ਹਰਿ ਨੇ ਫਿਰ ਸਾਰਿਆਂ ਦੇਵਤਿਆਂ ਨੂੰ ਬੁਲਾ ਕੇ ਆਗਿਆ ਦਿੱਤੀ,
ਤੁਸੀਂ ਜਾ ਕੇ (ਗੋਕੁਲ ਵਿਚ) ਰੂਪ ਧਾਰੋ। ਮੈਂ ਵੀ (ਕ੍ਰਿਸ਼ਨ ਅਵਤਾਰ) ਧਾਰਨ ਕਰ ਕੇ ਆਵਾਂਗਾ ॥੧੩॥
ਜਦੋਂ ਦੇਵਤਿਆਂ (ਨੇ ਹਰਿ ਦੀ ਇਹ) ਗੱਲ ਸੁਣੀ, (ਤਾਂ) ਕ੍ਰੋੜਾਂ ਵਾਰ ਪ੍ਰਣਾਮ ਕੀਤਾ
ਅਤੇ ਆਪਣੀਆਂ ਇਸਤਰੀਆਂ ਸਮੇਤ ਨਵੇਂ ਰੂਪ ਧਾਰਨ ਕਰ ਲਏ ॥੧੪॥
ਇਸ ਤਰ੍ਹਾਂ ਸਾਰੇ ਦੇਵਤੇ (ਨਵੇਂ ਮਨੁੱਖ) ਰੂਪ ਧਾਰਨ ਕਰ ਕੇ ਧਰਤੀ ਉਤੇ ਆਏ।
ਹੁਣ ਦੇਵਕੀ ਦੀ ਲੀਲ੍ਹਾ ਨੂੰ ਮੁਖੋਂ ਕਹਿ ਕੇ ਸੁਣਾਉਂਦਾ ਹਾਂ ॥੧੫॥
ਇਥੇ ਸ੍ਰੀ ਬਿਸਨਾ ਅਵਤਾਰ ਧਾਰਨ ਕਰਨ ਦਾ ਵਰਣਨ ਸਮਾਪਤ।
ਹੁਣ ਦੇਵਕੀ ਦੇ ਜਨਮ ਦਾ ਕਥਨ
ਦੋਹਰਾ:
ਉਗ੍ਰਸੈਨ ਦੀ ਕੰਨਿਆ, ਜਿਸ ਦਾ ਨਾਂ 'ਦੇਵਕੀ' ਸੀ,
ਸੋਮਵਾਰ ਦੇ ਦਿਨ (ਮਾਤਾ ਦੀ) ਕੁੱਖ ਵਿਚੋਂ (ਜਗਤ ਵਿਚ) ਪ੍ਰਗਟ ਹੋਈ ॥੧੬॥
ਇਥੇ ਦੇਵਕੀ ਦੇ ਜਨਮ ਦੇ ਵਰਣਨ ਦੇ ਪਹਿਲੇ ਧਿਆਇ ਦੀ ਸਮਾਪਤੀ।
ਹੁਣ ਦੇਵਕੀ ਦੇ ਵਰ ਢੂੰਢਣ ਦੇ ਕਥਨ ਦਾ ਆਰੰਭ:
ਦੋਹਰਾ:
ਜਦੋਂ ਉਹ ਸੁੰਦਰ ਕੰਨਿਆ (ਦੇਵਕੀ) ਵਰ ਦੇ ਯੋਗ ਹੋਈ
(ਤਦੋਂ) ਰਾਜੇ ਨੇ ਆਪਣੇ ਲੋਕਾਂ ਨੂੰ (ਉਸ) ਲਈ ਵਰ ਲਭਣ ਦੀ ਗੱਲ ਕਹੀ ॥੧੭॥
ਇਸ ਪ੍ਰਥਾਇ ਭੇਜੇ ਗਏ ਦੂਤ ਨੇ ਜਾ ਕੇ ਬਸੁਦੇਵ ਨੂੰ ਵੇਖਿਆ
(ਜੋ) ਕਾਮਦੇਵ ਸਮਾਨ (ਸੁੰਦਰ) ਮੁਖੜੇ ਵਾਲਾ, ਸੁਖਾਂ ਦਾ ਘਰ ਅਤੇ ਤੱਤਾਂ ਦੇ ਭੇਦ ਨੂੰ ਜਾਣਨ ਵਾਲਾ ਸੀ ॥੧੮॥
ਕਬਿੱਤ:
(ਦੂਤ ਨੇ) ਜਾ ਕੇ 'ਬਸੁਦੇਵ' ਦੇ ਮੱਥੇ ਤਿਲਕ ਦੇ ਦਿੱਤਾ ਅਤੇ ਝੋਲੀ ਵਿਚ ਨਾਰੀਅਲ ਪਾ ਕੇ ਅਸੀਸ ਦਿੱਤੀ।
(ਇਸ ਤਰ੍ਹਾਂ ਦੀ) ਵਡਿਆਈ (ਬਸੁਦੇਵ ਨੂੰ) ਦਿੱਤੀ, ਜੋ ਮਿਠਿਆਈ ਤੋਂ ਵੀ ਮਿੱਠੀ ਸੀ ਅਤੇ ਸਾਰਿਆਂ ਲੋਗਾਂ ਦੇ ਮਨ ਨੂੰ ਅਤੇ ਸਾਰਿਆਂ ਰਾਜਿਆਂ ਦੇ ਰਾਜੇ (ਉਗ੍ਰਸੈਨ) ਨੂੰ ਚੰਗੀ ਲਗੀ।
ਜੋ (ਉਸ ਦੇ) ਮਨ ਵਿਚ ਆਈ, ਉਹੀ (ਸੋਭਾ) ਕਹਿ ਕੇ (ਦੂਤ ਨੇ ਰਾਜੇ ਨੂੰ) ਸੁਣਾਈ, (ਜੋ) ਸਭਨਾਂ ਨੂੰ ਅਤੇ ਰਾਜੇ (ਅਥਵਾ ਪਟਰਾਣੀ) ਦੇ ਮਨ ਨੂੰ ਚੰਗੀ ਲਗੀ।
(ਇਸ ਨਵੇਂ ਸੰਬੰਧ) ਦੀ ਸੋਭਾ ਸਾਰੇ ਜਗਤ ਨੇ ਗਾਈ ਅਤੇ (ਜਿਸ ਨੇ ਉਹ) ਸ਼ੋਭਾ ਸੁਣ ਕੇ ਅਗੇ ਗਾਈ ਹੈ, ਉਹ (ਉਥੋਂ ਅਗੇ) ਇਕ ਲੋਕ ਕੀ, ਵੀਹ-ਤੀਹ ਲੋਕ ਤਕ ਪਸਰ ਗਈ ਹੈ। (ਅਰਥਾਤ ਸਾਰੇ ਸੰਸਾਰ ਵਿਚ ਬਸੁਦੇਵ ਦੀ ਸੋਭਾ ਪਸਰੀ ਹੋਈ ਹੈ) ॥੧੯॥
ਦੋਹਰਾ:
ਕੰਸ ਅਤੇ ਬਸੁਦੇਵ ਨੇ ਵਿਆਹ ਦੀ ਵਿਵਸਥਾ ਕੀਤੀ।
ਸਾਰੀ ਧਰਤੀ ਉਤੇ ਖੁਸ਼ੀ ਖਿਲਰ ਗਈ ਅਤੇ ਵਾਜੇ ਵਜਣ ਲਗ ਪਏ ॥੨੦॥
ਹੁਣ ਦੇਵਕੀ ਦੇ ਵਿਆਹ ਦਾ ਕਥਨ
ਸਵੈਯਾ:
ਬ੍ਰਾਹਮਣਾਂ ਨੂੰ ਆਸਣਾਂ ਉਤੇ ਬਿਠਾ ਕੇ ਉਨ੍ਹਾਂ ਦੇ ਨੇੜੇ (ਬਸੁਦੇਵ) ਨੂੰ ਲੈ ਜਾ ਕੇ ਬਿਠਾਇਆ।
ਪ੍ਰੋਹਤ ਨੇ ਕੇਸਰ ਘਸਾ ਕੇ, ਵੇਦਾਂ ਦੇ ਮੰਤ੍ਰਾਂ ਦਾ ਉੱਚਾਰਣ ਕਰਦਿਆਂ ਉਸ (ਬਸੁਦੇਵ) ਨੂੰ (ਤਿਲਕ) ਲਗਾ ਦਿੱਤਾ।
(ਬਸੁਦੇਵ ਦੇ ਉਪਰ) ਫੁਲ ਵਰਸਾਏ ਗਏ, ਪੰਚਾਮ੍ਰਿਤ ਤੇ ਚਾਵਲ ਅਤੇ ਮੰਗਲਾਚਾਰ (ਦੇ ਪਦਾਰਥਾਂ ਨਾਲ) (ਬਸੁਦੇਵ ਦਾ) ਮਨ ਭਾਉਂਦਾ (ਪੂਜਨ) ਕੀਤਾ ਗਿਆ।
ਭੰਡ, ਕਲੌਂਤ ਅਤੇ ਹੋਰ ਸਭ ਤਰ੍ਹਾਂ ਦੇ ਗੁਣਵਾਨਾਂ ਨੇ ਬਹੁਤ ਯਸ਼ ਗਾਇਆ ਅਤੇ ਬਖਸ਼ੀਸ਼ਾਂ ਲਈਆਂ ॥੨੧॥
ਦੋਹਰਾ:
ਬਸੁਦੇਵ ਨੇ ਜਾਂਞੀਆਂ ਅਤੇ ਲਾੜੇ ਦੀਆਂ ਸਾਰੀਆਂ ਰੀਤਾਂ ਪੂਰੀਆਂ ਕੀਤੀਆਂ।
ਉਪਰੰਤ ਮਥੁਰਾ ਵਲ ਚਲਣ ਲਈ ਮਨ ਨੂੰ ਮੋੜਿਆ ਹੈ ॥੨੨॥
ਬਸੁਦੇਵ ਦਾ ਆਉਣਾ (ਜਦੋਂ) ਉਗ੍ਰਸੈਨ ਨੇ ਸੁਣ ਲਿਆ
(ਤਾਂ) ਚਾਰ ਤਰ੍ਹਾਂ ਦੀ ਆਪਣੀ ਸਾਰੀ ਸੈਨਾ ਅਗਵਾਨੀ ਲਈ ਭੇਜ ਦਿੱਤੀ ॥੨੩॥
ਸਵੈਯਾ:
ਆਪੋ ਵਿਚ ਮਿਲਣ ਲਈ ਸੈਨਾਵਾਂ ਨੂੰ ਸਜਾ ਕੇ ਸੈਨਾਪਤੀ ਇਸ ਤਰ੍ਹਾਂ ਚਲ ਪਏ।
ਸੈਨਾਪਤੀਆਂ ਨੂੰ ਕਪੜਿਆਂ ਉਤੇ ਕੇਸਰ ਪਾ ਕੇ ਲਾਲ ਕੀਤਾ ਹੋਇਆ ਸੀ ਅਤੇ ਕਿਸ ਤਰ੍ਹਾਂ ਉਹ ਰੰਗਾਂ ਨਾਲ ਭਰੇ ਹੋਏ ਸਨ।
ਉਸ ਸੁੰਦਰਤਾ ਦੀ ਥੋੜੀ ਜਿੰਨੀ ਸ਼ੋਭਾ ਕਵੀ ਨੇ ਆਪਣੇ ਮਨ ਵਿਚ ਢੂੰਡ ਲਈ ਹੈ
ਜਿਵੇਂ ਵਿਆਹ ਦੇ ਕੌਤਕ ਨੂੰ ਵੇਖਣ ਵਾਸਤੇ ਆਨੰਦ ਹੀ ਕੇਸਰ ਰੂਪ ਹੋ ਕੇ ਬਾਹਰ ਨਿਕਲਿਆ ਹੈ ॥੨੪॥
ਦੋਹਰਾ:
ਕੰਸ ਅਤੇ ਬਸੁਦੇਵ ਆਪਸ ਵਿਚ ਗਲ ਲਗ ਕੇ ਮਿਲੇ।
ਤਦੋਂ ਫਿਰ (ਇਕ ਦੂਜੇ ਨੂੰ) ਵੰਨ ਸੁਵੰਨੀਆਂ ਗਾਲ੍ਹਾਂ (ਸਿਠਣੀਆਂ) ਦੇਣ ਲਗੇ ॥੨੫॥
ਸੋਰਠਾ:
(ਤਦੋਂ) ਧੌਂਸੇ ਵਜਾਉਂਦੇ ਹੋਏ ਜਾਂਞੀ ਮਥੁਰਾ ਦੇ ਨੇੜੇ ਪਹੁੰਚੇ।
ਉਸ ਵੇਲੇ ਦੀ ਰੌਣਕ ਨੂੰ ਵੇਖ ਕੇ ਆਨੰਦ ਵੀ ਆਨੰਦਿਤ ਹੋ ਰਿਹਾ ਸੀ ॥੨੬॥