ਦੋਹਰਾ:
ਫਿਰ ਚੀਨ ਮਾਚੀਨ ਦੀ ਦਿਸ਼ਾ ਵਲ ਪ੍ਰਸਥਾਨ ਕੀਤਾ।
ਅਗੋਂ (ਉਥੋਂ ਦਾ) ਰਾਜਾ ਸਿਕੰਦਰ ਸ਼ਾਹ ਨੂੰ ਲੌਂਡੀ (ਲੜਕੀ) ਲੈ ਕੇ ਆ ਮਿਲਿਆ ॥੧੫॥
ਚੀਨ ਮਾਚੀਨ ਨੂੰ ਜਿਤ ਕੇ ਚਾਰੇ ਦਿਸ਼ਾਵਾਂ ਵਸ ਵਿਚ ਕਰ ਲਈਆਂ।
ਫਿਰ ਸਮੁੰਦਰ ਨੂੰ ਮਾਪਣ ਲਈ (ਭਾਵ ਜਿਤਣ ਲਈ) ਮਨ ਵਿਚ ਵਿਚਾਰ ਕੀਤਾ ॥੧੬॥
ਅੜਿਲ:
ਵਲੰਦੇਜੀਆਂ ਨੂੰ ਜਿਤ ਕੇ ਅੰਗ੍ਰੇਜ਼ਾਂ ਨੂੰ ਮਾਰਿਆ।
ਮੱਛਲੀ ਬੰਦਰ ਨੂੰ ਜਿਤ ਕੇ ਫਿਰ ਹੁਗਲੀ ਬੰਦਰ ਨੂੰ ਉਜਾੜਿਆ।
ਕੋਕ ਬੰਦਰ ਨੂੰ ਜਿਤ ਕੇ ਫਿਰ ਗੁਆ ਬੰਦਰ ਨੂੰ ਅਧੀਨ ਕੀਤਾ।
(ਫਿਰ) ਹਿਜਲੀ ਬੰਦਰ ਵਿਚ ਜਾ ਕੇ ਜਿਤ ਦਾ ਧੌਂਸਾ ਵਜਾਇਆ ॥੧੭॥
ਸੱਤ ਸਮੁੰਦਰਾਂ ਨੂੰ ਪਾਰ ਕਰ ਕੇ ਫਿਰ ਪਾਤਾਲ ਲੋਕ ('ਪ੍ਰਿਥੀ ਤਲ') ਵਿਚ ਗਿਆ।
ਸੱਤ ਪਾਤਾਲਾਂ ਨੂੰ ਜਿਤ ਕੇ ਸਵਰਗ ਦਾ ਰਾਹ ਪਕੜਿਆ।
ਇੰਦਰ ਨਾਲ ਬਹੁਤ ਕ੍ਰੋਧ ਕਰ ਕੇ ਲੜਿਆ।
ਫਿਰ ਪ੍ਰਿਥਵੀ ਤਲ ਵਿਚ ਆ ਪ੍ਰਗਟ ਹੋਇਆ ॥੧੮॥
ਦੋਹਰਾ:
ਸਾਰੀ ਪ੍ਰਿਥਵੀ ਨੂੰ ਜਿਤ ਕੇ ਚੌਦਾਂ ਲੋਕਾਂ ਨੂੰ ਵਸ ਵਿਚ ਕੀਤਾ।
ਫਿਰ ਰੂਸ ਦੇਸ ਵਲ ਪ੍ਰਸਥਾਨ ਕੀਤਾ ॥੧੯॥
ਚੌਪਈ:
ਬੀਰਜ ਸੈਨ ਰੂਸ ਦਾ ਰਾਜਾ ਸੀ
ਜਿਸ ਤੋਂ ਮਹਾ ਰੁਦ੍ਰ ਵਰਗਾ ਵੀ ਭਜ ਗਿਆ ਸੀ।
ਜਦ ਉਸ ਨੇ ਸੁਣਿਆ ਕਿ ਸਿਕੰਦਰ ਆਇਆ ਹੈ
ਤਾਂ ਉਸ ਨੇ ਅਗੇ ਵੱਧ ਕੇ ਯੁੱਧ ਮਚਾ ਦਿੱਤਾ ॥੨੦॥
ਉਥੇ ਬਹੁਤ ਘਮਸਾਨ ਯੁੱਧ ਹੋਇਆ
ਅਤੇ ਬਿਨਾ ਜ਼ਖ਼ਮ ਲਗੇ ਇਕ ਸੂਰਮਾ ਵੀ ਨਾ ਬਚਿਆ।
(ਜਦੋਂ ਉਹ ਸਾਰੇ) ਹਾਰਨ ਲਗੇ ਤਾਂ ਇਕ ਯਤਨ ਕੀਤਾ।
(ਉਥੇ) ਇਕ ਦੈਂਤ ਹੁੰਦਾ ਸੀ, ਉਸ ਨੂੰ ਬੁਲਾਇਆ ॥੨੧॥
ਦੋਹਰਾ:
ਪੁਰਾਣੀ ('ਕੁਹਨ') ਪੋਸਤੀਨ ਸ਼ਰੀਰ ਉਤੇ ਧਾਰਨ ਕੀਤੇ ਹੋਇਆਂ (ਉਹ ਦੈਂਤ) ਜੰਗ ਕਰਨ ਲਈ ਆ ਗਿਆ।
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਦਰਿਆ ਦੀ ਲਹਿਰ ਤੋਂ ਕੋਈ ਵੱਡਾ ਮਗਰਮਛ ਨਿਕਲਿਆ ਹੋਵੇ ॥੨੨॥
ਚੌਪਈ:
ਜੇ ਉਹ ਕਦੇ ਹੱਥ ਦਾ ਜ਼ੋਰ ਲਗਾਂਦਾ
ਤਾਂ ਹੱਥਾਂ ਨਾਲ ਹੀਰਾ ਮਸਲ ਦਿੰਦਾ।
ਜਿਥੇ ਕੁਦ ਕੇ ਕ੍ਰੋਧ ਪ੍ਰਗਟ ਕਰਦਾ,
ਉਥੇ ਡੂੰਘਾ ਟੋਆ ਪੈ ਜਾਂਦਾ ॥੨੩॥
ਦੋਹਰਾ:
(ਉਸ ਨੇ) ਇਕ ਹੱਥ ਵਿਚ ਗਦਾ ਧਾਰਨ ਕੀਤਾ ਹੋਇਆ ਸੀ ਅਤੇ ਹੋਰਨਾਂ ਵਿਚ ਫਾਹੀ ਅਤੇ ਕੁਹਾੜਾ (ਪਕੜਿਆ ਹੋਇਆ ਸੀ)।
ਉਸ ਦਾ (ਕੇਵਲ) ਡਰ ਹੀ ਪੰਜ ਹਜ਼ਾਰ ਸਿਪਾਹੀਆਂ ਨੂੰ ਮਾਰ ਦਿੰਦਾ ਸੀ ॥੨੪॥
ਚੌਪਈ:
ਜਿਸ ਨੂੰ ਖਿਚ ਕੇ ਗਦਾ ਮਾਰਦਾ ਸੀ,
ਉਸ ਦਾ ਸਿਰ ਫੋੜ ਦਿੰਦਾ ਸੀ।
ਜਦੋਂ ਕ੍ਰੋਧ ਨਾਲ ਭਰ ਕੇ ਹਵਾ ਵਾਂਗ ਚਲਦਾ ਸੀ,
ਤਾਂ ਪੱਤਰਾਂ ਵਾਂਗ ਛਤ੍ਰੀਆਂ ਨੂੰ ਭਜਾ ਦਿੰਦਾ ਸੀ (ਭਾਵ ਉਡਾ ਲੈ ਜਾਂਦਾ ਸੀ) ॥੨੫॥
ਉਸ ਨੇ ਭਾਂਤ ਭਾਂਤ ਦੇ ਸੂਰਮੇ ਖਪਾ ਦਿੱਤੇ ਸਨ,
ਜਿਨ੍ਹਾਂ ਦੀ ਗਿਣਤੀ ਮੇਰੇ ਪਾਸੋਂ ਨਹੀਂ ਕੀਤੀ ਜਾ ਸਕਦੀ।
ਜੇ ਉਨ੍ਹਾਂ ਦੇ ਨਾਂਵਾਂ ਨੂੰ ਇਥੇ ਲਿਖਾਂ
ਤਾਂ ਇਕ ਗ੍ਰੰਥ ਇਨ੍ਹਾਂ ਨਾਲ ਹੀ ਭਰ ਜਾਏਗਾ ॥੨੬॥
ਉਸ ਉਤੇ ਇਕ ਮਸਤ ਹਾਥੀ ('ਕਰੀ') ਛਡਿਆ ਗਿਆ।
ਉਸ ਨੂੰ ਉਸ ਨੇ ਗਦਾ ਖਿਚ ਕੇ ਮਾਰ ਦਿੱਤਾ।