ਸ਼੍ਰੀ ਦਸਮ ਗ੍ਰੰਥ

ਅੰਗ - 563


ਕਲਿਜੁਗ ਚੜ੍ਯੋ ਅਸੰਭ ਜਗਤ ਕਵਨ ਬਿਧਿ ਬਾਚ ਹੈ ॥

ਅਮੰਗਲਮਈ ਕਲਿਯੁਗ ਚੜ੍ਹਿਆ ਹੈ, (ਉਸ ਤੋਂ) ਜਗਤ ਕਿਵੇਂ ਬਚੇਗਾ।

ਰੰਗਹੁ ਏਕਹਿ ਰੰਗਿ ਤਬ ਛੁਟਿ ਹੋ ਕਲਿ ਕਾਲ ਤੇ ॥੧੧੮॥

ਇਕ (ਪ੍ਰਭੂ ਦੇ ਨਾਮ ਦੇ) ਰੰਗ ਵਿਚ ਰੰਗੇ ਜਾਓ, ਤਦ ਹੀ ਕਲਿਯੁਗ ਤੋਂ ਛੁਟਕਾਰਾ ਪ੍ਰਾਪਤ ਕਰ ਸਕੋਗੇ ॥੧੧੮॥

ਹੰਸਾ ਛੰਦ ॥

ਹੰਸਾ ਛੰਦ:

ਜਹ ਤਹ ਬਢਾ ਪਾਪ ਕਾ ਕਰਮ ॥

ਜਿਥੇ ਕਿਥੇ ਪਾਪ ਦਾ ਕਰਮ ਬਹੁਤ ਵਧ ਗਿਆ ਹੈ

ਜਗ ਤੇ ਘਟਾ ਧਰਮ ਕਾ ਭਰਮ ॥੧੧੯॥

ਅਤੇ ਜਗਤ ਤੋਂ ਧਰਮ ਦਾ ਭਰਮ (ਅਰਥਾਤ ਪ੍ਰਭਾਵ) ਘਟ ਗਿਆ ਹੈ ॥੧੧੯॥

ਪਾਪ ਪ੍ਰਚੁਰ ਜਹ ਤਹ ਜਗਿ ਭਇਓ ॥

ਜਗਤ ਵਿਚ ਜਿਥੇ ਕਿਥੇ ਪਾਪ ਭਰ ਗਿਆ ਹੈ

ਪੰਖਨ ਧਾਰ ਧਰਮ ਉਡਿ ਗਇਓ ॥੧੨੦॥

ਅਤੇ ਧਰਮ ਖੰਭ ਲਾ ਕੇ ਉਡ ਗਿਆ ਹੈ ॥੧੨੦॥

ਨਈ ਨਈ ਹੋਨ ਲਗੀ ਨਿਤ ਬਾਤ ॥

ਨਿੱਤ ਨਵੀਂ ਨਵੀਂ ਗੱਲ ਹੋਣ ਲਗੀ ਹੈ।

ਜਹ ਤਹ ਬਾਢਿ ਚਲਿਓ ਉਤਪਾਤ ॥੧੨੧॥

ਜਿਥੇ ਕਿਥੇ ਉਪਦ੍ਰਵ ਵਧ ਚਲਿਆ ਹੈ ॥੧੨੧॥

ਸਬ ਜਗਿ ਚਲਤ ਔਰ ਹੀ ਕਰਮ ॥

ਸਾਰਾ ਜਗਤ ਹੋਰ ਹੀ ਕਰਮ ਵਿਚ ਚਲ ਰਿਹਾ ਹੈ।

ਜਹ ਤਹ ਘਟ ਗਇਓ ਧਰਾ ਤੇ ਧਰਮ ॥੧੨੨॥

ਜਿਥੇ ਕਿਥੇ ਧਰਤੀ ਉਤੇ ਧਰਮ ਘਟ ਗਿਆ ਹੈ ॥੧੨੨॥

ਮਾਲਤੀ ਛੰਦ ॥

ਮਾਲਤੀ ਛੰਦ:

ਜਹ ਤਹ ਦੇਖੀਅਤ ॥

ਜਿਥੇ ਕਿਥੇ ਵੀ ਵੇਖੀਏ,

ਤਹ ਤਹ ਪੇਖੀਅਤ ॥

ਉਥੇ ਉਥੇ ਹੀ (ਪਾਪ) ਦਿਖਦਾ ਹੈ।

ਸਕਲ ਕੁਕਰਮੀ ॥

ਸਾਰੇ ਹੀ ਕੁਕਰਮੀ ਹਨ,

ਕਹੂੰ ਨ ਧਰਮੀ ॥੧੨੩॥

ਕਿਤੇ ਵੀ (ਕੋਈ) ਧਰਮੀ (ਵਿਅਕਤੀ) ਨਹੀਂ ਹੈ ॥੧੨੩॥

ਜਹ ਤਹ ਗੁਨੀਅਤ ॥

ਜਿਥੇ ਕਿਥੇ ਵੀ ਵਿਚਾਰਦੇ ਹਾਂ,

ਤਹ ਤਹ ਸੁਨੀਅਤ ॥

ਉਥੇ ਉਥੇ ਹੀ (ਅਧਰਮ ਦੀ ਗੱਲ) ਸੁਣਦੇ ਹਾਂ।

ਸਬ ਜਗ ਪਾਪੀ ॥

ਸਾਰਾ ਜਗਤ ਪਾਪੀ (ਹੋ ਗਿਆ) ਹੈ

ਕਹੂੰ ਨ ਜਾਪੀ ॥੧੨੪॥

ਅਤੇ ਕੋਈ ਵੀ ਜਪ ਕਰਨ ਵਾਲਾ ਨਹੀਂ ਰਿਹਾ ਹੈ ॥੧੨੪॥

ਸਕਲ ਕੁਕਰਮੰ ॥

ਸਾਰੇ ਲੋਕ ਕੁਕਰਮੀ ਹਨ,

ਭਜਿ ਗਇਓ ਧਰਮੰ ॥

ਧਰਮ ਭਜ ਗਿਆ ਹੈ।

ਜਗ ਨ ਸੁਨੀਅਤ ॥

(ਕਿਤੇ ਵੀ ਕੋਈ) ਯੱਗ ਨਹੀਂ ਸੁਣੀਂਦਾ,

ਹੋਮ ਨ ਗੁਨੀਅਤ ॥੧੨੫॥

ਹੋਮ (ਬਾਰੇ ਵੀ ਕਿਤੇ) ਵਿਚਾਰ ਨਹੀਂ ਹੁੰਦਾ ॥੧੨੫॥

ਸਕਲ ਕੁਕਰਮੀ ॥

ਸਾਰੇ (ਲੋਕ) ਮਾੜੇ ਕਰਮਾਂ ਵਾਲੇ ਹਨ,

ਜਗੁ ਭਇਓ ਅਧਰਮੀ ॥

(ਸਾਰਾ) ਜਗਤ ਅਧਰਮੀ ਹੋ ਗਿਆ ਹੈ।

ਕਹੂੰ ਨ ਪੂਜਾ ॥

ਕਿਤੇ ਵੀ ਪੂਜਾ ਨਹੀਂ ਹੁੰਦੀ,

ਬਸ ਰਹ੍ਯੋ ਦੂਜਾ ॥੧੨੬॥

(ਸਭ ਦੇ ਮਨ ਵਿਚ) ਦ੍ਵੈਤ ਭਾਵ ਵਸ ਰਿਹਾ ਹੈ ॥੧੨੬॥

ਅਤਿ ਮਾਲਤੀ ਛੰਦ ॥

ਅਤਿ ਮਾਲਤੀ ਛੰਦ:

ਕਹੂੰ ਨ ਪੂਜਾ ਕਹੂੰ ਨ ਅਰਚਾ ॥

ਕਿਤੇ ਵੀ ਨਾ ਪੂਜਾ ਹੁੰਦੀ ਹੈ ਅਤੇ ਨਾ ਹੀ ਅਰਚਾ ਹੁੰਦੀ ਹੈ।

ਕਹੂੰ ਨ ਸ੍ਰੁਤਿ ਧੁਨਿ ਸਿੰਮ੍ਰਿਤ ਨ ਚਰਚਾ ॥

ਕਿਤੇ ਵੀ ਨਾ ਵੇਦ ਦੀ ਧੁਨ ਅਤੇ ਨਾ ਸਮ੍ਰਿਤੀ ਦੀ ਚਰਚਾ ਹੁੰਦੀ ਹੈ।

ਕਹੂੰ ਨ ਹੋਮੰ ਕਹੂੰ ਨ ਦਾਨੰ ॥

ਕਿਤੇ ਵੀ ਹੋਮ ਨਹੀਂ ਹੁੰਦਾ, ਨਾ ਹੀ ਦਾਨ ਹੁੰਦਾ ਹੈ।

ਕਹੂੰ ਨ ਸੰਜਮ ਕਹੂੰ ਨ ਇਸਨਾਨੰ ॥੧੨੭॥

ਕਿਤੇ ਵੀ ਸੰਜਮ ਨਹੀਂ ਹੈ, ਨਾ ਹੀ ਇਸ਼ਨਾਨ ਹੁੰਦਾ ਹੈ ॥੧੨੭॥

ਕਹੂੰ ਨ ਚਰਚਾ ਕਹੂੰ ਨ ਬੇਦੰ ॥

ਕਿਤੇ ਵੀ (ਧਰਮ) ਚਰਚਾ ਨਹੀਂ, ਨਾ ਹੀ ਵੇਦ (ਪਾਠ) ਹੁੰਦਾ ਹੈ।

ਕਹੂੰ ਨਿਵਾਜ ਨ ਕਹੂੰ ਕਤੇਬੰ ॥

ਕਿਤੇ ਨਮਾਜ਼ (ਪੜ੍ਹੀ) ਨਹੀਂ ਜਾਂਦੀ, ਨਾ ਹੀ ਕਤੇਬਾਂ (ਦਾ ਪਾਠ) ਹੁੰਦਾ ਹੈ।

ਕਹੂੰ ਨ ਤਸਬੀ ਕਹੂੰ ਨ ਮਾਲਾ ॥

ਕਿਤੇ ਵੀ ਨਾ (ਕੋਈ) ਤਸਬੀ (ਫੇਰਦਾ) ਹੈ ਅਤੇ ਨਾ ਹੀ ਮਾਲਾ।

ਕਹੂੰ ਨ ਹੋਮੰ ਕਹੂੰ ਨ ਜ੍ਵਾਲਾ ॥੧੨੮॥

(ਕਿਤੇ ਵੀ) ਨਾ ਕੋਈ ਹੋਮ (ਕਰਦਾ) ਹੈ ਅਤੇ ਨਾ ਹੀ ਅਗਨੀ (ਦੀ ਪੂਜਾ ਕਰਦਾ) ਹੈ ॥੧੨੮॥

ਅਉਰ ਹੀ ਕਰਮੰ ਅਉਰ ਹੀ ਧਰਮੰ ॥

ਹੋਰ (ਤਰ੍ਹਾਂ ਦੇ) ਹੀ ਕਰਮ ਹਨ ਅਤੇ ਹੋਰ (ਤਰ੍ਹਾਂ ਦੇ) ਧਰਮ ਹਨ।

ਅਉਰ ਹੀ ਭਾਵੰ ਅਉਰ ਹੀ ਮਰਮੰ ॥

ਹੋਰ (ਤਰ੍ਹਾਂ ਦੇ) ਭਾਵ ਹਨ ਅਤੇ ਹੋਰ (ਤਰ੍ਹਾਂ ਦੇ) ਹੀ ਭੇਦ ('ਮਰਮ') ਹਨ।

ਅਉਰ ਹੀ ਰੀਤਾ ਅਉਰ ਹੀ ਚਰਚਾ ॥

ਹੋਰ (ਤਰ੍ਹਾਂ ਦੀਆਂ) ਰੀਤਾਂ ਹਨ ਅਤੇ ਹੋਰ (ਤਰ੍ਹਾਂ ਦੀ) ਹੀ ਚਰਚਾ ਹੈ।

ਅਉਰ ਹੀ ਰੀਤੰ ਅਉਰ ਹੀ ਅਰਚਾ ॥੧੨੯॥

ਹੋਰ (ਤਰ੍ਹਾਂ ਦੀਆਂ) ਹੀ ਰਸਮਾਂ ਹਨ ਅਤੇ ਹੋਰ (ਤਰ੍ਹਾਂ ਦੀ) ਅਰਚਾ ਹੈ ॥੧੨੯॥

ਅਉਰ ਹੀ ਭਾਤੰ ਅਉਰ ਹੀ ਬਸਤ੍ਰੰ ॥

ਹੋਰ (ਤਰ੍ਹਾਂ ਦੇ) ਢੰਗ ਹਨ ਅਤੇ ਹੋਰ (ਤਰ੍ਹਾਂ ਦੇ) ਹੀ ਬਸਤ੍ਰ ਹਨ।

ਅਉਰ ਹੀ ਬਾਣੀ ਅਉਰ ਹੀ ਅਸਤ੍ਰੰ ॥

ਹੋਰ (ਤਰ੍ਹਾਂ ਦੀ) ਹੀ ਬਾਣੀ ਹੈ ਅਤੇ ਹੋਰ (ਤਰ੍ਹਾਂ ਦੇ) ਹੀ ਅਸਤ੍ਰ ਹਨ।

ਅਉਰ ਹੀ ਰੀਤਾ ਅਉਰ ਹੀ ਭਾਯੰ ॥

ਹੋਰ (ਤਰ੍ਹਾਂ ਦੀਆਂ) ਹੀ ਰੀਤਾਂ ਹਨ ਅਤੇ ਹੋਰ (ਤਰ੍ਹਾਂ ਦੇ) ਭਾਵ ਹਨ।

ਅਉਰ ਹੀ ਰਾਜਾ ਅਉਰ ਹੀ ਨ੍ਰਯਾਯੰ ॥੧੩੦॥

ਹੋਰ (ਤਰ੍ਹਾਂ ਦੇ) ਰਾਜੇ ਹਨ ਅਤੇ ਹੋਰ (ਤਰ੍ਹਾਂ ਦੇ) ਹੀ ਨਿਆਂ ਹਨ ॥੧੩੦॥

ਅਭੀਰ ਛੰਦ ॥

ਅਭੀਰ ਛੰਦ:

ਅਤਿ ਸਾਧੂ ਅਤਿ ਰਾਜਾ ॥

ਸਾਧੂ ਅਤੇ ਰਾਜੇ ਅਤਿ ਕਰ ਰਹੇ ਹਨ

ਕਰਨ ਲਗੇ ਦੁਰ ਕਾਜਾ ॥

ਅਤੇ ਮਾੜੇ ਕਰਮ ਕਰਨ ਲਗ ਗਏ ਹਨ।


Flag Counter