ਤਦ ਵੈਦ ਚਲ ਕੇ ਰਾਜੇ ਕੋਲ ਗਿਆ
ਅਤੇ ਉਸ ਦੇ ਸ਼ਰੀਰ ਨੂੰ ਰੋਗੀ ਦਸਿਆ ॥੬॥
(ਅਤੇ ਕਿਹਾ) ਜੇ ਤੁਸੀਂ ਕਹੋ, ਤਾਂ ਉਪਾ ਕਰਾਂ।
ਜਿਵੇਂ ਕਿਵੇਂ ਉਸ ਨੂੰ ਇਕ ਬੱਟੀ ('ਬਰੀ') ਖਵਾ ਦਿੱਤੀ।
(ਉਸ ਨਾਲ) ਰਾਜੇ ਦਾ ਅਰੋਗੀ ਸ਼ਰੀਰ ਰੋਗੀ ਹੋ ਗਿਆ।
ਪਰ ਉਹ ਮੂਰਖ ਭੇਦ ਅਭੇਦ ਨੂੰ ਨਾ ਸਮਝ ਸਕਿਆ ॥੭॥
ਬੱਟੀ ਖਾਂਦਿਆਂ ਹੀ ਉਸ ਦਾ ਪੇਟ ਚਲ ਗਿਆ,
ਮਾਨੋ ਸਾਵਣ (ਦੇ ਮਹੀਨੇ ਵਿਚ) ਪਰਨਾਲਾ ਵਗਣ ਲਗ ਗਿਆ ਹੋਵੇ।
(ਦਸਤਾਂ ਨੂੰ) ਰੋਕਣ ਲਈ ਰਾਜੇ ਨੂੰ
ਮਲੋਮਲੀ ਦੂਜੀ ਬੱਟੀ ਖਵਾ ਦਿੱਤੀ ॥੮॥
ਉਸ ਨਾਲ ਪੇਟ ਹੋਰ ਜ਼ਿਆਦਾ ਚਲ ਗਿਆ।
ਜਿਸ ਕਰ ਕੇ ਰਾਜਾ ਬਹੁਤ ਨਿਢਾਲ ਹੋ ਗਿਆ।
ਵੈਦ ਨੇ ਕਿਹਾ, ਰਾਜੇ ਨੂੰ ਸੰਨਪਾਤ (ਰੋਗ) ਹੋ ਗਿਆ ਹੈ।
ਇਸ ਲਈ ਵਿਚਾਰ ਪੂਰਵਕ ਇਸ ਢੰਗ ਦਾ ਇਲਾਜ ਕੀਤਾ ਹੈ ॥੯॥
(ਵੈਦ ਨੇ) ਦਸ ਤੋਲੇ ਹਫ਼ੀਮ ਮੰਗਵਾਈ
ਅਤੇ ਬਹੁਤ ਸਾਰੀ ਬਿਖ ਉਸ ਵਿਚ ਮਿਲਾ ਦਿੱਤੀ।
(ਉਸ ਦਵਾਈ ਦਾ) ਰਾਜੇ ਦੇ ਸ਼ਰੀਰ ਉਪਰ ਧੂੜਾ ਕੀਤਾ।
ਉਸ ਨਾਲ (ਰਾਜੇ ਦੀ) ਚਮੜੀ ਉਤਰ ਗਈ ॥੧੦॥
ਜਦ ਰਾਜਾ 'ਹਾਇ ਹਾਇ' ਕਰਦਾ,
ਤਿਵੇਂ ਤਿਵੇਂ ਵੈਦ ਇਸ ਤਰ੍ਹਾਂ ਕਹਿੰਦਾ,
ਇਸ ਨੂੰ ਅਧਿਕ ਬੋਲਣ ਨਾ ਦਿਓ
ਅਤੇ ਰਾਜੇ ਦਾ ਮੂੰਹ ਬੰਦ ਕਰ ਲਵੋ ॥੧੧॥
ਜਿਵੇਂ ਜਿਵੇਂ ਧੂੜਾ ਰਾਜੇ ਦੇ ਸ਼ਰੀਰ ਉਤੇ ਪੈਂਦਾ,
ਤਿਵੇਂ ਤਿਵੇਂ ਰਾਜਾ 'ਹਾਇ ਹਾਇ' ਕਹਿੰਦਾ।
(ਇਸ ਗੱਲ ਦਾ) ਭੇਦ ਅਭੇਦ ਕਿਸੇ ਨੇ ਨਾ ਸਮਝਿਆ
ਅਤੇ ਇਸ ਛਲ ਨਾਲ ਉਸ ਦੇ ਪ੍ਰਾਣ ਲੈ ਲਏ ॥੧੨॥
(ਰਾਣੀ ਨੇ) ਇਸ ਛਲ ਨਾਲ ਰਾਜੇ ਨੂੰ ਮਾਰ ਦਿੱਤਾ
ਅਤੇ ਆਪਣੇ ਪੁੱਤਰ ਦੇ ਸਿਰ ਉਤੇ ਛੱਤਰ ਝੁਲਾ ਦਿੱਤਾ।
ਸਾਰੀਆਂ ਸੌਂਕਣਾਂ ਨੂੰ ਕਢ ਦਿੱਤਾ,
ਪਰ ਕਿਸੇ ਨੇ ਭੇਦ ਅਭੇਦ ਨੂੰ ਨਾ ਸਮਝਿਆ ॥੧੩॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੨੮੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੨੮੧॥੫੩੮੯॥ ਚਲਦਾ॥
ਚੌਪਈ:
ਅਮੀ ਕਰਨ ਨਾਂ ਦਾ ਇਕ ਰਾਜਾ ਸੁਣਿਆ ਸੀ
ਜਿਸ ਦੇ ਘਰ ਅਮਰ ਕਲਾ ਨਾਂ ਦੀ ਇਸਤਰੀ ਸੀ।
(ਉਹ) ਸਿਰਾਜ ਗੜ੍ਹ ਉਤੇ ਰਾਜ ਕਰਦਾ ਸੀ।
(ਇਸ ਲਈ ਉਹ) ਜਗਤ ਵਿਚ 'ਸੀਰਾਜੀ' ਦੇ ਨਾਂ ਨਾਲ ਬੁਲਾਇਆ ਜਾਂਦਾ ਸੀ ॥੧॥
ਅਸੁਰ ਕਲਾ ਉਸ ਦੀ ਦੂਜੀ ਰਾਣੀ ਸੀ
ਜੋ ਰਾਤ ਦਿਨ ਰਾਜੇ ਦੇ ਹਿਰਦੇ ਵਿਚ ਵਸਦੀ ਸੀ।
ਅਮਰ ਕਲਾ ਮਨ ਵਿਚ ਬਹੁਤ ਕ੍ਰੋਧ ਕਰਦੀ ਸੀ।
ਅਸੁਰ ਕਲਾ ਨੂੰ ਰਾਜਾ ਨਿੱਤ ਬੁਲਾਉਂਦਾ ਸੀ ॥੨॥
(ਅਮਰ ਕਲਾ ਰਾਣੀ ਨੇ) ਇਕ ਬਨੀਏ ਨੂੰ ਬੁਲਾ ਲਿਆ
ਅਤੇ ਉਸ ਨਾਲ ਕਾਮ-ਕ੍ਰੀੜਾ ਕੀਤੀ।
ਉਸ ਪੁਰਸ਼ ਦਾ ਨਾਂ ਅਨੰਦ ਕੁਮਾਰ ਸੀ
ਜਿਸ ਨਾਲ ਰਾਜੇ ਦੀ ਇਸਤਰੀ ਨੇ ਸੰਯੋਗ ਕੀਤਾ ਸੀ ॥੩॥
(ਉਸ ਨੇ) ਅਸੁਰ ਕਲਾ ਨੂੰ ਆਪਣੇ ਹੱਥਾਂ ਨਾਲ ਮਾਰ ਦਿੱਤਾ
ਅਤੇ ਫਿਰ ਪਤੀ ਨੂੰ ਦਸਿਆ ਕਿ ਤੇਰੀ ਇਸਤਰੀ ਮਰ ਗਈ ਹੈ।
ਉਸ ਨੇ (ਅਰਥੀ ਦੇ) ਫਟੇ ਹੇਠਾਂ ਮਿਤਰ ਨੂੰ ਢਕ ਦਿੱਤਾ
ਅਤੇ ਉਸ ਉਤੇ ਸੁੰਦਰ ਸਜਾਵਟ ਕਰ ਦਿੱਤੀ ॥੪॥