ੍ਰੂਰ ਮਤੰ ॥੭॥੨੯੭॥

ਅਤੇ ਬਹੁਤ ਕਠੋਰ, ਭੈੜੇ ਵਿਵਹਾਰ ਵਾਲਾ ਅਤੇ ਮਾੜੀ ਬੁੱਧੀ ਵਾਲ ਹੈ ॥੭॥੨੯੭॥

ਮਿਲ ਖਾਇ ਤਉ ਖੋਵੈ ਜਨਮ ਜਗੰ ॥

(ਜੇ ਉਸ ਨਾਲ) ਮਿਲ ਕੇ (ਭੋਜਨ) ਖਾਈਏ ਤਾਂ ਜਗਤ ਵਿਚ ਜਨਮ ਭ੍ਰਸ਼ਟ ਹੁੰਦਾ ਹੈ।

ਨਹਿ ਖਾਤ ਤੁ ਜਾਤ ਹੈ ਕਾਲ ਮਗੰ ॥

(ਜੇ) ਨਾ ਖਾਈਏ ਤਾਂ ਕਾਲ ਦੇ ਰਾਹ ਉਤੇ ਜਾਣਾ ਪੈਂਦਾ ਹੈ।

ਮਿਲ ਮਿਤ੍ਰ ਸੁ ਕੀਜੈ ਕਉਨ ਮਤੰ ॥

(ਇਸ ਲਈ) ਹੇ ਮਿਤਰੋ! ਮਿਲ ਕੇ ਕੋਈ ਸਲਾਹ ਕਰੋ

ਜਿਹ ਭਾਤ ਰਹੇ ਜਗ ਆਜ ਪਤੰ ॥੮॥੨੯੮॥

ਜਿਸ ਨਾਲ ਅਜ ਜਗਤ ਵਿਚ ਇਜ਼ਤ ਰਹਿ ਜਾਏ ॥੮॥੨੯੮॥

ਸੁਨ ਰਾਜਨ ਰਾਜ ਮਹਾਨ ਮਤੰ ॥

(ਸਲਾਹ ਕਰਨ ਉਪਰੰਤ ਬ੍ਰਾਹਮਣਾਂ ਨੇ ਰਾਜੇ ਨੂੰ ਕਿਹਾ-) ਹੇ ਰਾਜਿਆਂ ਦੇ ਰਾਜੇ, ਮਹਾਨ ਮਤ ਵਾਲੇ! ਸੁਣੋ।

ਅਨਭੀਤ ਅਜੀਤ ਸਮਸਤ ਛਿਤੰ ॥

ਸਾਰੀ ਧਰਤੀ (ਛਿਤੰ) (ਉਤੇ ਇਕ ਤੁਸੀਂ ਹੀ) ਡਰ ਤੋਂ ਬਿਨਾ ਅਤੇ ਅਜਿਤ ਹੋ।

ਅਨਗਾਹ ਅਥਾਹ ਅਨੰਤ ਦਲੰ ॥

ਨਾ ਗਾਹੇ ਜਾ ਸਕਣ ਵਾਲੇ, ਥਾਹ ਤੋਂ ਬਿਨਾ, ਅਨੰਤ ਦਲ ਵਾਲੇ,

ਅਨਭੰਗ ਅਗੰਜ ਮਹਾ ਪ੍ਰਬਲੰ ॥੯॥੨੯੯॥

ਨਾ ਟੁੱਟਣ ਵਾਲੇ, ਨਾ ਖ਼ਤਮ ਹੋਣ ਵਾਲੇ, ਮਹਾਨ ਅਤੇ ਪ੍ਰਬਲ ਹੋ ॥੯॥੨੯੯॥

ਇਹ ਠਉਰ ਨ ਛਤ੍ਰੀ ਏਕ ਨਰੰ ॥

ਇਸ ਸਥਾਨ ਤੇ ਇਕ ਵੀ ਛਤਰੀ ਮਨੁੱਖ ਨਹੀਂ ਹੈ।

ਸੁਨ ਸਾਚੁ ਮਹਾ ਨ੍ਰਿਪਰਾਜ ਬਰੰ ॥

ਹੇ ਮਹਾ ਬਲਵਾਨ ਰਾਜਨ! ਸੁਣੋ, ਇਹ ਸੱਚੀ ਗੱਲ ਹੈ।

ਕਹਿਕੈ ਦਿਜ ਸਉ ਉਠਿ ਜਾਤ ਭਏ ॥

ਇਹ ਕਹਿ ਕੇ ਬ੍ਰਾਹਮਣ ਉਠ ਕੇ ਚਲੇ ਗਏ।

ਵੇਹ ਆਨਿ ਜਸੂਸ ਬਤਾਇ ਦਏ ॥੧੦॥੩੦੦॥

ਉਧਰ ਜਸੂਸ ਨੇ ਆ ਕੇ ਦਸ ਦਿੱਤਾ (ਕਿ ਅਸੁਮੇਧ ਤੇ ਅਸੁਮੇਦ ਅੰਦਰ ਹੀ ਹਨ) ॥੧੦॥੩੦੦॥

ਤਹਾ ਸਿੰਘ ਅਜੈ ਮਨਿ ਰੋਸ ਬਢੀ ॥

ਤਦੋਂ ਅਜੈ ਸਿੰਘ ਦੇ ਮਨ ਵਿਚ ਗੁੱਸਾ ਵਧ ਗਿਆ।

ਕਰਿ ਕੋਪ ਚਮੂੰ ਚਤੁਰੰਗ ਚਢੀ ॥

ਕ੍ਰੋਧਵਾਨ ਹੋ ਕੇ ਚੌਹਾਂ ਤਰ੍ਹਾਂ ਦੀ ਫ਼ੌਜ ਚੜ੍ਹਾ ਦਿੱਤੀ।

ਤਹ ਜਾਇ ਪਰੀ ਜਹ ਖਤ੍ਰ ਬਰੰ ॥

(ਉਹ) ਉਥੇ ਜਾ ਪਈ ਜਿਥੇ ਸ੍ਰੇਸ਼ਠ ਛਤਰੀ (ਰਾਜ ਕੁਮਾਰ) (ਲੁਕੇ ਹੋਏ ਸਨ)।

ਬਹੁ ਕੂਦਿ ਪਰੇ ਦਿਜ ਸਾਮ ਘਰੰ ॥੧੧॥੩੦੧॥

ਉਹ (ਦੋਵੇਂ ਰਾਜਾ ਕੁਮਾਰ ਕੋਠੇ ਤੋਂ) ਟੱਪ ਕੇ ਬ੍ਰਾਹਮਣ ਦੇ ਘਰ ਸ਼ਰਨੀ ਜਾ ਪਏ ॥੧੧॥੩੦੧॥

ਦਿਜ ਮੰਡਲ ਬੈਠਿ ਬਿਚਾਰੁ ਕੀਯੋ ॥

ਬ੍ਰਾਹਮਣ-ਸਮਾਜ ਨੇ ਬੈਠ ਕੇ ਸਲਾਹ ਕੀਤੀ।

ਸਬ ਹੀ ਦਿਜ ਮੰਡਲ ਗੋਦ ਲੀਯੋ ॥

ਸਾਰੀ ਬ੍ਰਾਹਮਣ-ਮੰਡਲੀ ਨੇ (ਉਨ੍ਹਾਂ ਨੂੰ) ਗੋਦ ਵਿਚ ਲੈ ਲਿਆ

ਕਹੁ ਕਉਨ ਸੁ ਬੈਠਿ ਬਿਚਾਰ ਕਰੈ ॥

ਅਤੇ ਬੈਠ ਕੇ ਵਿਚਾਰ ਕਰਨ ਲਗੇ ਕਿ ਕਿਹੜਾ (ਉਪਾ ਕੀਤਾ ਜਾਏ ਕਿ)

ਨ੍ਰਿਪ ਸਾਥ ਰਹੈ ਨਹੀ ਏਊ ਮਰੈ ॥੧੨॥੩੦੨॥

ਰਾਜੇ ਨਾਲ ਵੀ ਰਹਿ ਆਵੇ ਅਤੇ ਇਹ (ਦੋਵੇਂ ਵੀ) ਨਾ ਮਰਨ ॥੧੨॥੩੦੨॥

ਇਹ ਭਾਤਿ ਕਹੀ ਤਿਹ ਤਾਹਿ ਸਭੈ ॥

ਇਸ ਤਰ੍ਹਾਂ (ਗੱਲ) ਕਹੇ ਜਾਣ ਤੋਂ ਬਾਦ ਸਾਰਿਆਂ (ਬ੍ਰਾਹਮਣਾਂ) ਨੇ ਕਿਹਾ

ਤੁਮ ਤੋਰ ਜਨੇਵਨ ਦੇਹੁ ਅਬੈ ॥

ਕਿ ਤੁਸੀਂ ਸਾਰੇ ਹੁਣੇ ਹੀ ਜੰਜੂ ਤੋੜ ਦਿਓ।

ਜੋਊ ਮਾਨਿ ਕਹਿਯੋ ਸੋਈ ਲੇਤ ਭਏ ॥

ਜਿਨ੍ਹਾਂ ਨੇ (ਉਦੋਂ) ਕਹੀ ਗਈ ਗੱਲ ਨੂੰ ਮੰਨ ਲਿਆ ਅਤੇ ਜੰਜੂ ਤੋੜ ਦਿੱਤੇ,

ਤੇਊ ਬੈਸ ਹੁਇ ਬਾਣਜ ਕਰਤ ਭਏ ॥੧੩॥੩੦੩॥

ਉਹ ਵੈਸ਼ ਹੋ ਗਏ ਅਤੇ ਵਣਜ ਕਰਨ ਲਗ ਗਏ ॥੧੩॥੩੦੩॥

ਜਿਹ ਤੋਰ ਜਨੇਊ ਨ ਕੀਨ ਹਠੰ ॥

ਜਿਨ੍ਹਾਂ ਨੇ ਜਨੇਊ ਨਾ ਤੋੜਨ ਦਾ ਹਠ ਕੀਤਾ,

ਤਿਨ ਸਿਉ ਉਨ ਭੋਜੁ ਕੀਓ ਇਕਠੰ ॥

ਉਨ੍ਹਾਂ ਨਾਲ ਉਨ੍ਹਾਂ ਰਾਜਕੁਮਾਰਾਂ ਨੇ ਇਕੱਠਾ ਭੋਜਨ ਕੀਤਾ।

ਫਿਰ ਜਾਇ ਜਸੂਸਹਿ ਐਸ ਕਹਿਓ ॥

ਫਿਰ ਜਾਸੂਸ ਨੇ (ਰਾਜਾ ਅਜੈ ਸਿੰਘ ਨੂੰ) ਇੰਜ ਕਿਹਾ,

ਇਨ ਮੈ ਉਨ ਮੈ ਇਕ ਭੇਦੁ ਰਹਿਓ ॥੧੪॥੩੦੪॥

"ਇਨ੍ਹਾਂ (ਬ੍ਰਾਹਮਣਾਂ) ਅਤੇ ਉਨ੍ਹਾਂ (ਰਾਜਕੁਮਾਰਾਂ) ਵਿਚ (ਅਜੇ) ਇਕ ਭੇਦ ਰਹਿੰਦਾ ਹੈ" ॥੧੪॥੩੦੪॥

ਪੁਨਿ ਬੋਲਿ ਉਠਿਯੋ ਨ੍ਰਿਪ ਸਰਬ ਦਿਜੰ ॥

ਫਿਰ ਰਾਜਾ (ਅਜੈ ਸਿੰਘ) ਸਾਰਿਆਂ ਬ੍ਰਾਹਮਣਾਂ ਨੂੰ ਕਹਿਣ ਲਗਿਆ,

ਨਹਿ ਛਤ੍ਰਤੁ ਦੇਹੁ ਸੁਤਾਹਿ ਤੁਅੰ ॥

ਜੇ ਤੁਸੀਂ ਛਤਰੀ (ਰਾਜਕੁਮਾਰ) ਨਹੀਂ (ਦਿੰਦੇ) ਤਾਂ ਤੁਸੀਂ ਆਪਣੀ ਪੁੱਤਰੀ ਦਿਓ।

ਮਰਿਗੇ ਸੁਨਿ ਬਾਤ ਮਨੋ ਸਬ ਹੀ ॥

(ਇਹ) ਗੱਲ ਸੁਣ ਕੇ ਮਾਨੋ ਸਾਰੇ (ਬ੍ਰਾਹਮਣ) ਮਰ ਗਏ ਹੋਣ

ਉਠਿ ਕੈ ਗ੍ਰਿਹਿ ਜਾਤ ਭਏ ਤਬ ਹੀ ॥੧੫॥੩੦੫॥

ਅਤੇ ਉਦੋਂ ਹੀ ਉਠ ਕੇ ਸਾਰੇ ਘਰਾਂ ਨੂੰ ਚਲੇ ਗਏ ॥੧੫॥੩੦੫॥

ਸਭ ਬੈਠਿ ਬਿਚਾਰਨ ਮੰਤ੍ਰ ਲਗੇ ॥

ਸਾਰੇ ਬੈਠ ਕੇ ਵਿਚਾਰ ਕਰਨ ਲਗੇ।

ਸਭ ਸੋਕ ਕੇ ਸਾਗਰ ਬੀਚ ਡੁਬੇ ॥

ਸਾਰੇ ਸੋਗ ਦੇ ਸਾਗਰ ਵਿਚ ਡੁਬੇ ਹੋਏ ਸਨ।

ਵਹਿ ਬਾਧ ਬਹਿਠ ਅਤਿ ਤੇਊ ਹਠੰ ॥

ਉਹ (ਇਨ੍ਹਾਂ ਨੂੰ) ਬੰਨ੍ਹਣ ਲਈ ਬੈਠਾ ਹੈ ਅਤੇ (ਇਹ ਬ੍ਰਾਹਮਣ ਵੀ) ਬੜੇ ਹਠੀ ਹਨ

ਹਮ ਏ ਦੋਊ ਭ੍ਰਾਤ ਚਲੈ ਇਕਠੰ ॥੧੬॥੩੦੬॥

ਕਿ (ਅਸੀਂ) ਇਨ੍ਹਾਂ ਦੋਹਾਂ ਭਰਾਵਾਂ ਨਾਲ ਇਕੱਠੇ ਚਲਾਂਗੇ ॥੧੬॥੩੦੬॥

ਹਠ ਕੀਨ ਦਿਜੈ ਤਿਨ ਲੀਨ ਸੁਤਾ ॥

(ਸਨੌਢੀ) ਬ੍ਰਾਹਮਣ ਨੇ ਹਠ ਕੀਤਾ (ਤਾਂ ਰਾਜਾ ਅਜੈ ਸਿੰਘ ਨੇ) ਉਸ ਦੀ ਪੁੱਤਰੀ ਲੈ ਲਈ

ਅਤਿ ਰੂਪ ਮਹਾ ਛਬਿ ਪਰਮ ਪ੍ਰਭਾ ॥

ਜੋ ਬਹੁਤ ਰੂਪਵਾਨ, ਮਹਾਨ ਛਬੀ ਵਾਲੀ ਅਤੇ ਸ੍ਰੇਸ਼ਠ ਸ਼ੋਭਾ ਵਾਲੀ ਸੀ।

ਤ੍ਰਿਯੋ ਪੇਟ ਸਨੌਢ ਤੇ ਪੂਤ ਭਏ ॥

ਉਸ ਸਨੌਢ ਇਸਤਰੀ ਦੇ ਪੇਟ ਤੋਂ (ਜੋ) ਪੁੱਤਰ ਪੈਦਾ ਹੋਏ,

ਵਹਿ ਜਾਤਿ ਸਨੌਢ ਕਹਾਤ ਭਏ ॥੧੭॥੩੦੭॥

ਉਹ ਸਨੌਢ ਜਾਤੀ ਵਾਲੇ ਪ੍ਰਸਿੱਧ ਹੋਏ ॥੧੭॥੩੦੭॥

ਸੁਤ ਅਉਰਨ ਕੇ ਉਹ ਠਾ ਜੁ ਅਹੈ ॥

ਹੋਰਨਾਂ (ਛਤਰੀਆਂ ਦੇ ਬ੍ਰਾਹਮਣ ਇਸਤਰੀਆਂ ਤੋਂ ਪੈਦਾ ਹੋਏ) ਪੁੱਤਰ ਜੋ ਉਥੇ ਰਹਿੰਦੇ ਸਨ,

ਉਤ ਛਤ੍ਰੀਅ ਜਾਤਿ ਅਨੇਕ ਭਏ ॥

ਉਨ੍ਹਾਂ ਤੋਂ ਛਤਰੀਆਂ ਦੀਆਂ ਹੋਰ ਕਈ ਜਾਤੀਆਂ ਵਿਕਸਿਤ ਹੋਈਆਂ।


Flag Counter