ਸ਼੍ਰੀ ਦਸਮ ਗ੍ਰੰਥ

ਅੰਗ - 179


ਸਿਵ ਧਾਇ ਚਲਿਯੋ ਤਿਹ ਮਾਰਨ ਕੋ ॥

ਸ਼ਿਵ ਉਸ ਨੂੰ ਮਾਰਨ ਲਈ

ਜਗ ਕੇ ਸਬ ਜੀਵ ਉਧਾਰਨ ਕੋ ॥

ਅਤੇ ਸਾਰੇ ਜਗਤ ਦੇ ਜੀਵਾਂ ਨੂੰ ਬਚਾਉਣ ਲਈ ਚਲ ਪਿਆ।

ਕਰਿ ਕੋਪਿ ਤਜਿਯੋ ਸਿਤ ਸੁਧ ਸਰੰ ॥

(ਉਸ ਨੇ) ਕ੍ਰੋਧ ਕਰ ਕੇ (ਇਕ) ਬਹੁਤ ਚਮਕਦਾ ਤੀਰ ਛਡਿਆ

ਇਕ ਬਾਰ ਹੀ ਨਾਸ ਕੀਯੋ ਤ੍ਰਿਪੁਰੰ ॥੧੧॥

ਅਤੇ ਇਕੋ ਵਾਰ ਤਿੰਨਾਂ ਪੁਰੀਆਂ ਦਾ ਨਾਸ਼ ਕਰ ਦਿੱਤਾ ॥੧੧॥

ਲਖਿ ਕਉਤੁਕ ਸਾਧ ਸਬੈ ਹਰਖੇ ॥

(ਇਸ) ਕੌਤਕ ਨੂੰ ਵੇਖ ਕੇ ਸਾਰੇ ਸਾਧ (ਦੇਵਤੇ) ਪ੍ਰਸੰਨ ਹੋਏ

ਸੁਮਨੰ ਬਰਖਾ ਨਭ ਤੇ ਬਰਖੇ ॥

ਅਤੇ ਆਕਾਸ਼ ਤੋਂ ਫੁਲਾਂ ਦੀ ਬਰਖਾ ਹੋਣ ਲਗੀ।

ਧੁਨਿ ਪੂਰ ਰਹੀ ਜਯ ਸਦ ਹੂਅੰ ॥

ਜੈ-ਜੈ-ਕਾਰ ਦੀ ਧੁਨੀ ਗੂੰਜਣ ਲਗ ਗਈ,

ਗਿਰਿ ਹੇਮ ਹਲਾਚਲ ਕੰਪ ਭੂਅੰ ॥੧੨॥

ਹਿਮਾਲੇ ਪਰਬਤ ਵਿਚ ਹਲਚਲ ਮਚ ਗਈ ਅਤੇ ਧਰਤੀ ਕੰਬਣ ਲਗ ਗਈ ॥੧੨॥

ਦਿਨ ਕੇਤਕ ਬੀਤ ਗਏ ਜਬ ਹੀ ॥

ਜਦੋਂ ਕੁਝ ਸਮਾਂ ਬੀਤ ਗਿਆ

ਅਸੁਰੰਧਕ ਬੀਰ ਬੀਯੋ ਤਬ ਹੀ ॥

ਤਦੋਂ ਅੰਧਕ ਨਾਂ ਦਾ ਦੂਜਾ ਵੀਰ (ਪੈਦਾ ਹੋ ਗਿਆ)।

ਤਬ ਬੈਲਿ ਚੜਿਯੋ ਗਹਿ ਸੂਲ ਸਿਵੰ ॥

ਤਦੋਂ ਸ਼ਿਵ ਤ੍ਰਿਸ਼ੂਲ ਫੜ ਕੇ ਬਲਦ ਉਤੇ ਚੜ੍ਹ ਚਲਿਆ।

ਸੁਰ ਚਉਕਿ ਚਲੇ ਹਰਿ ਕੋਪ ਕਿਵੰ ॥੧੩॥

ਸ਼ਿਵ ਦੇ ਕ੍ਰੋਧ ਕਰਨ ਤੋਂ ਸਾਰੇ ਦੇਵਤੇ ਚੌਂਕ ਗਏ ॥੧੩॥

ਗਣ ਗੰਧ੍ਰਬ ਜਛ ਸਬੈ ਉਰਗੰ ॥

ਸਾਰਿਆਂ ਗਣਾਂ, ਗੰਧਰਬਾਂ, ਯਕਸ਼ਾਂ, ਸੱਪਾਂ

ਬਰਦਾਨ ਦਯੋ ਸਿਵ ਕੋ ਦੁਰਗੰ ॥

ਅਤੇ ਦੁਰਗਾ ਨੇ ਸ਼ਿਵ ਨੂੰ ਵਰਦਾਨ ਦਿੱਤਾ ਸੀ

ਹਨਿਹੋ ਨਿਰਖੰਤ ਮੁਰਾਰਿ ਸੁਰੰ ॥

(ਕਿ) ਵੇਖਦਿਆਂ ਹੀ (ਵੇਖਦਿਆਂ ਸ਼ਿਵ) ਦੇਵਤਿਆਂ ਦੇ ਵੈਰੀ (ਅੰਧਕ) ਨੂੰ (ਇਸ ਤਰ੍ਹਾਂ) ਮਾਰਨਗੇ

ਤ੍ਰਿਪੁਰਾਰਿ ਹਨਿਯੋ ਜਿਮ ਕੈ ਤ੍ਰਿਪੁਰੰ ॥੧੪॥

ਜਿਵੇਂ ਤ੍ਰਿਪੁਰ (ਨੂੰ ਵਿੰਨ੍ਹ ਕੇ) ਤ੍ਰਿਪੁਰ ਦੈਂਤ ਨੂੰ ਮਾਰਿਆ ਸੀ ॥੧੪॥

ਉਹ ਓਰਿ ਚੜੇ ਦਲ ਲੈ ਦੁਜਨੰ ॥

ਉਧਰੋਂ ਵੈਰੀ (ਅੰਧਕ) ਸੈਨਾ-ਦਲ ਲੈ ਕੇ ਚੜ੍ਹਿਆ

ਇਹ ਓਰ ਰਿਸ੍ਰਯੋ ਗਹਿ ਸੂਲ ਸਿਵੰ ॥

ਅਤੇ ਇਧਰੋਂ (ਹੱਥ ਵਿਚ) ਤ੍ਰਿਸ਼ੂਲ ਪਕੜ ਕੇ ਸ਼ਿਵ ਨੇ ਕ੍ਰੋਧ ਕੀਤਾ।

ਰਣ ਰੰਗ ਰੰਗੇ ਰਣਧੀਰ ਰਣੰ ॥

(ਉਹ) ਦੋਵੇਂ ਰਣਧੀਰ ਰਣ-ਭੂਮੀ ਵਿਚ ਯੁੱਧ ਦੇ ਰੰਗ ਵਿਚ ਰੰਗੇ ਹੋਏ ਸਨ।

ਜਨ ਸੋਭਤ ਪਾਵਕ ਜੁਆਲ ਬਣੰ ॥੧੫॥

(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਬਨ ਵਿਚ ਅੱਗ ਦੀਆਂ ਬਲਦੀਆਂ ਹੋਈਆਂ ਲਾਟਾਂ ਸੁਸ਼ੋਭਿਤ ਹੋਣ ॥੧੫॥

ਦਨੁ ਦੇਵ ਦੋਊ ਰਣ ਰੰਗ ਰਚੇ ॥

ਦੇਵਤੇ ਅਤੇ ਦੈਂਤ ਦੋਵੇਂ ਯੁੱਧ ਵਿਚ ਰੁਝ ਗਏ।

ਗਹਿ ਸਸਤ੍ਰ ਸਬੈ ਰਸ ਰੁਦ੍ਰ ਮਚੇ ॥

ਸ਼ਸਤ੍ਰ ਫੜ ਕੇ ਸਾਰੇ ਯੁੱਧ ਕਰਮ ਵਿਚ ਮਸਤ ਹੋ ਗਏ।

ਸਰ ਛਾਡਤ ਬੀਰ ਦੋਊ ਹਰਖੈ ॥

ਦੋਹਾਂ ਪਾਸਿਆਂ ਦੇ ਯੋਧੇ ਹਰਖ ਨਾਲ ਬਾਣ ਛਡਦੇ ਸਨ

ਜਨੁ ਅੰਤਿ ਪ੍ਰਲੈ ਘਨ ਸੈ ਬਰਖੈ ॥੧੬॥

ਮਾਨੋ ਪਰਲੋ ਦੇ ਅੰਤ ਵਿਚ ਬਦਲ ਬਰਖਾ ਕਰ ਰਹੇ ਹੋਣ ॥੧੬॥


Flag Counter