ਸ਼੍ਰੀ ਦਸਮ ਗ੍ਰੰਥ

ਅੰਗ - 518


ਚੌਪਈ ॥

ਚੌਪਈ:

ਯੌ ਸੁਨਿ ਕੇ ਸਿਵ ਕ੍ਰੋਧ ਬਢਾਯੋ ॥

ਇਹ ਸੁਣ ਕੇ ਸ਼ਿਵ ਨੇ ਕ੍ਰੋਧ ਨੂੰ ਵਧਾਇਆ।

ਯੌ ਕਹਿ ਕੈ ਤਿਹ ਬਚਨ ਸੁਨਾਯੋ ॥

ਇਸ ਤਰ੍ਹਾਂ ਕਹਿ ਕੇ ਉਸ ਨੂੰ ਬਚਨ ਸੁਣਾਏ।

ਜਬੈ ਧੁਜਾ ਤੁਮਰੀ ਗਿਰ ਪਰਿ ਹੈ ॥

ਜਦੋਂ ਤੇਰੀ ਧੁਜਾ (ਝੰਡਾ) ਡਿਗ ਪਵੇਗੀ,

ਤਬੈ ਸੂਰ ਕੋਊ ਤੁਮ ਸੰਗ ਲਰਿ ਹੈ ॥੨੧੯੦॥

ਤਦੋਂ ਕੋਈ ਯੋਧਾ ਤੇਰੇ ਨਾਲ ਯੁੱਧ ਕਰੇਗਾ ॥੨੧੯੦॥

ਸਵੈਯਾ ॥

ਸਵੈਯਾ:

ਹ੍ਵੈ ਕਰਿ ਕ੍ਰੋਧ ਜਬੈ ਸਿਵ ਜੂ ਤਿਹ ਭੂਪਤਿ ਕੋ ਤਿਨ ਬੈਨ ਸੁਨਾਯੋ ॥

ਕ੍ਰੋਧਿਤ ਹੋ ਕੇ ਜਦੋਂ ਸ਼ਿਵ ਨੇ ਉਸ ਰਾਜੇ ਨੂੰ ਉਹ ਬਚਨ (ਕਹਿ ਕੇ) ਸੁਣਾਏ,

ਭੂਪ ਲਖਿਯੋ ਨਹਿ ਭੇਦ ਕਛੂ ਸੁ ਲਖਿਯੋ ਚਿਤ ਚਾਹਤ ਹੋ ਸੋਊ ਪਾਯੋ ॥

ਰਾਜੇ ਨੇ ਇਸ ਦਾ ਭੇਦ ਨਾ ਸਮਝਿਆ। ਇਹੀ ਸਮਝਿਆ ਕਿ (ਜੋ) ਚਿਤ ਵਿਚ ਚਾਹੁੰਦਾ ਸਾਂ, ਉਹੀ ਪਾ ਲਿਆ ਹੈ।

ਬਾਗੇ ਕੇ ਭੀਤਰ ਫੂਲਿ ਗਯੋ ਭੁਜ ਦੰਡਨ ਕੋ ਅਤਿ ਓਜ ਜਨਾਯੋ ॥

(ਆਪਣੇ) ਬਸਤ੍ਰਾਂ ਦੇ ਅੰਦਰ (ਖ਼ੁਸ਼ੀ ਨਾਲ) ਫੁਲ ਗਿਆ ਅਤੇ ਭੁਜਾਵਾਂ ਦਾ ਬਹੁਤ ਬਲ ਜਣਾਉਣ ਲਗਿਆ।

ਯੌ ਦਸ ਸੈ ਭੁਜ ਸ੍ਯਾਮ ਕਹੈ ਅਤਿ ਆਨੰਦ ਸੋ ਫਿਰਿ ਮੰਦਿਰ ਆਯੋ ॥੨੧੯੧॥

(ਕਵੀ) ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਹਜ਼ਾਰ ਭੁਜਾਵਾਂ ਵਾਲਾ ਬਹੁਤ ਆਨੰਦਿਤ ਹੋ ਕੇ ਘਰ ਨੂੰ ਪਰਤ ਆਇਆ ॥੨੧੯੧॥

ਏਕ ਹੁਤੀ ਦੁਹਤਾ ਤਿਹ ਕੀ ਤਿਹ ਸੋਤਿ ਨਿਸਾ ਸੁਪਨੋ ਇਕੁ ਪਾਯੋ ॥

ਉਸ ਦੀ ਇਕ ਪੁੱਤਰੀ ਸੀ। ਉਸ ਨੇ ਰਾਤ ਨੂੰ ਸੁਤਿਆਂ ਇਕ ਸੁਪਨਾ ਵੇਖਿਆ।

ਮੈਨ ਸੋ ਰੂਪ ਅਨੂਪ ਸੀ ਮੂਰਤਿ ਸੋ ਇਹ ਕੇ ਚਲਿ ਮੰਦਿਰ ਆਯੋ ॥

ਕਾਮ ਤੋਂ ਵੀ ਅਧਿਕ ਰੂਪ ਵਾਲਾ ਅਨੂਪਮ ਸ਼ਕਲ ਵਾਲਾ (ਇਕ ਵਿਅਕਤੀ) ਚਲ ਕੇ ਇਸ ਦੇ ਘਰ ਵਿਚ ਆਇਆ ਹੈ।

ਭੋਗ ਕੀਯੋ ਤਿਹ ਸੋ ਮਿਲਿ ਕੈ ਇਨਿ ਚਿਤ ਬਿਖੈ ਅਤਿ ਹੀ ਸੁਖ ਪਾਯੋ ॥

ਉਸ ਨਾਲ ਮਿਲ ਕੇ ਇਸ ਨੇ ਬਹੁਤ ਭੋਗ ਕੀਤਾ ਅਤੇ ਚਿਤ ਵਿਚ ਬਹੁਤ ਸੁਖ ਪ੍ਰਾਪਤ ਕੀਤਾ।

ਚਉਕ ਪਰੀ ਨਹੀ ਪੀਯ ਪਿਖਿਯੋ ਕਬਿ ਸ੍ਯਾਮ ਕਹੈ ਤਿਨ ਸੋਕ ਜਨਾਯੋ ॥੨੧੯੨॥

ਕਵੀ ਸ਼ਿਆਮ ਕਹਿੰਦੇ ਹਨ, (ਉਹ) ਚੌਂਕ ਕੇ (ਉਠ) ਬੈਠੀ, (ਪਰ) ਪ੍ਰਿਯ ਨੂੰ ਨਾ ਵੇਖ ਕੇ ਉਸ ਨੇ ਸੋਗ ਮੰਨਾਇਆ ॥੨੧੯੨॥

ਜਾਗਤਿ ਹੀ ਬਿਰਲਾਪ ਕੀਓ ਅਤਿ ਹੀ ਚਿਤਿ ਸੋਕ ਕੀ ਬਾਤ ਜਨਾਈ ॥

ਜਾਗਦਿਆਂ ਹੀ (ਉਸ ਨੇ) ਵਿਰਲਾਪ ਸ਼ੁਰੂ ਕਰ ਦਿੱਤਾ ਅਤੇ ਚਿਤ ਵਿਚ ਗ਼ਮਗੀਨ ਹੋ ਗਈ।

ਅੰਗਨ ਮੈ ਡਗਰੀ ਸੀ ਫਿਰੈ ਪਤਿ ਕੀ ਕਰਿ ਕੈ ਮਨ ਮੈ ਦੁਚਿਤਾਈ ॥

ਵੇਹੜੇ ਵਿਚ ਪਗਲੀ ਜਿਹੀ ਫਿਰਨ ਲਗ ਪਈ ਅਤੇ ਮਨ ਵਿਚ ਪਤੀ ਲਈ ਚਿੰਤਾ (ਦੁਬਿਧਾ) ਕਰਨ ਲਗੀ।

ਪ੍ਰੇਤ ਲਗਿਯੋ ਕਿਧੌ ਪ੍ਰੀਤ ਲਗੀ ਕਿ ਕਛੂ ਅਬ ਯਾ ਠਗਮੂਰੀ ਸੀ ਖਾਈ ॥

ਭੂਤ ਚੰਬੜ ਗਿਆ ਹੈ ਜਾਂ ਪ੍ਰੀਤ ਲਗ ਗਈ ਹੈ ਜਾਂ ਹੁਣ ਕੋਈ ਠਗਮੂਰੀ ਜਿਹੀ ਖਾ ਲਈ ਹੈ।

ਭਾਖਤ ਭੀ ਸਖੀ ਮੋ ਕਉ ਅਬੈ ਮੇਰੋ ਦੈ ਗਯੋ ਪ੍ਰੀਤਮ ਆਜ ਦਿਖਾਈ ॥੨੧੯੩॥

ਕਹਿਣ ਲਗੀ, ਹੇ ਸਖੀ! ਅਜ ਮੈਨੂੰ ਹੁਣੇ ਹੀ ਮੇਰਾ ਪ੍ਰੀਤਮ ਦਿਖਾਈ ਦੇ ਗਿਆ ਹੈ ॥੨੧੯੩॥

ਏਤੀ ਹੀ ਕੈ ਬਤੀਯਾ ਮੁਖ ਤੇ ਗਿਰ ਭੂ ਪੈ ਪਰੀ ਸਭ ਸੁਧਿ ਭੁਲਾਈ ॥

ਮੂੰਹੋਂ ਇੰਨੀ ਗੱਲ ਕਹਿ ਕੇ ਧਰਤੀ ਉਤੇ ਡਿਗ ਪਈ ਅਤੇ ਸਾਰੀ ਸੁੱਧ-ਬੁੱਧ ਭੁਲਾ ਦਿੱਤੀ।

ਯੌ ਬਿਸੰਭਾਰ ਪਰੀ ਧਰਨੀ ਕਬਿ ਸ੍ਯਾਮ ਭਨੈ ਮਨੋ ਨਾਗਿਨ ਖਾਈ ॥

ਕਵੀ ਸ਼ਿਆਮ ਕਹਿੰਦੇ ਹਨ, ਇਸ ਤਰ੍ਹਾਂ ਬੇਸੁਧ ਹੋ ਕੇ ਧਰਤੀ ਉਤੇ ਡਿਗ ਪਈ, ਮਾਨੋ ਸੱਪਣੀ ਨੇ ਡੰਗ ਲਿਆ ਹੋਵੇ।

ਮਾਨਹੁ ਅੰਤ ਸਮੋ ਪਹੁਚਿਯੋ ਇਹ ਦੈ ਗਯੋ ਪ੍ਰੀਤਮ ਸੋਤਿ ਦਿਖਾਈ ॥

(ਇੰਜ ਪ੍ਰਤੀਤ ਹੁੰਦਾ ਹੈ) ਮਾਨੋ ਇਸ ਦਾ ਅੰਤ ਸਮਾਂ ਆ ਗਿਆ ਹੋਵੇ (ਕਿਉਂਕਿ ਇਸ ਨੂੰ) ਪ੍ਰੀਤਮ ਸੁਤਿਆਂ ਹੋਇਆ ਵਿਖਾਈ ਦੇ ਗਿਆ ਹੈ।

ਤਉ ਲਗਿ ਚਿਤ੍ਰ ਰੇਖਾ ਜੁ ਹੁਤੀ ਸੁ ਸਖੀ ਇਹ ਕੀ ਇਹ ਕੇ ਢਿਗਿ ਆਈ ॥੨੧੯੪॥

ਇਤਨੇ ਤਕ, ਉਸ ਦੀ ਚਿਤ੍ਰਰੇਖਾ ਨਾਂ ਦੀ ਜੋ ਸਖੀ ਸੀ, ਉਸ ਪਾਸ ਆ ਗਈ ॥੨੧੯੪॥

ਚੌਪਈ ॥

ਚੌਪਈ:

ਸਖਿਨ ਦਸਾ ਜਬ ਯਾਹਿ ਸੁਨਾਈ ॥

ਜਦ ਉਸ ਨੇ ਸਖੀ ਨੂੰ ਹਾਲਤ ਸੁਣਾਈ,

ਚਿਤ੍ਰ ਰੇਖ ਤਬ ਸੋਚ ਜਨਾਈ ॥

ਤਦ ਚਿਤ੍ਰਰੇਖਾ ਨੇ ਵੀ ਚਿੰਤਾ ਕੀਤੀ।

ਇਹ ਜੀਏ ਜੀਯ ਹੋ ਨਹੀ ਮਰਿ ਹੋ ॥

(ਚਿਤ੍ਰਰੇਖਾ ਮਨ ਵਿਚ ਕਹਿਣ ਲਗੀ) ਜੇ ਇਹ ਜੀਵੇਗੀ (ਤਾਂ) ਮੈਂ ਜੀਵਾਂਗੀ, ਨਹੀਂ ਤਾਂ ਮਰ ਜਾਵਾਂਗੀ।

ਜਾਨਤ ਜਤਨੁ ਏਕ ਸੋਊ ਕਰਿ ਹੋ ॥੨੧੯੫॥

(ਮੈਂ ਜੋ) ਯਤਨ (ਉਪਾ) ਜਾਣਦੀ ਹਾਂ, ਸੋ ਇਕ ਕਰ ਕੇ ਵੇਖਦੀ ਹਾਂ ॥੨੧੯੫॥

ਜੋ ਮੈ ਨਾਰਦ ਸੋ ਸੁਨਿ ਪਾਯੋ ॥

ਜੋ ਮੈਂ ਨਾਰਦ ਕੋਲੋਂ ਸੁਣਿਆ ਹੋਇਆ ਸੀ,

ਵਹੈ ਜਤਨੁ ਮੇਰੇ ਮਨਿ ਆਯੋ ॥

ਉਹੀ ਉਪਾ ਮੇਰੇ ਮਨ ਵਿਚ ਆਇਆ ਹੈ।

ਜਤਨੁ ਆਜ ਸੋਊ ਮੈ ਕਰਿ ਹੋ ॥

ਅਜ ਮੈਂ ਉਹੀ ਉਪਾ ਕਰਦੀ ਹਾਂ

ਬਾਨਾਸੁਰ ਤੇ ਨੈਕੁ ਨ ਡਰਿ ਹੋ ॥੨੧੯੬॥

ਅਤੇ (ਇਸ ਦੇ ਪਿਤਾ) ਬਾਣਾਸੁਰ ਤੋਂ ਬਿਲਕੁਲ ਨਹੀਂ ਡਰਦੀ ॥੨੧੯੬॥

ਸਖੀ ਬਾਚ ਚਿਤ੍ਰ ਰੇਖਾ ਸੋ ॥

ਸਖੀ ਨੇ ਚਿਤ੍ਰਰੇਖਾ ਨੂੰ ਕਿਹਾ:

ਦੋਹਰਾ ॥

ਦੋਹਰਾ:

ਆਤੁਰ ਹ੍ਵੈ ਤਿਹ ਕੀ ਸਖੀ ਤਿਹ ਕੋ ਕਹਿਯੋ ਸੁਨਾਇ ॥

ਉਸ ਦੀ ਸਖੀ ਨੇ ਆਤੁਰ ਹੋ ਕੇ ਉਸ ਨੂੰ ਕਹਿ ਕੇ ਸੁਣਾਇਆ

ਜੋ ਜਾਨਤ ਹੈ ਜਤਨ ਤੂ ਸੋ ਅਬ ਤੁਰਤੁ ਬਨਾਇ ॥੨੧੯੭॥

ਕਿ ਤੂੰ ਜੋ ਉਪਾ ਜਾਣਦੀ ਹੈਂ, ਉਸ ਨੂੰ ਹੁਣੇ ਹੀ ਕਰ ਲੈ ॥੨੧੯੭॥

ਸਵੈਯਾ ॥

ਸਵੈਯਾ:

ਯੌ ਸੁਨਿ ਕੈ ਤਿਹ ਕੀ ਬਤੀਯਾ ਤਬ ਹੀ ਇਹ ਚਉਦਹ ਲੋਕ ਬਨਾਏ ॥

ਉਸ ਦੀ ਗੱਲ ਸੁਣ ਕੇ ਉਸ ਨੇ ਉਸੇ ਵੇਲੇ ਚੌਦਾਂ ਲੋਕ ਬਣਾਏ।

ਜੀਵ ਜਨਾਵਰ ਦੇਵ ਨਿਸਾਚਰ ਭੀਤ ਕੇ ਬੀਚ ਲਿਖੇ ਚਿਤ ਲਾਏ ॥

ਜੀਵ, ਜਾਨਵਰ, ਦੇਵਤੇ, ਰਾਖਸ਼ (ਆਦਿ ਸਭ ਦੇ ਸਰੂਪ) ਦੀਵਾਰ ਉਪਰ ਲਿਖ ਦਿੱਤੇ (ਅਰਥਾਤ ਚਿਤਰ ਦਿੱਤੇ)।

ਅਉਰ ਸਭੈ ਰਚਨਾ ਜਗ ਹੂ ਕੀ ਲਿਖੀ ਕਹਿ ਲਉ ਕਬਿ ਸ੍ਯਾਮ ਸੁਨਾਏ ॥

ਕਵੀ ਸ਼ਿਆਮ ਕਿਥੋਂ ਤਕ ਸੁਣਾਏ, ਹੋਰ ਵੀ ਜਗਤ ਦੀ ਸਾਰੀ ਰਚਨਾ ਲਿਖ ਦਿੱਤੀ।

ਤਉ ਇਹ ਆਇ ਸਮੁਛਤ ਕੈ ਬਹੀਆ ਗਹਿ ਯਾ ਸਭ ਹੀ ਦਰਸਾਏ ॥੨੧੯੮॥

ਤਦ ਇਸ (ਚਿਤ੍ਰਰੇਖਾ) ਨੇ ਆ ਕੇ (ਉਸ ਨੂੰ) ਸਾਵਧਾਨ ਕੀਤਾ ਅਤੇ ਬਾਂਹ ਪਕੜ ਕੇ ਉਸ ਨੂੰ ਸਭ ਕੁਝ ਵਿਖਾ ਦਿੱਤਾ ॥੨੧੯੮॥

ਜਉ ਬਹੀਆ ਗਹਿ ਕੈ ਇਹ ਕੀ ਉਨ ਚਿਤ੍ਰ ਸਭੈ ਇਹ ਕਉ ਦਰਸਾਏ ॥

ਜਦ ਇਸ ਦੀ ਬਾਂਹ ਪਕੜ ਕੇ ਉਸ ਨੇ ਸਾਰੇ ਚਿਤਰ ਇਸ ਨੂੰ ਵਿਖਾ ਦਿੱਤੇ।

ਦੇਖਤਿ ਦੇਖਤਿ ਗੀ ਤਿਹ ਠਾ ਜਹ ਦ੍ਵਾਰਵਤੀ ਬ੍ਰਿਜਨਾਥ ਬਨਾਏ ॥

(ਤਦ ਉਹ) ਵੇਖਦਿਆਂ ਵੇਖਦਿਆਂ ਉਸ ਥਾਂ ਤੇ ਪਹੁੰਚੀ ਜਿਥੇ ਦੁਆਰਿਕਾ ਵਿਚ ਕ੍ਰਿਸ਼ਨ (ਦੀ ਮੂਰਤ) ਬਣੀ ਹੋਈ ਸੀ।

ਸੰਬਰ ਕੋ ਅਰਿ ਥੋ ਜਿਹ ਠਉਰ ਲਿਖਿਯੋ ਇਹ ਤਾ ਪਿਖਿ ਨੈਨ ਨਿਵਾਏ ॥

ਜਿਸ ਥਾਂ ਤੇ ਸੰਬਰ ਦੇ ਵੈਰੀ (ਅਨਰੁੱਧ) (ਦੀ ਸੂਰਤ) ਚਿਤਰੀ ਹੋਈ ਸੀ, ਤਾਂ ਇਸ ਨੇ ਵੇਖ ਕੇ ਅੱਖਾਂ ਨੀਵੀਆਂ ਪਾ ਲਈਆਂ।

ਤਾ ਸੁਇ ਦੇਖਿ ਕਹਿਯੋ ਇਹ ਭਾਤਿ ਸਹੀ ਮੇਰੇ ਪ੍ਰੀਤਮ ਏ ਸਖੀ ਪਾਏ ॥੨੧੯੯॥

ਤਾਂ (ਉਸ) ਸੂਰਤ ਨੂੰ ਵੇਖ ਕੇ ਇਸ ਤਰ੍ਹਾਂ ਕਿਹਾ, ਹੇ ਸਖੀ! ਇਹ ਮੇਰੇ ਸਹੀ ਪ੍ਰੀਤਮ ਹਨ (ਅਤੇ ਮੈਂ) ਪਾ ਲਏ ਹਨ ॥੨੧੯੯॥

ਚੌਪਈ ॥

ਚੌਪਈ:

ਕਹਿਯੋ ਸਖੀ ਅਬ ਢੀਲ ਨ ਕੀਜੈ ॥

(ਉਸ ਨੇ) ਕਿਹਾ, ਹੇ ਸਖੀ! ਹੁਣ ਢਿਲ ਨਾ ਕਰੋ,

ਪ੍ਰੀਤਮ ਮੁਹਿ ਮਿਲਾਇ ਕੈ ਦੀਜੈ ॥

ਮੈਨੂੰ ਪ੍ਰੀਤਮ ਮਿਲਾ ਕੇ ਦਿਓ।

ਜਬ ਸਜਨੀ ਇਹ ਕਾਰਜ ਕੈ ਹੋ ॥

ਹੇ ਸਖੀ! ਜਦ ਤੂੰ (ਮੇਰਾ) ਇਹ ਕਾਰਜ ਕਰੇਂਗੀ,